For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਦੀ ਮਾਰ ਰੁਕਦੀ ਕਿਉਂ ਨਹੀਂ?

07:12 AM Nov 23, 2024 IST
ਨਸ਼ਿਆਂ ਦੀ ਮਾਰ ਰੁਕਦੀ ਕਿਉਂ ਨਹੀਂ
Advertisement

ਮੋਹਨ ਸ਼ਰਮਾ

ਪੰਜ ਜਨਵਰੀ 2007 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਨਸ਼ਿਆਂ ਵਿਰੁੱਧ ਹੋਏ ਸੈਮੀਨਾਰ ਦੀ ਪ੍ਰਧਾਨਗੀ ਉਸ ਵੇਲੇ ਦੇ ਰਾਜਪਾਲ ਜਨਰਲ ਐੱਸਐੱਫ ਰੋਡਰਿਗਜ਼ ਨੇ ਕੀਤੀ ਸੀ। ਉਸ ਵੇਲੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਮੁਖੀ ਅਤੇ ਸੀਨੀਅਰ ਪੁਲੀਸ ਅਧਿਕਾਰੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ- ਅਸੀਂ ਪੁਲੀਸ ਵਾਲੇ ਇਮਾਨਦਾਰੀ ਅਤੇ ਸਿਦਕ ਦਿਲੀ ਨਾਲ ਚਾਹੀਏ ਤਾਂ ਨਸ਼ਿਆਂ ਦੀ ਨਾ-ਮੁਰਾਦ ਬਿਮਾਰੀ ਤੋਂ ਹਫਤੇ ਵਿੱਚ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਨਾਲ ਹੀ ਉਨ੍ਹਾਂ ਬੜੀ ਨਿਰਾਸ਼ ਸੁਰ ਵਿੱਚ ਕਿਹਾ- ਸਾਥੋਂ ਇਹ ਆਸ ਨਾ ਰੱਖਿਓ... ਉਨ੍ਹਾਂ ਦੇ ਇਨ੍ਹਾਂ ਬੋਲਾਂ ਨਾਲ ਹਾਲ ਵਿੱਚ ਸੰਨਾਟਾ ਛਾ ਗਿਆ ਸੀ। ਉਨ੍ਹਾਂ ਦੇ ਬੇਵਸੀ ਵਾਲੇ ਇਨ੍ਹਾਂ ਬੋਲਾਂ ਵਿੱਚ ਇਸ਼ਾਰਾ ਸੀ ਕਿ ਸਿਆਸੀ ਆਗੂ ਆਪਣੇ ਰਾਜਸੀ ਅਤੇ ਨਿੱਜੀ ਹਿੱਤਾਂ ਕਾਰਨ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਵਿੱਚ ਰੁਕਾਵਟ ਹਨ। ਨਸ਼ਾ ਤਸਕਰਾਂ ’ਤੇ ਸਿਆਸੀ ਬੰਦਿਆਂ ਦਾ ਮਿਹਰ ਭਰਿਆ ਹੱਥ ਹੈ।
ਇਹ ਗੱਲ ਉਸ ਸਮੇਂ ਵੀ ਸਪੱਸ਼ਟ ਹੋ ਗਈ ਸੀ ਜਦੋਂ 2008 ਵਿੱਚ ਉਸ ਸਮੇਂ ਸੱਤਾਧਾਰੀ ਪਾਰਟੀ ਨੇ ਪੁਲੀਸ ਜ਼ਿਲ੍ਹਾ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਸੀ। ਇਸ ਪੱਤਰ ਵਿੱਚ ਉਨ੍ਹਾਂ ਤਸਕਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਦਾ ਕੁਝ ਲੋਕ ਆਧਾਰ ਹੈ। ਦੂਜੇ ਸ਼ਬਦਾਂ ਵਿੱਚ, ਵੋਟ ਬੈਂਕ ਪੱਕਾ ਕਰਨ ਲਈ ਅਜਿਹੇ ਤਸਕਰਾਂ ਤੋਂ ਮਦਦ ਲੈਣ ਦੀ ਵਿਉਂਤਬੰਦੀ ਕੀਤੀ ਗਈ ਸੀ। ਰੌਲਾ ਪੈਣ ਕਾਰਨ ਉਹ ਪੱਤਰ ਬਾਅਦ ਵਿੱਚ ਵਾਪਸ ਲੈ ਲਿਆ ਸੀ।
ਅੰਦਾਜ਼ਨ ਤਿੰਨ ਦਹਾਕਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਮਹਾਮਾਰੀ ਫੈਲਣ ਦੇ ਵੱਡੇ ਕਾਰਨਾਂ ਵਿੱਚ ਸਿਆਸਤਦਾਨ, ਪੁਲੀਸ ਅਤੇ ਤਸਕਰਾਂ ਦਾ ਆਪਸੀ ਗੱਠਜੋੜ ਮੁੱਖ ਰਿਹਾ ਹੈ। ਪਿਛਲੇ ਕੁਝ ਸਮੇਂ ਵਿੱਚ ਹੀ ਨਸ਼ਿਆਂ ਦੀ ਖਪਤ ਵਿੱਚ 213% ਦਾ ਵਾਧਾ ਹੋਣਾ ਪੰਜਾਬ ਦੇ ਮੱਥੇ ’ਤੇ ਧੱਬਾ ਹੀ ਤਾਂ ਹੈ। ਦੁਖਾਂਤਕ ਪਹਿਲੂ ਇਹ ਵੀ ਹੈ ਕਿ ਸਿਆਸੀ ਲੋਕ ਨਸ਼ਿਆਂ ਦੇ ਮੁੱਦੇ ’ਤੇ ਖਿੱਦੋ ਖੁੰਡੀ ਖੇਡ ਰਹੇ ਹਨ। ਸੱਤਾ ’ਤੇ ਕਾਬਜ਼ ਲੋਕ ਦੂਜੀਆਂ ਸਿਆਸੀ ਪਾਰਟੀਆਂ ਨੂੰ ਇਸ ਲਈ ਜਿ਼ੰਮੇਵਾਰ ਠਹਿਰਾਉਂਦੇ ਹਨ ਅਤੇ ਦੂਜੀਆਂ ਪਾਰਟੀਆਂ ਰਾਜ ਭਾਗ ਵਾਲੀ ਪਾਰਟੀ ਨੂੰ ਨਸ਼ੇ ਦੇ ਵਾਧੇ ਲਈ ਕਸੂਰਵਾਰ ਠਹਿਰਾਉਂਦੀਆਂ ਹਨ। ਇਨ੍ਹਾਂ ਦੋਸ਼ਾਂ ਦੀ ਖੇਡ ਵਿੱਚ ਆਮ ਲੋਕ ਬੁਰੀ ਤਰ੍ਹਾਂ ਪਿਸ ਰਹੇ ਹਨ। ਇਸ ਵੇਲੇ 41% ਫੀਸਦੀ ਲੋਕ ਚਿੱਟੇ ਦਾ ਸੇਵਨ ਕਰਦੇ ਹਨ ਜਿਨ੍ਹਾਂ ਦਾ ਪ੍ਰਤੀ ਦਿਨ ਔਸਤ ਖਰਚਾ 1300 ਰੁਪਏ ਹੈ। 12 ਕਰੋੜ ਦੀ ਰੋਜ਼ਾਨਾ ਸ਼ਰਾਬ, 13.20 ਕਰੋੜ ਦਾ ਚਿੱਟਾ ਅਤੇ ਅੰਦਾਜ਼ਨ 68 ਕਰੋੜ ਪ੍ਰਤੀ ਦਿਨ ਪਰਵਾਸ ਦੇ ਲੇਖੇ ਲੱਗਣ ਕਾਰਨ ਪੰਜਾਬੀਆਂ ਦਾ ਕਚੂਮਰ ਨਿਕਲਿਆ ਪਿਆ ਹੈ। ਜੇ ਪੰਜਾਬ ਦੇ ਵਿਹੜੇ ਸੁੱਖ ਹੁੰਦੀ ਤਾਂ ਨਾ ਤਾਂ ਹਵਾਈ ਅੱਡਿਆਂ ’ਤੇ ਜਵਾਨੀ ਦੀ ਭੀੜ ਹੋਣੀ ਸੀ ਅਤੇ ਨਾ ਹੀ ਸਿਵਿਆਂ ਵਿੱਚੋਂ ਕੁਰਲਾਉਣ ਦੀਆਂ ਆਵਾਜ਼ਾਂ ਆਉਣੀਆਂ ਸਨ। ਇਸ ਸਭ ਕੁਝ ਦੇ ਬਾਵਜੂਦ ਆਗੂਆਂ ਦੀਆਂ ਜਾਇਦਾਦਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।
ਇਸ ਵੇਲੇ ਪੰਜਾਬ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਰੋਜ਼ਾਨਾ ਔਸਤਨ ਦੋ ਕਤਲ (ਖੁਦਕਸ਼ੀਆਂ ਵੱਖਰੀਆਂ), 2 ਹਮਲੇ, 11 ਚੋਰੀ ਵਾਰਦਾਤਾਂ ਤੇ ਹੋਰ ਅਪਰਾਧ, ਹਰ ਦੋ ਦਿਨ ਬਾਅਦ ਇੱਕ ਵਿਅਕਤੀ ਦਾ ਅਗਵਾ ਹੋਣਾ, ਫਿਰੌਤੀਆਂ ਤੇ ਕਤਲਾਂ ਦਾ ਰੁਝਾਨ, ਦੋ ਦਿਨਾਂ ਵਿੱਚ ਪੰਜ ਔਰਤਾਂ ਨਾਲ ਜਬਰ-ਜਨਾਹ, ਦੋ ਦਿਨਾਂ ਵਿੱਚ ਸੱਤ ਵਿਅਕਤੀਆਂ ਦਾ ਝਪਟਮਾਰੀ ਦਾ ਸ਼ਿਕਾਰ ਹੋਣਾ, ਅੰਦਾਜ਼ਨ 19 ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਬੇਦਖਲ ਕਰਨਾ, 16 ਦੁਰਘਟਨਾਵਾਂ ਅਤੇ ਹਰ ਰੋਜ਼ 15-16 ਤਲਾਕ ਦੇ ਕੇਸ ਦਰਜ ਹੋਣ ਦੇ ਨਾਲ-ਨਾਲ ਨਸ਼ਿਆਂ ਦੀ ਮਹਾਮਾਰੀ ਕਾਰਨ ਮਾਪੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਅਜਿਹੀ ਦੋਜਖ਼ ਭਰੀ ਸਥਿਤੀ ਬਣਾਉਣ ਵਿੱਚ ਜਦੋਂ ਰਾਜਸੀ ਆਗੂਆਂ ਦਾ ਯੋਗਦਾਨ ਸਾਹਮਣੇ ਆਉਂਦਾ ਹੈ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਅਜਿਹੀਆਂ 2-3 ਘਟਨਾਵਾਂ ਦੇ ਵਰਨਣ ਨਾਲ ਇਹ ਤਸਵੀਰ ਸਾਹਮਣੇ ਆ ਜਾਵੇਗੀ।
2017 ਤੋਂ 2022 ਤੱਕ ਕਾਂਗਰਸੀ ਵਿਧਾਇਕ ਰਹੀ ਅਤੇ ਹੁਣ ਭਾਜਪਾ ਆਗੂ ਨੂੰ ਨਸ਼ਾ ਸਪਲਾਈ ਕਰਦੀ ਨੂੰ ਪੁਲੀਸ ਨੇ ਮੌਕੇ ’ਤੇ ਫੜਿਆ। ਕਾਰ ਦੀ ਤਲਾਸ਼ੀ ਦੌਰਾਨ ਉਸ ਕੋਲੋਂ 100 ਗ੍ਰਾਮ ਹੈਰੋਇਨ ਮਿਲੀ। ਘਰ ਦੀ ਤਲਾਸ਼ੀ ਦੌਰਾਨ 28 ਗ੍ਰਾਮ ਹੈਰੋਇਨ ਅਤੇ 1.56 ਲੱਖ ਡਰੱਗ ਮਨੀ ਵੀ ਬਰਾਮਦ ਹੋਈ। ਘਰੇ ਚਾਰ ਲਗਜ਼ਰੀ ਕਾਰਾਂ ਖੜ੍ਹੀਆਂ ਸਨ। ਵੱਖ-ਵੱਖ ਕਾਰਾਂ ਦੀਆਂ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਜੋ ਨਸ਼ੇ ਦੀ ਤਸ਼ਕਰੀ ਵੇਲੇ ਵਰਤੀਆਂ ਜਾਂਦੀਆਂ ਸਨ। ਪੁੱਛ ਪੜਤਾਲ ਦੌਰਾਨ ਉਸ ਨੇ ਹਰਿਆਣਾ ਅਤੇ ਦਿੱਲੀ ਤੱਕ ਨਸ਼ੇ ਦੀ ਸਪਲਾਈ ਕਰਨ ਦਾ ਪ੍ਰਗਟਾਵਾ ਕੀਤਾ। ਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਹ ਨਸ਼ੇ ਦੀ ਬਰਾਮਦਗੀ ਫਿਰੋਜ਼ਪੁਰ ਦੇ ਦੋ ਤਸਕਰਾਂ ਤੋਂ ਕਰਦੀ ਸੀ। ਉਸ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। 2022 ਵਿੱਚ ਨਾਜਾਇਜ਼ ਜਾਇਦਾਦ ਬਣਾਉਣ ਦੇ ਕੇਸ ਵਿੱਚ ਉਸ ਦੇ ਪਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਸਾਹਮਣੇ ਆਇਆ ਸੀ ਕਿ ਸਾਰੇ ਸਾਧਨਾਂ ਤੋਂ ਉਸ ਦੀ ਆਮਦਨ 1.65 ਕਰੋੜ ਬਣਦੀ ਸੀ ਪਰ ਜਾਇਦਾਦ 4.49 ਕਰੋੜ ਦੀ ਬਣਾਈ ਗਈ।
ਅੰਮ੍ਰਿਤਸਰ ਜਿ਼ਲ੍ਹੇ ਦੇ ਬਾਬਾ ਬਕਾਲਾ ਨਾਲ ਸਬੰਧਿਤ ਰਾਜਸੀ ਆਗੂ ਤੋਂ 105 ਕਿਲੋ ਹੈਰੋਇਨ ਬਰਾਮਦ ਹੋਈ। ਰਾਜਸੀ ਛੱਤਰੀ ਹੇਠ ਉਹ ਚਿੱਟੇ ਦਾ ਕਾਲਾ ਧੰਦਾ ਕਰ ਕੇ ਜਵਾਨੀ ਦਾ ਘਾਣ ਕਰ ਰਿਹਾ ਸੀ। ਕੁਝ ਸਮਾਂ ਪਹਿਲਾਂ ਤਰਨ ਤਾਰਨ ਪੁਲੀਸ ਨੇ ਨਾਜਾਇਜ਼ ਖਣਨ ਅਤੇ ਰੇਤ ਮਾਫੀਏ ਵਿਰੁੱਧ ਮੁਹਿੰਮ ਉਸ ਸਮੇਂ ਦੇ ਐੱਸਐੱਸਪੀ ਦੀ ਅਗਵਾਈ ਵਿੱਚ ਵਿੱਢੀ ਸੀ। ਪੁਲੀਸ ਨੇ ਅੱਧੀ ਰਾਤ ਨੂੰ ਛਾਪਾ ਮਾਰ ਕੇ ਮੁਲਜ਼ਮਾਂ ਨੂੰ 10 ਟਿੱਪਰਾਂ ਅਤੇ ਹੋਰ ਸਮਾਨ ਸਮੇਤ ਮੌਕੇ ’ਤੇ ਫੜ ਲਿਆ। ਸਮਾਨ ਜ਼ਬਤ ਕਰ ਕੇ ਉਨ੍ਹਾਂ ਨੂੰ ਪੁੱਛ-ਗਿੱਛ ਲਈ ਸੀਆਈਏ ਥਾਣੇ ਲਿਆਂਦਾ। ਇਨ੍ਹਾਂ ਵਿੱਚ ਸੱਤਾ ਨਾਲ ਸਬੰਧਿਤ ਵਿਧਾਇਕ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਸੀ। ਵਿਧਾਇਕ ਅੱਧੀ ਰਾਤੀਂ ਫੇਸਬੁੱਕ ’ਤੇ ਲਾਈਵ ਹੋ ਕੇ ਐੱਸਐੱਸਪੀ ਵੰਗਾਰਨ ਲੱਗਿਆ ਅਤੇ ਰਾਜਸੀ ਤਾਕਤ ਦੇ ਜ਼ੋਰ ਰਿਸ਼ਤੇਦਾਰ ਨੂੰ ਰਾਤ ਨੂੰ ਹੀ ਛੁਡਵਾ ਲਿਆ। ਇੱਥੇ ਹੀ ਬਸ ਨਹੀਂ ਹੋਈ, ਛਾਪਾ ਮਾਰਨ ਵਾਲੇ ਕਰਮਚਾਰੀਆਂ ਨੂੰ ਉੱਪਰੋਂ ਆਏ ਹੁਕਮਾਂ ਅਨੁਸਾਰ ਸਸਪੈਂਡ ਕਰ ਦਿੱਤਾ ਗਿਆ। ਐੱਸਐੱਸਪੀ ਦੀ ਬਦਲੀ ਕਰਵਾ ਦਿੱਤੀ। ਇਸ ਰਾਜਸੀ ਦਖ਼ਲ ਨਾਲ ਪੁਲੀਸ ਕਰਮਚਾਰੀਆਂ ਦਾ ਮਨੋਬਲ ਡਿਗਿਆ, ਨਾਲ ਹੀ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਸ਼ਹਿ ਮਿਲੀ। ਅੰਕੜੇ ਦੱਸਦੇ ਹਨ ਕਿ ਇਸ ਕਾਂਡ ਤੋਂ ਬਾਅਦ ਤਸਕਰਾਂ ਅਤੇ ਨਾਜਾਇਜ਼ ਖਣਨ ਵਾਲਿਆਂ ਦੇ ਹੌਸਲੇ ਬੁਲੰਦ ਹੋਏ ਅਤੇ ਅਪਰਾਧ ਦੇ ਗਰਾਫ ਵਿੱਚ ਵਾਧਾ ਹੋਇਆ। ਉਂਝ, ਤਰਨ ਤਾਰਨ ਦੀ ਸਮੁੱਚੀ ਪੁਲੀਸ ਟੀਮ ਨੇ ਐੱਸਐੱਸਪੀ ਨੂੰ ਖੁੱਲ੍ਹੀ ਜੀਪ ਵਿੱਚ ਫੁੱਲਾਂ ਦੀ ਵਰਖਾ ਕਰ ਕੇ ਵਿਦਾਅ ਕੀਤਾ ਗਿਆ।
ਰਾਜਸੀ ਲੋਕਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਸਮਾਜ ਤੋਂ ਵੱਖ ਨਹੀਂ ਸਗੋਂ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੂੰ ਸਮਾਂ ਆਉਣ ’ਤੇ ਆਪਣੀ ਕਾਰਗੁਜ਼ਾਰੀ ਲਈ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਵੇਗਾ। ਉਹ ਇਹ ਸ਼ਬਦ ਯਾਦ ਰੱਖਣ:
ਯੇਹ ਦਬਦਬਾ, ਯੇਹ ਹਕੂਮਤ, ਯੇਹ ਨਸ਼ਾ-ਏ-ਦੌਲਤ, ਕਿਰਾਏਦਾਰ ਹੈਂ, ਘਰ ਬਦਲਤੇ ਰਹਿਤੇ ਹੈਂ।

Advertisement

ਸੰਪਰਕ: 94171-48866

Advertisement

Advertisement
Author Image

sukhwinder singh

View all posts

Advertisement