For the best experience, open
https://m.punjabitribuneonline.com
on your mobile browser.
Advertisement

ਵਿਨੇਸ਼ ਦੀ ਅਪੀਲ ਖਾਰਜ; ਨਹੀਂ ਮਿਲੇਗਾ ਚਾਂਦੀ ਦਾ ਤਗ਼ਮਾ

06:26 AM Aug 15, 2024 IST
ਵਿਨੇਸ਼ ਦੀ ਅਪੀਲ ਖਾਰਜ  ਨਹੀਂ ਮਿਲੇਗਾ ਚਾਂਦੀ ਦਾ ਤਗ਼ਮਾ
Advertisement

* ਖੇਡਾਂ ਬਾਰੇ ਸਾਲਸੀ ਅਦਾਲਤ ਦੀ ਐਡਹਾਕ ਡਿਵੀਜ਼ਨ ਨੇ ਸੁਣਾਇਆ ਫੈਸਲਾ
* ਆਈਓਏ ਮੁਖੀ ਪੀਟੀ ਊਸ਼ਾ ਨੇ ਫੈਸਲੇ ਨੂੰ ਸਦਮੇ ਵਾਲਾ ਤੇ ਨਿਰਾਸ਼ਾਜਨਕ ਦੱਸਿਆ

ਪੈਰਿਸ, 14 ਅਗਸਤ
ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਓਲੰਪਿਕ ਫਾਈਨਲ ਤੋਂ ਪਹਿਲਾਂ ਅਯੋਗ ਐਲਾਨੇ ਜਾਣ ਸਬੰਧੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ (29) ਵੱਲੋਂ ਦਾਇਰ ਅਪੀਲ ਖਾਰਜ ਕਰ ਦਿੱਤੀ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਹ ਜਾਣਕਾਰੀ ਦਿੱਤੀ ਹੈ। ਵਿਨੇਸ਼ ਨੂੰ ਪਿਛਲੇ ਹਫ਼ਤੇ ਪੈਰਿਸ ਵਿਚ ਮਹਿਲਾ 50 ਕਿਲੋ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ਤੋਂ ਪਹਿਲਾਂ ਮਹਿਜ਼ 100 ਗ੍ਰਾਮ ਭਾਰ ਵੱਧ ਹੋਣ ਕਰਕੇ ਅਯੋਗ ਐਲਾਨ ਦਿੱਤਾ ਗਿਆ ਸੀ। ਆਈਓਏ ਮੁਖੀ ਪੀਟੀ ਊਸ਼ਾ ਨੇ ਕਿਹਾ, ‘‘ਪਹਿਲਵਾਨ ਵਿਨੇਸ਼ ਫੋਗਾਟ ਨੂੰ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਤੇ ਕੌਮਾਂਤਰੀ ਓਲੰਪਿਕ ਕਮੇਟੀ ਖਿਲਾਫ਼ ਦਾਇਰ ਅਪੀਲ ’ਤੇ ਖੇਡਾਂ ਬਾਰੇ ਸਾਲਸੀ ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਤੇ ਸਦਮੇ ਵਿੱਚ ਹਾਂ।’’ ਊਸ਼ਾ ਨੇ ਕਿਹਾ, ‘‘ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦੇਣ ਲਈ ਵਿਨੇਸ਼ ਦੀ ਅਰਜ਼ੀ ਨੂੰ ਰੱਦ ਕਰਨ ਦੇ 14 ਅਗਸਤ ਦੇ ਫੈਸਲੇ ਦਾ ਖ਼ਾਸ ਤੌਰ ’ਤੇ ਉਨ੍ਹਾਂ ਲਈ ਅਤੇ ਵੱਡੇ ਪੱਧਰ ’ਤੇ ਖੇਡ ਭਾਈਚਾਰੇ ਉੱਤੇ ਵੱਡਾ ਅਸਰ ਪਏਗਾ। ਵਿਨੇਸ਼ ਦੀ ਅਪੀਲ ਰੱਦ ਕਰਨ ਦਾ ਮਤਲਬ ਹੈ ਕਿ ਪੈਰਿਸ ਓਲੰਪਿਕ ਵਿੱਚ ਭਾਰਤ ਕੋਲ ਸਿਰਫ਼ ਛੇ ਤਗ਼ਮੇ ਹੋਣਗੇ, ਜਿਸ ਵਿੱਚ ਇੱਕ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਸ਼ਾਮਲ ਹਨ।’’ ਆਈਓਏ ਨੇ ‘ਸਖ਼ਤ ਨੇਮਾਂ’ ਉੱਤੇ ਵਰ੍ਹਦਿਆਂ ਕਿਹਾ ਕਿ ਖੇੇਡਾਂ ਬਾਰੇ ਸਾਲਸੀ ਅਦਾਲਤ ‘ਅਥਲੀਟਾਂ ਨੂੰ ਦਰਪੇਸ਼ ਸਰੀਰਕ ਤੇ ਮਾਨਸਿਕ ਦਬਾਅ’ ਉੱਤੇ ਗੌਰ ਕਰਨ ਵਿਚ ਨਾਕਾਮ ਰਹੀ ਹੈ। ਚੇਤੇ ਰਹੇ ਕਿ ਵਿਨੇਸ਼ ਨੇ ਅਪੀਲ ਵਿਚ ਕਿਊਬਾ ਦੀ ਪਹਿਲਵਾਨ ਵਾਈ.ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਵਿਨੇਸ਼ ਓਲੰਪਿਕ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਮਹਿਲਾ ਪਹਿਲਵਾਨ ਸੀ। ਅਯੋਗ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਵਿਨੇਸ਼ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਵਿਚ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਸੀਏਐੱਸ ਨੇ ਪਹਿਲਾਂ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ ਫੈਸਲਾ ਸੁਣਾਉਣਾ ਸੀ, ਪਰ ਫਿਰ ਫੈਸਲੇ ਨੂੰ 16 ਅਗਸਤ ਲਈ ਮੁਲਤਵੀ ਕਰ ਦਿੱਤਾ ਗਿਆ। ਉਧਰ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਵਿਨੇਸ਼ ਫੋਗਾਟ 17 ਅਗਸਤ ਨੂੰ ਦੇਸ਼ ਪਰਤੇਗੀ। ਪੂਨੀਆ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਸੀ ਕਿ ਵਿਨੇਸ਼ ਪੈਰਿਸ ਓਲੰਪਿਕ ਵਿਚ ਚਾਂਦੀ ਦੇ ਤਗ਼ਮੇ ਨੂੰ ਲੈ ਕੇ ਸਾਲਸੀ ਅਦਾਲਤ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ ਤੇ ਉਹ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਦਿੱਲੀ ਹਵਾਈ ਅੱਡੇ ’ਤੇ ਪੁੱਜ ਜਾਵੇਗੀ।’’ -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement