ਕਿਸਾਨਾਂ ਲਈ ਸਤੰਬਰ ਦੇ ਪਹਿਲੇ ਪੰਦਰਵਾੜੇ ਦੇ ਕੰਮ
ਡਾ. ਰਣਜੀਤ ਸਿੰਘ
ਇਸ ਵਾਰ ਮੌਨਸੂਨ ਨੇ ਕਿਸਾਨਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਕੀਤਾ ਹੈ। ਮੌਸਮ ਬਾਰੇ ਭਵਿੱਖਬਾਣੀ ਜ਼ਰੂਰ ਪੜ੍ਹਿਆ ਕਰੋ ਤੇ ਉਸੇ ਅਨੁਸਾਰ ਆਪਣੀਆਂ ਫ਼ਸਲਾਂ ਦਾ ਪ੍ਰਬੰਧ ਕੀਤਾ ਜਾਵੇ। ਹੁਣ ਮੌਸਮ ਵਿਚ ਬਦਲਾਅ ਆ ਗਿਆ ਹੈ। ਬਰਸਾਤ ਅਤੇ ਗਰਮੀ ਦਾ ਜ਼ੋਰ ਘਟ ਗਿਆ ਹੈ। ਕਿਸਾਨਾਂ ਕੋਲ ਇਨ੍ਹਾਂ ਦਿਨਾਂ ਵਿਚ ਕੁਝ ਵਿਹਲ ਹੁੰਦੀ ਹੈ। ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਇਸ ਕਰ ਕੇ ਇਸ ਵਿਹਲ ਦੀ ਵਰਤੋਂ ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਕਰਨ ਲਈ ਕਰਨੀ ਚਾਹੀਦੀ ਹੈ। ਮੌਸਮੀ ਤਬਦੀਲੀਆਂ ਅਤੇ ਮੰਡੀ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਕੇਵਲ ਇਕ ਹੀ ਫ਼ਸਲ ਦੀ ਬਿਜਾਈ ਨਾ ਕੀਤੀ ਜਾਵੇ, ਸਗੋਂ ਫ਼ਸਲਾਂ ਵਿੱਚ ਕੁਝ ਵਖਰੇਵਾਂ ਕੀਤਾ ਜਾਵੇ। ਕਣਕ ਦੇ ਨਾਲ-ਨਾਲ ਕੁਝ ਰਕਬੇ ਵਿਚ ਸਬਜ਼ੀਆਂ, ਹਰਾ-ਚਾਰਾ, ਦਾਲਾਂ ਤੇ ਤੇਲ ਬੀਜਾਂ ਦੀ ਵੀ ਕਾਸ਼ਤ ਕੀਤੀ ਜਾਵੇ। ਇਸ ਦੇ ਨਾਲ ਹੀ ਫ਼ਸਲਾਂ ਦੀਆਂ ਬੀਜਣ ਵਾਲੀਆਂ ਕਿਸਮਾਂ ਦਾ ਫ਼ੈਸਲਾ ਵੀ ਹੁਣ ਕਰ ਲੈਣਾ ਚਾਹੀਦਾ ਹੈ। ਇੰਝ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਹੜੀ ਫ਼ਸਲ ਹੇਠ ਕਿੰਨਾ ਰਕਬਾ ਬੀਜਣਾ ਹੈ। ਉਸੇ ਅਨੁਸਾਰ ਬੀਜ ਤੇ ਖਾਦ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਫ਼ਸਲਾਂ ਦੀਆਂ ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੀਆਂ ਜਾਣ। ਦੁਕਾਨਦਾਰਾਂ ਦੇ ਆਖੇ ਗ਼ੈਰ-ਪ੍ਰਮਾਣਿਤ ਕਿਸਮਾਂ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਰੀਆਂ ਕਿਸਮਾਂ ਦੀ ਪੂਰੀ ਤਰ੍ਹਾਂ ਪਰਖ ਕਰ ਕੇ ਹੀ ਕਾਸ਼ਤ ਲਈ ਉਨ੍ਹਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਫਲਦਾਰ ਬੂਟੇ ਜੇ ਲਗਾਉਣ ਤੋਂ ਰਹਿ ਗਏ ਹੋ ਤਾਂ ਇਹ ਅਜੇ ਵੀ ਲਗਾਏ ਜਾ ਸਕਦੇ ਹਨ। ਸਦਾਬਹਾਰ ਬੂਟਿਆਂ ਵਿਚ ਕਿੰਨੂੰ, ਅੰਬ, ਲੀਚੀ, ਅਮਰੂਦ, ਬੇਰ, ਨਿੰਬੂ, ਔਲਾ ਪ੍ਰਮੁੱਖ ਹਨ। ਆਪਣੀ ਬੰਬੀ ਲਾਗੇ ਦੋ ਚਾਰ ਫ਼ਲਾਂ ਦੇ ਬੂਟੇ ਜ਼ਰੂਰ ਲਗਾਏ ਜਾਣ। ਬੂਟੇ ਪੀਏਯੂ ਜਾਂ ਸਰਕਾਰੀ ਨਰਸਰੀ ਤੋਂ ਹੀ ਲੈਣੇ ਚਾਹੀਦੇ ਹਨ। ਇਹ ਸਿਫ਼ਾਰਸ਼ ਕੀਤੀ ਕਿਸਮ ਦੇ ਰੋਗ ਰਹਿਤ ਤੇ ਢੁੱਕਵੀਂ ਉਮਰ ਦੇ ਹੋਣੇ ਚਾਹੀਦੇ ਹਨ। ਕਰੋਨਾ ਕਾਰਨ ਬੰਦ ਕੀਤੇ ਕਿਸਾਨ ਮੇਲੇ ਇਸ ਵਾਰ ਮੁੜ ਲਗਾਏ ਜਾ ਰਹੇ ਹਨ। ਇਸ ਕਰ ਕੇ ਇਨ੍ਹਾਂ ਮੇਲਿਆਂ ਵਿਚ ਜ਼ਰੂਰ ਹਾਜ਼ਰੀ ਲਗਾਵੋ। ਲੁਧਿਆਣੇ ਦਾ ਮੁੱਖ ਮੇਲਾ 14-15 ਸਤੰਬਰ ਨੂੰ ਹੋਵੇਗਾ। ਨਵੇਂ ਬੀਜ ਫ਼ਲਦਾਰ ਬੂਟੇ ਤੇ ਕਿਤਾਬਾਂ ਖ਼ਰੀਦੋ। ਖਾਦਾਂ ਦਾ ਪ੍ਰਬੰਧ ਵੀ ਹੁਣ ਕਰ ਲੈਣਾ ਚਾਹੀਦਾ ਹੈ ਤਾਂ ਜੋ ਬਿਜਾਈ ਸਮੇਂ ਕੋਈ ਦਿੱਕਤ ਨਾ ਆਵੇ। ਅਸੀਂ ਤੁਹਾਨੂੰ ਵਾਰ-ਵਾਰ ਅਪੀਲ ਕਰਦੇ ਰਹਿੰਦੇ ਹਾਂ ਕਿ ਆਪਣੀ ਬੰਬੀ ’ਤੇ ਪੰਜ ਬੂਟੇ ਜ਼ਰੂਰ ਲਗਾਵੋ।
ਵੇਲੇ ਸਿਰ ਬੀਜੀਆਂ ਸਾਉਣੀ ਦੀਆਂ ਫ਼ਸਲਾਂ ਇਸ ਮਹੀਨੇ ਪੱਕਣ ਲੱਗਦੀਆਂ ਹਨ। ਜੇ ਮੀਂਹ ਨਹੀਂ ਪਿਆ ਤਾਂ ਫ਼ਸਲ ਨੂੰ ਆਖ਼ਰੀ ਪਾਣੀ ਕਟਾਈ ਤੋਂ ਕੋਈ 15
ਦਿਨ ਪਹਿਲਾਂ ਦੇ ਦੇਣਾ ਚਾਹੀਦਾ ਹੈ। ਫ਼ਸਲਾਂ ਦੀ ਕਟਾਈ ਤੇ ਗਹਾਈ ਸਮੇਂ ਸਿਰ ਕਰੋ ਤਾਂ ਜੋ ਇਨ੍ਹਾਂ ਦਾ ਨੁਕਸਾਨ ਨਾ ਹੋ ਸਕੇ।
ਹੜ੍ਹਾਂ ਦੇ ਮਾਰੇ ਖੇਤਾਂ ਵਿੱਚ ਤੋਰੀਆ ਬੀਜਿਆ ਜਾ ਸਕਦਾ ਹੈ। ਸਾਡੇ ਦੇਸ਼ ਵਿਚ ਤੇਲ ਬੀਜਾਂ ਦੀ ਬਹੁਤ ਘਾਟ ਹੈ। ਇਸ ਕਰ ਕੇ ਇਨ੍ਹਾਂ ਦੀ ਵਿਕਰੀ ਵਿੱਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਤੋਰੀਆ ਕੇਵਲ ਤਿੰਨ ਮਹੀਨਿਆਂ ਦੀ ਫ਼ਸਲ ਹੈ ਤੇ ਇਕ ਏਕੜ ਵਿੱਚੋਂ ਪੰਜ ਕੁਇੰਟਲ ਤੋਂ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ। ਇਸ ਪਿੱਛੋਂ ਖੇਤ ਵਿਚ ਪਿਆਜ਼, ਆਲੂ ਜਾਂ ਸੂਰਜਮੁਖੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਵਿੱਚ ਗੋਭੀ ਸਰ੍ਹੋਂ ਨੂੰ ਰਲਾ ਕੇ ਵੀ ਬੀਜਿਆ ਜਾ ਸਕਦਾ ਹੈ। ਤੋਰੀਆ ਦਸੰਬਰ ਵਿਚ ਕੱਟ ਲਿਆ ਜਾਂਦਾ ਹੈ ਜਦੋਂਕਿ ਸਰ੍ਹੋਂ ਮਾਰਚ ਵਿਚ ਪੱਕਦੀ ਹੈ। ਖੇਤ ਵਿਚ ਇਕ ਕਤਾਰ ਤੋਰੀਆ ਤੇ ਇਕ ਕਤਾਰ ਗੋਭੀ ਸਰ੍ਹੋਂ ਦੀ ਬੀਜੀ ਜਾ ਸਕਦੀ ਹੈ। ਗੋਭੀ ਸਰ੍ਹੋਂ ਤੋਂ ਪੂਰਾ ਝਾੜ ਭਾਵ ਅੱਠ ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋ ਜਾਂਦਾ ਹੈ। ਟੀ.ਐੱਲ. 17 ਅਤੇ ਟੀ.ਐੱਲ. 15 ਸਿਫ਼ਾਰਸ਼ ਕੀਤੀਆਂ ਤੋਰੀਏ ਦੀਆਂ ਕਿਸਮਾਂ ਹਨ। ਪੀ.ਜੀ.ਐੱਸ.ਐੱਚ. 1707, ਜੀ.ਐੱਸ.ਸੀ. 7, ਜੀ.ਐੱਸ.ਸੀ. 6, ਗੋਭੀ ਸਰ੍ਹੋਂ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਜੀ.ਐੱਸ.ਸੀ. 7 ਦਾ ਕੋਈ 9 ਕੁਇੰਟਲ ਪ੍ਰਤੀ ਏਕੜ ਹੈ। ਰਲਵੀ ਫ਼ਸਲ ਲਈ ਦੋਵਾਂ ਦਾ ਕਿਲੋ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ ਜਦੋਂਕਿ ਨਿਰੋਲ ਫ਼ਸਲ ਲਈ 1½ ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ।
ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਮੌਸਮ ਚੱਲ ਰਿਹਾ ਹੈ। ਫੁੱਲ ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਦਾ ਇਹ ਢੁੱਕਵਾਂ ਸਮਾਂ ਹੈ। ਇਸੇ ਤਰ੍ਹਾਂ ਬੰਦਗੋਭੀ ਦੀ ਪਨੀਰੀ ਵੀ ਹੁਣ ਲਗਾ ਦੇਣੀ ਚਾਹੀਦੀ ਹੈ। ਗਾਜਰ, ਮੂਲੀ ਤੇ ਸ਼ਲਗਮ ਦੀ ਅਗੇਤੀ ਬਿਜਾਈ ਲਈ ਵੀ ਢੁਕਵਾਂ ਸਮਾਂ ਹੈ। ਪੀ ਸੀ-161 ਪੰਜਾਬ ਕੈਰਟ ਰੈੱਡ, ਪੰਜਾਬ ਬਲੈਕ ਬਿਊਟੀ ਅਤੇ ਪੀ.ਸੀ.-34 ਗਾਜਰ ਦੀਆਂ ਉੱਨਤ ਕਿਸਮਾਂ ਹਨ। ਐੱਲ-1 ਸ਼ਲਗਮ ਦੀ ਸਿਫ਼ਾਰਸ਼ ਕੀਤੀ ਕਿਸਮ ਹੈ। ਮੂਲੀ ਦੀਆਂ ਹੁਣ ਪੰਜਾਬ ਸਫ਼ੈਦ ਮੂਲੀ-2, ਪੰਜਾਬ ਪਸੰਦ ਅਤੇ ਜਪਾਨੀ ਵਾਈਟ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਪਾਲਕ ਦੀ ਖੇਤੀ ਲਗਪਗ ਸਾਰਾ ਸਾਲ ਹੀ ਹੁੰਦੀ ਰਹਿੰਦੀ ਹੈ। ਨਵੀਂ ਬਿਜਾਈ ਹੁਣ ਕੀਤੀ ਜਾ ਸਕਦੀ ਹੈ। ਪੰਜਾਬ ਗਰੀਨ ਉੱਨਤ ਕਿਸਮ ਹੈ। ਇੱਕ ਏਕੜ ਲਈ ਕਰੀਬ ਪੰਜ ਕਿਲੋ ਬੀਜ ਚਾਹੀਦਾ ਹੈ।
ਅਗੇਤੀ ਮੱਕੀ ਤੇ ਦਾਲਾਂ ਨੇ ਪੱਕਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦੀ ਸਮੇਂ ਸਿਰ ਸਾਂਭ-ਸੰਭਾਲ ਜ਼ਰੂਰੀ ਹੈ। ਮੱਕੀ ਨੂੰ ਮੰਡੀ ਵਿੱਚ ਸੁਕਾ ਕੇ ਵੇਚਣਾ ਚਾਹੀਦਾ ਹੈ। ਅਜਿਹਾ ਕੀਤਿਆਂ ਵਿੱਕਰੀ ਛੇਤੀ ਹੋ ਜਾਂਦੀ ਹੈ। ਦਾਲਾਂ ਦੀ ਵਿੱਕਰੀ ਤਾਂ ਆਪ ਸਿੱਧੀ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਵੱਧ ਪੈਸੇ ਵੱਟੇ ਜਾ ਸਕਣ। ਖਾਲੀ ਹੋ ਰਹੇ ਖੇਤਾਂ ਦੀ ਵਹਾਈ ਕਰੋ। ਨਾੜ ਨੂੰ ਖੇਤ ਦੇ ਵਿੱਚ ਹੀ ਵਾਹ ਦੇਣਾ ਚਾਹੀਦਾ ਹੈ। ਇਨ੍ਹਾਂ ਖੇਤਾਂ ਵਿਚ ਸਬਜ਼ੀਆਂ, ਆਲੂ ਜਾਂ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਮੰਨਿਆ ਗਿਆ ਹੈ ਕਿ ਸੁਧਰੀ ਕਿਸਮ ਦਾ ਰੋਗ ਰਹਿਤ ਬੀਜ ਫ਼ਸਲ ਦੀ ਭਰਪੂਰ ਉਪਜ ਲੈਣ ਲਈ ਜ਼ਰੂਰੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਉਂਤ ਅਨੁਸਾਰ ਢੁਕਵੀਂ ਸਿਫ਼ਾਰਸ਼ ਕੀਤੀ ਕਿਸਮ ਦੇ ਵਧੀਆ ਬੀਜ ਦਾ ਪ੍ਰਬੰਧ ਕਰ ਲੈਣ ਤਾਂ ਜੋ ਬਿਜਾਈ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਆਮ ਤੌਰ ’ਤੇ ਗੰਨੇ ਦੀ ਬਿਜਾਈ ਫਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਪੱਤਝੜੀ ਫ਼ਸਲ ਆਖਿਆ ਜਾਂਦਾ ਹੈ। ਇਸ ਮੌਸਮ ਦੀ ਬਿਜਾਈ ਦਾ ਮੁੱਖ ਲਾਭ ਹੈ ਕਿ ਇਸ ਵਿੱਚ ਦੂਜੀਆਂ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਆਲੂ, ਕਣਕ, ਰਾਇਆ, ਗੋਭੀ ਸਰ੍ਹੋਂ, ਤੋਰੀਆ, ਮੱਕੀ, ਪੱਤਗੋਭੀ, ਮੂਲੀ, ਮਟਰ, ਛੋਲੇ ਜਾਂ ਲਸਣ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇੰਝ ਇਕ ਵਾਧੂ ਫ਼ਸਲ ਪ੍ਰਾਪਤ ਹੋ ਜਾਵੇਗੀ। ਇਸ ਮੌਸਮ ਵਿਚ ਬਿਜਾਈ ਲਈ ਸੀ.ਓ.ਪੀ.ਬੀ. 92, ਸੀ.ਓ. 118, ਸੀ.ਓ.ਜੇ. 85 ਅਤੇ ਸੀ.ਓ.ਜੇ. 64 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ। ਬਿਜਾਈ ਸਮੇਂ 30 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਪੱਛੀਆਂ ਜਾਂ ਚਾਰ ਅੱਖਾਂ ਵਾਲੀਆਂ 15000 ਪੱਛੀਆਂ ਚਾਹੀਦੀਆਂ ਹਨ। ਬਿਜਾਈ ਸਿਆੜਾਂ ਵਿਚ ਪੱਛੀਆਂ ਨੂੰ ਇਕ ਦੂਜੀ ਨਾਲ ਜੋੜ ਕੇ ਕਰੋ। ਕਤਾਰਾਂ ਵਿਚਕਾਰ 90 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਪਿੱਛੋਂ ਦੇਵੋ।
ਸੰਪਰਕ: 94170-87328