14 ਸਾਲਾ ਚਾਲਕ ਕੋਲੋਂ ਕਾਰ ਬੇਕਾਬੂ, ਕਈ ਜ਼ਖ਼ਮੀ
ਗਗਨਦੀਪ ਅਰੋੜਾ
ਲੁਧਿਆਣਾ, 16 ਨਵੰਬਰ
ਸਨਅਤੀ ਸ਼ਹਿਰ ਦੇ ਖੁੱਡ ਮੁਹੱਲਾ ਇਲਾਕੇ ਵਿੱਚ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਵਰਨਾ ਕਾਰ ਬੇਕਾਬੂ ਹੋ ਕੇ ਪਲਟ ਗਈ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋਏ ਹਨ ਤੇ ਇੱਕ ਦੁਕਾਨ ਦਾ ਸ਼ੀਸ਼ੇ ਵੀ ਟੁੱਟ ਗਏ। ਆਲੇ-ਦੁਆਲੇ ਮੌਜੂਦ ਲੋਕਾਂ ਨੇ ਜਦੋਂ ਪਲਟੀ ਹੋਈ ਕਾਰ ਸਿੱਧੀ ਕੀਤੀ ਤਾਂ ਉਸ ਵਿੱਚੋਂ 2 ਨਾਬਾਲਗ ਬੱਚੇ ਨਿਕਲੇ, ਜਿਨ੍ਹਾਂ ਵਿੱਚੋਂ ਕਾਰ ਚਲਾਉਣ ਵਾਲੇ ਦੀ ਉਮਰ 14 ਸਾਲ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿੱਚ ਕਿਸੇ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਿਸ ਮਗਰੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਾਰ ਨੂੰ ਕਬਜ਼ੇ ਹੇਠ ਲੈ ਲਿਆ ਹੈ। ਇਸ ਸਬੰਧੀ ਖੁੱਡ ਮੁਹੱਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਗਲੀ ਵਿੱਚੋਂ ਲੰਘ ਰਹੀ ਇੱਕ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਕਾਰ ਚਾਲਕ ਨੇ ਸਾਹਮਣੇ ਤੋਂ ਆ ਰਹੀ ਕਾਰ ਵਿੱਚ ਵੱਜਣ ਤੋਂ ਬੱਚਦੇ ਹੋਏ ਕਾਰ ਦੀ ਰਫ਼ਤਾਰ ਵਧਾ ਦਿੱਤੀ ਤੇ ਕਾਰ ਪਲਟ ਗਈ। ਕਾਰ ਦਾ ਅਗਲਾ ਹਿੱਸਾ ਇੱਕ ਦੁਕਾਨ ਨਾਲ ਜਾ ਟਕਰਾਇਆ ਤੇ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਆਲੇ-ਦੁਆਲੇ ਲੋਕ ਇਕੱਠੇ ਹੋਏ ਤਾਂ ਕਾਰ ਵਿੱਚੋਂ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਉਨ੍ਹਾਂ ਤੁਰੰਤ ਪਲਟੀ ਹੋਈ ਕਾਰ ਸਿੱਧੀ ਕੀਤੀ। ਕਾਰ ਵਿੱਚ ਦੋ ਬੱਚੇ ਸਵਾਰ ਸਨ ਜਿਨ੍ਹਾਂ ਨੂੰ ਪਿਛਲੇ ਪਾਸੇ ਤੋਂ ਬਾਹਰ ਕੱਢਿਆ ਗਿਆ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀਆਂ ਉਂਗਲਾਂ ’ਤੇ ਸੱਟ ਲੱਗੀ ਹੈ। ਉਸ ਨੂੰ ਤੁਰੰਤ ਡਾਕਟਰ ਕੋਲ ਭੇਜਿਆ ਗਿਆ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲੀਸ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।