For the best experience, open
https://m.punjabitribuneonline.com
on your mobile browser.
Advertisement

ਨੇਕ ਦਿਲ ਨੇਤਾ ਨਹਿਰੂ ਦੀਆਂ ਬਾਤਾਂ

08:32 AM May 27, 2024 IST
ਨੇਕ ਦਿਲ ਨੇਤਾ ਨਹਿਰੂ ਦੀਆਂ ਬਾਤਾਂ
Advertisement

ਕਮਲੇਸ਼ ਉੱਪਲ

ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਮੋਤੀਲਾਲ ਨਹਿਰੂ ਅਤੇ ਸਵਰੂਪ ਰਾਨੀ ਨਹਿਰੂ ਦੀ ਸੰਤਾਨ, ਪ੍ਰਯਾਗਰਾਜ (ਅਲਾਹਾਬਾਦ) ਵਿਚ ਪੈਦਾ ਹੋਏ। ਉਹ ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਸਨ ਜੋ ਕੁਸ਼ਲ ਰਾਜਨੀਤੀਵਾਨ, ਸਮਾਜਿਕ ਜਮਹੂਰਕ, ਧਰਮ ਨਿਰਪੱਖ ਮਨੁੱਖ ਅਤੇ ਵੱਡੇ ਲੇਖਕ ਵੀ ਸਨ। ਉਹ ਭਾਰਤ ਦੇ ਆਜ਼ਾਦੀ ਅੰਦੋਲਨ ਵਿਚ ਕੇਂਦਰੀ ਹਸਤੀ ਬਣ ਕੇ ਉੱਭਰੇ। 1923 ਵਿਚ ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਬਣੇ।
ਉਹ ਇਟਲੀ, ਜਰਮਨੀ, ਇੰਗਲੈਂਡ, ਬੈਲਜੀਅਮ, ਸਵਿਟਜ਼ਰਲੈਂਡ ਅਤੇ ਰੂਸ ਤੱਕ ਘੁੰਮੇ। ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤੀ ਦੇ ਸੰਘਰਸ਼ ਵਿਚ ਖੁੱਭ ਕੇ ਲੀਨ ਹੋਏ ਇਸ ਨੇਤਾ ਦਾ ਨਾਂ ਕਸ਼ਮੀਰੀ ਪੰਡਿਤ ਹੋਣ ਦੇ ਹਵਾਲੇ ਨਾਲ ‘ਪੰਡਿਤ ਨਹਿਰੂ’ ਵਜੋਂ ਮਸ਼ਹੂਰ ਹੋ ਗਿਆ। ਉਹ ਹੁਣ ਤੱਕ ਰਹੇ ਪ੍ਰਧਾਨ ਮੰਤਰੀਆਂ ਵਿਚੋਂ ਸਭ ਤੋਂ ਲੰਮਾ ਸਮਾਂ, ਲਗਭਗ 17 ਸਾਲ ਪ੍ਰਧਾਨ ਮੰਤਰੀ ਰਹੇ ਅਤੇ 27 ਮਈ 1964 ਨੂੰ ਦਿਲ ਦੇ ਦੌਰੇ ਕਾਰਨ ਫ਼ੌਤ ਹੋ ਗਏ।
ਨਵੰਬਰ ਦੀ 14 ਤਰੀਕ ਬਾਲ ਦਿਵਸ ਵਜੋਂ ਮਨਾਈ ਜਾਂਦੀ ਹੈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਬੱਚਿਆਂ ਨੂੰ ਸਮਰਪਿਤ ਕੀਤੇ ਜਾਣ ਦਾ ਵਿਸ਼ੇਸ਼ ਮਹੱਤਵ ਇਸ ਲਈ ਹੈ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਪੰਡਿਤ ਨਹਿਰੂ ਆਦਰਸ਼ ਸਿਆਸਤਦਾਨ ਅਤੇ ਹਰਮਨਪਿਆਰੇ ਨੇਤਾ ਸਨ। ਉਨ੍ਹਾਂ ਵਰਗਾ ਨੇਤਾ ਹੋਰ ਕੋਈ ਪੈਦਾ ਨਹੀਂ ਹੋਇਆ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਚਿਹਰੇ ਦੇ ਕੁਲ ਪ੍ਰਭਾਵ ਵਿਚ ਜੋ ਖਿੱਚ ਸੀ, ਉਹ ਹੁਣ ਵਾਲੇ ਕਿਸੇ ਲੀਡਰ ਵਿਚ ਨਹੀਂ ਮਿਲਦੀ। ਸ਼ਾਇਦ ਇਹੀ ਕਾਰਨ ਹੈ ਕਿ ਕਿਸੇ ਵੀ ਪਾਰਟੀ ਦਾ ਕੋਈ ਅਜਿਹਾ ਨੇਤਾ ਨਜ਼ਰ ਨਹੀਂ ਆਉਂਦਾ ਜਿਸ ਨੂੰ ਦੇਖ ਕੇ ਅਵਾਮ ਨੂੰ ਉਹੋ ਜਿਹੀ ਰੂਹਾਨੀ ਖੁਸ਼ੀ ਅਤੇ ਤਸੱਲੀ ਦਾ ਅਹਿਸਾਸ ਹੁੰਦਾ ਹੋਵੇ ਜੋ ਪੰਡਿਤ ਨਹਿਰੂ ਨੂੰ ਦੇਖ ਕੇ ਮਿਲਦੀ ਸੀ।
ਨਹਿਰੂ ਦੀ ਸ਼ਖ਼ਸੀਅਤ ਵਿਚ ਸਿਆਸਤ ਦੇ ਨਾਲ ਨਾਲ ਰਾਸ਼ਟਰੀ ਭਾਵਨਾ, ਕਲਾ, ਸਾਹਿਤਮਈ ਰੁਚੀਆਂ ਅਤੇ ਮਨੁੱਖੀ ਸਦਭਾਵਨਾ ਦਾ ਸੁਮੇਲ ਸੀ। 1964 ਵਿਚ ਉਹ ਜਦੋਂ ਫ਼ੌਤ ਹੋਏ, ਉਨ੍ਹਾਂ ਦੀ ਮੇਜ਼ ਉਤੇ ਪਈ ਡਾਇਰੀ ਵਿਚ ਮਸ਼ਹੂਰ ਅੰਗਰੇਜ਼ੀ ਕਵੀ ਰੌਬਰਟ ਫਰੌਸਟ ਦੀ ਕਵਿਤਾ ਦੀਆਂ ਸਤਰਾਂ ਦਰਜ ਸਨ:
ਦਿ ਵੁਡ’ਜ਼ ਆਰ ਲਵਲੀ ਡਾਰਕ ਐਂਡ ਡੀਪ
ਬਟ ਆਈ ਹੈਵ ਪ੍ਰਾਮਿਸਿਜ਼ ਟੁ ਕੀਪ
ਐਂਡ ਮਾਈਲਜ਼ ਟੁ ਗੋ ਬਿਫੋਰ ਆਈ ਸਲੀਪ
ਇਹ ਸਤਰਾਂ ਪੜ੍ਹ ਕੇ ਯਕੀਨ ਹੋ ਜਾਂਦਾ ਹੈ ਕਿ ਨਹਿਰੂ ਜੀ ਸਮੇਂ ਤੋਂ ਪਹਿਲਾਂ ਹੀ ਜੱਗ ਤੋਂ ਤੁਰ ਗਏ। 1962 ਵਿੱਚ ਚੀਨ ਦੇ ਹਮਲੇ ਤੋਂ ਮਿਲੀ ਉਦਾਸੀ ਅਤੇ ਨਿਰਾਸਤਾ ਨੇ ਨਹਿਰੂ ਨੂੰ ਅਸਹਿ ਸਦਮਾ ਦਿੱਤਾ ਤੇ ਉਹ ਸਮੇਂ ਤੋਂ ਪਹਿਲਾਂ ਹੀ ਰਾਸ਼ਟਰ ਅਤੇ ਦੁਨੀਆ ਨੂੰ ਅਲਵਿਦਾ ਕਹਿ ਗਏ।
ਨਹਿਰੂ ਨੂੰ ਆਪਣੇ ਲੋਕਾਂ ਨਾਲ ਅਤੇ ਰਾਸ਼ਟਰ ਦੇ ਹਿਤਾਂ ਨਾਲ ਅੰਤਾਂ ਦੀ ਮੁਹੱਬਤ ਸੀ। ਭਾਰਤ ਦਾ ਲੋਕਰਾਜ ਅੱਜ ਵੀ ਨਹਿਰੂ ਦੀਆਂ ਸਥਾਪਤ ਕੀਤੀਆਂ ਕਦਰਾਂ ਦੇ ਸਿਰ ’ਤੇ ਚੱਲ ਰਿਹਾ ਹੈ ਪਰ ਅਫ਼ਸੋਸ ਕਿ ਸਿਆਸਤ ਵਿਚ ਪੈਦਾ ਕੀਤੇ ਨਿਘਾਰ ਨੇ ਲੋਕਾਂ ਦੀ ਹਾਨੀ ਕੀਤੀ ਹੈ। ਜੇਤੂ ਪਾਰਟੀਆਂ ਦੇ ਨੁਮਾਇੰਦੇ ਆਪਣੇ ਹਿਤਾਂ ਦੀ ਰਾਖੀ ਕਰਦੇ ਹੋਏ ਵਿਰੋਧੀ ਪਾਰਟੀਆਂ ਨੂੰ ਕੋਸਦੇ ਰਹਿੰਦੇ ਹਨ ਅਤੇ ਲੋਕ ਹਿਤਾਂ ਦੀ ਪਾਲਣਾ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦੇ।
ਵੀਹਵੀਂ ਸਦੀ ਦੇ ਪੰਜਵੇਂ-ਛੇਵੇਂ-ਸੱਤਵੇਂ ਦਹਾਕਿਆਂ ਦਾ ਸਮਾਂ ਨਹਿਰੂ-ਕੈਨੇਡੀ ਵਰਗੀਆਂ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਸੀ। ਉਸ ਦੌਰ ਵਿਚ ਕੌਮਾਂਤਰੀ ਪੱਧਰ ਦੀ ਰਾਜਨੀਤੀ ਵਿਚ ਸੁਹਜ, ਸਹਿਜ ਅਤੇ ਆਦਰਸ਼ਵਾਦ ਦਾ ਦੌਰ-ਦੌਰਾ ਸੀ। ਇਨ੍ਹਾਂ ਨੇਤਾਵਾਂ ਦੇ ਜਾਂਦਿਆਂ ਹੀ ਇਹ ਕਦਰਾਂ ਵੀ ਮੁੱਕਣ ਲੱਗੀਆਂ ਸਨ। ਭਾਰਤੀ ਸਮਾਜ ਦੇ ਵਰਤਾਰਿਆਂ ’ਤੇ ਜਦੋਂ ਨਹਿਰੂ ਦੌਰ ਤਾਰੀ ਸੀ ਤਾਂ ਫਿਲਮਾਂ ਵੀ ਆਦਰਸ਼ਵਾਦ ਤੋਂ ਪ੍ਰੇਰਿਤ ਸਨ। ਰਾਜ ਕਪੂਰ ਦੀ ਫਿਲਮ ‘ਬੂਟ ਪਾਲਿਸ਼’, ‘ਜਾਗ੍ਰਿਤੀ’, ‘ਦੋ ਬੀਘਾ ਜ਼ਮੀਨ’, ‘ਮਦਰ ਇੰਡੀਆ’ ਆਦਿ ਵਿਚ ਮਨੁੱਖਤਾ ਦੇ ਆਦਰਸ਼ ਦੀ ਤਸਵੀਰ ਹੈ। ਹਿੰਦੀ ਕਵਿਤਾ ਵਿਚੋਂ ਰਾਸ਼ਟਰੀ ਭਾਵਨਾ ਡੁੱਲ੍ਹ-ਡੁੱਲ੍ਹ ਪੈ ਰਹੀ ਸੀ।
ਨਹਿਰੂ ਜੀ ਨੇ ਲੋਕਰਾਜ ਦੇ ਨਕਸ਼ ਉਲੀਕੇ ਅਤੇ ਇਸ ਨੂੰ ਪਛਾਣ ਦਿਤੀ। ਭਾਰਤ ਵਿਚ ਕੌਮਾਂਤਰੀ ਫਿਲਮ ਉਤਸਵ ਰਚਾਉਣ ਦੀ ਪਿਰਤ 1951 ਵਿਚ ਨਹਿਰੂ ਨੇ ਹੀ ਪਾਈ। ‘ਦਰਪਣ’ ਅਤੇ ‘ਕਲਾਕਸ਼ੇਤਰ’ ਨਾਂ ਦੀਆਂ ਭਾਰਤੀ ਕਲਾਸਕੀ ਨ੍ਰਿਤ ਕਲਾ ਨੂੰ ਸਮਰਪਿਤ ਅਕਾਦਮੀਆਂ ਵੀ ਕ੍ਰਮਵਾਰ ਮ੍ਰਿਣਾਲਿਨੀ ਸਾਰਾਭਾਈ ਅਤੇ ਰੁਕਮਣੀ ਦੇਵੀ ਅਰੁਨਡੇਲ ਦੀ ਅਗਵਾਈ ਤੇ ਉਦਮ ਅਧੀਨ ਨਹਿਰੂ ਜਿਹੇ ਨੀਤੀਵਾਨ ਦੀ ਸਰਪ੍ਰਸਤੀ ਹੇਠ ਬਣੀਆਂ। ਨਹਿਰੂ ਨੇ ਭਾਰਤੀਆਂ ਨੂੰ ਵਿਗਿਆਨਕ ਪਹੁੰਚ ਅਤੇ ਸੋਚ ਅਪਣਾਉਣ ਲਈ ਪ੍ਰੇਰਿਆ। ਕੁਝ ਲੋਕ ਉਨ੍ਹਾਂ ਦੀਆਂ ਗ਼ਲਤੀਆਂ ਕੱਢ ਕੇ ਉਨ੍ਹਾਂ ਨੂੰ ਨਿੰਦਦੇ ਹਨ। ਹਰ ਇਕ ਵਿਚ ਕੋਈ ਨਾ ਕੋਈ ਕਮੀ ਹੁੰਦੀ ਹੈ। ਮਨ ਦੀਆਂ ਭਾਵਨਾਵਾਂ ਦੀ ਸ਼ੁੱਧਤਾ ਵਾਲੇ ਸ਼ਖ਼ਸ ਦੁਨਿਆਵੀ ਮਸਲਿਆਂ ਵਿਚ ਖ਼ਤਾਵਾਰ ਹੋ ਸਕਦੇ ਹਨ ਪਰ ਭਾਰਤੀਅਤਾ ਅਤੇ ਮਨੁੱਖਤਾ ਦੋਹਾਂ ਦਾ ਖ਼ੂਨ ਜਿਸ ਦੀਆਂ ਰਗਾਂ ਵਿਚ ਹੋਵੇ, ਉਹ ਨੇਤਾ ਕਦੇ ਹੀ ਪੈਦਾ ਹੁੰਦਾ ਹੈ, ਭਾਵੇਂ ਅਜਿਹੇ ਨੇਤਾ ਦੀ ਲੋੜ ਸਦਾ ਰਹਿੰਦੀ ਹੈ।
ਨਹਿਰੂ ਨੇ (ਮਰਨ ਮਗਰੋਂ) ਆਪਣੀ ਰਾਖ ਗੰਗਾ ਨਦੀ ਅਤੇ ਭਾਰਤ ਦੇ ਖੇਤਾਂ ਵਿਚ ਬਿਖੇਰ ਦੇਣ ਦੀ ਇੱਛਾ ਜਤਾਈ ਸੀ। ਉਸ ਨੇ ਭਾਰਤੀ ਗ੍ਰੰਥਾਂ ਦਾ ਗਹਿਰਾ ਅਧਿਐਨ ਕੀਤਾ। ‘ਡਿਸਕਵਰੀ ਆਫ਼ ਇੰਡੀਆ’ ਲਿਖੀ। 1144 ਪੰਨਿਆਂ ਦੀ ਦੂਜੀ ਪੁਸਤਕ ‘ਗਲਿੰਪਸਿਜ਼ ਆਫ ਵਰਲਡ ਹਿਸਟਰੀ’ 1934-35 ਵਿਚ ਜੇਲ੍ਹ ਵਿਚ ਬੈਠ ਕੇ ਲਿਖੀ। ਆਪਣੀ ਜੀਵਨੀ ਵੀ ਲਿਖੀ ਅਤੇ ਇਸ ਵਿਚ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਤਸਵੀਰ ਪੇਸ਼ ਕੀਤੀ।
ਨਹਿਰੂ ਨੇ ਭਾਖੜਾ ਡੈਮ ਨੰਗਲ ਅਤੇ ਇਕ ਹੋਰ ਡੈਮ ਦਾ ਨਿਰਮਾਣ ਕੀਤਾ। ਪਰਮਾਣੂ ਊਰਜਾ ਅਤੇ ਖੋਜ ਕੇਂਦਰ ਵੀ ਬਣਾਏ। ਨਾਲ ਹੀ ਸਾਹਿਤ ਅਤੇ ਕਲਾ ਅਕਾਦਮੀਆਂ ਜਿਹੀਆਂ ਰਾਸ਼ਟਰ ਦਾ ਗੌਰਵ ਬਣ ਜਾਣ ਵਾਲੀਆਂ ਸੰਸਥਾਵਾਂ ਕਾਇਮ ਕੀਤੀਆਂ। ਨਹਿਰੂ ਨੇ ਭਾਖੜਾ ਡੈਮ ਵਰਗੇ ਨਿਰਮਾਣਾਂ ਨੂੰ ਆਧੁਨਿਕ ਭਾਰਤ ਦੇ ਮੰਦਿਰ ਗਰਦਾਨਿਆ। ਨਹਿਰੂ ਜੀ ਦੀ ਵਿਲੱਖਣ ਦੇਣ ਭਾਰਤੀਆਂ ਨੂੰ ਜਮਹੂਰੀਅਤ ਦੇ ਸੰਸਕਾਰ ਦੇਣਾ ਹੈ। 1947 ਤੋਂ 1964 ਤੱਕ ਸੰਸਦ ਵਿਚ ਸਾਰੇ ਫੈਸਲੇ ਖੁੱਲ੍ਹੀ ਬਹਿਸ ਤੋਂ ਬਾਅਦ ਹੁੰਦੇ ਸਨ। ਇਹ ਜਮਹੂਰੀਅਤ ਦਾ ਸੁਨਹਿਰੀ ਯੁਗ ਸੀ।
ਨਹਿਰੂ ਦੇ ਗੰਗਾ ਨਦੀ ਬਾਰੇ ਕਹੇ ਗਏ ਸ਼ਬਦ ਕਵਿਤਾ ਵਾਂਗ ਹਨ: “ਮੈਂ ਸਵੇਰ ਦੀ ਰੋਸ਼ਨੀ ਵਿਚ ਗੰਗਾ ਨੂੰ ਉੱਛਲਦੀ ਕੁੱਦਦੀ ਦੇਖਿਆ ਅਤੇ ਸ਼ਾਮ ਦੇ ਸਾਏ ਵਿਚ ਉਦਾਸ, ਕਾਲੀ ਚਾਦਰ ਵਿਚ ਲਿਪਟੀ ਹੋਈ, ਰਹੱਸਮਈ। ਸਰਦ ਰੁੱਤ ਵਿਚ ਸਿਮਟੀ ਜਿਹੀ ਹੌਲੀ ਵਗਦੀ ਸੁੰਦਰ ਧਾਰਾ ਅਤੇ ਵਰਖਾ ਰੁੱਤ ਵਿਚ ਦੌੜਦੀ ਹੋਈ, ਸਮੁੰਦਰ ਵਰਗੀ ਚੌੜੀ ਛਾਤੀ ਵਾਲੀ ਤੇ ਸ਼ਕਤੀ ਨਾਲ ਲੈਸ ਹੋਈ ਦੇਖਿਆ ਹੈ। ਇਹ ਗੰਗਾ ਹੀ ਮੇਰੇ ਲਈ ਭਾਰਤ ਦੀ ਪ੍ਰਾਚੀਨਤਾ ਦੀ ਨਿਸ਼ਾਨੀ ਹੈ ਜੋ ਵਰਤਮਾਨ ਤੱਕ ਵਹਿੰਦੀ ਆਈ ਹੈ ਤੇ ਵਹਿੰਦੀ ਰਹੇਗੀ ਭਵਿਖ ਦੇ ਮਹਾਂ ਸਾਗਰ ਵੱਲ।”
ਅੱਜ ਦੇ ਹੁਕਮਰਾਨ ਜੋ ਨਹਿਰੂ ਦੇ ਯੋਗਦਾਨ ਨੂੰ ਨਕਾਰਦੇ ਤੇ ਉਨ੍ਹਾਂ ਦੀਆਂ ਬਣਾਈਆਂ ਸੰਸਥਾਵਾਂ ਮਿਟਾਉਣ ’ਤੇ ਤੁਲੇ ਹਨ, ਉਹ ਉਨ੍ਹਾਂ ਦੀ ‘ਡਿਸਕਵਰੀ ਆਫ਼ ਇੰਡੀਆ’ ਦੀ ਆਨ-ਬਾਨ ਨੂੰ ਸਮੂਹਿਕ ਭਾਰਤੀ ਜੀਵਨ ’ਚੋਂ ਮਨਫ਼ੀ ਨਹੀਂ ਕਰ ਸਕਣਗੇ। ਸ਼ਾਇਰ ਕੈਫ਼ੀ ਆਜ਼ਮੀ ਦੀ ਨਹਿਰੂ ਦੀ ਮੌਤ ਉਤੇ ਲਿਖੀ ਕਵਿਤਾ ਸੱਚੀ ਸ਼ਰਧਾਂਜਲੀ ਹੈ:
ਮੇਰੀ ਆਵਾਜ਼ ਸੁਨੋ ਪਿਆਰ ਕਾ ਰਾਜ਼ ਸੁਨੋ
ਮੈਨੇ ਜੋ ਏਕ ਫੂਲ ਜੋ ਸੀਨੇ ਪੇ ਸਜਾ ਰੱਖਾ ਥਾ
ਉਸ ਕੇ ਪਰਦੇ ਮੇਂ ਤੁਮ੍ਹੇਂ ਦਿਲ ਸੇ ਲਗਾ ਰੱਖਾ ਥਾ
ਹੈਂ ਜੁਦਾ ਸਬ ਸੇ ਮੇਰੇ ਇਸ਼ਕ ਕਾ ਅੰਦਾਜ਼ ਸੁਨੋ
ਇਹ ਰਚਨਾ ਫਿਲਮ ‘ਨੌਨਿਹਾਲ’ (1967) ’ਚ ਸ਼ਾਮਿਲ ਕੀਤੀ ਗਈ ਸੀ। ਸਮੇਂ ਨੂੰ ਲੋੜ ਹੈ ਜਵਾਹਰ ਲਾਲਾਂ ਅਤੇ ਜਵਾਹਰ ਲਾਲਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ।

Advertisement

ਸੰਪਰਕ: 98149-02564

Advertisement

Advertisement
Author Image

sukhwinder singh

View all posts

Advertisement