ਓਲੰਪਿਕ ਤਗ਼ਮਾ ਜਿੱਤ ਕੇ ਵਤਨ ਪਰਤੀ ਹਾਕੀ ਟੀਮ
ਨਵੀਂ ਦਿੱਲੀ, 13 ਅਗਸਤ
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦਾ ਅੱਜ ਦਿੱਲੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਟੀਮ ਦੇ ਸਵਾਗਤ ਲਈ ਇੱਥੇ ਵੱਡੀ ਗਿਣਤੀ ਵਿੱਚ ਹਾਕੀ ਪ੍ਰੇਮੀ ਮੌਜੂਦ ਸਨ। ਪ੍ਰਸ਼ੰਸਕਾਂ ਨੇ ਇੱਥੇ ਪੁੱਜਣ ’ਤੇ ਹਾਕੀ ਖਿਡਾਰੀਆਂ ਦਾ ਹਾਰ ਪਾ ਕੇ ਤੇ ਢੋਲ-ਢਮੱਕੇ ਨਾਲ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਹਾਕੀ ਟੀਮ ਦੇ ਕੁੱਝ ਖਿਡਾਰੀ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਪਹੁੰਚ ਗਏ ਸਨ। ਪੈਰਿਸ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਹਿੱਸਾ ਲੈਣ ਲਈ ਹਾਕੀ ਟੀਮ ਦਾ ਇੱਕ ਬੈਚ ਪੈਰਿਸ ਵਿੱਚ ਰੁਕ ਗਿਆ ਸੀ। ਇਸ ਬੈਚ ਵਿੱਚ ਸ਼ਾਮਲ ਪੀਆਰ ਸ੍ਰੀਜੇਸ਼, ਅਮਿਤ ਰੋਹੀਦਾਸ, ਸੁਮਿਤ ਵਾਲਮੀਕਿ, ਅਭਿਸ਼ੇਕ ਅਤੇ ਸੰਜੈ ਅੱਜ ਕੌਮੀ ਰਾਜਧਾਨੀ ਪੁੱਜੇ। ਇਸ ਦੌਰਾਨ ਸੁਮਿਤ ਨੇ ਕਿਹਾ, ‘‘ਸਾਨੂੰ ਪੂਰੇ ਭਾਰਤ ਤੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ। ਤੁਸੀਂ ਪੂਰੇ ਦੇਸ਼ ਦਾ ਮਾਹੌਲ ਦੇਖ ਸਕਦੇ ਹੋ। ਸ੍ਰੀਜੇਸ਼ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਕੀ ਖਿਡਾਰੀਆਂ ਨੂੰ ਪਿਆਰ ਮਿਲਣਾ ਚਾਹੀਦਾ ਹੈ ਕਿਉਂਕਿ ਦੋ ਤਗ਼ਮੇ (ਟੋਕੀਓ ਅਤੇ ਪੈਰਿਸ) ਜਿੱਤੇ ਹਨ। ਇਹ ਹਾਕੀ ਅਤੇ ਹਾਕੀ ਪ੍ਰੇਮੀਆਂ ਲਈ ਵਧੀਆ ਹੈ।’’ ਪੈਰਿਸ ਓਲੰਪਿਕ ਖੇਡਾਂ ਦਾ ਸਮਾਪਤੀ ਸਮਾਰੋਹ ਐਤਵਾਰ ਰਾਤ ਨੂੰ ਹੋਇਆ ਸੀ। ਭਾਰਤ ਤਗ਼ਮਾ ਸੂਚੀ ਵਿੱਚ 71ਵੇਂ ਸਥਾਨ ’ਤੇ ਰਿਹਾ ਹੈ, ਜਦੋਂਕਿ ਅਮਰੀਕਾ ਨੇ ਕੁੱਲ 126 ਤਗ਼ਮਿਆਂ ਨਾਲ ਸਿਖਰ ’ਤੇ ਰਹਿੰਦਿਆਂ ਆਪਣੀ ਮੁਹਿੰਮ ਸਮਾਪਤ ਕੀਤੀ ਹੈ। ਭਾਰਤ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾਇਆ ਸੀ।
ਇਸ ਦੌਰਾਨ ਗੋਲਚੀ ਪੀਆਰ ਸ੍ਰੀਜੇਸ਼ ਨੇ ਵਿਰੋਧੀ ਖਿਡਾਰੀਆਂ ਦੇ ਕਈ ਹਮਲਿਆਂ ਨੂੰ ਪਛਾੜਿਆ, ਜਦੋਂਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਪੇਨ ਦੀ ਟੀਮ ’ਚ ਦੋ ਵਾਰ ਸੰਨ੍ਹ ਲਾਈ। ਅਤੇ 30ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਦਾਗ਼ੇ। ਭਾਰਤ ਨੇ 52 ਸਾਲ ਮਗਰੋਂ ਪਹਿਲੀ ਵਾਰ ਹਾਕੀ ਵਿੱਚ ਲਗਾਤਾਰ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਹਰਮਨਪ੍ਰੀਤ ਨੇ ਪੈਰਿਸ ਓਲੰਪਿਕ ਦੌਰਾਨ ਅੱਠ ਮੈਚਾਂ ਵਿੱਚ ਸਭ ਤੋਂ ਵੱਧ 10 ਗੋਲ ਕੀਤੇ, ਜਦੋਂਕਿ ਆਸਟਰੇਲੀਆ ਦੇ ਬਲੈਕ ਗਲੋਵਰਜ਼ ਨੇ ਸੱਤ ਗੋਲ ਦਾਗ਼ੇ ਹਨ। -ਏਐੱਨਆਈ