ਵਿਸ਼ਵ ਪੁਸਤਕ ਮੇਲਾ 10 ਤੋਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਫਰਵਰੀ
ਨਵੀਂ ਦਿੱਲੀ ਵਿੱਚ ਵਿਸ਼ਵ ਪੁਸਤਕ ਮੇਲਾ 10 ਫਰਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਊਦੀ ਅਰਬ ਸ਼ਮੂਲੀਅਤ ਕਰੇਗਾ। ਇਹ ਮੇਲਾ 18 ਫਰਵਰੀ ਤੱਕ ਲਗਾਇਆ ਜਾਵੇਗਾ। ਇਸ ਸਾਲ ਮੇਲੇ ਦਾ ਥੀਮ ‘ਬਹੁ-ਭਾਸ਼ਾਈ ਭਾਰਤ, ਇੱਕ ਜੀਵਤ ਪਰੰਪਰਾ’ ਹੋਵੇਗਾ। ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਨੇ ਦੱਸਿਆ ਕਿ ਇਸ ਸਾਲ ਸਾਊਦੀ ਅਰਬ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਹੈ। ਵਿਸ਼ਵ ਪੁਸਤਕ ਮੇਲਾ ਕੌਮੀ ਰਾਜਧਾਨੀ ਵਿੱਚ ਸਿੱਖਿਆ ਮੰਤਰਾਲੇ ਅਤੇ ਉਦਯੋਗ ਤੇ ਵਣਜ ਮੰਤਰਾਲੇ ਦੁਆਰਾ ਹਰ ਸਾਲ ਕਰਵਾਇਆ ਜਾਂਦਾ ਹੈ। ਸ੍ਰੀ ਮਲਿਕ ਨੇ ਦੱਸਿਆ ਕਿ ਲਗਪਗ 400 ਵਰਗ ਮੀਟਰ ਦੇ ਮੈਦਾਨ ਵਿੱਚ ਸਾਊਦੀ ਅਰਬ ਦੇ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ। ਪਾਠਕਾਂ ਲਈ ਭਾਰਤ ਵਿੱਚ ਹੀ ਅਰਬ ਭਾਸ਼ਾ, ਸੱਭਿਆਚਾਰ, ਲੋਕ ਪਰੰਪਰਾ ਅਤੇ ਸਾਹਿਤ ਨੂੰ ਸਮਝਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ। ਯੂਨਾਈਟਿਡ ਕਿੰਗਡਮ, ਫਰਾਂਸ, ਸਪੇਨ, ਤੁਰਕੀ, ਇਟਲੀ, ਰੂਸ, ਤਾਈਵਾਨ, ਈਰਾਨ, ਸੰਯੁਕਤ ਅਰਬ ਅਮੀਰਾਤ, ਆਸਟਰੀਆ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਇਸ ਕੌਮਾਂਤਰੀ ਮੇਲੇ ਵਿੱਚ ਹਿੱਸਾ ਲੈਣਗੇ। ਪੁਸਤਕ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ, ਜਿਸ ਵਿੱਚ ਨਾਟਕ, ਲੋਕ ਪ੍ਰਦਰਸ਼ਨ, ਸੰਗੀਤ, ਬੈਂਡ ਪ੍ਰਦਰਸ਼ਨ ਅਤੇ ਹੋਰ ਵੀ ਸ਼ਾਮਲ ਹਨ। ਉਥੇ ਹੀ ਜਦੋਂ ਟਰੱਸਟ ਦੇ ਡਾਇਰੈਕਟਰ ਤੋਂ ਪੰਜਾਬੀ ਭਾਸ਼ਾ ਵਿੱਚ ਕਿਤਾਬਾਂ ਛਾਪਣ ਬਾਬਤ ਪੁੱਛਿਆ ਗਿਆ ਤਾਂ ਉਹ ਭੜਕੇ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਕਿਤਾਬਾਂ ਛਪ ਰਹੀਆਂ ਹਨ। ਜ਼ਿਕਰਯੋਗ ਹੈ ਕਿ ਤਤਕਾਲੀ ਡਾਇਰੈਕਟਰ ਡਾ. ਬਲਦੇਵ ਸਿੰਘ ਬੱਧਣ ਵੱਲੋਂ ਸੇਵਾਮੁਕਤ ਹੋਣ ਤੋਂ ਪਹਿਲਾਂ ਕਰੀਬ 80 ਕਿਤਾਬਾਂ ਤਿਆਰ ਕਰਕੇ ਐਨਬੀਟੀ ਵੱਲੋਂ ਦਿੱਤੀਆਂ ਗਈਆਂ ਸਨ ਤੇ ਉਨ੍ਹਾਂ ਕਿਤਾਬਾਂ ਦੀ ਅਦਾਇਗੀ ਵੀ ਕਰ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਹੁਣ ਤੱਕ ਉਕਤ ਤਿਆਰ ਕਿਤਾਬਾਂ ਵਿੱਚੋਂ ਕੁਝ ਕੁ ਹੀ ਛਪੀਆਂ ਹਨ।