ਮਿੱਟੀ ਦਾ ਮੋਹ
ਗੁਰਮਲਕੀਅਤ ਸਿੰਘ ਕਾਹਲੋਂ
ਜ਼ਿੰਦਗੀ ਦੇ ਚੌਥੇ ਪਹਿਰ ਵਿੱਚ ਪ੍ਰਵੇਸ਼ ਕਾਰਨ ਕਈ ਯਾਦਾਂ ਫਿੱਕੀਆਂ ਪੈਣ ਲੱਗੀਆਂ ਨੇ ਪਰ ਮਾਂ ਨਾਲ ਸਬੰਧਿਤ ਹਰ ਯਾਦ ਤਰੋਤਾਜ਼ਾ ਹੈ। ਕਈ ਵਾਰ ਮਾਂ ਦੀਆਂ ਯਾਦਾਂ ਫਰੋਲਦਿਆਂ ਇਹ ਲੱਭਣ ਦਾ ਯਤਨ ਕਰਦ ਹਾਂ ਕਿ ਮਾਂ ਦਾ ਆਪਣੇ ਸੱਤ ਬੱਚਿਆਂ ’ਚੋਂ ਬਹੁਤਾ ਤਿਹੁ ਕਿਸ ਨਾਲ ਸੀ। ਨਿੱਕੇ ਭੈਣ ਭਰਾਵਾਂ ਦੇ ਬਚਪਨ ਦੀਆਂ ਹਰਕਤਾਂ ਦੇ ਪੱਤਰੇ ਅੱਖਾਂ ਮੂਹਰੇ ਖੁੱਲ੍ਹਣ ਲੱਗ ਪੈਂਦੇ ਨੇ ਪਰ ਉਸ ਦੇ ਝੁਕਾਅ ਦਾ ਸਬੂਤ ਕੋਈ ਨਹੀਂ ਲੱਭਦਾ। ਕਈ ਵਾਰ ਇਹ ਪਤਾ ਲਾਉਣ ਦੇ ਯਤਨ ਕਰਨ ਲੱਗਦਾ ਹਾਂ ਕਿ ਉਸ ਨੂੰ ਬਹੁਤਾ ਮੋਹ ਕਿਸ ਦੁਨਿਆਵੀ ਚੀਜ਼ ਨਾਲ ਸੀ। ਪਿਛਲੇ ਸਾਲ ਰਾਤ ਨੂੰ ਨੀਂਦ ਉੱਖੜ ਜਾਂਦੀ ਤਾਂ ਇਹੀ ਸਵਾਲ ਚੇਤਿਆਂ ’ਚੋਂ ਉੱਭਰ ਆਉਂਦਾ ਤੇ ਮਨ ਉਸ ਦਾ ਜਵਾਬ ਲੱਭਣ ’ਚ ਗੁਆਚ ਜਾਂਦਾ। ਇੱਕ ਦਿਨ ਯਾਦਾਂ ਦੀ ਚੰਗੇਰ ’ਚੋਂ ਜਵਾਬ ਲੱਭ ਗਿਆ ਕਿ ਮਾਂ ਤਾਂ ਮਿੱਟੀ ਦੇ ਕਣ-ਕਣ ਨਾਲ ਜੁੜੀ ਹੋਈ ਸੀ ਜਿਸ ’ਚੋਂ ਪੈਦਾ ਹੋਏ ਅੰਨ ਨੇ ਉਸ ਦੇ ਬੱਚਿਆਂ ਦਾ ਪੋਸ਼ਣ ਕਰ ਕੇ ਜਿਊਣ ਜੋਗੇ ਬਣਾਇਆ।
ਮੈਂ ਮਾਪਿਆਂ ਦਾ ਜੇਠਾ ਪੁੱਤ ਹਾਂ। ਪੜ੍ਹਾਈ ਤੋਂ ਬਾਅਦ ਕਾਰੋਬਾਰੀ ਬਣਿਆ ਤੇ ਪਿੰਡ ਛੱਡ ਸ਼ਹਿਰੀ ਬਣ ਗਿਆ। ਮੇਰੇ ਵਿਆਹ ਦੀਆਂ ਤਿਆਰੀਆਂ ਸੀ ਜਦ ਮੈਥੋਂ ਛੋਟੀ ਭੈਣ ਲਿਊਕੇਮੀਆ (ਬਲੱਡ ਕੈਂਸਰ) ਦੀ ਭੇਟ ਚੜ੍ਹ ਗਈ। ਜਵਾਨ ਧੀ ਦਾ ਝੋਰਾ ਮਾਂ ਨੇ ਮਨ ’ਤੇ ਲਾ ਲਿਆ। ਮੈਨੂੰ ਯਾਦ ਹੈ, ਪੇਟੋਂ ਜਨਮੀ ਨੂੰ ਯਾਦ ਕਰ ਕੇ ਮਨ ਹੀ ਮਨ ਵਹਿੰਦੇ ਹੰਝੂ ਮੈਂ ਉਸ ਦੇ ਚਿਹਰੇ ਤੋਂ ਪੜ੍ਹ ਲੈਂਦਾ ਸੀ। ਉਸ ਤੋਂ ਬਾਅਦ ਦਸ ਕੁ ਸਾਲ ਲੰਘ ਗਏ। ਉਸ ਸਾਲ ਕਣਕ-ਪੱਠਾ ਸੰਭਾਲਿਆ ਗਿਆ ਤਾਂ ਜੀਵਨ ਸਾਥਣ ਉਹਨੂੰ ਕੁਝ ਦਿਨਾਂ ਲਈ ਆਪਣੇ ਕੋਲ ਲੈ ਆਈ। ਮੇਰੀਆਂ ਧੀਆਂ ਦਾ ਦਾਦੀ ਨਾਲ ਬਹੁਤ ਪਿਆਰ ਸੀ। ਅੱਧੀ ਕੁ ਰਾਤ ਬਾਥਰੂਮ ਗਈ ਤਾਂ ਸ਼ਾਇਦ ਚੱਕਰ ਆ ਕੇ ਡਿੱਗੀ ਤੇ ਸਿਰ ਪੱਕੀ ਥਾਂ ’ਤੇ ਵੱਜਣ ਕਰ ਕੇ ਡੂੰਘੀ ਸੱਟ ਲੱਗ ਗਈ। ਦੂਜੇ ਕਮਰੇ ’ਚ ਪਏ ਹੋਣ ਕਰ ਕੇ ਸਾਨੂੰ ਥੋੜ੍ਹੀ ਦੇਰ ਬਾਅਦ ਪਤਾ ਲੱਗਾ। ਉਦੋਂ ਤੱਕ ਸੱਟ ਵਾਲੀ ਥਾਂ ਮੋਟੀ ਰਸੌਲੀ ਉਭਰ ਆਈ ਸੀ। ਚੁੱਕ ਕੇ ਮੰਜੇ ’ਤੇ ਲਿਟਾਇਆ।
ਇਹ ਘਟਨਾ ਪੰਜਾਬ ’ਚ ਚੱਲੀ ਉਨ੍ਹਾਂ ਕਾਲੇ ਦਿਨਾਂ ਦੀ ਹੈ ਜਦ ਡਾਕਟਰ ਵੀ ਰਾਤ ਨੂੰ ਦਰਵਾਜ਼ਾ ਨਹੀਂ ਸੀ ਖੋਲ੍ਹਦੇ ਹੁੰਦੇ। ਮਾਂ ਦਾ ਸਰੀਰ ਘੁੱਟਦਿਆਂ ਤੜਕਾ ਹੋਇਆ। ਸਰਕਾਰੀ ਹਸਪਤਾਲ ਲੈ ਗਏ। ਐੱਸਐੱਮਓ ਚੰਗਾ ਵਾਕਿਫ਼ ਤੇ ਲਿਹਾਜ਼ੀ ਸੀ। ਪੂਰੀ ਜਾਂਚ ਕਰ ਕੇ ਕਹਿੰਦਾ, ਮਾਤਾ ਨੂੰ ਬਚਾਉਣਾ ਤਾਂ ਅੰਮ੍ਰਿਤਸਰ ਲੈ ਜਾਓ। ਮਾਂ ਨੂੰ ਕਾਰ ’ਚ ਲਿਟਾ ਅਸੀਂ ਉੱਥੇ ਪੁੱਜ ਗਏ। ਪਤਨੀ ਨੇ ਸਕੂਲੋਂ ਛੁੱਟੀ ਲੈ ਲਈ ਤੇ ਅਸੀਂ ਦੋਵੇਂ ਕੋਲ ਰਹੇ। ਤਿੰਨ ਹਫਤੇ ਬਾਅਦ ਸਭ ਕੁਝ ਠੀਕ ਹੋ ਗਿਆ ਤੇ ਛੁੱਟੀ ਮਿਲ ਗਈ। ਮਾਂ ਪਿੰਡ ਜਾਣਾ ਚਾਹੁੰਦੀ ਸੀ ਪਰ ਕਮਜ਼ੋਰੀ ਕਰ ਕੇ ਅਸੀਂ ਆਪਣੇ ਕੋਲ ਸ਼ਹਿਰ ਰੱਖਣਾ ਠੀਕ ਸਮਝਿਆ। ਗਰਮੀ ਸਿਖਰ ’ਤੇ ਸੀ। ਉਦੋਂ ਕੂਲਰਾਂ ਦਾ ਰਿਵਾਜ ਸੀ, ਅਸੀਂ ਅਗਲੇ ਦਿਨ ਲੁਆ ਲਿਆ। ਦਸ ਕੁ ਦਿਨ ਬਾਅਦ ਦਵਾਈ ਬੰਦ ਹੋ ਗਈ। ਮਾਂ ਕਹਿਣ ਲੱਗੀ- “ਹੁਣ ਮੈਨੂੰ ਪਿੰਡ ਛੱਡ ਆਓ।” ਸਾਡਾ ਮਨ ਨਾ ਮੰਨੇ ਪਰ ਉਹਦੇ ਜ਼ੋਰ ਦੇਣ ’ਤੇ ਛੱਡ ਆਏ ਤੇ ਸ਼ਾਮ ਨੂੰ ਸ਼ਹਿਰ ਮੁੜ ਆਏ।
ਅਗਲਾ ਸੂਰਜ ਅਜੇ ਚੜ੍ਹਿਆ ਨਹੀਂ ਸੀ ਕਿ ਮਨ ਨੂੰ ਪਿੰਡ ਪਹੁੰਚਣ ਦੀ ਖਿੱਚ ਪੈਣ ਲੱਗੀ। ਪਤਨੀ ਤੇ ਧੀਆਂ ਸਕੂਲ ਜਾਣ ਲਈ ਤਿਆਰ ਹੋ ਰਹੀਆਂ ਸੀ। ਕਾਲ ਬੈੱਲ ਖੜਕੀ ਤਾਂ ਮਨ ਤ੍ਰਭਕਿਆ। ਬਾਹਰ ਨਿਕਲ ਦੇਖਿਆ, ਚਚੇਰਾ ਭਰਾ ਖੜ੍ਹਾ ਸੀ। ਮੱਥਾ ਠਣਕਿਆ, ਜ਼ਰੂਰ ਕੋਈ ਭਾਣਾ ਵਾਪਰ ਗਿਆ?
“ਚਾਚੀ ਪੂਰੀ ਹੋਗੀ।” ਭਰਾ ਦੇ ਮੂੰਹੋਂ ਮਸੀਂ ਨਿਕਲਿਆ।
“ਤਾਂ ਹੀ ਪਰਸੋਂ ਤੋਂ ਆਪਣੇ ਖੇਤ ਤੱਕਣ ਦੀ ਕਾਹਲ ਪਈ ਹੋਈ ਸੀ ਉਹਨੂੰ?” ਮੈਨੂੰ ਖ਼ੁਦ ਪਤਾ ਨਾ ਲੱਗਾ ਕਿ ਇਹ ਸ਼ਬਦ ਮੇਰੇ ਮੂੰਹ ਕਿੱਥੋਂ ਆਣ ਪਏ।...
ਇੱਕ ਰਾਤ ਸਵਾਲਾਂ ’ਚ ਘਿਰੇ ਨੂੰ ਇਹ ਗੱਲ ਚੇਤੇ ਆਉਂਦੇ ਸਾਰ ਮਾਂ ਦਾ ਕਿਸ ਚੀਜ਼ ਨਾਲ ਬਹੁਤੇ ਮੋਹ ਵਾਲੇ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਲੱਗਿਆ।
ਸੰਪਰਕ: +1-604-442-7676