ਥਾਣਾ ਕਰਤਾਰਪੁਰ ਅੱਗੇ ਤੀਜੇ ਦਿਨ ਵੀ ਗੂੰਜੇ ਮਜ਼ਦੂਰਾਂ ਦੇ ਨਾਅਰੇ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 3 ਅਗਸਤ
ਕਰਤਾਰਪੁਰ ਨੇੜਲੇ ਪਿੰਡ ਬੂਲੇ ਦੀ ਨੌਜਵਾਨ ਲੜਕੀ ਨਾਲ ਵਧੀਕੀ ਕਰਨ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਧਮਕਾਉਣ ਦੇ ਮਾਮਲੇ ਨੂੰ ਲੈਕੇ ਤੀਸਰੇ ਦਿਨ ਵੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਥਾਣਾ ਕਰਤਾਰਪੁਰ ਘੇਰੀ ਰੱਖਿਆ। ਇਸ ਦੌਰਾਨ ਧਰਨੇ ’ਤੇ ਬੈਠੇ ਬਜ਼ੁਰਗ ਅਤੇ ਬੱਚਿਆਂ ਸਮੇਤ ਬੈਠਿਆਂ ਔਰਤਾਂ ਨੇ ਥਾਣੇ ਅੱਗੇ ਟੈਂਟ ਲਗਾ ਕੇ ਉਥੇ ਲੰਗਰ ਬਣਾ ਕੇ ਖਾਧਾ।
ਇਸ ਮਾਮਲੇ ਨੂੰ ਲੈ ਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਪੁਲੀਸ ਦਰਮਿਆਨ ਦਸ ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਕੋਈ ਸਿੱਟਾ ਨਾ ਨਿਕਲਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਰੱਖਣ ਦਾ ਐਲਾਨ ਕੀਤਾ ਗਿਆ ਹੈ। ਆਗੂਆਂ ਨੇ ਐਲਾਨ ਕੀਤਾ ਕਿ ਸੱਤ ਅਗਸਤ ਨੂੰ ਜ਼ਿਲ੍ਹਾ ਪੁਲੀਸ ਮੁੱਖੀ ਜਲੰਧਰ ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਅੱਜ ਧਰਨੇ ਦੌਰਾਨ ਸੂਬਾ ਪ੍ਰਧਾਨ ਤਰਸੇਮ ਪੀਟਰ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੰਬਮਾ ਕਸ਼ਮੀਰ ਸਿੰਘ ਘੋਗਸ਼ੋਰ ਕਿਸਾਨ ਯੂਨੀਅਨ ਦੇ ਆਗੂ ਸੰਤੋਖ ਸਿੰਘ ਸੰਧੂ ਸੁਰਜੀਤ ਸਿੰਘ ਸਮਰਾ ਨੇ ਕਿਹਾ ਕਿ ਕਰਤਾਰਪੁਰ ਪੁਲੀਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਅਜਿਹੇ ਵਿੱਚ ਪੁਲੀਸ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਕੇ ਗਰੀਬ ਅਤੇ ਮਜ਼ਲੂਮਾਂ ਨੂੰ ਇਨਸਾਫ ਦੇਣ ਵਿੱਚ ਦੇਰੀ ਕਰ ਰਹੀ ਹੈ।
ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂ ਗੁਰਨਾਮ ਸਿੰਘ ਗਾਮਾ ਅਤੇ ਉਸ ਦੇ ਸਾਥੀਆਂ ਉੱਪਰ ਜਾਤੀ ਤੌਰ ’ਤੇ ਹੇਠੀ ਕਰਨ ਅਤੇ ਜਬਰ ਸਬੰਧ ਬਣਾਉਣ ਲਈ ਕਹਿਣ ਅਤੇ ਐਸਸੀ/ਐਸਟੀ ਐਕਟ ਤਹਿਤ ਮਾਮਲਾ ਦਰਜ ਕਰਨ ਸਮੇਤ ਸਰਕਾਰੀ ਹਸਪਤਾਲ ਕਰਤਾਰਪੁਰ ਦੇ ਡਾਕਟਰ ਉਪਰ ਗਲਤ ਐਮਐਲਆਰ ਬਣਾਉਣ ਸਬੰਧੀ ਮਾਮਲਾ ਦਰਜ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰ ਕੌਰ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਸਕਦੇ ਹਨ। ਡੀਐਸਪੀ ਸਬ ਡਵੀਜ਼ਨ ਕਰਤਾਰਪੁਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਪੀੜਤ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।