For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ: ਵਿਨੇਸ਼ ਫੋਗਾਟ ਦੀ ਚਾਂਦੀ ਪੱਕੀ

07:48 AM Aug 07, 2024 IST
ਕੁਸ਼ਤੀ  ਵਿਨੇਸ਼ ਫੋਗਾਟ ਦੀ ਚਾਂਦੀ ਪੱਕੀ
ਭਾਰਤ ਦੀ ਵਿਨੇਸ਼ ਫੋਗਾਟ ਕਿਊਬਾ ਦੀ ਗੂਜ਼ਮੈਨ ਲੋਪੇਜ਼ ਨਾਲ ਦੋ-ਦੋ ਹੱਥ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਪੈਰਿਸ, 6 ਅਗਸਤ
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਕੁਸ਼ਤੀ ਦੇ ਮਹਿਲਾ 50 ਕਿਲੋ ਵਰਗ ਦੇ ਸੈਮੀ ਫਾਈਨਲ ਵਿੱਚ ਕਿਊਬਾ ਦੀ ਗੂਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਨਾਲ ਫੋਗਾਟ ਨੇ ਚਾਂਦੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਫੋਗਾਟ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਫਾਈਨਲ ਮੁਕਾਬਲਾ ਭਲਕੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਫੋਗਾਟ ਨੇ ਕੁਆਰਟਰ ਫਾਈਨਲ ’ਚ ਯੂਕਰੇਨ ਦੀ ਓਸਾਨਾ ਲਿਵਾਚ ਨੂੰ ਹਰਾ ਕੇ ਆਖਰੀ ਚਾਰ ਵਿੱਚ ਥਾਂ ਪੱਕੀ ਕੀਤੀ ਸੀ। ਸ਼ੁਰੂਆਤੀ ਗੇੜ ਵਿੱਚ ਸਿਖਰਲਾ ਦਰਜਾ ਪ੍ਰਾਪਤ ਜਪਾਨ ਦੀ ਯੂਈ ਸੁਸਾਕੀ ਨੂੰ 3-2 ਨਾਲ ਹਰਾ ਕੇ ਵੱਡਾ ਉਲਟਫੇਰ ਕਰਨ ਵਾਲੀ ਵਿਨੇਸ਼ ਨੇ ਅੱਠਵਾਂ ਦਰਜਾ ਪ੍ਰਾਪਤ ਪਹਿਲਵਾਨ ਨੂੰ 7-5 ਨਾਲ ਹਰਾਇਆ।
ਓਸਾਨਾ ਖ਼ਿਲਾਫ਼ ਪਹਿਲੇ ਪੀਰੀਅਡ ’ਚ 2-0 ਦੀ ਲੈਡ ਲੈਣ ਤੋਂ ਬਾਅਦ ਵਿਨੇਸ਼ ਨੇ ਦੂਜੇ ਪੀਰੀਅਡ ਦੀ ਸ਼ੁਰੂਆਤ ’ਚ ਆਪਣੀ ਲੀਡ 4-0 ਕਰ ਲਈ। ਓਸਾਨਾ ਨੇ ਵੀ ਅੰਕ ਹਾਸਲ ਕਰ ਕੇ ਮੈਚ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੇ ਵਿਨੇਸ਼ ਦੀ ਲੀਡ ਨੂੰ ਦੋ ਅੰਕਾਂ (5-3) ਤੱਕ ਸੀਮਤ ਕਰ ਦਿੱਤਾ। ਇਸਮ ਮਗਰੋਂ ਵਿਨੇਸ਼ ਨੇ ਯੂਕਰੇਨ ਦੀ ਪਹਿਲਵਾਨ ਨੂੰ ਬਾਹਰ ਧੱਕ ਕੇ ਦੋ ਅੰਕ ਹਾਸਲ ਕਰ ਕੇ ਆਪਣੀ ਲੀਡ 7-4 ਕਰ ਲਈ। ਇਸ ਤੋਂ ਬਾਅਦ ਓਸਾਨਾ ਇੱਕ ਅੰਕ ਹਾਸਲ ਕਰਨ ਵਿੱਚ ਕਾਮਯਾਬ ਰਹੀ ਪਰ ਵਿਨੇਸ਼ ਨੂੰ ਰੋਕਣ ਲਈ ਇਹ ਕਾਫ਼ੀ ਨਹੀਂ ਸੀ।
ਇਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਸੁਸਾਕੀ ਨੂੰ ਹਰਾ ਕੇ ਇਨ੍ਹਾਂ ਖੇਡਾਂ ਦਾ ਸਭ ਤੋਂ ਵੱਡਾ ਉਲਟਫੇਰ ਕੀਤਾ। ਜਪਾਨੀ ਪਹਿਲਵਾਨ ਦੀ 82 ਮੈਚਾਂ ਦੇ ਆਪਣੇ ਕੌਮਾਂਤਰੀ ਕਰੀਅਰ ਵਿੱਚ ਇਹ ਪਹਿਲੀ ਹਾਰ ਹੈ, ਜੋ ਵਿਨੇਸ਼ ਦੀ ਪ੍ਰਾਪਤੀ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ। -ਪੀਟੀਆਈ

Advertisement

ਬ੍ਰਿਜ ਭੂਸ਼ਣ ਖ਼ਿਲਾਫ਼ ਰੋਸ ਮੁਜ਼ਾਹਰਿਆਂ ਕਾਰਨ ਕਾਫੀ ਸਮਾਂ ਖੇਡ ਤੋਂ ਰਹਿਣਾ ਪਿਆ ਸੀ ਦੂਰ

ਵਿਨੇਸ਼ ਪਿਛਲੇ ਸਾਲ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮੁਜ਼ਾਹਰਿਆਂ ਦੀ ਅਗਵਾਈ ਕਰਦਿਆਂ ਮੈਟ ਤੋਂ ਕਾਫੀ ਸਮਾਂ ਦੂਰ ਰਹੀ। ਓਲੰਪਿਕ ਤੋਂ ਪਹਿਲਾਂ ਉਸ ਨੇ ਸਪੈਨਿਸ਼ ਗ੍ਰਾਂ ਪ੍ਰੀ ਵਿੱਚ ਹਿੱਸਾ ਲਿਆ ਅਤੇ ਇਸ ਵਿੱਚ ਜਿੱਤ ਵੀ ਹਾਸਲ ਕੀਤੀ ਸੀ। ਭਾਵੇਂ ਇਸ ਮੁਕਾਬਲੇ ਵਿੱਚ ਸਿਖਰਲੇ ਦਰਜੇ ਦੇ ਪਹਿਲਵਾਨਾਂ ਨੇ ਹਿੱਸਾ ਨਹੀਂ ਲਿਆ ਸੀ ਪਰ ਫਿਰ ਵੀ ਉਸ ਨੇ ਇਸ ਟੂਰਨਾਮੈਂਟ ਰਾਹੀਂ ਮੈਟ ’ਤੇ ਸਮਾਂ ਬਿਤਾਇਆ। ਉਹ ਪਹਿਲੀ ਵਾਰ 50 ਕਿਲੋ ਵਰਗ ਵਿੱਚ ਚੁਣੌਤੀ ਦੇ ਰਹੀ ਹੈ। ਪਹਿਲਾਂ ਉਹ 53 ਕਿਲੋ ਵਰਗ ਵਿੱਚ ਖੇਡਦੀ ਸੀ। ਨਿਸ਼ਾ ਦਹੀਆ ਨੂੰ ਬੀਤੇ ਦਿਨ ਮਹਿਲਾ 68 ਕਿਲੋ ਵਰਗ ਵਿੱਚ ਮੋਢੇ ਦੀ ਸੱਟ ਕਾਰਨ ਕੁਆਰਟਰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਆਪਣੇ ਦੇਸ਼ ਵਿੱਚ ਸਿਸਟਮ ਤੋਂ ਹਾਰ ਗਈ ਸੀ ਦੁਨੀਆ ਜਿੱਤਣ ਵਾਲੀ ‘ਸ਼ੇਰਨੀ’: ਬਜਰੰਗ

ਨਵੀਂ ਦਿੱਲੀ:

ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਵਿਨੇਸ਼ ਫੋਗਾਟ ਨੂੰ ‘ਭਾਰਤ ਦੀ ਸ਼ੇਰਨੀ’ ਦੱਸਿਆ। ਉਸ ਨੇ ਵਿਨੇਸ਼ ਦੇ ਸੈਮੀ ਫਾਈਨਲ ਮੁਕਾਬਲੇ ਤੋਂ ਪਹਿਲਾਂ ‘ਐਕਸ’ ’ਤੇ ਲਿਖਿਆ ਸੀ, ‘‘ਭਾਰਤ ਦੀ ਸ਼ੇਰਨੀ ਵਿਨੇਸ਼ ਫੋਗਾਟ ਨੇ ਅੱਜ ਲਗਾਤਾਰ ਦੋ ਮੈਚ ਜਿੱਤੇ। ਉਸ ਨੇ ਚਾਰ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਨੂੰ ਹਰਾਇਆ। ਇਸ ਤੋਂ ਬਾਅਦ ਉਸ ਨੇ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ (ਕਾਂਸੇ ਦਾ ਤਗ਼ਮਾ ਜੇਤੂ) ਨੂੰ ਮਾਤ ਦਿੱਤੀ।’’ ਉਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਕਿਹਾ, ‘‘ਇੱਕ ਗੱਲ ਦੱਸਾਂ, ਇਸ ਲੜਕੀ ਨੂੰ ਉਸ ਦੇ ਹੀ ਦੇਸ਼ ਵਿੱਚ ਸੜਕਾਂ ’ਤੇ ਲੱਤਾਂ ਨਾਲ ਦਰੜਿਆ ਗਿਆ ਸੀ। ਇਹ ਲੜਕੀ ਆਪਣੇ ਦੇਸ਼ ਵਿੱਚ ਸੜਕਾਂ ’ਤੇ ਘੜੀਸੀ ਗਈ ਸੀ। ਇਹ ਲੜਕੀ ਦੁਨੀਆ ਜਿੱਤਣ ਵਾਲੀ ਹੈ ਪਰ ਆਪਣੇ ਦੇਸ਼ ਵਿੱਚ ‘ਸਿਸਟਮ’ ਤੋਂ ਹਾਰ ਗਈ ਸੀ।’’ -ਪੀਟੀਆਈ

ਵਿਨੇਸ਼ ਨੂੰ ਰਣਨੀਤੀ ਬਾਰੇ ਦਿੱਤੀ ਸੀ ਸਲਾਹ: ਮਹਾਵੀਰ ਫੋਗਾਟ

ਨਵੀਂ ਦਿੱਲੀ:

ਵਿਨੇਸ਼ ਫੋਗਾਟ ਦੇ ਚਾਚਾ ਅਤੇ ਮਸ਼ਹੂਰ ਕੋਚ ਮਹਾਵੀਰ ਫੋਗਾਟ ਨੇ ਕਿਹਾ ਕਿ ਉਨ੍ਹਾਂ ਨੇ ਵਿਨੇਸ਼ ਨੂੰ ਰਣਨੀਤੀ ਬਾਰੇ ਸਲਾਹ ਦਿੱਤੀ ਸੀ। ਮਹਾਵੀਰ ਨੇ ਕਿਹਾ, ‘‘ਜਪਾਨੀ ਲੜਕੀ (ਯੂਈ ਸੁਸਾਕੀ) ਚੰਗੀ ਪਹਿਲਵਾਨ ਹੈ। ਉਹ ਮੈਟ ’ਤੇ ਹਾਲੇ ਤੱਕ ਕਿਸੇ ਤੋਂ ਨਹੀਂ ਹਾਰੀ ਸੀ। ਮੈਂ ਕਿਹਾ ਸੀ ਕਿ ਇਸ ਮੈਚ ਦੀ ਜੇਤੂ ਸੋਨੇ ਦੀ ਦਾਅਵੇਦਾਰ ਹੋਵੇਗੀ ਅਤੇ ਵਿਨੇਸ਼ ਨੇ ਆਪਣੇ ਦ੍ਰਿੜ੍ਹ ਇਰਾਦੇ ਨਾਲ ਇਹ ਮੁਕਾਬਲਾ ਜਿੱਤ ਲਿਆ ਹੈ।’’ ਉਨ੍ਹਾਂ ਕਿਹਾ, ‘‘ਵਿਨੇਸ਼ ਨੇ ਚੰਗਾ ਬਚਾਅ ਅਤੇ ਹਮਲਾ ਕੀਤਾ। ਉਸ ਨੂੰ ਖ਼ਤਰੇ ਵਾਲੇ ਖੇਤਰ ਵਿੱਚ ਲਿਆ ਕੇ ਚਿੱਤ ਕਰ ਦਿੱਤਾ। ਮੈਂ ਉਸ ਨਾਲ ਉਥੇ ਗਏ ਹਰਵਿੰਦਰ ਨੂੰ ਕਿਹਾ ਸੀ ਕਿ ਉਹ ਜਪਾਨੀ ਵਿਰੋਧੀ ਦੀ ਪੈਰ ’ਤੇ ਹਮਲਾ ਕਰਨ ਦੀ ਰਣਨੀਤੀ ਵੱਲ ਧਿਆਨ ਦੇਣ ਅਤੇ ਉਨ੍ਹਾਂ ਅਜਿਹਾ ਹੀ ਕੀਤਾ।’’ ਉਨ੍ਹਾਂ ਕਿਹਾ, ‘‘ਉਸ ਨੂੰ ਪਿਛਲੀਆਂ ਓਲੰਪਿਕ ਖੇਡਾਂ ’ਚ ਵੀ ਤਗ਼ਮੇ ਦੀ ਉਮੀਦ ਸੀ ਪਰ ਇਸ ਵਾਰ ਉਹ ਨਿਰਾਸ਼ ਨਹੀਂ ਕਰੇਗੀ।’’ -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×