ਵਿਸ਼ਵ ਅੰਡਰ-20 ਚੈਂਪੀਅਨਸ਼ਿਪ: ਆਰਤੀ ਨੇ 10,000 ਮੀਟਰ ਤੇਜ਼ ਚਾਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ
ਲਿਮਾ, 30 ਅਗਸਤ
ਇੱਥੇ ਅੱਜ ਵਿਸ਼ਵ ਅੰਡਰ-20 ਅਥਲੈਟਿਕ ਚੈਂਪੀਨਸ਼ਿਪ ਵਿੱਚ ਆਰਤੀ ਨੇ ਭਾਰਤ ਲਈ ਤਗ਼ਮੇ ਦਾ ਖਾਤਾ ਖੋਲ੍ਹਦਿਆਂ ਮਹਿਲਾਵਾਂ ਦੇ 10,000 ਮੀਟਰ ਤੇਜ਼ ਚਾਲ ਮੁਕਾਬਲੇ ਵਿੱਚ ਕੌਮੀ ਅੰਡਰ-20 ਰਿਕਾਰਡ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਹੈ। 17 ਸਾਲਾ ਆਰਤੀ ਨੇ 44 ਮਿੰਟ 39.39 ਸਕਿੰਟ ਦੇ ਸਮੇਂ ਵਿੱਚ ਇਹ ਪੈਂਡਾ ਤੈਅ ਕਰਦਿਆਂ ਇਸ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਉਸ ਨੇ ਆਪਣਾ ਹੀ 47 ਮਿੰਟ 21.04 ਸਕਿੰਟ ਦਾ ਕੌਮੀ ਰਿਕਾਰਡ ਤੋੜਿਆ ਹੈ। ਇਹ ਰਿਕਾਰਡ ਉਸ ਨੇ ਲਖਨਊ ਵਿੱਚ ਹੋਈ ਅੰਡਰ 20 ਕੌਮੀ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ ’ਚ ਬਣਾਇਆ ਸੀ। ਇਸ ਮੁਕਾਬਲੇ ਵਿੱਚ ਚੀਨ ਦੀ ਜ਼ੂਮਾ ਬੈਮਾ ਨੇ 43 ਮਿੰਟ 26.60 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਸੋਨ ਤਗ਼ਮਾ ਅਤੇ ਚੀਨ ਦੀ ਹੀ ਮੈਲਿੰਗ ਚੇਨ ਨੇ 44 ਮਿੰਟ 30.67 ਸਕਿੰਟ ਵਿੱਚ ਦੌੜ ਪੂਰੀ ਕਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਵੀਰਵਾਰ ਰਾਤ ਨੂੰ ਪੂਜਾ ਸਿੰਘ ਨੇ ਆਪਣਾ ਅੰਡਰ 20 ਦਾ ਕੌਮੀ ਰਿਕਾਰਡ ਤੋੜ ਕੇ ਕੁਆਲੀਫਿਕੇਸ਼ਨ ਗੇੜ ’ਚ ਨੌਵਾਂ ਸਥਾਨ ਹਾਸਲ ਕਰ ਕੇ ਫਾਈਨਲ ’ਚ ਪ੍ਰਵੇਸ਼ ਕੀਤਾ ਸੀ। -ਪੀਟੀਆਈ