ਆਲਮੀ ਖੁਰਾਕ ਸੁਰੱਖਿਆ ਲਈ ਹੱਲ ਮੁਹੱਈਆ ਕਰਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ: ਮੋਦੀ
ਨਵੀਂ ਦਿੱਲੀ, 3 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਇਕ ਵਾਧੂ ਅਨਾਜ ਵਾਲਾ (ਅਨਾਜ ਸਰਪਲੱਸ) ਦੇਸ਼ ਬਣ ਗਿਆ ਹੈ ਅਤੇ ਉਹ ਆਲਮੀ ਖੁਰਾਕ ਤੇ ਪੋਸ਼ਣ ਸੁਰੱਖਿਆ ਵਾਸਤੇ ਹੱਲ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਵਾਧੂ ਅਨਾਜ ਤੋਂ ਮਤਲਬ ਦੇਸ਼ ਵਿੱਚ ਖ਼ਪਤਕਾਰਾਂ ਨਾਲੋਂ ਜ਼ਿਆਦਾ ਅਨਾਜ ਮੁਹੱਈਆ ਹੋਣ ਤੋਂ ਹੈ। ਭਾਰਤ ਵਿੱਚ 65 ਸਾਲਾਂ ਤੋਂ ਬਾਅਦ ਕੀਤੇ ਜਾ ਰਹੇ ਖੇਤੀਬਾੜੀ ਆਰਥਿਕ ਮਾਹਿਰਾਂ ਦੇ 32ਵੇਂ ਕੌਮਾਂਤਰੀ ਸੰਮੇਲਨ (ਆਈਸੀਏਈ) ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦਾ ਆਮ ਬਜਟ 2024-25 ਟਿਕਾਊ ਖੇਤੀ ’ਤੇ ਕੇਂਦਰਿਤ ਹੈ।
ਮੋਦੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਭਾਰਤ ਨੇ ਇਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ ਉਦੋਂ ਉਸ ਨੂੰ ਆਜ਼ਾਦੀ ਮਿਲੀ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਅਤੇ ਉਹ ਦੌਰ ਦੇਸ਼ ਵਿੱਚ ਖੇਤੀ ਤੇ ਖੁਰਾਕ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਚੁਣੌਤੀਪੂਰਨ ਸੀ। ਉਨ੍ਹਾਂ ਕਿਹਾ, ‘‘ਭਾਰਤ ਹੁਣ ਇਕ ਵਾਧੂ ਅਨਾਜ ਵਾਲਾ ਦੇਸ਼ ਬਣ ਗਿਆ ਹੈ। ਇਹ ਦੁਨੀਆ ਵਿੱਚ ਦੁੱਧ, ਦਾਲਾਂ ਤੇ ਮਸਾਲਿਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਤੋਂ ਇਲਾਵਾ ਭਾਰਤ ਖੁਰਾਕ, ਫਲ, ਸਬਜ਼ੀ, ਕਪਾਹ, ਚੀਨੀ ਅਤੇ ਚਾਹ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਵੀ ਬਣ ਗਿਆ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਕ ਦੌਰ ਸੀ ਜਦੋਂ ਭਾਰਤ ਦੀ ਖੁਰਾਕ ਸੁਰੱਖਿਆ ਦੁਨੀਆਂ ਲਈ ਚਿੰਤਾ ਦਾ ਸਬੱਬ ਸੀ। ਹੁਣ, ਭਾਰਤ ਆਲਮੀ ਖੁਰਾਕ ਤੇ ਪੋਸ਼ਣ ਸੁਰੱਖਿਆ ਲਈ ਹੱਲ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।’’ ਖੇਤੀ ਆਰਥਿਕ ਮਾਹਿਰਾਂ ਦੇ ਕੌਮਾਂਤਰੀ ਸੰਮੇਲਨ ਵਿੱਚ ਦੁਨੀਆ ਦੇ 70 ਦੇਸ਼ਾਂ ਦੇ ਲਗਪਗ 1,000 ਨੁਮਾਇੰਦੇ ਹਿੱਸਾ ਲੈ ਰਹੇ ਹਨ। -ਪੀਟੀਆਈ