ਸਰਕਾਰੀ ਕਾਲਜ ਕਰਮਸਰ ’ਚ ਵਰਕਸ਼ਾਪ
ਪੱਤਰ ਪ੍ਰੇਰਕ
ਪਾਇਲ, 16 ਨਵੰਬਰ
ਸਰਕਾਰੀ ਕਾਲਜ ਕਰਮਸਰ ਵਿੱਚ ਪ੍ਰਿੰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਹੇਠ ਪ੍ਰਸਾਰ ਭਾਰਤੀ ਦੇ ਸਹਿਯੋਗ ਨਾਲ ਵਰਕਸ਼ਾਪ ਕਰਵਾਈ ਗਈ। ਇਸ ਕਾਰਜ ਲਈ ਆਕਾਸ਼ਵਾਣੀ ਰੇਡੀਓ ਸਟੇਸ਼ਨ ਜਲੰਧਰ ਤੋਂ ਡਾ ਮੁਹੰਮਦ ਇਮਤਿਆਜ਼, ਅਰਿੰਦਰ ਕੌਰ ਤੇ ਸਿਮਰਨ ਕੌਰ ਨੇ ਵਰਕਸ਼ਾਪ ਵਿੱਚ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਹ ਵਰਕਸ਼ਾਪ ਦੋ ਸੈਸ਼ਨਾਂ ਵਿੱਚ ਕਰਵਾਈ ਗਈ। ਵਰਕਸ਼ਾਪ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸੇਵਾਮੁਕਤ ਪ੍ਰੋਫ਼ੈਸਰ ਡਾ. ਮੁਹੰਮਦ ਖਾਲਿਦ ਨੇ ਪ੍ਰਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਸਥਾਈ ਵਿਕਾਸ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਵਰਕਸ਼ਾਪ ਦੇ ਅਗਲੇ ਭਾਗ ਵਿੱਚ ਸਰਕਾਰੀ ਕਾਲਜ ਕੋਟਕਪੂਰਾ ਦੇ ਇੰਚਾਰਜ ਪ੍ਰਿੰਸੀਪਲ ਤੇ ਮਨੋਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀਸ਼ ਕੁਮਾਰ ਸ਼ਰਮਾ ਨੇ ਮਾਨਸਿਕ ਸਿਹਤ ਵਿਸ਼ੇ ’ਤੇ ਗੱਲਬਾਤ ਕੀਤੀ। ਉਨ੍ਹਾਂ ਮਾਨਸਿਕ ਸਮੱਸਿਆਂਵਾਂ ਬਾਰੇ ਦੱਸਦਿਆਂ ਇਨ੍ਹਾਂ ਦੇ ਨਿਪਟਾਰੇ ਲਈ ਹੱਲ ਵੀ ਸੁਝਾਏ। ਵਿਚਾਰ-ਚਰਚਾ ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਪ੍ਰਸ਼ਨ ਪੁੱਛੇ ਤੇ ਬੁਲਾਰਿਆਂ ਨੇ ਤਸੱਲੀਬਖ਼ਸ਼ ਜਵਾਬ ਦਿੱਤੇ।