For the best experience, open
https://m.punjabitribuneonline.com
on your mobile browser.
Advertisement

ਕੁਸ਼ਤੀ: ਅਮਨ ਸਹਿਰਾਵਤ ਨੇ ਜਿੱਤਿਆ ਕਾਂਸੇ ਦਾ ਤਗ਼ਮਾ

12:30 AM Aug 10, 2024 IST
ਕੁਸ਼ਤੀ  ਅਮਨ ਸਹਿਰਾਵਤ ਨੇ ਜਿੱਤਿਆ ਕਾਂਸੇ ਦਾ ਤਗ਼ਮਾ
ਅਮਨ ਸਹਿਰਾਵਤ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਤਿਰੰਗਾ ਲਹਿਰਾ ਕੇ ਜਸ਼ਨ ਮਨਾਉਂਦਾ ਹੋਇਆ। -ਫੋਟੋ: ਪੀਟੀਆਈ
Advertisement
ਪੈਰਿਸ, 9 ਅਗਸਤਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ-ਸਟਾਈਲ ਵਰਗ ਵਿਚ ਪੋਰਟੋ ਰਿਕੋ ਦੇ ਡਾਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅੰਡਰ-23 ਵਿਸ਼ਵ ਚੈਂਪੀਅਨ ਸਹਿਰਾਵਤ (21) ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕੋ ਇਕ ਭਾਰਤੀ ਪੁਰਸ਼ ਪਹਿਲਵਾਨ ਸੀ ਤੇ ਉਹ ਕਰੋੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਹਿਰਾਵਤ ਦੇ ਪ੍ਰਦਰਸ਼ਨ ਤੋਂ ਉਸ ਦਾ ਸਮਰਪਣ ਤੇ ਦ੍ਰਿੜ੍ਹਤਾ ਝਲਕਦੀ ਹੈ ਤੇ ਸਾਰਾ ਦੇਸ਼ ਉਸ ਦੀ ਜਿੱਤ ਦਾ ਜਸ਼ਨ ਮਨਾਏਗਾ। ਸਹਿਰਾਵਤ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦਾ ਪਹਿਲਵਾਨ ਹੈ। ਇਸੇ ਅਖਾੜੇ ਨੇ ਭਾਰਤ ਨੂੰ ਚਾਰ ਓਲੰਪਿਕ ਤਗ਼ਮਾ ਜੇਤੂ- ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ ਤੇ ਰਵੀ ਦਹੀਆ ਦਿੱਤੇ ਹਨ।

ਸਹਿਰਾਵਤ ਦੀ ਜਿੱਤ ਨਾਲ ਭਾਰਤ ਦੇ ਹੁਣ ਪੰਜ ਕਾਂਸੀ ਦੇ ਤਗ਼ਮੇ ਹੋ ਗਏ ਹਨ ਜਦੋਂਕਿ ਇਕੋ ਇਕ ਚਾਂਦੀ ਦਾ ਤਗ਼ਮਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਹੈ। ਅਮਨ ਨੇ 13-5 ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨਾਂ ਵੱਲੋਂ ਤਗ਼ਮੇ ਨਾਲ ਦੇਸ਼ ਵਾਪਸੀ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। 2008 ਪੇਈਚਿੰਗ ਖੇਡਾਂ ਤੋਂ ਇਹ ਰਵਾਇਤ ਚੱਲਦੀ ਆ ਰਹੀ ਹੈ ਜਦੋਂ ਭਾਰਤ ਦਾ ਸੁਸ਼ੀਲ ਕੁਮਾਰ ਤੀਜੇ ਸਥਾਨ ’ਤੇ ਰਿਹਾ ਸੀ। ਅਮਨ ਵੀਰਵਾਰ ਨੂੰ ਸੈਮੀ ਫਾਈਨਲ ਮੁਕਾਬਲੇ ਵਿਚ ਜਪਾਨ ਦੇ ਸਿਖਰਲਾ ਦਰਜਾ ਰੀ ਹਿਗੁਚੀ ਕੋਲੋਂ ਹਾਰ ਗਿਆ ਸੀ, ਜਿਸ ਕਰਕੇ ਉਸ ਨੂੰ ਅੱਜ ਪਿਊਰਟੋ ਰੀਕੋ ਦੇ ਪਹਿਲਵਾਨ ਖਿਲਾਫ਼ ਕਾਂਸੇ ਦੇ ਤਗ਼ਮੇ ਦਾ ਮੁਕਾਬਲਾ ਖੇਡਣਾ ਪਿਆ। ਉਧਰ ਭਾਰਤ ਦੀ ਰੀਤਿਕਾ ਹੁੱਡਾ ਸ਼ਨਿੱਚਰਵਾਰ ਨੂੰ ਮਹਿਲਾਵਾਂ ਦੇ 76 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਹੰਗਰੀ ਦੀ ਬੀ.ਨੇਗੀ ਦਾ ਸਾਹਮਣਾ ਕਰੇਗੀ। -ਪੀਟੀਆਈ

Advertisement

Advertisement
Author Image

Advertisement
×