ਵਿਸ਼ਵ ਕੱਪ ਜਨੂਨ: ਕਾਗਜ਼ ਦਾ ਚਾਰ ਫੁੱਟ ਉੱਚਾ ਵਰਲਡ ਕੱਪ ਬਣਾਇਆ
ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਨਵੰਬਰ
ਮਾਸਟਰ ਬਲਾਸਟਰ ਦਾ ਰਿਕਾਰਡ ਤੋੜਨ ਵਾਲੇ ਵਿਰਾਟ ਕੋਹਲੀ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਗੁਜਰਾਤ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ’ਚ 19 ਨਵੰਬਰ ਨੁੰ ਹੋਣ ਵਾਲੇ ਵਿਸ਼ਵ ਕੱਪ ਕ੍ਰਿਕਟ ਦੇ ਫਾਈਨਲ ਮੈਚ ਤੋਂ ਇੱਕ ਦਿਨ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੋਗਾ ਸ਼ਹਿਰ ਕ੍ਰਿਕਟ ਦੇ ਜਨੂਨ ਵਿਚ ਡੁੱਬਿਆ ਨਜ਼ਰ ਆ ਰਿਹਾ ਹੈ।
ਲਿਮਕਾ ਬੁੱਕ ਆਫ ਰਿਕਾਰਡਜ਼ ’ਚ ਦੋ ਵਾਰ ਨਾਮ ਦਰਜ ਕਰਵਾ ਚੁੱਕੇ ਚਿੱਤਰਕਾਰ ਗੁਰਪ੍ਰੀਤ ਕੋਮਲ ਵਲੋਂ 4 ਫੁੱਟ ਉੱਚਾ ਪੇਪਰ ਦਾ ਵਰਲਡ ਕੱਪ ਬਣਾ ਕੇ ਭਾਰਤੀ ਕ੍ਰਿਕਟ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਲ 2011 ’ਚ 14 ਫੁੱਟ ਵੱਡੇ ਪੇਂਟਿੰਗ ਬੁਰਸ਼ ਨਾਲ 7 ਫੁੱਟ ਵੱਡਾ ਫਰਸ਼ ’ਤੇ ਵਰਲਡ ਕੱਪ ਪੇਂਟ ਕਰਕੇ ਭਾਰਤੀ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਸਨ ਤੇ ਭਾਰਤ ਨੇ ਵਰਲਡ ਕੱਪ ਜਿੱਤਿਆ ਸੀ। ਇਥੋਂ ਦੇ ਪ੍ਰਮੁੱਖ ਹੋਟਲਾਂ ਵਿੱਚ ਕ੍ਰਿਕਟ ਮੈਚ ਦਿਖਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜਿੱਥੇ ਕ੍ਰਿਕਟ ਪ੍ਰੇਮੀ ਖਾਣ ਪੀਣ ਦੇ ਨਾਲ-ਨਾਲ ਕ੍ਰਿਕਟ ਦੇ ਰੋਮਾਂਚ ਦਾ ਆਨੰਦ ਲੈ ਸਕਣਗੇ। ਹੋਟਲਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਹਿਰਾਵੇ ਨਾਲ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਹੈ। ਮਾਸਟਰ ਬਲਾਸਟਰ ਦਾ ਰਿਕਾਰਡ ਤੋੜਨ ਵਾਲੇ ਵਿਰਾਟ ਕੋਹਲੀ ਆਈਸੀਸੀ ਵਿਸਵ ਕੱਪ 2023 ਦੇ ਭਾਰਤ ਬਨਾਮ ਨਿਊਜ਼ੀਲੈਂਡ ਦੇ ਸੈਮੀਫਾਈਨਲ ਮੈਚ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਕੋਹਲੀ ਨੇ 50ਵਾਂ ਇੱਕ ਰੋਜ਼ਾ ਸੈਂਕੜਾ ਬਣਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਹੈ।