For the best experience, open
https://m.punjabitribuneonline.com
on your mobile browser.
Advertisement

ਸ਼ਾਲਾ! ਬਣੀਆਂ ਰਹਿਣ ਇਹ ਸਾਂਝਾਂ

06:12 AM Sep 12, 2024 IST
ਸ਼ਾਲਾ  ਬਣੀਆਂ ਰਹਿਣ ਇਹ ਸਾਂਝਾਂ
Advertisement

ਸ਼ਵਿੰਦਰ ਕੌਰ

Advertisement

ਸਾਡਾ ਦੋਹਤਾ ਲਾਭ ਤੀਹ ਕੁ ਸਾਲਾਂ ਤੋਂ ਨਾਰਵੇ ਵਿੱਚ ਰਹਿੰਦਾ ਹੈ। ਉਹ ਹਰ ਸਾਲ ਮਹੀਨੇ ਕੁ ਲਈ ਪੰਜਾਬ ਆਉਂਦਾ ਹੈ। ਇਸ ਵਾਰ ਉਹ ਆਪਣੇ ਦੋਸਤ ਦੇ ਮੁੰਡੇ ਦੇ ਵਿਆਹ ’ਤੇ ਆਇਆ ਹੈ। ਉਹ ਦੱਸਦਾ ਹੈ ਕਿ ਦੋਵੇਂ ਪਰਿਵਾਰ ਮੁੰਡੇ ਵਾਲੇ ਵੀ ਅਤੇ ਕੁੜੀ ਵਾਲੇ ਵੀ ਨਾਰਵੇ ਰਹਿੰਦੇ ਹਨ ਪਰ ਉਨ੍ਹਾਂ ਦੀ ਇੱਛਾ ਪੰਜਾਬ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ਰੀਕੇ ਕਬੀਲੇ ਨਾਲ ਮਿਲ ਬੈਠਣ ਲਈ ਇੱਥੇ ਆ ਕੇ ਹੀ ਵਿਆਹ ਕਰਨ ਦੀ ਸੀ।
ਪਹਿਲੀ ਰਸਮ ਸ਼ਗਨ ਦੀ ਸੀ ਜੋ ਮੁੰਡੇ ਵਾਲਿਆਂ ਵੱਲੋਂ ਜਲੰਧਰ ਨੇੜੇ ਆਪਣੇ ਪਿੰਡ ਵਿਖੇ ਰੱਖੀ ਗਈ ਸੀ। ਅਸੀਂ ਉੱਥੇ ਜਾਣ ਲਈ ਲਾਭ ਨੂੰ ਟੈਕਸੀ ਕਰਾ ਦਿੱਤੀ। ਉਹ ਆਪ ਗੱਡੀ ਚਲਾਉਣ ਤੋਂ ਝਕਦਾ ਹੈ ਕਿਉਂਕਿ ਨਾਰਵੇ ਵਿੱਚ ਗੱਡੀ ਸੱਜੇ ਹੱਥ ਚਲਾਉਂਦੇ ਹਨ। ਸ਼ਗਨ ਤੋਂ ਉਹ ਸ਼ਾਮ ਨੂੰ ਵਾਪਸ ਮੁੜ ਆਉਂਦਾ ਹੈ। ਮੈਂ ਉਤਸੁਕਤਾ ਵੱਸ ਉਸ ਨੂੰ ਪੁੱਛ ਲੈਂਦੀ ਹਾਂ, “ਬੇਟੇ ਸ਼ਗਨ ’ਤੇ ਕਿੰਨੀ ਕੁ ਰੌਣਕ ਸੀ?’’
“ਰੌਣਕ ਦੀ ਤਾਂ ਮਾਮੀ ਜੀ ਪੁੱਛੋ ਹੀ ਨਾ,’’ ਉਹ ਹੱਸਦਾ ਹੋਇਆ ਜਵਾਬ ਦਿੰਦਾ ਹੈ। ‘‘ਸਾਡੇ ਦੋਸਤਾਂ ਦੇ ਕਈ ਪਰਿਵਾਰ ਤਾਂ ਨਾਰਵੇ ਦੇ ਰਹਿਣ ਵਾਲੇ ਗੋਰੇ ਗੋਰੀਆਂ ਦੇ ਹਨ। ਦੋ, ਤਿੰਨ ਦੋਸਤ ਪਾਕਿਸਤਾਨ ਵਾਲੇ ਪੰਜਾਬ ਤੋਂ ਹਨ। ਇਹ ਸਾਰੇ ਵਿਆਹ ਦੀਆਂ ਰੌਣਕਾਂ ਵਿਚ ਖਿੱਚ ਦਾ ਕੇਂਦਰ ਬਣੇ ਹੋਏ ਹਨ।’’ ਪਾਕਿਸਤਾਨ ਦਾ ਨਾਂ ਸੁਣ ਕੇ ਮੈਨੂੰ ਹੈਰਾਨੀ ਹੁੰਦੀ ਹੈ। ਇੱਥੇ ਤਾਂ ਜੰਗ ਦੀਆਂ, ਮਰਨ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਵਿਆਹ ਦੇਖਣ ਆਏ ਹਨ। ਇਨ੍ਹਾਂ ਨੂੰ ਡਰ ਨਹੀਂ ਲੱਗਦਾ।
“ਮੇਰਾ ਤਾਂ ਬੇਟੇ ਉਨ੍ਹਾਂ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ’’, ਮੈਂ ਲਾਭ ਨੂੰ ਕਹਿੰਦੀ ਹਾਂ। ਅਸਲ ਵਿੱਚ ਮੈਂ ਉਨ੍ਹਾਂ ਦੀ ਇੱਥੇ ਆ ਕੇ ਮਾਨਸਿਕ ਹਾਲਤ ਕਿਹੋ ਜਿਹੀ ਹੈ, ਦੇਖਣਾ ਚਾਹੁੰਦੀ ਸੀ।
“ਇਹ ਕਿਹੜੀ ਵੱਡੀ ਗੱਲ ਹੈ, ਪਰਸੋਂ ਲੁਧਿਆਣੇ ਬਾਰਾਤ ਆਉਣੀ ਹੈ। ਮੈਂ ਜਾਣਾ ਹੀ ਹੈ ਤੁਸੀਂ ਮੇਰੇ ਨਾਲ ਚੱਲਣਾ।’’ ਲਾਭ ਮੈਨੂੰ ਨਾਲ ਚੱਲਣ ਲਈ ਕਹਿੰਦਾ ਹੈ।
‘‘ਨਾ ਭਾਈ, ਤੇਰੇ ਨਾਲ ਤਾਂ ਨਹੀਂ ਮੇਰੇ ਕੋਲੋਂ ਜਾਇਆ ਜਾਣਾ, ਤੂੰ ਮੇਰੀ ਇੱਕ ਨਾਲ ਫੋਨ ’ਤੇ ਗੱਲ ਕਰਵਾ ਦੇਵੀਂ।’’ ‘‘ਠੀਕ ਹੈ, ਮੈਂ ਤੁਹਾਡੀ ਫੋਨ ’ਤੇ ਗੱਲ ਕਰਵਾ ਦੇਵਾਂਗਾ।’’
ਵਿਆਹ ਵਾਲੇ ਦਿਨ ਬਾਰਾਂ ਕੁ ਵਜੇ ਮੇਰੇ ਫੋਨ ਦੀ ਘੰਟੀ ਵੱਜਦੀ ਹੈ। ‘ਹੈਲੋ’ ਕਹਿਣ ’ਤੇ ਅੱਗੋਂ ਬੜੀ ਹੀ ਪਿਆਰੀ ਜਿਹੀ ਪੰਜਾਬੀ ਵਿੱਚ ਆਵਾਜ਼ ਆਉਂਦੀ ਹੈ, “ਸਤਿ ਸ੍ਰੀ ਅਕਾਲ ਮਾਮੀ ਜੀ। ਮੈਂ ਲੁਧਿਆਣੇ ਤੋਂ ਕਾਦਿਮ ਗਦਾਫੀ ਬੋਲਦੈਂ, ਲਾਭ ਦਾ ਦੋਸਤ। ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਸੀ।” ਸੁਖ-ਸਾਂਦ ਪੁੱਛਣ ਤੋਂ ਬਾਅਦ ਮੈਂ ਅਸਲ ਗੱਲ ਵੱਲ ਆਉਂਦੀ ਹਾਂ।‘‘ਬੇਟੇ ਮੈਂ ਤਾਂ ਬਸ ਇਹੀ ਜਾਣਨਾ ਚਾਹੁੰਦੀ ਸੀ ਕਿ ਤੁਹਾਨੂੰ ਇਹ ਪੰਜਾਬ ਕਿਹੋ ਜਿਹਾ ਲੱਗਾ?’’
“ਇਸ ਤਰ੍ਹਾਂ ਲੱਗਦਾ ਹੈ ਜਿਵੇਂ ਆਪਣੇ ਘਰ ਹੀ ਆਏ ਹਾਂ,’’ ਉਹ ਹੱਸਦਾ ਹੋਇਆ ਕਹਿੰਦਾ ਹੈ। ‘‘ਉਹੀ ਬੋਲੀ, ਪਹਿਰਾਵਾ, ਉਹੀ ਖਾਣ ਪੀਣ ਦੇ ਸ਼ੌਕ ਸਲੀਕੇ, ਉਹੀ ਫ਼ਸਲਾਂ, ਉਹੀ ਝੂਮਦੇ ਦਰੱਖਤ, ਉਹੀ ਮੋਹ ਪਿਆਰ ਦੀਆਂ ਗੱਲਾਂ ਕਰਦਾ ਜਿਹੜਾ ਵੀ ਵਿਅਕਤੀ ਮਿਲਦਾ ਹੈ ਗਲਵਕੜੀ ਪਾ ਕੇ ਮਿਲਦਾ ਹੈ। ਕੋਈ ਕਹਿੰਦਾ ਹੈ, “ਯਾਰ ਮੇਰਾ ਦਾਦਾ ਲਾਇਲਪੁਰ ਤੋਂ ਆਇਆ ਸੀ ਵੰਡ ਵੇਲੇ ਕਈ ਮੁਰੱਬੇ ਜ਼ਮੀਨ ਛੱਡ ਕੇ। ਜਿੰਨੀ ਦੇਰ ਜਿਊਂਦਾ ਰਿਹਾ ਆਪਣੇ ਖੇਤਾਂ ਦੀ ਮਿੱਟੀ ਨੂੰ ਯਾਦ ਕਰਕੇ ਝੂਰਦਾ ਰਿਹਾ।” ਦੂਜਾ ਕਹਿੰਦਾ ਹੈ ਕਿ ਉਨ੍ਹਾਂ ਦਾ ਲਾਹੌਰ ਬੜਾ ਤਕੜਾ ਬਿਜ਼ਨਸ ਸੀ। ਹਰ ਮਿਲਣ ਵਾਲੇ ਦੀ ਆਪੋ ਆਪਣੀ ਕਹਾਣੀ ਹੈ।’’
‘‘ਮਿੱਟੀ ਦੇ ਕਣ- ਕਣ ਵਿਚ ਸਮੋਈ ਸਾਂਝੀ ਵਿਰਾਸਤ ਜਿਵੇਂ ਕਹਿ ਰਹੀ ਹੈ ਸਾਡੇ ਆਸ਼ਕ ਸਾਂਝੇ, ਸਾਦਕ ਸਾਂਝੇ, ਪੀਰ-ਫਕੀਰ ਸਾਂਝੇ, ਨਾਇਕ ਸਾਂਝੇ, ਇਨਕਲਾਬੀ ਸਾਂਝੇ, ਸਮੇਂ ਦੀਆਂ ਹਕੂਮਤਾਂ ਨਾਲ ਆਢਾ ਲਾਉਣ ਵਾਲੇ ਦੁੱਲਾ ਭੱਟੀ ਅਤੇ ਜਿਊਣਾ ਮੌੜ ਸਾਂਝੇ। ਏਧਰ ਵੀ ਓਧਰ ਵੀ ਇਹ ਦੋਨਾਂ ਪੰਜਾਬਾਂ ਦੇ ਆਪਣੇ ਹਨ। ਫਿਰ ਮੈਨੂੰ ਇੱਥੇ ਓਪਰਾ ਕੀ ਲੱਗਣਾ ਸੀ।
ਕੱਲ੍ਹ ਮੇਰੀ ਅੰਮੀ ਦਾ ਵੀ ਨਾਰਵੇ ਤੋਂ ਫੋਨ ਆਇਆ ਸੀ, ਉਹ ਵੀ ਤੁਹਾਡੇ ਵਾਂਗ ਪੁੱਛ ਰਹੀ ਸੀ ਕਿ ਤੁਹਾਨੂੰ ਦੋਨੋ ਪੰਜਾਬਾਂ ਵਿੱਚ ਕੀ ਫਰਕ ਲੱਗਿਆ? ਕੋਈ ਫਰਕ ਨਹੀਂ ਅੰਮੀਂ। ਤੁਹਾਡੇ ਵਾਂਗ ਹੀ ਇੱਥੇ ਵਸਦੀਆਂ ਮਾਵਾਂ ਦੀ ਵੀ ਸਰਹੱਦੀ ਤਲਖੀ ਸਾਹ ਸੂਤ ਲੈਂਦੀ ਹੈ। ਉਹ ਵੀ ਉਧਰਲੀਆਂ ਮਾਵਾਂ ਵਾਂਗ ਆਪੋ-ਆਪਣੇ ਅਕੀਦਿਆਂ ਮੁਤਾਬਕ ਰੱਬ ਅੱਗੇ ਜੰਗ ਨਾ ਹੋਣ ਦੇਣ ਲਈ ਦੁਆ ਕਰਦੀਆਂ ਹਨ। ਦੋਹਾਂ ਪਾਸਿਆਂ ਦੀ ਖ਼ੈਰ ਸੁੱਖ ਮੰਗਦੀਆਂ ਮਾਪਿਆਂ ਨੂੰ ਪੁੱਤਾਂ ਵੱਲੋਂ ਠੰਢੀ ‘ਵਾ ਆਉਣ, ਬੱਚਿਆਂ ਦੇ ਸਿਰ ’ਤੇ ਬਾਪ ਦਾ ਸਾਇਆ ਸਦਾ ਬਣਿਆ ਰਹੇ ਅਤੇ ਨੂੰਹਾਂ-ਧੀਆਂ ਦੇ ਸਦਾ ਸੁਹਾਗਣ ਰਹਿਣ ਦੀਆਂ ਸੁੱਖਾਂ ਸੁੱਖਦੀਆਂ ਹਨ।
ਹਾਂ ਕਾਦਿਰ ਜੇ ਕਿਸੇ ਕਾਰਨ ਇੱਕ ਪਰਿਵਾਰ ਵਿਚ ਵਸਦੇ-ਰਸਦੇ ਭਰਾਵਾਂ ਦੇ ਘਰ ਵਿਚਕਾਰ ਕੰਧ ਕੱਢੀ ਜਾਵੇ, ਉਹ ਦੁਬਾਰਾ ਢਾਹੀ ਤਾਂ ਨਹੀਂ ਜਾਂਦੀ ਪਰ ਸਮਾਂ ਪਾ ਕੇ ਉਹ ਮਿਲ ਵਰਤਣ ਤਾਂ ਲੱਗ ਹੀ ਜਾਂਦੇ ਹਨ।’’ ਦੋਸਤ ਮਿੱਤਰ ਕਾਦਿਮ ਨੂੰ ਢੋਲ ਦੇ ਡੱਗੇ ’ਤੇ ਨੱਚਣ ਲਈ ਆਵਾਜ਼ਾਂ ਦੇ ਰਹੇ ਸਨ। ਉਹ ‘ਆਦਾਬ’ ਕਹਿ ਕੇ ਫੋਨ ਕੱਟ ਦਿੰਦਾ ਹੈ।
ਮੇਰੇ ਮਨ ਵਿਚ ਆਉਂਦਾ ਹੈ ਕਿ ਪਰਵਾਜ਼ ਭਰਦੇ ਪੰਛੀਆਂ ਅਤੇ ਰੁਮਕਦੀ ਹਵਾ ਨੂੰ ਕੋਈ ਹੱਦਾਂ-ਸਰਹੱਦਾਂ ਦਾ ਬੰਧਨ ਨਹੀਂ। ਕਾਸ਼ ਮਨੁੱਖ ਵੀ ਇਨ੍ਹਾਂ ਤੋਂ ਕੁਝ ਸਿੱਖ ਸਕਦੇ।
ਸੰਪਰਕ: 99888-62326

Advertisement

Advertisement
Author Image

joginder kumar

View all posts

Advertisement