For the best experience, open
https://m.punjabitribuneonline.com
on your mobile browser.
Advertisement

ਵਾਹ ਨਦੀਮ! ਵਾਹ ਨੀਰਜ! ਧੰਨ ਨੇ ਤੁਹਾਡੀਆਂ ਮਾਵਾਂ!

07:37 AM Aug 17, 2024 IST
ਵਾਹ ਨਦੀਮ  ਵਾਹ ਨੀਰਜ  ਧੰਨ ਨੇ ਤੁਹਾਡੀਆਂ ਮਾਵਾਂ
Advertisement

ਪ੍ਰਿੰ. ਸਰਵਣ ਸਿੰਘ

ਪੈਰਿਸ ਦੀਆਂ ਓਲੰਪਿਕ ਖੇਡਾਂ ’ਚੋਂ ਜਿੱਥੇ ਬੀਬੀ ਵਿਨੇਸ਼ ਫੋਗਟ ਹੱਥੋਂ ਕਿਸੇ ਸਾਜ਼ਿਸ਼ ਕਰ ਕੇ ਗੋਲਡ ਮੈਡਲ ਖੁੱਸ ਜਾਣ ਦੀਆਂ ਖ਼ਬਰਾਂ ਆਈਆਂ ਉੱਥੇ ਨਦੀਮ, ਨੀਰਜ ਤੇ ਉਨ੍ਹਾਂ ਦੀਆਂ ਮਾਵਾਂ ਨੇ ਆਪਸੀ ਮੋਹ ਪਿਆਰ ਦੀਆਂ ਬਾਤਾਂ ਪਾਈਆਂ। ਹਿੰਦ-ਪਾਕਿ ਦੀ ਦੋਸਤੀ ਵਧਾਉਣ ਅਤੇ ਇੱਕ ਦੂਜੇ ਦੇ ਗਲੇ ਮਿਲਣ ਵਾਲੇ ਪਿਆਰੇ ਬੋਲ ਬੋਲੇ। ਜੈਵਲਿਨ ਸੁੱਟਣ ’ਚ ਅੱਵਲ ਆਉਣ ਵਾਲੇ ਪਾਕਿਸਤਾਨੀ ਪੰਜਾਬ ਦੇ ਲੰਮੇ ਝੰਮੇ ਜਵਾਨ ਅਰਸ਼ਦ ਨਦੀਮ ਤੇ ਦੋਇਮ ਆਉਣ ਵਾਲੇ ਸੋਹਣੇ ਸੁਨੱਖੇ ਹਰਿਆਣਵੀ ਗੱਭਰੂ ਨੀਰਜ ਕੁਮਾਰ ਨੇ ਇੱਕ ਦੂਜੇ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ; ਦੋਸਤਾਨਾ ਜੱਫੀਆਂ ਪਾਈਆਂ ਤੇ ਇੱਕ ਦੂਜੇ ਨੂੰ ਹੋਰ ਅੱਗੇ ਵਧਣ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਅਗਾਂਹ ਉਨ੍ਹਾਂ ਦੀਆਂ ਮਾਵਾਂ ਨੇ ਤਾਂ ਮੋਹ ਪਿਆਰ ਦੇ ਬੋਲਾਂ ਦੀ ਹੱਦ ਹੀ ਮੁਕਾ ਦਿੱਤੀ!
ਪਾਣੀਪਤ ਲਾਗਿਉਂ ਨੀਰਜ ਦੀ ਮਾਂ ਬੀਬੀ ਸਰੋਜ ਦੇਵੀ ਨੇ ਕਿਹਾ- ਕੀ ਹੋਇਆ ਜੇ ਐਤਕੀਂ ਮੇਰਾ ਪੁੱਤਰ ਨੀਰਜ ਗੋਲਡ ਮੈਡਲ ਦੀ ਥਾਂ ਚਾਂਦੀ ਦਾ ਮੈਡਲ ਹੀ ਜਿੱਤ ਸਕਿਆ ਤੇ ਉਹਦਾ ਪਾਕਿਸਤਾਨੀ ਦੋਸਤ ਨਦੀਮ ਗੋਲਡ ਮੈਡਲ ਜਿੱਤ ਗਿਆ। ਨਦੀਮ ਵੀ ਤਾਂ ਮੇਰਾ ਪੁੱਤਰ ਈ ਐ! ਉਹਨੇ ਕਿਹੜਾ ਘੱਟ ਮਿਹਨਤ ਕੀਤੀ ਸੀ। ਭਗਵਾਨ ਦੋਹਾਂ ਨੂੰ ਭਾਗ ਲਾਵੇ! ਜਦੋਂ ਕਦੇ ਮੇਲ ਹੋਇਆ ਤਾਂ ਮੈਂ ਦੋਹਾਂ ਪੁੱਤਰਾਂ ਨੂੰ ਆਪਣੇ ਹੱਥੀਂ ਚੂਰਮਾ ਖੁਆਵਾਂਗੀ।
ਸਰਹੱਦ ਦੇ ਦੂਜੇ ਬੰਨੇ ਲਹਿੰਦੇ ਪੰਜਾਬ ਦੇ ਕਸਬੇ ਮੀਆਂ ਚੰਨੂ ਰਹਿੰਦੀ ਨਦੀਮ ਦੀ ਮਾਂ ਬੀਬੀ ਰਜ਼ੀਆ ਪਰਵੀਨ ਨੇ ਕਿਹਾ- ਮੇਰੇ ਨਦੀਮ ਵਾਂਗ ਉਹਦਾ ਦੋਸਤ ਨੀਰਜ ਵੀ ਮੇਰਾ ਪੁੱਤਰ ਈ ਏ। ਦੋਵੇਂ ਵੱਡੀਆਂ ਉਮਰਾਂ ਵਾਲੇ ਹੋਣ। ਦੋਹਾਂ ਨੂੰ ਭਾਗ ਲੱਗੇ ਰਹਿਣ। ਅੱਲਾ ਦੋਹਾਂ ਪੁੱਤਰਾਂ ’ਤੇ ਮਿਹਰ ਦਾ ਹੱਥ ਰੱਖੇ।
ਇਹ ਹੈ ਓਲੰਪਿਕ ਖੇਡਾਂ ਦੀ ਅਸਲੀ ਭਾਵਨਾ।
ਜਦੋਂ ਯੂਨਾਨ ਵਿੱਚ ਪੁਰਾਤਨ ਓਲੰਪਿਕ ਖੇਡਾਂ ਹੁੰਦੀਆਂ ਸਨ ਤਾਂ ਖੇਡਾਂ ਦੇ ਦਿਨੀਂ ਲੜਾਈਆਂ ਬੰਦ ਹੋ ਜਾਂਦੀਆਂ ਸਨ ਪਰ ਅੱਜ ਦੇ ਦੌਰ ਵਿੱਚ ਅਸੀਂ ਦੇਖਦੇ ਹਾਂ ਕਿ ਨਫ਼ਰਤਾਂ ਦੇ ਬੀਜ ਬੀਜਣ ਵਾਲੇ ਮੌਕਾਪ੍ਰਸਤ ਸਿਆਸਤਦਾਨਾਂ ਨੇ ਖੇਡਾਂ ਦਾ ਪਿੜ ਵੀ ਨਹੀਂ ਬਖ਼ਸ਼ਿਆ। ਜਦੋਂ ਕਦੇ ਕਿਸੇ ਖੇਡ ਦਾ ਹਿੰਦ-ਪਾਕਿ ਮੁਕਾਬਲਾ ਹੁੰਦਾ ਹੈ ਤਾਂ ਉੱਥੇ ਵੀ ਉਹ ਅਜਿਹਾ ਮਾਹੌਲ ਸਿਰਜ ਦਿੰਦੇ ਹਨ ਕਿ ਦੋਹਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨੂੰ ਦੁਸ਼ਮਣ ਸਮਝਣ। ਉਹ ਆਮ ਲੋਕਾਂ ਨੂੰ ਆਪਣੇ ਗੁਆਂਢੀ ਮੁਲਕ ਵਿਰੁੱਧ ਭੜਕਾ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ ਹਨ। ਅਜਿਹੇ ਵਤੀਰੇ ਨਾਲ ਦੋਹਾਂ ਦੇਸ਼ਾਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਦੋਹਾਂ ਪੰਜਾਬਾਂ ਦਾ ਤਾਂ ਕੱਖ ਵੀ ਨਹੀਂ ਰਿਹਾ। ਸਰਹੱਦਾਂ ਇੰਨੀਆਂ ਪੱਕੀਆਂ ਕਰ ਦਿੱਤੀਆਂ ਕਿ ਆਪਸੀ ਮੇਲ ਜੋਲ ਦੀ ਥਾਂ ਵਣਜ ਵਪਾਰ ਦੇ ਰਾਹ ਵੀ ਬੰਦ ਕਰ ਦਿੱਤੇ। ਦੋਹਾਂ ਦੇਸ਼ਾਂ ਦੀਆਂ ਮੌਕਾਪ੍ਰਸਤ ਹਕੂਮਤਾਂ ਨੂੰ ਨਦੀਮ, ਨੀਰਜ ਤੇ ਉਨ੍ਹਾਂ ਦੀਆਂ ਮਾਵਾਂ ਦੇ ਦਿਲੋਂ ਨਿਕਲੇ ਬੋਲ ਗ਼ੌਰ ਨਾਲ ਵਿਚਾਰਨੇ ਚਾਹੀਦੇ ਹਨ; ਹਿੰਦ-ਪਾਕਿ ਦੇ ਆਮ ਲੋਕ ਨਫ਼ਰਤ ਦੀ ਥਾਂ ਪ੍ਰੇਮ ਪਿਆਰ ਲੋਚਦੇ ਹਨ।
ਪੰਜਾਬੀ ਹੁਣ ਪੰਜ ਦਰਿਆਵਾਂ ਦੀ ਧਰਤੀ ਤਕ ਹੀ ਸੀਮਤ ਨਹੀਂ ਰਹੇ। ਐਸੇ ਸੌ ਤੋਂ ਵੱਧ ਮੁਲਕ ਹਨ ਜਿਨ੍ਹਾਂ ਵਿੱਚ ਥੋੜ੍ਹੇ ਬਹੁਤੇ ਪੰਜਾਬੀ ਵੀ ਵਸਦੇ ਹਨ। ਪੰਜਾਬੀਆਂ ਦਾ ਹੁਣ ਗਲੋਬਲ ਵਾਸਾ ਹੈ ਤੇ ਪੰਜਾਬੀ ਗਲੋਬਲ ਭਾਸ਼ਾ ਬਣ ਗਈ ਹੈ। ਪੰਜਾਬੀ ਜਿੱਥੇ ਗਏ, ਉੱਥੇ ਆਪਣਾ ਸੱਭਿਆਚਾਰ ਵੀ ਲੈ ਗਏ। ਐਸੇ ਅਨੇਕਾਂ ਮੁਲਕ ਹਨ ਜਿਨ੍ਹਾਂ ਵਿੱਚ ਪੰਜਾਬੀ ਖੇਡ ਮੇਲੇ ਲੱਗਦੇ ਹਨ।
ਸਮੇਂ ਦੀ ਲੋੜ ਹੈ ਕਿ ਹਰ ਚਾਰ ਸਾਲਾਂ ਬਾਅਦ ਓਲੰਪਿਕ ਖੇਡਾਂ ਦੀ ਤਰਜ਼ ’ਤੇ ‘ਸੰਸਾਰ ਪੰਜਾਬੀ ਖੇਡਾਂ’ ਹੋਣ। ਇਨ੍ਹਾਂ ਖੇਡਾਂ ਵਿੱਚ ਕੁਲ ਦੁਨੀਆ ਵਿੱਚ ਵਸਦੇ ਪੰਜਾਬੀ ਮੂਲ ਦੇ ਖਿਡਾਰੀ ਭਾਗ ਲੈਣ। ਮਜ਼੍ਹਬਾਂ ਤੇ ਮੁਲਕਾਂ ਦਾ ਕੋਈ ਵਿਤਕਰਾ ਨਾ ਹੋਵੇ। ਉਹ ਖੇਡਾਂ ਪੰਜਾਬੀ ਸਭਿਆਚਾਰ ਨਾਲ ਓਤ-ਪੋਤ ਹੋਣ ਤੇ ਉਨ੍ਹਾਂ ਵਿੱਚ ਪੰਜਾਬ ਦੀਆਂ ਦੇਸੀ ਖੇਡਾਂ ਵੀ ਸ਼ਾਮਿਲ ਕੀਤੀਆਂ ਜਾਣ ਜਿਵੇਂ ਕਬੱਡੀ, ਕੁਸ਼ਤੀ, ਰੱਸਾਕਸ਼ੀ, ਗੱਤਕਾ, ਨੇਜ਼ਾਬਾਜ਼ੀ ਆਦਿ। ਓਲੰਪਿਕ ਖੇਡਾਂ ਵਾਲੀਆਂ ਆਧੁਨਿਕ ਖੇਡਾਂ ਵੀ ਸ਼ਾਮਿਲ ਹੋਣ। ਵੱਖ-ਵੱਖ ਮੁਲਕਾਂ ਵਿੱਚ ਵੱਸਦੇ ਪੰਜਾਬੀ ਆਪੋ-ਆਪਣੇ ਮੁਲਕਾਂ ਵੱਲੋਂ ਜਾਂ ਆਜ਼ਾਦ ਤੌਰ ’ਤੇ ਖੇਡਾਂ ਵਿੱਚ ਭਾਗ ਲੈ ਸਕਣ। ਇਉਂ ਪੰਜਾਬੀਅਤ ਦਾ ਜਜ਼ਬਾ ਪ੍ਰਫੁੱਲਤ ਹੋਣ ਨਾਲ ਸੌੜੀ ਫਿ਼ਰਕੂ ਸੋਚ ਨੂੰ ਢਾਹ ਲੱਗੇਗੀ।
ਪਿਛਲੇ ਵਰ੍ਹਿਆਂ ਵਿੱਚ ਕੌਮਾਂਤਰੀ ਪੱਧਰ ’ਤੇ ਐਸੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਕਰ ਕੇ ਚਿਰੀਂ ਵਿਛੜੇ ਵਤਨੀਆਂ ਦੇ ਮੇਲ ਹੋਏ ਹਨ। ਜਰਮਨਾਂ ਨੇ ਜਰਮਨ ਭਾਈਚਾਰੇ ਨੂੰ ਵੰਡਦੀ ਬਰਲਿਨ ਦੀ ਦੀਵਾਰ ਢਾਹ ਘੱਤੀ ਹੈ। ਵੀਅਤਨਾਮੀਏ ਵਿਛੜ ਕੇ ਇੱਕ ਹੋਏ ਸਨ। ਦੱਖਣੀ ਤੇ ਉੱਤਰੀ ਕੋਰੀਆ ਦੇ ਲੋਕ ਬਾਹਾਂ ਅੱਡ ਕੇ ਇੱਕ ਦੂਜੇ ਵੱਲ ਵਧੇ ਹਨ। ਪੰਜਾਬੀਆਂ ਦੇ ਕਾਫ਼ਲੇ ਵੀ ਧਾਅ ਕੇ ਇੱਕ ਦੂਜੇ ਨੂੰ ਮਿਲਣ ਲਈ ਉਮੜ ਪੈਣ ਤਾਂ ਕੋਈ ਵਜ੍ਹਾ ਨਹੀਂ ਕਿ ਸਿਆਸਤਦਾਨ ਹਮੇਸ਼ਾ ਲਈ ਉਨ੍ਹਾਂ ਦੇ ਰਾਹ ਰੋਕੀ ਰੱਖਣ। ਲੜਾਈਆਂ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ। ਖੇਡਾਂ ਨੂੰ ਐਵੇਂ ਨਹੀਂ ਲੜਾਈਆਂ ਦਾ ਬਦਲ ਕਿਹਾ ਜਾਂਦਾ।

Advertisement

ਸੰਪਰਕ: principalsarwansingh@gmail.com

Advertisement

Advertisement
Author Image

sukhwinder singh

View all posts

Advertisement