ਵਿਲੱਖਣ ਸ਼ਖ਼ਸੀਅਤ ਤੇ ਸਫ਼ਰ ਦਾ ਸਿਰਨਾਵਾਂ ਐੱਚ ਕਿਸ਼ੀ ਸਿੰਘ
ਰੁਪਿੰਦਰ ਸਿੰਘ
ਐੱਚ ਕਿਸ਼ੀ ਸਿੰਘ ਅਜਿਹੀ ਸ਼ਖ਼ਸੀਅਤ ਸੀ ਜਿਸ ਨੂੰ ਡਰਾਈਵਿੰਗ ਬਹੁਤ ਪਸੰਦ ਸੀ, ਇੰਨੀ ਜ਼ਿਆਦਾ ਕਿ ਉਨ੍ਹਾਂ ਲੰਡਨ ਤੋਂ ਦਿੱਲੀ ਤੱਕ ਦਾ ਸਫ਼ਰ ਸੜਕ ਰਸਤੇ ਤੈਅ ਕੀਤਾ ਸੀ। ਬਾਅਦ ’ਚ ਉਹ ਦਿੱਲੀ ਤੋਂ ਤਹਿਰਾਨ ਵੀ ਗਏ ਤੇ ਵਾਪਸ ਮੁੜੇ। ਹਿਮਾਲਿਆ ਖੇਤਰ ਵਿੱਚ ਉਨ੍ਹਾਂ ਨੂੰ ਗੱਡੀ ਚਲਾਉਣਾ ਬਹੁਤ ਚੰਗਾ ਲੱਗਦਾ ਸੀ। ਇੱਕ ਵਾਰ ਉਨ੍ਹਾਂ ਮੈਨੂੰ ਸਵਖਤੇ ਫੋਨ ਖੜਕਾਇਆ ਤੇ ਅਸੀਂ ਤਾਜ਼ਾ ਬਰਫ਼ਬਾਰੀ ਦੇਖਣ ਲਈ ਸੋਲਨ ਤੇ ਉਸ ਤੋਂ ਵੀ ਅੱਗੇ ਚਲੇ ਗਏ। ਅਸੀਂ ਕਈ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ, ਦਰੱਖ਼ਤ ਬਰਫ਼ ਨਾਲ ਲੱਦੇ ਪਏ ਸਨ ਤੇ ਇਸ ਚਿੱਟੇ ‘ਵੰਡਰਲੈਂਡ’ ਦੀ ਖ਼ੂਬਸੂਰਤੀ ਇਸ ਤਰ੍ਹਾਂ ਮੇਰੇ ਮਨ ’ਤੇ ਉੱਕਰੀ ਗਈ ਕਿ ਮੈਂ ਹੁਣ ਵੀ 30 ਸਾਲ ਪਿੱਛੇ ਜਾ ਕੇ ਉਸ ਦ੍ਰਿਸ਼ ਨੂੰ ਚੇਤੇ ਕਰਦਾ ਹਾਂ।
‘ਦਿ ਟ੍ਰਿਬਿਊਨ’ ਦੇ ਪਾਠਕ ਐੱਚ ਕਿਸ਼ੀ ਸਿੰਘ (ਉਨ੍ਹਾਂ ਦੇ ਨਾਂ ਹਰਕ੍ਰਿਸ਼ਨ ਸਿੰਘ ਦਾ ਸੰਖੇਪ) ਦੀ ਬਾਇਲਾਈਨ ਤੋਂ ਤਾਂ ਜਾਣੂ ਹੀ ਹੋਣਗੇ। ਉਨ੍ਹਾਂ ਦਾ ਕਾਲਮ ‘ਗੁੱਡ ਮੋਟਰਿੰਗ’ ਅਖ਼ਬਾਰ ’ਚ 27 ਸਾਲ ਛਪਦਾ ਰਿਹਾ। ਲੰਘੀ 27 ਅਕਤੂਬਰ ਨੂੰ 87 ਵਰ੍ਹਿਆਂ ਦੀ ਉਮਰ ਵਿੱਚ ਕਿਸ਼ੀ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਹੁਣ ਪਤਨੀ ਨੀਨਾ ਸਿੰਘ ਤੋਂ ਇਲਾਵਾ ਧੀ ਮਾਲਵਿਕਾ ਸਿੰਘ ਹੈ।
ਕਿਸ਼ੀ ਜਿਸ ਨਾਂ ਤੋਂ ਅਸੀਂ ਉਨ੍ਹਾਂ ਨੂੰ ਜਾਣਦੇ ਸੀ, ਅਜਿਹਾ ਕਾਲਮ ਉਹੀ ਲਿਖ ਸਕਦੇ ਸਨ। ਸੜਕ ’ਤੇ ਉਹ ਸਭ ਤੋਂ ਵੱਧ ਆਨੰਦ ਮਹਿਸੂਸ ਕਰਦੇ ਸਨ, ਚਾਹੇ ਮੋਟਰਸਾਈਕਲ ਚਲਾ ਰਹੇ ਹੋਣ ਜਾਂ ਫੇਰ ਗੱਡੀ। ਕਿਸ਼ੀ ਨੇ ਭਾਰਤ ਤੇ ਵਿਦੇਸ਼- ਯੂਰੋਪ, ਕੈਨੇਡਾ, ਅਮਰੀਕਾ, ਦੱਖਣ-ਪੂਰਬੀ ਏਸ਼ੀਆ, ਮੱਧ ਪੂਰਬ ਵਿਚ ਡਰਾਈਵਿੰਗ ਕੀਤੀ। ਉਨ੍ਹਾਂ ਦੇ ਤਜਰਬੇ, ਟਿੱਪਣੀਆਂ ਤੇ ਸਫ਼ਰ ਦੌਰਾਨ ਲਗਭਗ ਹਰੇਕ ਠਹਿਰਾਅ ਨੂੰ ਕਹਾਣੀ ’ਚ ਪਰੋਣ ਦੀ ਯੋਗਤਾ, ਕਾਲਮ ਨੂੰ ਦਿਲਚਸਪ ਤੇ ਜਾਣਕਾਰੀ ਭਰਪੂਰ ਬਣਾ ਦਿੰਦੇ ਸਨ।
ਕਿਸ਼ੀ ਦੀ ਮੌਜੂਦਗੀ ਖਿੱਚ ਪਾਉਂਦੀ ਸੀ ਤੇ ਲੋਕਾਂ ਨਾਲ ਮੇਲ-ਮਿਲਾਪ ਦੌਰਾਨ ਉਹ ਇਕਦਮ ਉਨ੍ਹਾਂ ਨਾਲ ਨੇੜਤਾ ਕਾਇਮ ਕਰਨ ਦੀ ਸਮਰੱਥਾ ਰੱਖਦੇ ਸਨ। ਸ਼ਿਮਲਾ ’ਚ 28 ਅਗਸਤ 1937 ਨੂੰ ਕਿਸ਼ੀ ਦਾ ਜਨਮ ਔਕਸਫੋਰਡ ਤੋਂ ਪੜ੍ਹੇ ਸ਼ਾਹਕੋਟ ਦੇ ਸ੍ਰੀ ਸੰਤੋਖ ਸਿੰਘ ਦੇ ਘਰ ਹੋਇਆ ਜਿਨ੍ਹਾਂ ਭਾਰਤ ਦੇ ਯੋਜਨਾ ਕਮਿਸ਼ਨ ਵਿਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸਲਾਹਕਾਰ ਤੇ ਓਐੱਸਡੀ ਵਜੋਂ ਸੇਵਾਵਾਂ ਦਿੱਤੀਆਂ ਸਨ। ਕਿਸ਼ੀ ਦੀ ਮਾਂ ਮਾਲਵਿੰਦਰ ਕੌਰ, ਰਾਏ ਬਹਾਦੁਰ ਨਰੈਣ ਸਿੰਘ ਦੀ ਗਿਆਰ੍ਹਵੀਂ ਸੰਤਾਨ ਤੇ ਸਭ ਤੋਂ ਛੋਟੀ ਧੀ ਸੀ। ਰਾਏ ਬਹਾਦੁਰ ਨਰੈਣ ਸਿੰਘ ਦਿੱਲੀ ਦੇ ‘ਲੁਟੀਅਨ’ ਇਲਾਕੇ ਨੂੰ ਉਸਾਰਨ ਵਾਲੇ ਪੰਜ ਮੁੱਖ ਬਿਲਡਰਾਂ ਵਿੱਚੋਂ ਇੱਕ ਸਨ। ਸੰਜੌਲੀ (ਸ਼ਿਮਲਾ) ਵਿੱਚ ਉਨ੍ਹਾਂ ਦਾ ਘਰ ‘ਹੌਲੀ ਹੌਕ’ ਅਕਸਰ ਸਮਾਜਿਕ ਤੇ ਸਿਆਸੀ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ।
ਕੁਝ ਸਮੇਂ ਲਈ ਕਿਸ਼ੀ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ’ਚ ਪੜ੍ਹੇ ਤੇ ਬਾਅਦ ਦੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕੌਟਨ ਸਕੂਲ ਤੋਂ ਕੀਤੀ। ਉਹ ਦਿੱਲੀ ਦੇ ਸੇਂਟ ਸਟੀਫਨ’ਜ਼ ਕਾਲਜ ਤੋਂ ਗ੍ਰੈਜੂਏਟ ਹੋਏ। ਇਸ ਤੋਂ ਬਾਅਦ ਉਹ ਏਅਰ ਇੰਡੀਆ ’ਚ ਨੌਕਰੀ ਕਰਨ ਲੱਗ ਪਏ ਤੇ ਨਿਯੁਕਤੀ ਲਿਬਨਾਨ ਵਿਚ ਹੋਈ। ਉਹ ਥਾਈਲੈਂਡ ਵਿੱਚ ਵੀ ਰਹੇ ਤੇ ਅਮਰੀਕੀ ਸੈਨਿਕਾਂ ਦੇ ਬੀਮੇ ਕੀਤੇ। ਉਨ੍ਹਾਂ ‘ਇਨਵੈਸਟਰਜ਼ ਓਵਰਸੀਜ਼ ਲਿਮਟਿਡ’ ਦੇ ਨਾਲ ਜਨੇਵਾ ਤੇ ਮੌਂਟਰੀਅਲ ਵਿੱਚ ਸੀਨੀਅਰ ਅਹੁਦਿਆਂ ਉੱਤੇ ਕੰਮ ਕੀਤਾ। ਮੌਂਟਰੀਅਲ ਵਿੱਚ ਉਨ੍ਹਾਂ ਬਾਹਰੋਂ ਰਿਕਸ਼ਾ ਮੰਗਵਾ ਲਿਆ ਤੇ ਸਥਾਨਕ ਅਖਬਾਰਾਂ ਨੇ ਇਸ ਨੂੰ ਚਲਾਉਂਦਿਆਂ ਦੀ ਉਨ੍ਹਾਂ ਦੀ ਫੋਟੋ ਪ੍ਰਕਾਸ਼ਿਤ ਕੀਤੀ! ਉਹ ਫਾਰਮੂਲਾ 3 ਡਰਾਈਵਰ ਸਨ ਤੇ ਫੋਰਡ ਮਸਟੈਂਗ ਕਾਰ ਦੇ ਮਾਣਮੱਤੇ ਮਾਲਕ ਵੀ ਸਨ।
ਕਿਸ਼ੀ ਨੇ ਮੈਕਗਿਲ ਯੂਨੀਵਰਸਿਟੀ ਵਿੱਚ ਵਿਜ਼ੂਅਲ ਆਰਟ ਪੜ੍ਹੀ ਤੇ ਪਰਿਵਾਰਕ ਜ਼ਿੰਮੇਵਾਰੀਆਂ ਲਈ ਭਾਰਤ ਪਰਤਣ ਤੋਂ ਪਹਿਲਾਂ ਫੋਟੋਗ੍ਰਾਫਰ ਵਜੋਂ ਕੰਮ ਕੀਤਾ। ਉਹ ਗੱਡੀਆਂ ਚਲਾਉਣ, ਰੈਲੀਆਂ ਦਾ ਹਿੱਸਾ ਬਣਨ, ਕਿਸਾਨੀ, ਫੋਟੋਗ੍ਰਾਫੀ ਤੇ ਹੋਰ ਸਰਗਰਮੀਆਂ ਵਿੱਚ ਰੁੱਝੇ ਰਹੇ।
ਕਿਸ਼ੀ ਨੇ 650 ਲੇਖ ਲਿਖੇ ਅਤੇ ਖੁਸ਼ਵੰਤ ਸਿੰਘ ਵਾਂਗ ਹੀ ਇਨ੍ਹਾਂ ’ਚ ਕਦੇ ਦੇਰੀ ਨਾ ਹੁੰਦੀ। ਉਹ ਮਜ਼ਾਹੀਆ ਲਹਿਜ਼ੇ ’ਚ ਲਿਖਦੇ। ‘ਗੁੱਡ ਮੋਟਰਿੰਗ’ ਦੇ ਵੱਡੀ ਗਿਣਤੀ ਪਾਠਕ ਸਨ ਤੇ ਉਹ ਹਮੇਸ਼ਾ ਆਪਣੇ ਪਾਠਕਾਂ ਨੂੰ ਰੁਝਾਉਣ ਦੀ ਇੱਛਾ ਰੱਖਦੇ। ਉਹ ਪਹਿਲਾਂ ‘ਸਟੇਟਸਮੈਨ’ ਲਈ ਵੀ ਲਿਖਦੇ ਰਹੇ ਤੇ ਕਈ ਆਟੋਮੋਟਿਵ ਰਸਾਲਿਆਂ ਦੇ ਸੰਪਾਦਕੀ ਬੋਰਡ ਵਿਚ ਵੀ ਸਨ ਜਿਨ੍ਹਾਂ ਲਈ ਉਹ ਲਿਖਦੇ ਵੀ ਸਨ।
ਖੁਸ਼ਵੰਤ ਸਿੰਘ ਫੈਸਟੀਵਲ ਦੀ ਸ਼ੁਰੂਆਤ ਤੋਂ ਹੀ ਉਹ ਇਸ ਨਾਲ ਪ੍ਰਬੰਧਕ ਤੇ ਵਕਤਾ ਵਜੋਂ ਜੁੜੇ ਹੋਏ ਸਨ। 2017 ਵਿੱਚ ਉਨ੍ਹਾਂ ਆਪਣੀ ਕਿਤਾਬ ‘ਗੁੱਡ ਮੋਟਰਿੰਗ’ ਵੀ ਰਿਲੀਜ਼ ਕੀਤੀ ਜੋ ਚੋਣਵੇਂ ਲੇਖਾਂ ਦੀ ਲੜੀ ਸੀ। ਉਹ ‘ਵਿਸਪਰਿੰਗ ਦਿਓਦਾਰਜ਼’ ਦੇ ਸਹਿ-ਲੇਖਕ ਵੀ ਸਨ ਜਿਹੜੀ ਹਿਮਾਚਲ ਉੱਤੇ ਸੀ ਤੇ ਇਸ ਵਿੱਚ ਹੋਰ ਵੀ ਕਈ ਉੱਘੇ ਲੇਖਕ ਸ਼ਾਮਿਲ ਸਨ। ਉਹ ‘ਹਿਮਾਲੀਅਨ ਰੈਲੀ’ ਤੇ ‘ਰੇਡ ਡੀ ਹਿਮਾਲਿਆ’ ਵਰਗੇ ਉੱਦਮਾਂ ਨਾਲ ਵੀ ਵੱਖੋ-ਵੱਖ ਸਮਰੱਥਾ ਵਿੱਚ ਜੁੜੇ ਰਹੇ।
ਕਿਸ਼ੀ ਉਤਸ਼ਾਹੀ ਪਾਠਕ ਸਨ ਤੇ ਜੈਜ਼ ਸੰਗੀਤ ਦੇ ਮੁਰੀਦ। ਉਨ੍ਹਾਂ ਅਜਿਹੀ ਲਾਇਬਰੇਰੀ ਬਣਾਈ ਸੀ ਜਿਸ ਵਿੱਚ ਕਈ ਵਿਲੱਖਣ ਪੁਸਤਕਾਂ ਸਨ। ਐੱਚ ਕਿਸ਼ੀ ਸਿੰਘ ਨੇ ਆਪਣੀ ਲੇਖਣੀ, ਬੋਲਚਾਲ ਤੇ ਮੌਜੂਦਗੀ ਨਾਲ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਨੂੰ ਕਈ ਕਾਰਨਾਂ ਲਈ ਯਾਦ ਕੀਤਾ ਜਾਵੇਗਾ ਜਿਸ ਵਿੱਚ ਉਨ੍ਹਾਂ ਦੀ ਸ਼ਖਸੀਅਤ, ਗਿਆਨ, ਹਾਸਰਸ ਤੇ ‘ਗੁੱਡ ਮੋਟਰਿੰਗ’ ਬਾਰੇ ਉਨ੍ਹਾਂ ਦੀਆਂ ਸਲਾਹਾਂ ਸ਼ਾਮਿਲ ਹਨ।
ਸੰਪਰਕ-98141-35938