ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੋਲ ਕਿ ਜਨਿ੍ਹਾਂ ਦਾ ਇੱਕ ਗੀਤ ਬਣ ਸਕੇ

07:06 AM Jul 21, 2023 IST

ਯਾਦਵਿੰਦਰ ਸਿੰਘ

ਯੂਨਾਨ ਦੀ ਕਿਸੇ ਜੰਗ ਵਿੱਚ ਥੀਸਸ ਨਾਂ ਦਾ ਜੰਗੀ ਬੇੜਾ ਨੁਕਸਾਨਿਆ ਗਿਆ ਤੇ ਅਜਾਇਬਘਰ ਦਾ ਸ਼ਿੰਗਾਰ ਬਣ ਕੇ ਰਹਿ ਗਿਆ। ਸੌ ਸਾਲਾਂ ਬਾਅਦ ਕਿਸੇ ਹੋਰ ਬੇੜੇ ਦੇ ਪੁਰਜ਼ੇ ਲਾ ਕੇ ਜਦੋਂ ਇਹਨੂੰ ਦੁਬਾਰਾ ਸਮੁੰਦਰ ਵਿੱਚ ਠਿੱਲਿਆ ਗਿਆ ਤਾਂ ਵਾਲ ਦੀ ਖੱਲ ਲਾਹੁਣ ਵਾਲਿਆਂ ਲਈ ਇਹ ਬੇੜਾ ਬਹਿਸ ਦਾ ਸਬੱਬ ਹੋ ਨਿੱਬੜਿਆ। ਉਹ ਸੁਆਲ ਕਰਨ ਲੱਗੇ- ਕੀ ਹਾਲੇ ਵੀ ਇਸ ਨੂੰ ਥੀਸਸ ਦਾ ਬੇੜਾ ਕਹਿਣਾ ਠੀਕ ਹੈ? ਬੇਸ਼ੱਕ ਢਾਂਚਾ ਪੁਰਾਣਾ ਹੈ, ਪਰ ਪੁਰਜ਼ੇ ਤਾਂ ਕਿਸੇ ਨਵੇਂ ਬੇੜੇ ਦੇ ਨੇ। ਫਿਰ ਇਸ ਨੂੰ ਹੁਣ ਕਿਹੜੇ ਨਾਂ ਨਾਲ ਸੱਦਿਆ ਜਾਵੇ?
ਥੀਸਸ ਦੇ ਬੇੜੇ ਵਾਲੀ ਇਹ ਅੜਾਉਣੀ ਅਨੁਵਾਦ ਦੇ ਮਸਲੇ ਨਾਲ ਵੀ ਜੁੜੀ ਹੈ। ਕੀ ਅਨੁਵਾਦ ਕਿਸੇ ਲਿਖਤ ਦਾ ਉਤਾਰਾ ਮਾਤਰ ਹੈ ਜਾਂ ਨਵੀਂ ਸਿਰਜਣਾ? ਆਮ ਰਾਇ ਹੈ ਕਿ ਅਨੁਵਾਦ ਦਾ ਮਕਸਦ ਉਨ੍ਹਾਂ ਪਾਠਕਾਂ ਤੱਕ ਲਿਖਤ ਦਾ ਸੰਚਾਰ ਕਰਨਾ ਹੈ ਜਿਹੜੇ ਲਿਖਤ ਦੀ ਮੌਲਿਕ ਭਾਸ਼ਾ ਤੋਂ ਅਣਜਾਣ ਹਨ। ਇਸ ਖ਼ਦਸ਼ੇ ਨਾਲ ਜੂਝਦਿਆਂ ਅਨੁਵਾਦਕ ਪਾਠਕ ਦੀ ਸਹੂਲਤ ਮੁਤਾਬਿਕ ਸ਼ਬਦ ਭਾਲਣ ਲੱਗਦਾ ਹੈ। ਸ਼ਬਦਕੋਸ਼ ਵਿੱਚੋਂ ਉਧਾਰੇ ਲਏ ਲਫ਼ਜ਼ਾਂ ਨੂੰ ਤਰਤੀਬ ਦੇ ਕੇ ਉਹ ਲਿਖਤ ਦਾ ਇੱਕ ਤੋਂ ਦੂਜੀ ਜ਼ੁਬਾਨ ਵਿੱਚ ਉਤਾਰਾ ਕਰ ਦਿੰਦਾ ਹੈ। ਵਿਸ਼ੇ ਦੀ ਹੂ-ਬ-ਹੂ ਪੇਸ਼ਕਾਰੀ ਕਰਨ ਵਾਲੇ ਇਸ ਉਲੱਥੇ ਨੂੰ ਹੀ ਅਨੁਵਾਦ ਕਹਿਣ ਦਾ ਭਰਮ ਪਾਲ ਲਿਆ ਜਾਂਦਾ ਹੈ।
‘ਪਾਸ਼ ਐਂਡ ਦਿਲ: ਕ੍ਰਿਟਿਕਲ ਐਸੇਜ਼ ਐਂਡ ਪੋਇਮਜ਼ ਇਨ ਟਰਾਂਸਲੇਸ਼ਨ’ ਸਿਰਲੇਖ ਹੇਠ ਲਿਖੀ ਕਿਤਾਬ ਦੇ ਬਹਾਨੇ ਪ੍ਰੋ. ਰਾਜੇਸ਼ ਸ਼ਰਮਾ ਨੇ ਅਨੁਵਾਦ ਬਾਰੇ ਸਾਡੀ ਰਵਾਇਤੀ ਸੂਝ ਨੂੰ ਹਲੂਣਿਆ ਹੈ। ਇਹ ਦੋ ਕਵੀਆਂ ਦੀਆਂ ਨਜ਼ਮਾਂ ਦੀ ਅੰਗਰੇਜ਼ੀ ਵਿੱਚ ਕੀਤੀ ਗੰਢ-ਤੁੱਪ ਨਹੀਂ ਸਗੋਂ ਇਨ੍ਹਾਂ ਕਵਿਤਾਵਾਂ ਨੂੰ ਨਵੇਂ ਸਿਰਿਓਂ ਬੀੜਨ ਦਾ ਅਮਲ ਹੈ। ਇਹ ਕਿਤਾਬ ਇਸ ਬੁਨਿਆਦੀ ਸੁਆਲ ਨੂੰ ਮੁਖ਼ਾਤਬ ਹੈ ਕਿ ਜੇ ਕਿਸੇ ਲਿਖਤ ਤੋਂ ਇਹ ਆਸ ਨਹੀਂ ਰੱਖੀ ਜਾਂਦੀ ਕਿ ਉਹ ਪਾਠਕ ਦੀ ਸਹੂਲਤ ਦਾ ਧਿਆਨ ਰੱਖਦਿਆਂ ਲਿਖੀ ਜਾਵੇ ਤਾਂ ਫਿਰ ਅਨੁਵਾਦ ਤੋਂ ਇਹ ਤਵੱਕੋ ਕਿਉਂ?
ਇਸੇ ਸੁਆਲ ਨੂੰ ਅਗਾਂਹ ਮੌਲਿਕ ਕਹੀ ਜਾਂਦੀ ਲਿਖਤ ਤੱਕ ਵੀ ਵਿਸਥਾਰਿਆ ਜਾ ਸਕਦਾ ਹੈ। ਕਿਤੇ ਮੌਲਿਕ ਲਿਖਤ ਵੀ ਕਿਸੇ ਚੁੱਪ ਵਿੱਚੋਂ ਉਪਜੇ ਅਨੁਭਵ ਦਾ ਅਨੁਵਾਦ ਤਾਂ ਨਹੀਂ? ਸਾਨੂੰ ਲੱਗਦਾ ਹੈ ਕਿ ਭਾਸ਼ਾ ਅੰਦਰ ਕੋਈ ਸੱਚ ਲੁਕਿਆ ਹੈ ਜਿਸ ਨੂੰ ਅਸੀਂ ਦੇਰ-ਸਵੇਰ ਲੱਭ ਲਵਾਂਗੇ। ਦਰਅਸਲ, ਇਹ ਸਾਡਾ ਭਰਮ ਹੈ। ਨੀਤਸ਼ੇ ਕਹਿੰਦਾ ਹੈ ਕਿ ਭਾਸ਼ਾ ਦਾ ਮੂਲ ਸੁਭਾਅ ਹੀ ਸਿਰਜਣਾਤਮਕ ਹੈ। ਨਾ ਸਿਰਫ਼ ਸਾਹਿਤਕ ਭਾਸ਼ਾ ਸਗੋਂ ਰੋਜ਼ਮਰ੍ਹਾ ਦੀ ਬੋਲ-ਚਾਲ ਵਿੱਚ ਵਰਤੀ ਜਾਂਦੀ ਭਾਸ਼ਾ ਵੀ ਪ੍ਰਤੀਕਮਈ ਹੈ।
ਧੁਨੀ ਨੇ ਸੁਰ ਤੇ ਤਾਲ ਦਾ ਲਬਿਾਸ ਪਹਨਿ ਕੇ ਸ਼ਬਦ ਦਾ ਰੂਪ ਵਟਾ ਲਿਆ ਹੈ। ਜੇ ਸ਼ਬਦ ਅੰਕੁਰ ਵਾਂਗ ਤਿੜਕੀ ਚੁੱਪ ਵਿੱਚੋਂ ਗੂੰਜਿਆ ਸੰਗੀਤ ਹੈ ਤਾਂ ਅਨੁਵਾਦ ਉਹਦੀ ਕਲਮ ਨੂੰ ਨਵੀਂ ਜ਼ਮੀਨ ਅੰਦਰ ਮੁੜ ਲਾਉਣ ਦਾ ਅਮਲ (cross pollination)। ਲੇਖਕ ਤੇ ਅਨੁਵਾਦਕ ਦੋਵੇਂ ਭਾਸ਼ਾ ਦੀ ਮਸ਼ਕ ਵਿੱਚ ਰੁੱਝੇ ਜੀਅ ਹਨ। ਦੋਵਾਂ ਦੀ ਬਿਰਤੀ ਇੱਕੋ ਜਿਹੀ ਹੈ। ਇੱਕ ਲਿਹਾਜ਼ ਨਾਲ ਤਾਂ ਲੇਖਕ ਵੀ ਆਪਣੇ ਅਨੁਭਵ ਦਾ ਤਰਜਮਾ ਕਰਦਿਆਂ ਅਨੁਵਾਦ ਦੇ ਅਮਲ ਵਿੱਚੋਂ ਹੀ ਲੰਘਦਾ ਹੈ। ਬਕੌਲ ਸੁਰਜੀਤ ਪਾਤਰ:
ਮੈਂ ਉਸਦਾ ਹੀ ਲਫ਼ਜਾਂ ’ਚ ਅਨੁਵਾਦ ਕੀਤਾ
ਜੋ ਪੌਣਾਂ ਤੇ ਰੁੱਖਾਂ ’ਚ ਗੱਲਬਾਤ ਹੋਈ
ਆਪਣੀ ਸੰਵਾਦੀ ਭਾਸ਼ਾ ਕਰਕੇ ਪ੍ਰੋ. ਰਾਜੇਸ਼ ਦਾ ਅਨੁਵਾਦ ਜਿੱਥੇ ਪਾਸ਼ ਤੇ ਦਿਲ ਦੀਆਂ ਨਜ਼ਮਾਂ ਦੀ ਨਵੀਂ ਪੜ੍ਹਤ ਉਸਾਰਦਾ ਹੈ, ਉੱਥੇ ਇਸ ਕਿਤਾਬ ਵਿੱਚ ਦਰਜ ਮਜ਼ਮੂਨ ਕਵਿਤਾ ਤੇ ਇਤਿਹਾਸ ਦੀ ਬਣਤਰ ਬਾਰੇ ਸੁਆਲਾਂ ਨੂੰ ਵੀ ਮੁਖ਼ਾਤਬ ਹਨ। ਇਤਿਹਾਸ ਸਿਮਰਤੀ ਦੇ ਸੱਚ ਨੂੰ ਜਾਨਣ ਦਾ ਅਮਲ ਹੈ; ਤੱਥਾਂ ਤੇ ਅੰਕੜਿਆਂ ਨਾਲ ਕਿਸੇ ਸੰਪੂਰਨ ਸੱਚ ਤੱਕ ਪਹੁੰਚਣ ਦਾ ਦਾਅਵਾ। ਇਹਦੇ ਉਲਟ ਕਵਿਤਾ ਸਿਮਰਤੀ ਨੂੰ ਲੋਕ ਮੁਹਾਵਰੇ ਵਿੱਚ ਢਾਲਣ ਦੀ ਮਸ਼ਕ ਹੈ। ਅਤੀਤ ਵਿੱਚ ਵਾਪਰੀ ਘਟਨਾ ਲੋਕ ਸਿਮਰਤੀ ਵਿੱਚ ਕਈ ਵਾਰ ਘਟਦੀ ਹੈ। ਲੋਕ ਮਾਨਸ ਇਸ ਨੂੰ ਵਾਰ-ਵਾਰ ਨਵਿਆਉਂਦਾ ਹੈ ਪਰ ਲੋਕ ਚੇਤਿਆਂ ’ਚ ਧੜਕਦੀ ਇਹ ਸਿਮਰਤੀ ਤਾਰੀਖ਼ਦਾਨ ਦੀ ਤੱਥਮੂਲਕ ਪੜ੍ਹਤ ਦਾ ਹਿੱਸਾ ਬਣਨ ਤੋਂ ਖੁੰਝ ਜਾਂਦੀ ਹੈ। ਕਵਿਤਾ ਇਸ ਅਣਕਹੇ ਦੀ ਜੀਭ ਹੈ ਜਿਹੜੀ ਇਤਿਹਾਸ ਤੋਂ ਬਾਹਰ ਰਹਿ ਗਏ ਵਰਤਾਰਿਆਂ ਨੂੰ ਸ਼ਬਦ ਦੀ ਜੂਨੇ ਪਾਉਂਦੀ ਹੈ।
ਕਵੀ ਦੇ ਨਜ਼ਰੀਏ ਤੋਂ ਤੱਕਿਆਂ ਸਮਾਜਿਕ-ਸਿਆਸੀ ਵਰਤਾਰਿਆਂ ਬਾਰੇ ਵੱਖਰੀ ਸਮਝ ਬਣਦੀ ਹੈ, ਪਰ ਪੰਜਾਬੀ ਸਮੀਖਿਆ ਵਿੱਚ ਅਕਸਰ ਕਵਿਤਾ ਦੀ ਪੜ੍ਹਤ ਨੂੰ ਇਤਿਹਾਸਕ ਨੁਕਤਾ-ਨਿਗਾਹ ਤੱਕ ਸੀਮਤ ਕਰ ਦੇਣ ਦੀ ਰਵਾਇਤ ਹੈ। ਇਤਿਹਾਸਕ ਦੌਰਾਂ ਦੇ ਖ਼ਾਨਿਆਂ ਵਿੱਚ ਫਿੱਟ ਕਰਕੇ ਅਸੀਂ ਕਵਿਤਾ ਨੂੰ ਕਿਸੇ ਸਮਾਜਿਕ-ਸਿਆਸੀ ਪ੍ਰਸੰਗ ਦੀ ਪਿੱਠਭੂਮੀ ਤਹਿਤ ਹੀ ਵਿਚਾਰਨ ਦੇ ਆਦੀ ਹਾਂ। ਮਸਲਨ; ਵੀਹਵੀਂ ਸਦੀ ਦੇ ਛੇਵੇਂ-ਸੱਤਵੇਂ ਦਹਾਕੇ ਬਾਰੇ ਇਤਿਹਾਸਕਾਰਾਂ ਦੀ ਰਾਇ ਹੈ ਕਿ ਹਰੇ ਇਨਕਲਾਬ ਕਰਕੇ ਹਿੰਦੋਸਤਾਨ ਅੰਦਰ ਪੈਦਾਵਾਰੀ ਰਿਸ਼ਤਿਆਂ ਵਿੱਚ ਵਾਪਰੀ ਤਬਦੀਲੀ ਨਕਸਲਬਾੜੀ ਲਹਿਰ ਦੇ ਉਥਾਨ ਦਾ ਕਾਰਨ ਬਣੀ। ਪੰਜਾਬੀ ਸਾਹਿਤ ਆਲੋਚਕਾਂ ਨੇ ਇਤਿਹਾਸ ਦੀ ਇਸ ਸਮਝ ਨੂੰ ਹੀ ਜੁਝਾਰਵਾਦੀ ਕਵਿਤਾ ’ਤੇ ਵੀ ਇੰਨ-ਬਿੰਨ ਲਾਗੂ ਕਰ ਦਿੱਤਾ। ਜਾਂ ਕਹੀਏ ਕਿ ਇਸ ਦੌਰ ਦੀ ਕਵਿਤਾ ਨੂੰ ਸਮਾਜਿਕ-ਸਿਆਸੀ ਹਾਲਾਤ ਦੇ ਪ੍ਰਤਿਉੱਤਰ ਵਜੋਂ ਹੀ ਪੜ੍ਹਤ ਵਿੱਚ ਲਿਆਂਦਾ ਗਿਆ।
ਇਸ ਪ੍ਰਵਾਨਿਤ ਬਿਆਨੀਏ ਦੇ ਉਲਟ ਪ੍ਰੋ. ਰਾਜੇਸ਼ ਨੇ ਪਾਸ਼ ਤੇ ਦਿਲ ਦੀ ਕਵਿਤਾ ਥਾਣੀਂ ਪੰਜਾਬ ਦੀ ਰਹਿਤਲ ਨੂੰ ਤੱਕਣ ਦਾ ਹੰਭਲਾ ਮਾਰਿਆ ਹੈ। ਇਤਿਹਾਸ ਦੇ ਨਜ਼ਰੀਏ ਤੋਂ ਕਵਿਤਾ ਨੂੰ ਦੇਖਣ ਦੀ ਥਾਂ ਉਹ ਕਵਿਤਾ ਵਿੱਚੋਂ ਤਾਰੀਖ਼ ਨੂੰ ਤੱਕਦਾ ਹੈ। ਉਸ ਨੂੰ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੈ ਕਿ ਜਿਸ ਨੂੰ ਅਸੀਂ ਸਮਾਜਿਕ ਯਥਾਰਥ ਕਹਿੰਦੇ ਹਾਂ, ਉਹ ਅਸਲ ਵਿੱਚ ਸੱਤਾਮੁਖੀ ਭਾਸ਼ਾ ਦੀ ਸਿਰਜੀ ਹਿੰਸਾ ਦਾ ਵਿਸਥਾਰ ਹੈ। ਸ਼ਬਦਾਂ ਦੇ ਅੱਗੇ-ਪਿੱਛੇ, ਵਿੱਚ ਵਿਚਾਲੇ ਤੇ ਅਣਕਹੇ ਦੇ ਰਹੱਸ ਨੂੰ ਬੁੱਝੇ ਬਨਿਾਂ ਕਿਸੇ ਸੱਭਿਆਚਾਰ ਦੇ ਅੰਤਰਮਨ ਦੀਆਂ ਤਹਿਆਂ ਤੱਕ ਨਹੀਂ ਅੱਪੜਿਆ ਜਾ ਸਕਦਾ। ਕਿਸੇ ਤਾਰੀਖ਼ਦਾਨ ਵਾਂਗ ਪ੍ਰੋ. ਰਾਜੇਸ਼ ਮਨੁੱਖੀ ਵਰਤਾਰਿਆਂ ਨੂੰ ਮਹਿਜ਼ ਅੰਕੜਿਆਂ ਤੱਕ ਸੀਮਤ ਰੱਖ ਕੇ ਨਹੀਂ ਵਿੰਹਦੇ। ਉਨ੍ਹਾਂ ਦੇ ਨੁਕਤਾ-ਨਿਗਾਹ ਵਿੱਚ ਲੋਕਾਈ ਮਹਿਜ਼ ਡੈਟਾ ਨਹੀਂ ਜਿਸ ਅੰਦਰ ਜਿਉਂਦੇ-ਜਾਗਦੇ ਜੀਅ-ਜੰਤ ਨੂੰ ਗਿਣਤੀਆਂ-ਮਿਣਤੀਆਂ ਵਿੱਚ ਬਦਲ ਦਿੱਤਾ ਜਾਂਦਾ ਹੈ। ਕਵਿਤਾ ਦੀ ਸੂਖ਼ਮ ਅੱਖ ਨਾਲ ਉਹ ਅੰਕੜਿਆਂ ਹੇਠ ਦੱਬੀ ਸਾਹ ਲੈਂਦੀ ਲੋਕਾਈ ਦੇ ਧੜਕਦੇ ਅੰਤਰ-ਮਨ ਦੀ ਕਨਸੋਅ ਲੈਂਦੇ ਹਨ। ਉਹ ਲੋਕ ਮਨ ਜਿਹੜਾ ਮੰਡੀ ਦੀ ਜਿਣਸ ਮਾਤਰ ਬਣੇ ਰਹਿਣ ਤੋਂ ਇਨਕਾਰੀ ਹੈ।
ਜਾਰਜ ਲੁਕਾਚ ਦੱਸਦਾ ਹੈ ਕਿ ਸਰਮਾਏਦਾਰੀ ਨਿਜ਼ਾਮ ਨੇ ਮਨੁੱਖੀ ਜ਼ਿੰਦਗੀ ਦੇ ਹਰ ਪੱਖ ਨੂੰ ਜਿਣਸ ਬਣਾ ਦਿੱਤਾ। ਘੜੀ ਦੀਆਂ ਸੂਈਆਂ ਨਾਲ ਸਮਾਂ ਵੀ ਦੂਰੀ ਵਾਂਗ ਹੀ ਮਾਪੇ ਜਾਣ ਵਾਲੀ ਸ਼ੈਅ ਬਣ ਗਿਆ ਤੇ ਦਿਹਾੜੀਆਂ ਦੇ ਬੱਝੇ-ਰੁੱਧੇ ਅਮਲ ਵਿੱਚ ਕਿਰਤ ਹੋਰਨਾਂ ਸ਼ੈਆਂ ਵਾਂਗ ਵੇਚਣ/ਖਰੀਦਣ ਵਾਲੀ ਵਸਤ। ਲਿਹਾਜ਼ਾ, ਕਿਰਤੀ ਦੀ ਹੈਸੀਅਤ ਆਰਥਿਕ ਢਾਂਚੇ ਦਾ ਪੁਰਜ਼ਾ ਬਣ ਕੇ ਰਹਿ ਗਈ। ਇਸ ਮਕਾਨਕੀ ਸਿਸਟਮ ਨੇ ਮਨੁੱਖ ਨੂੰ ਆਪਣੇ ਆਲੇ-ਦੁਆਲੇ ਨਾਲ ਜੀਵੰਤ ਰਿਸ਼ਤਿਆਂ ਤੋਂ ਤੋੜ ਦਿੱਤਾ। ਪੂੰਜੀਵਾਦੀ ਨਿਜ਼ਾਮ ਵਿੱਚ ਭਾਵੇਂ ਸਮਾਂ ਤੇ ਸਪੇਸ ਦੋਵੇਂ ਸਰਮਾਏ ਦੀ ਨਿਗਰਾਨੀ ਹੇਠ ਹਨ, ਫਿਰ ਵੀ ਕੁਝ ਪਲ ਇਸ ਆਰਥਿਕ ਤਾਣੇ-ਬਾਣੇ ਵਿੱਚੋਂ ਬਾਹਰ ਰਹਿ ਜਾਂਦੇ ਹਨ। ਭਾਵੇਂ ਮੰਡੀ ਦੇ ਨੁਕਤੇ ਤੋਂ ਇਨ੍ਹਾਂ ਛਿਣਾਂ ਦੀ ਕੋਈ ਕੀਮਤ ਨਹੀਂ, ਪਰ ਇਹ ਪਲ ਹੀ ਕਵੀ ਨੂੰ ਆਪਣੇ ਆਲੇ-ਦੁਆਲੇ ਨੂੰ ਗਹਿਰੀ ਨੀਝ ਨਾਲ ਤੱਕਣ ਦਾ ਵੱਲ ਸਿਖਾਉਂਦੇ ਹਨ। ਇਨ੍ਹਾਂ ਪਲਾਂ ਅੰਦਰ ਹੀ ਅਹਿਸਾਸ ਹੁੰਦਾ ਹੈ ਕਿ ਗਿਣਤੀਆਂ-ਮਿਣਤੀਆਂ ਤੋਂ ਬਾਹਰ ਵੀ ਜੀਆਂ ਦੀ ਕੋਈ ਹੋਂਦ ਹੈ।
ਜੇਕਰ ਪਾਸ਼ ਨੂੰ ਸੁਪਨਿਆਂ ਦਾ ਮਰ ਜਾਣਾ ਕਿਰਤ ਦੀ ਲੁੱਟ ਨਾਲੋਂ ਵੱਧ ਖ਼ਤਰਨਾਕ ਲੱਗਦਾ ਹੈ ਤਾਂ ਇਹ ਮਹਿਜ਼ ਸਬੱਬ ਨਹੀਂ। ਦਰਅਸਲ, ਮੋਏ ਸੁਪਨਿਆਂ ਦੀ ਸ਼ਨਾਖਤ ਨਾਲ ਹੀ ਮੰਡੀ ਦੀ ਨਿਗਰਾਨੀ ਹੇਠ ਦਫ਼ਨ ਹੋ ਰਹੇ ਪਲਾਂ ਦੀ ਸ਼ਿੱਦਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਇਨ੍ਹਾਂ ਛਿਣਾਂ ਨੂੰ ਕਵਿਤਾ ਅੰਦਰ ਸਾਂਭ ਕੇ ਹੀ ਪਾਸ਼ ਸਾਨੂੰ ਵਰਤਾਰਿਆਂ ਨੂੰ ਨੀਝ ਨਾਲ ਤੱਕਣ ਦੀ ਜਾਚ ਸਿਖਾਉਂਦਾ ਹੈ। ਸ਼ਬਦਾਂ ਨੂੰ ਛਿੱਲਦਾ ਤਰਾਸ਼ਦਾ ਉਹ ਨਾ ਸਿਰਫ਼ ਪੰਜਾਬੀ ਕਵਿਤਾ ਅੰਦਰ ਵੱਖਰੀ ਕਿਸਮ ਦੀ ਭਾਸ਼ਾਕਾਰੀ ਈਜਾਦ ਕਰਦਾ ਹੈ ਸਗੋਂ ਬਿਖਰੇ ਬੋਲਾਂ ਨੂੰ ਗੀਤ ਬਣਨ ਦੇ ਰਾਹ ਵੀ ਤੋਰਦਾ ਹੈ।
ਪਾਸ਼ ਦੇ ਮੁਕਾਬਲੇ ਦਿਲ ਦੀ ਵਿਲੱਖਣਤਾ ਸਾਹਮਣੇ ਵਾਪਰ ਰਹੇ ਵਰਤਾਰਿਆਂ ਨੂੰ ਨੀਝ ਲਾ ਕੇ ਤੱਕਣ ਵਿੱਚ ਹੈ। ਉਹਦੇ ਇੰਝ ਤੱਕਦੇ ਰਹਿਣ ਵਿੱਚ ਦ੍ਰਸ਼ਟਾ ਹੋਣ ਦਾ ਅਨੁਭਵ ਸ਼ਾਮਲ ਹੈ। ਦ੍ਰਸ਼ਟਾ ਆਪਣੇ ਭੌਂ-ਮੰਡਲ ਨੂੰ ਸੱਜਰੀ ਅੱਖ ਨਾਲ ਵਿੰਹਦਾ ਹੈ। ਉਹਦੀ ਤੱਕਣੀ ਵਿੱਚ ਇਕੱਲੇ ਮਨੁੱਖ ਦਾ ਹੀ ਅਨੁਭਵ ਸ਼ਾਮਲ ਨਹੀਂ। ਮਨੁੱਖ ਦੀ ਕਥਾ ਵਿੱਚੋਂ ਗ਼ੈਰਹਾਜ਼ਰ ਛਿਣ ਵੀ ਇਹਦਾ ਹਿੱਸਾ ਨੇ। ਦਿਲ, ਪੰਜਾਬ ਦੀ ਸੱਭਿਆਚਾਰਕ ਤਾਰੀਖ਼ ਦਾ ਨਕਸ਼ਾਨਵੀਸ ਹੈ ਤੇ ਉਹਦੀ ਕਵਿਤਾ ਪੰਜਾਬ ਦੀ ਰਹਿਤਲ ਦੇ ਬਦਲਦੇ ਮੰਜ਼ਰ ਦੀ ਤਸਵੀਰਕਸ਼ੀ। ਇਸ ਤਸਵੀਰ ਵਿੱਚ ਮਜੂਰਨ ਤਵੇ ’ਤੇ ਦਿਲ ਪਕਾਉਂਦੀ ਹੈ ਤੇ ਉਹਨੂੰ ਤੱਕ ਕੇ ਚੰਨ ਟਾਹਲੀ ਪਿੱਛਿਓਂ ਮੁਸਕਾਉਂਦਾ ਹੈ। ਬੰਗਾਲ ਤੇ ਕੇਰਲਾ ’ਚ ਉੱਗੇ ਪਿੱਪਲ ਤੇ ਖਜੂਰ ਦੇ ਰੁੱਖ ਅਤੇ ਅਸਮਾਨੀ ਉੱਡਦੇ ਬੱਦਲ ਦਿਲ ਨੂੰ ਮਾਛੀਵਾੜੇ ਦਾ ਸਿਰਨਾਵਾਂ ਦੱਸਦੇ ਨੇ। ਕਾਪੀ ਤੇ ਕਾਗਜ਼ ਨੂੰ ਤੁੱਰਰਿਆਂ ਵਾਂਗ ਸਿਰ ’ਤੇ ਟੁੰਗ ਕੇ ਟੁਰੇ ਕਵੀ ਨੂੰ ਮੱਝਾਂ ਦਾ ਗੋਹਾ ਚੁੱਕਦਿਆਂ ਆਪਣਾ ਆਪਾ ਸ਼ੇਕਸਪੀਅਰ ਜਾਪਦਾ ਹੈ।
ਲਿਖਤ ਅਤੇ ਲੇਖਕ ਦੋਵੇਂ ਪਦਾਰਥਕ ਸੰਸਾਰ ਅੰਦਰ ਹੀ ਬਣਦੇ/ਬਨਿਸਦੇ ਹਨ। ਇਸ ਲਈ ਲਿਖਤ ਨੂੰ ਪੜ੍ਹਦਿਆਂ ਲੇਖਕ ਦੀ ਘਾੜਤ ਨੂੰ ਵੀ ਪੜ੍ਹਿਆ ਜਾ ਸਕਦਾ ਹੈ। ਦਿਲ ਦੀ ਕਵਿਤਾ ਵਿੱਚੋਂ ਉਹਦੇ ਹੋਣ-ਥੀਣ ਤੇ ਬਣਨ-ਬਨਿਸਣ ਦੇ ਅਮਲ ਨੂੰ ਪਛਾਣਦਿਆਂ ਦਿਲ ਦੀ ਬੇਗਾਨਗੀ ਦਾ ਸਿਰਨਾਵਾਂ ਲੱਭਦਾ ਹੈ। ਹੈਮਲਟ ਦਾ ਸੁਆਲ ‘ਮੈਂ ਕਰਾਂ ਜਾਂ ਨਾ’ ਦਿਲ ਲਈ ‘ਅਸੀਂ ਹਾਂ ਜਾਂ ਨਹੀਂ’ ਦਾ ਪ੍ਰਸ਼ਨ ਬਣ ਜਾਂਦਾ ਹੈ। ਮੈਂ/ਅਸੀਂ ਅਤੇ ਕਰਨਾ/ਹੋਣਾ ਵਿਚਲਾ ਅੰਤਰ ਨਿੱਜੀ ਬਿਰਤਾਂਤ ਨੂੰ ਹਾਸ਼ੀਆਗਤ ਲੋਕਾਈ ਦੇ ਅਵਚੇਤਨ ਨਾਲ ਜੋੜਨ ਦੀ ਕਵਾਇਦ ਹੈ। ਅਕਾਦਮਿਕ ਭਾਸ਼ਾ ਵਿੱਚ ਇਹਨੂੰ ‘ਸ਼ਨਾਖਤ ਦੀ ਸਿਆਸਤ’ ਵੀ ਕਿਹਾ ਜਾ ਸਕਦਾ ਹੈ ਜਿਸ ਵਿੱਚ ਮਨੁੱਖੀ ਪਛਾਣ ਇਕਹਿਰੀ ਨਹੀਂ ਰਹਿੰਦੀ; ਹਾਸ਼ੀਆਗਤ ਸਮੂਹ ਦੀ ਹੋਣੀ ਨਾਲ ਜਾ ਜੁੜਦੀ ਹੈ। ਇਸ ਨਜ਼ਰੀਏ ਤੋਂ ਤੱਕਿਆਂ ਹੀ ਦਿਲ ਦੀ ਕਵਿਤਾ ਵਿੱਚੋਂ ਲੋਕਾਈ ਦੀ ਦੇਹ ’ਤੇ ਉੱਕਰੇ ਸੱਤਾ ਦੇ ਬਿਰਤਾਂਤ ਨੂੰ ਪੜ੍ਹਿਆ ਜਾ ਸਕਦਾ ਹੈ।
ਪ੍ਰੋ. ਰਾਜੇਸ਼ ਨੇ ਦਿਲ ਦੀ ਕਵਿਤਾ ‘ਅੱਜ ਬਿੱਲਾ ਫੇਰ ਆਇਆ’ ਨੂੰ ਦੇਹ ’ਤੇ ਉੱਕਰੇ ਹਾਸ਼ੀਆਗਤ ਲੋਕਾਈ ਦੇ ਬਿਆਨੀਏ ਵਜੋਂ ਵਿਚਾਰਿਆ ਹੈ। ਇਹ ਲੰਮੀ ਨਜ਼ਮ ਕਿਸੇ ਨੇਮਬੱਧ ਢਾਂਚੇ ਵਿੱਚ ਨਹੀਂ ਸਮਾਉਂਦੀ ਸਗੋਂ ਸੁਹਜ ਦੇ ਮੁੱਲ ਵਿਧਾਨ ਨੂੰ ਨਵੇਂ ਸਿਰਿਓਂ ਵਿਉਂਤਦੀ ਹੈ। ਇਹ ਤਿੜਕੇ ਯਥਾਰਥ ਦੀਆਂ ਕਾਤਰਾਂ ਦਾ ਮੋਨਟਾਜ਼ ਸਿਰਜਦੀ ਹੈ। ਮੋਨਟਾਜ਼ ਕੈਮਰੇ ਦਾ ਘੜਿਆ ਯਥਾਰਥ ਹੈ ਜਿਹੜਾ ਸਮੇਂ ਬਾਰੇ ਸਾਡੇ ਤੈਅ ਕੀਤੇ ਦਾਇਰਿਆਂ ਨੂੰ ਉਲੰਘਦਾ ਹੈ। ਇਹ ਅਣਮਨੁੱਖੀ ਕਹਿ ਕੇ ਨਕਾਰ ਦਿੱਤੇ ਜਗਤ ਨੂੰ ਸਾਡੇ ਹੋਣ-ਥੀਣ ਦਾ ਹਿੱਸਾ ਬਣਾਉਂਦਾ ਹੈ। ਇਸ ਪੱਖ ਤੋਂ ਲਾਲ ਸਿੰਘ ਦਿਲ ਦਾ ਬਿੱਲਾ ਤੇ ਗੁਰਵਿੰਦਰ ਸਿੰਘ ਦੀ ਫਿਲਮ ‘ਅੰਨ੍ਹੇ ਘੋੜੇ ਦਾ ਦਾਨ’ ਦਾ ਮੇਲੂ ਇੱਕੋ ਧਰਾਤਲ ’ਤੇ ਖੜ੍ਹੇ ਨਜ਼ਰ ਆਉਂਦੇ ਹਨ।
ਬਿੱਲਾ ਤੇ ਮੇਲੂ ਪਿੰਡ ਛੱਡ ਕੇ ਸ਼ਹਿਰ ਤੁਰਿਆ ਪੰਜਾਬ ਹੈ ਜਨਿ੍ਹਾਂ ਨੂੰ ਸ਼ਹਿਰ ਓਟਣ ਲਈ ਤਿਆਰ ਨਹੀਂ। ਗੁਰਵਿੰਦਰ ਦੀ ਫਿਲਮ ਵਿੱਚ ਫੈਕਟਰੀ ਲਾਉਣ ਲਈ ਢਾਹਿਆ ਜਾ ਰਿਹਾ ਘਰ, ਹੜਤਾਲ ਦੌਰਾਨ ਰਿਕਸ਼ੇ ਵਾਲਿਆਂ ਦੇ ਪੈਰਾਂ ਦਾ ਸ਼ਾਟ ਤੇ ਲੰਘਦੀ ਟਰੇਨ ਕਰਕੇ ਲੱਗੇ ਫਾਟਕਾਂ ਦੇ ਦੋਵੇਂ ਪਾਸੇ ਖੜ੍ਹੇ ਵਾਹਨਾਂ ਦੀ ਕਤਾਰ; ਸੱਠਵਿਆਂ-ਸੱਤਰਵਿਆਂ ਦੇ ਪੰਜਾਬ ਦੇ ਬਦਲਦੇ ਭੂ-ਦ੍ਰਿਸ਼ ਦਾ ਮੋਨਟਾਜ ਹੈ। ਕੈਮਰਾ ਬਨਿਾਂ ਕੁਝ ਕਹਿਆਂ-ਸੁਣਿਆਂ ਪੰਜਾਬ ਅੰਦਰ ਪੈਰ ਪਸਾਰ ਰਹੀ ਸਰਮਾਏਦਾਰੀ ਦਾ ਕੋਲਾਜ ਸਿਰਜ ਰਿਹਾ ਹੈ। ਠੀਕ ਉਵੇਂ ਹੀ ਦਿਲ ਦੀ ਕਵਿਤਾ ‘ਅੱਜ ਬਿੱਲਾ ਫੇਰ ਆਇਆ’ ਇਸ ਦੌਰ ਵਿੱਚੋਂ ਉਪਜੇ ਮਾਨਸਿਕ ਤਣਾਅ ਦਾ ਲੈਂਡਸਕੇਪ ਹੈ।
ਪ੍ਰੋ. ਰਾਜੇਸ਼ ਨੇ ਸਨਿੇਮਾਈ ਤਕਨੀਕ ਜੰਪ ਕੱਟ ਦੇ ਹਵਾਲੇ ਨਾਲ ਇਸ ਬਦਲਦੇ ਭੌਂ-ਦ੍ਰਿਸ਼ ਨੂੰ ਪੜ੍ਹਤ ਵਿੱਚ ਲਿਆਂਦਾ ਹੈ। ਜੰਪ ਕੱਟ ਨਾਲ ਸਨਿੇਮਾ ਕਈ ਉਘੜ-ਦੁੱਘੜੇ ਦ੍ਰਿਸ਼ਾਂ ਨੂੰ ਤਰਤੀਬ ਦਿੰਦਾ ਹੈ। ਇਸ ਤਰਤੀਬ ਨੂੰ ਅੱਖ ਦੀ ਥਾਂ ਕੈਮਰਾ ਘੜਦਾ ਹੈ ਜਿਸ ਕਰਕੇ ਇਹ ਤਰਤੀਬ ਕਿਸੇ ਇੱਕ ਬੰਦੇ ਦੇ ਨਜ਼ਰੀਏ ਦੀ ਮੁਥ੍ਹਾਜ ਨਹੀਂ ਰਹਿੰਦੀ। ਅਸੀਂ ਜਿਸ ਪੱਕ ਚੁੱਕੇ ਨਜ਼ਰੀਏ ਤੋਂ ਆਲੇ-ਦੁਆਲੇ ਨੂੰ ਦੇਖਣਾ ਗਿੱਝ ਗਏ ਹਾਂ, ਕੈਮਰਾ ਸਾਨੂੰ ਉਸ ਫਰੀਜ਼ ਹੋ ਚੁੱਕੇ ਦ੍ਰਿਸ਼ਟੀਕੋਣ ਤੋਂ ਮੁਕਤ ਕਰਦਾ ਹੈ। ਲਾਲ ਸਿੰਘ ਦਿਲ ਦੀ ਕਵਿਤਾ ਹਕੀਕਤ ਦੇ ਵੱਖ-ਵੱਖ ਪਸਾਰਾਂ ਨੂੰ ਬਨਿਾਂ ਕਿਸੇ ਤਰੱਦਦ ਦੇ ਕੈਨਵਸ ’ਤੇ ਬਿਖੇਰ ਦੇਣ ਦੀ ਜੁਗਤ ਵਰਤਦੀ ਹੈ। ਇਹ ਖ਼ਾਨਾਬਦੋਸ਼ ਕਵੀ ਦੀ ਅੱਖਰਾਂ ਨਾਲ ਬਣਾਈ ਪੇਂਟਿੰਗ ਹੈ। ਇਸ ਨੂੰ ਪੜ੍ਹਦਿਆਂ/ਤੱਕਦਿਆਂ ਚੀਨੀ ਮੂਲ ਦੀ ਅਮਰੀਕੀ ਫਿਲਮ ਨਿਰਦੇਸ਼ਕ ਕਲੋਈ ਚਾਓ ਦੀ ਫਿਲਮ ‘ਨੋਮੈਡਲੈਂਡ’ ਚੇਤੇ ਆਉਂਦੀ ਹੈ। ਇਹ ਫਿਲਮ ਅਮਰੀਕੀ ਸਰਮਾਏਦਾਰੀ ਦਾ ਉਮਰ ਭਰ ਬਾਲਣ ਬਣੇ ਉਨ੍ਹਾਂ ਬਜ਼ੁਰਗਾਂ ਦੀ ਬਾਤ ਪਾਉਂਦੀ ਹੈ ਜਿਹੜੇ ਐਮਾਜ਼ੋਨ ਸਟੋਰਾਂ ਅਤੇ ਜਰਨੈਲੀ ਸੜਕਾਂ ’ਤੇ ਸਾਫ਼-ਸਫ਼ਾਈ ਜਿਹੇ ਕੰਮ-ਧੰਦੇ ਕਰਕੇ ਦਨਿ-ਕਟੀ ਕਰ ਰਹੇ ਹਨ। ਸਾਰੀ ਉਮਰ ਦਿਹਾੜੀਆਂ ਕਰਕੇ ਵੀ ਇਹ ਲੋਕ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਨ੍ਹਾਂ ਖ਼ਾਨਾਬਦੋਸ਼ਾਂ ਨੂੰ ਇਕੱਠਿਆਂ ਕਰਕੇ ਵੈਨਾਂ ਵਿੱਚ ਰਹਿਣ ਦਾ ਵੱਲ ਸਿਖਾਉਣ ਵਾਲਾ ਬੌਬ ਵੇਲਸ ਆਪਣੇ ਪ੍ਰਾਜੈਕਟ ਬਾਰੇ ਕਹਿੰਦਾ ਹੈ:
‘ਅਸੀਂ ਨਾ ਸਿਰਫ਼ ਡਾਲਰ ਤੇ ਮੰਡੀ ਦੇ ਅੱਤਿਆਚਾਰਾਂ ਨੂੰ ਸਹਿਣ ਕੀਤਾ ਸਗੋਂ ਇਨ੍ਹਾਂ ਨੂੰ ਗਲਵਕੜੀ ਪਾ ਕੇ ਚਿੰਬੜੇ ਰਹੇ। ਸਾਰੀ ਉਮਰ ਅਸੀਂ ਇਸ ਪੰਜਾਲ਼ੀ ਨੂੰ ਆਪਣੇ ਮੋਢਿਆਂ ’ਤੇ ਚੁੱਕੀ ਰੱਖਿਆ। ਸਾਡੀ ਹਾਲਤ ਉਸ ਬਲਦ ਜਿਹੀ ਹੈ ਜਿਹੜਾ ਸਾਰੀ ਉਮਰ ਬਨਿਾਂ ਕੋਈ ਸ਼ਿਕਵਾ ਕੀਤਿਆਂ ਕੰਮ ਕਰਦਾ ਹੈ ਤੇ ਮਰਨ ਕੰਢੇ ਪਹੁੰਚਦਿਆਂ ਉਹਨੂੰ ਅਵਾਰਾ ਪਸ਼ੂਆਂ ਵਾਂਗ ਧੱਕੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ। ਹੁਣ ਇਸ ਅਵਾਰਾ ਵੱਗ ਨੂੰ ਇਕੱਠੇ ਹੋ ਕੇ ਇੱਕ-ਦੂਜੇ ਨੂੰ ਸੰਭਾਲਣਾ ਪਵੇਗਾ। ਸਰਮਾਏਦਾਰੀ ਦਾ ਟਾਇਟੈਨਿਕ ਡੁੱਬ ਰਿਹਾ ਹੈ। ਮੇਰਾ ਕੰਮ ਹੈ ਕਿ ਮੈਂ ਇਸ ਡੁੱਬਦੇ ਜਹਾਜ਼ ਵਿੱਚੋਂ ਬਾਹਰ ਕੱਢਣ ਵਾਲੀਆਂ ਬੇੜੀਆਂ ਬਣਾਵਾਂ।’
ਆਪਣੇ ਹੋਣ-ਥੀਣ ਦੇ ਅਰਥਾਂ ਤੋਂ ਵਿਜੋਗੇ ਜੀਆਂ ਕੋਲ ਇਸ ਤੋਂ ਸਿਵਾ ਹੋਰ ਚਾਰਾ ਵੀ ਕੀ ਹੈ ਕਿ ਉਹ ਜੰਗਾਲੇ ਗਏ ਥੀਸਸ ਦੇ ਬੇੜਿਆਂ ਨੂੰ ਮੁੜ ਬੀੜ ਕੇ ਪਾਣੀਆਂ ਅੰਦਰ ਠਿੱਲ ਦੇਣ।
ਸੁਰੰਗ ਵਰਗੀ ਜ਼ਿੰਦਗੀ ’ਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ
ਆਪਣੀ ਆਵਾਜ਼ ਮੁੜ ਆਪਣੇ ਹੀ ਪਾਸ
ਤੇ ਅੱਖਾਂ ’ਚ ਰੜਕਦੇ ਰਹਿੰਦੇ
ਬੁੱਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਫ਼ਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹੁਸੀਨ ਵਰ੍ਹਿਆਂ ’ਤੇ
ਤਾਂ ਕਰਨ ਨੂੰ ਬਸ ਇਹੋ ਬਚਦਾ ਹੈ
ਕਿ ਚੱਲਿਆ ਜਾਵੇ
ਉਡਦਿਆਂ ਬਾਜ਼ਾਂ ਮਗਰ।
ਸੰਪਰਕ: 70420-73084

Advertisement

Advertisement