IPL 2025 auctions: ਮੁੰਬਈ ਨੇ ਵਿਲ ਜੈਕਸ ਨੂੰ ਸਵਾ ਪੰਜ ਕਰੋੜ ’ਚ ਖਰੀਦਿਆ
ਜੇਦਾਹ, 25 ਨਵੰਬਰ
IPL: ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਮੈਗਾ ਨਿਲਾਮੀ ਦੌਰਾਨ ਅੱਜ ਮੁੰਬਈ ਇੰਡੀਅਨਜ਼ (MI) ਨੇ ਇੰਗਲੈਂਡ ਦੇ ਹਿੱਟਰ ਵਿਲ ਜੈਕਸ ਨੂੰ 5.25 ਕਰੋੜ ਰੁਪਏ ਅਤੇ ਰੌਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਟਿਮ ਡੇਵਿਡ ਨੂੰ 3 ਕਰੋੜ ਰੁਪਏ ਵਿਚ ਖਰੀਦਿਆ। ਇਸ ਤੋਂ ਇਲਾਵਾ ਗੁਜਰਾਤ ਟਾਈਟਨਜ਼ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ੇਰਫੇਨ ਰਦਰਫੋਰਡ ਨੂੰ 2.60 ਕਰੋੜ ਰੁਪਏ ਵਿੱਚ ਖਰੀਦਿਆ ਹੈ ਜਦਕਿ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਮਨੀਸ਼ ਪਾਂਡੇ ਦੀ 75 ਲੱਖ ਰੁਪਏ ਵਿੱਚ ਬੋਲੀ ਹਾਸਲ ਕੀਤੀ। ਆਈਪੀਐਲ 2025 ਦੀ ਅੱਜ ਦੀ ਨਿਲਾਮੀ ਜੇਦਾਹ ਦੇ ਅਲ ਜੌਹਰ ਅਰੇਨਾ ਵਿੱਚ ਹੋਈ। ਰਦਰਫੋਰਡ ਦੀ ਬੋਲੀ 1.5 ਕਰੋੜ ਰੁਪਏ ਤੋਂ ਸ਼ੁਰੂ ਹੋਈ ਜਦੋਂ ਕਿ ਮੁੰਬਈ ਇੰਡੀਅਨਜ਼ ਨੇ ਵੀ ਉਸ ਦੀ ਕੀਮਤ 2.5 ਕਰੋੜ ਰੁਪਏ ਲਾਈ ਪਰ ਗੁਜਰਾਤ ਨੇ 2.6 ਕਰੋੜ ਰੁਪਏ ਵਿੱਚ ਸੌਦੇ ਖਰਾ ਕਰ ਲਿਆ। ਇਸ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਤਜਰਬੇਕਾਰ ਬੱਲੇਬਾਜ਼ ਮਨੀਸ਼ ਪਾਂਡੇ ਨੂੰ ਟੀਮ ’ਚ ਸ਼ਾਮਲ ਕਰਦਿਆਂ ਇਸ ਨੂੰ 75 ਲੱਖ ਰੁਪਏ ’ਤੇ ਖਰੀਦਿਆ।
ਇਸ ਤੋਂ ਇਲਾਵਾ ਤਾਮਿਲਨਾਡੂ ਦੇ ਸਪਿੰਨਰ ਐਮ ਸਿਧਾਰਥ ਸੀ ਨੂੰ ਲਖਨਊ ਸੁਪਰ ਜਾਇੰਟਸ ਨੇ 75 ਲੱਖ ਰੁਪਏ ਵਿੱਚ ਖਰੀਦਿਆ ਸੀ। ਸਨਰਾਈਜ਼ਰਜ਼ ਹੈਦਰਾਬਾਦ ਨੇ ਉੱਤਰ ਪ੍ਰਦੇਸ਼ ਦੇ ਲੈੱਗ ਸਪਿੰਨਰ ਜੀਸ਼ਾਨ ਅੰਸਾਰੀ ਦੀਆਂ ਸੇਵਾਵਾਂ 40 ਲੱਖ ਰੁਪਏ ਵਿੱਚ ਹਾਸਲ ਕੀਤੀਆਂ। ਲਖਨਊ ਸੁਪਰ ਜਾਇੰਟਸ ਨੇ ਵੀ ਆਫ ਸਪਿੰਨਰ ਦਿਗਵੇਸ਼ ਸਿੰਘ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਸ ’ਤੇ ਖਰੀਦਿਆ।