For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਲਈ ਨਵੰਬਰ ਦੇ ਪਹਿਲੇ ਪੰਦਰਵਾੜੇ ਦੇ ਕੰਮ

07:27 AM Oct 30, 2023 IST
ਕਿਸਾਨਾਂ ਲਈ ਨਵੰਬਰ ਦੇ ਪਹਿਲੇ ਪੰਦਰਵਾੜੇ ਦੇ ਕੰਮ
Advertisement

ਡਾ. ਰਣਜੀਤ ਸਿੰਘ
ਕਿਸਾਨ ਦੇ ਜੀਵਨ ਵਿਚ ਇਹ ਦਿਨ ਰੁਝੇਵਿਆਂ ਭਰੇ ਹੁੰਦੇ ਹਨ; ਹਾੜ੍ਹੀ ਦੀ ਸਾਰੀ ਬਿਜਾਈ ਨਵੰਬਰ ਮਹੀਨੇ ਪੂਰੀ ਕਰਨੀ ਹੁੰਦੀ ਹੈ। ਝੋਨੇ ਦੀ ਕਟਾਈ ਦੇ ਨਾਲ ਨਾਲ ਕਣਕ ਦੀ ਬਿਜਾਈ ਚੱਲ ਪਈ ਹੈ। ਕੋਸ਼ਿਸ਼ ਕਰੋ, ਇਸ ਨੂੰ ਇਸੇ ਮਹੀਨੇ ਪੂਰਾ ਕਰ ਲਿਆ ਜਾਵੇ। ਪਿਛੇਤੀ ਬਿਜਾਈ ਲਈ ਪਿਛੇਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ। ਦੂਜੀਆਂ ਸਾਰੀਆਂ ਫ਼ਸਲਾਂ ਦੇ ਮੁਕਾਬਲੇ ਇਸ ਦੀ ਕਾਸ਼ਤ ਸਭ ਤੋਂ ਵੱਧ ਰਕਬੇ ਵਿਚ ਕੀਤੀ ਜਾਂਦੀ ਹੈ। ਬਿਜਾਈ ਕਰੀਬ 35 ਲੱਖ ਹੈਕਟੇਅਰ ਤੋਂ ਵੀ ਵੱਧ ਰਕਬੇ ਵਿਚ ਕੀਤੀ ਜਾਂਦੀ ਹੈ। ਝੋਨੇ ਤੋਂ ਜਿਹੜੇ ਖੇਤ ਵਿਹਲੇ ਹੋਏ ਹਨ, ਉੱਥੇ ਕਣਕ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਜੇ ਖੇਤ ਵਿਚ ਪੂਰਾ ਵੱਤਰ ਹੈ ਅਤੇ ਨਦੀਨਾਂ ਦੀ ਸਮੱਸਿਆ ਨਹੀਂ ਤਾਂ ਕਣਕ ਦੀ ਬਿਜਾਈ ਬਿਨਾ ਖੇਤ ਦੀ ਵਹਾਈ ਕੀਤਿਆਂ ਜ਼ੀਰੋਟਿਲਡ੍ਰਿਲ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿਚ ਕਾਸ਼ਤ ਲਈ ਉੱਨਤ ਪੀਬੀਡਬਲਯੂ 343, ਉੱਨਤ ਪੀਬੀਡਬਲਯੂ 550, ਪੀਬੀਡਬਲਯੂ ਜ਼ਿੰਕ-2, ਪੀਬੀਡਬਲਯੂ 725, ਪੀਬੀਡਬਲਯੂ 677, ਐੱਚਡੀ 3086, ਡਬਲਯੂ ੱਚ 1105, ਐੱਚਡੀ 2967, ਪੀਬੀਡਬਲਯੂ 869, ਪੀਬੀਡਬਲਯੂ 827, ਪੀਬੀਡਬਲਯੂ 824, ਸੁਨਿਹਰੀ ਤੇ ਇਸ ਵਾਰ ਨਵੀਂ ਕਿਸਮ 826 ਦੀ ਸਿਫ਼ਾਰਸ਼ ਕੀਤੀ ਗਈ ਹੈ। ਡਬਲਯੂਐੱਚਡੀ 943 ਅਤੇ ਪੀਡੀਡਬਲਯੂ 291 ਵਡਾਣਕ ਕਣਕ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਨਵੀਂ ਕਿਸਮ 826 ਦਾ 24 ਕੁਇੰਟਲ ਪ੍ਰਤੀ ਏਕੜ ਹੈ। ਮੌਸਮ ਵਿਚ ਤਬਦੀਲੀਆਂ ਨੂੰ ਦੇਖਦਿਆਂ ਸਾਰੇ ਰਕਬੇ ਵਿਚ ਇਕ ਕਿਸਮ ਨਾ ਬੀਜੀ ਜਾਵੇ।
ਝੋਨੇ ਦੀ ਵਾਢੀ ਪਿੱਛੋਂ ਪਰਾਲੀ ਨੂੰ ਅੱਗ ਲਾਉਣਾ ਕਾਨੂੰਨੀ ਜੁਰਮ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ; ਧਰਤੀ ਦੀ ਸਿਹਤ ਖ਼ਰਾਬ ਹੁੰਦੀ ਹੈ। ਜੇ ਕਣਕ ਦੀ ਵਾਢੀ ਕੰਬਾਈਨ ਨਾਲ ਕੀਤੀ ਹੈ ਤੇ ਖੇਤ ਵਿਚ ਠੀਕ ਨਮੀ ਹੈ ਤਾਂ ਹੈਪੀ ਸੀਡਰ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਖੇਤ ਵਿਚ ਖੜ੍ਹੀ ਪਰਾਲੀ ਨੂੰ ਪਰਾਲੀ ਕੱਟਣ ਵਾਲੀ ਮਸ਼ੀਨ ਨਾਲ ਕੱਟ ਕੇ ਖੇਤ ਵਿਚ ਖਿਲਾਰਿਆ ਜਾ ਸਕਦਾ ਹੈ। ਮੁੜ ਖੇਤ ਦੀ ਵਹਾਈ ਕਰ ਕੇ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਿਜਾਈ ਦਾ ਨਵਾਂ ਢੰਗ ਦੱਸਿਆ ਹੈ। ਝੋਨੇ ਦੀ ਵਾਢੀ ਪਿੱਛੋਂ ਸੁੱਕੇ ਖੇਤ ਵਿਚ ਕਣਕ ਦੇ ਬਿਜਾਈ ਛੱਟੇ ਨਾਲ ਕਰ ਦੇਵੋ। ਮੁੜ ਬੀਜ ਨੂੰ ਪਰਾਲੀ ਕੱਟ ਕੇ ਖਿਲਾਰਨ ਵਾਲੀ ਮਸ਼ੀਨ ਨਾਲ ਪਰਾਲੀ ਕੱਟ ਕੇ ਢਕ ਦੇਵੋ। ਮੁੜ ਹਲਕਾ ਪਾਣੀ ਦੇਵੋ।
ਇੱਕ ਏਕੜ ਦੀ ਬਿਜਾਈ ਲਈ 45 ਕਿਲੋ ਬੀਜ ਦੀ ਲੋੜ ਪੈਂਦੀ ਹੈ। ਜੇ ਉੱਨਤ ਪੀਬੀਡਬਲਯੂ 550 ਕਿਸਮ ਦੀ ਬਿਜਾਈ ਕਰਨੀ ਹੈ ਤਾਂ ਬੀਜ 50 ਕਿਲੋ ਪਾਉਣਾ ਚਾਹੀਦਾ ਹੈ। ਬੀਜ ਰੋਗ ਰਹਿਤ, ਸਾਫ਼ ਸੁਥਰਾ ਅਤੇ ਨਰੋਆ ਹੋਵੇ। ਪੀਏਯੂ ਨੇ ਕਣਕ ਲਈ ਜੈਵਿਕ ਖਾਦ ਤਿਆਰ ਕੀਤੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਇਸ ਦਾ ਟੀਕਾ ਜ਼ਰੂਰ ਲਗਾ ਲਵੋ। ਇਸ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। 250 ਗ੍ਰਾਮ ਅਜੋਟੋਬੈਕਟਰ ਤੇ 250 ਗ੍ਰਾਮ ਸਟਰੈਪਟੋਮਾਈਸੀਜ ਖਾਦਾਂ ਨੂੰ ਇੱਕ ਲਿਟਰ ਪਾਣੀ ਵਿਚ ਮਿਲਾ ਕੇ ਕਣਕ ਦੇ ਇੱਕ ਏਕੜ ਦੇ ਬੀਜ ਨਾਲ ਰਲਾ ਦੇਵੋ। ਇਨ੍ਹਾਂ ਦੀ ਥਾਂ 500 ਗ੍ਰਾਮ ਕਨਸੋਰਸ਼ੀਅਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ।
ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਦਰਮਿਆਨੀਆਂ ਜ਼ਮੀਨਾਂ ਲਈ 110 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਤੇ 20 ਕਿਲੋ ਮੂਰੀਏਟ ਆਫ਼ ਪੋਟਾਸ਼ ਪ੍ਰਤੀ ਏਕੜ ਦੀ ਸਿਫ਼ਾਰਸ਼ ਹੈ। ਪੋਟਾਸ਼ ਉਦੋਂ ਹੀ ਪਾਵੋ ਜੇ ਮਿੱਟੀ ਪਰਖ ਅਨੁਸਾਰ ਇਸ ਦੀ ਲੋੜ ਹੋਵੇ। ਜੇ ਝੋਨੇ ਦੀ ਫੱਕ ਜਾਂ ਗੰਨੇ ਦੇ ਛਿਲਕੇ ਦੀ ਰਾਖ ਮਿਲ ਸਕੇ ਤਾਂ ਇਹ ਚਾਰ ਟਨ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਇਸ ਨਾਲ ਸੁਪਰ ਫ਼ਾਸਫ਼ੇਟ ਅੱਧੀ ਪਾਉਣੀ ਪਵੇਗੀ। ਧਰਤੀ ਦੀ ਸਿਹਤ ਵੀ ਠੀਕ ਹੋਵੇਗੀ। ਅੱਧਾ ਯੂਰੀਆ, ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਪਹਿਲੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਜੇਕਰ ਬਿਜਾਈ ਹੈਪੀ ਸੀਡਰ ਨਾਲ ਕੀਤੀ ਗਈ ਹੈ ਤਾਂ 44 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਅਤੇ ਇੰਨਾ ਹੀ ਯੂਰੀਆ ਦੂਜੇ ਪਾਣੀ ਨਾਲ ਪਾਉਣਾ ਚਾਹੀਦਾ ਹੈ। ਝੋਨੇ ਦੀ ਕਟਾਈ ਲਈ ਉਨ੍ਹਾਂ ਕੰਬਾਈਨਾਂ ਦੀ ਵਰਤੋਂ ਕਰੋ ਜਨਿ੍ਹਾਂ ਪਿਛੇ ਪੀਏਯੂ ਸੁਪਰ ਐੱਸਐੱਮਐੱਸ ਲੱਗਾ ਹੋਵੇ। ਇਹ ਪਰਾਲੀ ਨੂੰ ਕਟ ਕੇ ਖੇਤ ਵਿਚ ਖਿਲਾਰ ਦਿੰਦਾ ਹੈ।
ਹਾੜ੍ਹੀ ਦੀਆਂ ਦੂਜੀਆਂ ਫ਼ਸਲਾਂ ਜੌਂ, ਛੋਲੇ, ਮਸਰ ਤੇ ਸਰੋਂ ਦੀ ਬਿਜਾਈ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਦੇਸੀ ਛੋਲਿਆਂ ਦੀ ਬਿਜਾਈ ਪਿਛੇਤੀ ਹੋ ਜਾਵੇ ਤਾਂ ਬੀਜ ਮਾਤਰਾ ਵਧਾ ਕੇ 27 ਕਿਲੋ ਪ੍ਰਤੀ ਏਕੜ ਕਰ ਦੇਣੀ ਚਾਹੀਦੀ ਹੈ। ਨੀਮ ਪਹਾੜੀ ਅਤੇ ਸਿਲ੍ਹ ਵਾਲੇ ਇਲਾਕਿਆਂ ਵਿਚ ਪੀਬੀਜੀ 5 ਕਿਸਮ ਬੀਜੋ, ਬਾਕੀ ਇਲਾਕੇ ਵਿਚ ਜੀਪੀਐਫ਼ 2, ਪੀਬੀਜੀ 10, ਪੀਬੀਜੀ 7, ਬੀਜੀ 8 ਕਿਸਮਾਂ ਬੀਜੋ। ਕਾਬਲੀ ਛੋਲਿਆਂ ਦੀ ਐਲ 552 ਕਿਸਮ ਹੈ। ਮਸਰਾਂ ਦੀ ਬਿਜਾਈ ਲਈ ਐਲ ਐਲ 1373, ਐਲ ਐਲ 931 ਕਿਸਮਾਂ ਬੀਜੋ। ਏਕੜ ਲਈ 15 ਕਿਲੋ ਬੀਜ ਵਰਤੋ; ਐਲ ਐਲ 1373 ਦਾ 18 ਕਿਲੋ ਬੀਜ ਵਰਤੋ।
ਇਸੇ ਤਰ੍ਹਾਂ ਜੌਂਆਂ ਦੀਆਂ ਡੀਡਬਲਯੂਆਰਬੀ 123, ਪੀਐਲ 807, ਡੀਡਬਲਯੂਆਰਯੂਬੀ 52 ਤੇ ਪੀਐਲ 426 ਡੀਡਬਲਯੂਆਰਬੀ 123 ਅਤੇ ਪੀਐੱਲ 891 ਦੀ ਸਿਫ਼ਾਰਸ਼ ਕੀਤੀ ਗਈ ਹੈ। ਨਵੀਂ ਕਿਸਮ 123 ਤੋਂ 20 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਪੀਐੱਲ 891 ਕਿਸਮ ਤੋਂ ਛਿਲਕਾ ਰਹਿਤ ਹੋਣ ਕਰ ਕੇ ਸੱਤੂ, ਫਲੇਕਸ ਅਤੇ ਆਟਾ ਵਧੀਆ ਬਣਦਾ ਹੈ। ਕੁਝ ਇਲਾਕਿਆਂ ਵਿਚ ਪਕਾਵੇ ਮਟਰਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਨ੍ਹਾਂ ਦੀ ਬਿਜਾਈ ਵੀ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਆਈਪੀਐੱਫਡੀ 12-2 ਉੱਨਤ ਕਿਸਮ ਹੈ। ਰਾਇਆ ਅਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਵੀ ਹੁਣ ਪੂਰੀ ਕਰ ਲੈਣੀ ਚਾਹੀਦੀ ਹੈ। ਇਸ ਦੇ ਸਿਆੜ ਕਣਕ ਵਿਚ ਵੀ ਲਗਾਏ ਜਾ ਸਕਦੇ ਹਨ। ਪੀਸੀ 6 ਅਫ਼ਰੀਕਨ ਸਰ੍ਹੋਂ ਦੀ ਕਿਸਮ ਹੈ। ਇਸ ਦਾ ਝਾੜ 8 ਕੁਇੰਟਲ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ। ਆਰਸੀਐੱਚ 1, ਪੀਐੱਚਆਰ 126, ਗਿਰੀਰਾਜ, ਆਰਐਲਸੀ 3, ਪੀਬੀਆਰ 357, ਪੀਬੀਆਰ 97, ਪੀਬੀਆਰ 91 ਰਾਇਆ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਵਿਚ 1½ ਕਿਲੋ ਬੀਜ ਦੀ ਲੋੜ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ।
ਕਸੁੰਭੜਾ ਰਕੜਾਂ ਵਿਚ ਉੱਗਣ ਵਾਲਾ ਬੂਟਾ ਹੈ। ਇਸ ਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਇਹ ਹਰ ਤਰ੍ਹਾਂ ਦੀ ਧਰਤੀ ਵਿਚ ਹੋ ਜਾਂਦਾ ਹੈ। ਇਸ ਦੇ ਬੀਜਾਂ ਦੇ ਤੇਲ ਨੂੰ ਬਹੁਤ ਪਸੰਦ ਕੀਤਾ ਜਾਣ ਲੱਗ ਪਿਆ ਹੈ। ਮਾਰੂ ਧਰਤੀ ਵਿਚ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ ਛੇ ਕਿਲੋ ਬੀਜ ਚਾਹੀਦਾ ਹੈ। ਜੇ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਵੀ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਟਰ ਸਰਦੀਆਂ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਹੈ। ਜੇ ਹੁਣ ਦੀ ਬਿਜਾਈ ਲਈ ਪੰਜਾਬ 89 ਅਤੇ ਮਿੱਠੀ ਫਲੀ ਕਿਸਮਾਂ ਦੀ ਚੋਣ ਕਰੋ।

Advertisement

Advertisement
Advertisement
Author Image

Advertisement