India vs Aus 1st Test: ਭਾਰਤ ਦੀ ਆਸਟਰੇਲੀਆ ’ਚ ਆਸਟਰੇਲੀਆ ’ਤੇ ਸਭ ਤੋਂ ਵੱਡੀ ਜਿੱਤ
02:28 PM Nov 25, 2024 IST
ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਸੋਮਵਾਰ ਨੂੰ ਪਰਥ ਵਿਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਆਪਣੇ ਸਾਥੀ ਖਿਡਾਰੀ ਵਿਰਾਟ ਕੋਹਲੀ ਦੇ ਗਲੇ ਮਿਲਦਾ ਹੋਇਆ। -ਫੋਟੋ: ਏਪੀ
Advertisement
ਪਰਥ, 25 ਨਵੰਬਰ
ਕਪਤਾਨ ਜਸਪ੍ਰੀਤ ਬੁਮਰਾਹ (Jasprit Bumrah) ਅਤੇ ਮੁਹੰਮਦ ਸਿਰਾਜ (Mohammed Siraj) ਦੀ ਤੂਫਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਮੁਲਕ ਦੀ ਸਰਜ਼ਮੀਨ ਉਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਇਸ ਜਿੱਤ ਨਾਲ ਭਾਰਤ ਇਕ ਵਾਰ ਫਿਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ (WTC table) ਦੀ ਚੋਟੀ ’ਤੇ ਪਹੁੰਚ ਗਿਆ ਹੈ।
ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ 'ਚ ਹੋਈ 0-3 ਦੀ ਕਰਾਰੀ ਹਾਰ ਕਾਰਨ ਭਾਰਤ WTC ਅੰਕ ਸੂਚੀ 'ਚ ਦੂਜੇ ਸਥਾਨ 'ਤੇ ਖਿਸਕ ਗਿਆ ਸੀ। ਭਾਰਤ ਦੇ ਹੁਣ 15 ਮੈਚਾਂ ਵਿੱਚ ਨੌਂ ਜਿੱਤਾਂ, ਪੰਜ ਹਾਰਾਂ ਅਤੇ ਇੱਕ ਡਰਾਅ ਦੇ ਨਾਲ 110 ਅੰਕ ਹਨ, ਜੋ ਕਿ 61.11 ਪ੍ਰਤੀਸ਼ਤ ਅੰਕ ਬਣਦੇ ਹਨ। ਆਸਟਰੇਲੀਆ 57.69 ਫੀਸਦੀ ਸਕੋਰ ਨਾਲ WTC ਵਿਚ ਦੂਜੇ ਸਥਾਨ 'ਤੇ ਹੈ। ਉਨ੍ਹਾਂ ਦੇ 13 ਮੈਚਾਂ ਵਿੱਚ ਅੱਠ ਜਿੱਤਾਂ, ਚਾਰ ਹਾਰਾਂ ਅਤੇ ਇੱਕ ਡਰਾਅ ਨਾਲ 90 ਅੰਕ ਹਨ।
ਭਾਰਤ ਵੱਲੋਂ ਦਿੱਤੇ ਜਿੱਤ ਲਈ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਭਾਰਤ ਦੇ ਕਾਰਜਕਾਰੀ ਕਪਤਾਨ ਬੁਮਰਾਹ (42 ਦੌੜਾਂ 'ਤੇ ਤਿੰਨ ਵਿਕਟਾਂ) ਅਤੇ ਮੁਹੰਮਦ ਸਿਰਾਜ (51 ਦੌੜਾਂ 'ਤੇ ਤਿੰਨ ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 58.4 ਓਵਰਾਂ 'ਚ 238 ਦੌੜਾਂ 'ਤੇ ਹੀ ਢਹਿ ਢੇਰੀ ਹੋ ਗਈ। ਬੁਮਰਾਹ ਅਤੇ ਸਿਰਾਜ ਨੇ ਆਸਟਰੇਲੀਆ ਦੇ ਸਿਖਰਲੇ ਅਤੇ ਮੱਧ ਕ੍ਰਮ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਵਾਸ਼ਿੰਗਟਨ ਸੁੰਦਰ (48 ਦੌੜਾਂ 'ਤੇ 2 ਵਿਕਟਾਂ), ਨਿਤੀਸ਼ ਕੁਮਾਰ ਰੈੱਡੀ (21 ਦੌੜਾਂ 'ਤੇ 2 ਵਿਕਟਾਂ) ਅਤੇ ਹਰਸ਼ਿਤ ਰਾਣਾ (69 ਦੌੜਾਂ 'ਤੇ 1 ਵਿਕਟ) ਨੇ ਹੇਠਲੇ ਕ੍ਰਮ ਨੂੰ ਮਲੀਆਮੇਟ ਕਰਨ ਵਿਚ ਦੇਰ ਨਾ ਲਾਈ। ਇਸ ਮੈਚ 'ਚ ਰਾਣਾ ਅਤੇ ਰੈੱਡੀ ਆਪਣਾ ਡੈਬਿਊ ਕਰ ਰਹੇ ਸਨ ਭਾਵ ਇਹ ਉਨ੍ਹਾਂ ਦਾ ਪਹਿਲਾ ਮੈਚ ਸੀ। -ਪੀਟੀਆਈ
Advertisement
Advertisement