ਆਲੂ ਆਲੂ ਆਪ ਖਾ ਗਈ...
ਗੁਰਦੀਪ ਢੁੱਡੀ
ਦਸਵੀਂ ਜਮਾਤ ਆਪਣੇ ਪਿੰਡ ਢੁੱਡੀ ਦੇ ਸਰਕਾਰੀ ਹਾਈ ਸਕੂਲ ਤੋਂ ਕੀਤੀ ਹੈ। ਮੇਰੇ ਘਰ ਤੋਂ ਸਕੂਲ ਦੀ ਦੂਰੀ ਕਿਸੇ ਗਿਣਤੀ ਮਿਣਤੀ ਵਿਚ ਨਹੀਂ ਆਉਂਦੀ ਸੀ। ਸਵੇਰ ਵੇਲੇ ਸਕੂਲ ਦੀ ਘੰਟੀ ਵੱਜਦੀ ਮੇਰੇ ਘਰੇ ਸੁਣ ਜਾਂਦੀ ਸੀ। ਆਮ ਤੌਰ ’ਤੇ ਸਕੂਲ ਲੱਗਣ ਤੋਂ ਵਾਹਵਾ ਪਹਿਲਾਂ ਹੀ ਮੈਂ ਸਕੂਲ ਪਹੁੰਚ ਜਾਂਦਾ ਸਾਂ। ਘਰ ਅਤੇ ਸਕੂਲ ਦੇ ਰਸਤੇ ਵਿਚ ਇਕ ਘਰ ਆਉਂਦਾ ਸੀ। ਇਸ ਘਰ ਦੀ ਬੋਲ-ਬਾਣੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੀ ਸੀ। ਆਮ ਤੌਰ ’ਤੇ ਘਰ ਵਿਚੋਂ ਉੱਚੀ-ਉੱਚੀ ਅਤੇ ਲੜਦਿਆਂ ਵਰਗੀਆਂ ਆਵਾਜ਼ਾਂ ਸਾਡੇ ਕੰਨੀਂ ਪੈਂਦੀਆਂ। ਜਦੋਂ ਦਾ ਇਸ ਘਰ ਦਾ ਪਰਿਵਾਰਕ ਮੈਂਬਰ ਚਿੰਤੂ ਸਿੰਘ ਬਾਹਰਲੇ ਮੁਲਕ ਤੋਂ ਆਇਆ ਸੀ, ਇਹ ਘਰ ਲੜਾਈ ਦਾ ਅਖ਼ਾੜਾ ਹੀ ਬਣ ਗਿਆ ਸੀ। ਕੋਈ ਵੀ ਦਿਨ ਅਜਿਹਾ ਨਾ ਹੁੰਦਾ ਜਦੋਂ ਘਰ ਵਿਚੋਂ ਸਹਿਜ ਬੋਲ ਸੁਣਨ ਨੂੰ ਮਿਲਦੇ। ਉਹ ਛੜਾ ਸੀ ਅਤੇ ਕਰੀਬ ਪੰਜਾਹਾਂ ਨੂੰ ਢੁੱਕਿਆ ਹੋਇਆ ਸੀ। ਚਿੰਤੂ ਵਿਚ ਛੁੱਟ ਭਲਾਈਓਂ ਸੱਭੇ ‘ਗੁਣ’ ਸਨ। ਉਹ ਜ਼ਰਦਾ ਲਾਉਂਦਾ ਸੀ, ਸ਼ਰਾਬ ਪੀਂਦਾ ਸੀ, ਜੂਆ ਖੇਡਦਾ ਸੀ, ਕਬੂਤਰਬਾਜ਼ੀ ਕਰਦਾ ਸੀ ਅਤੇ ਇਸ ਸਭ ਤੋਂ ਅੱਗੇ ਉਹ ਲੜਾਕਾ ਅੰਤਾਂ ਦਾ ਸੀ। ਜਿ਼ਆਦਾ ਕਰ ਕੇ ਉਹ ਆਪਣੀ ਵਿਧਵਾ ਭਰਜਾਈ ਨਾਲ ਲੜਦਾ ਅਤੇ ਕਦੇ-ਕਦਾਈਂ ਆਪਣੇ ਦੋਹਾਂ ਭਤੀਜਿਆਂ ਨੂੰ ਵੀ ਲੜਾਈ ਵਿਚ ਵਲ੍ਹੇਟ ਲੈਂਦਾ। ਮਾੜਚੂ ਜਿਹੇ ਸਰੀਰ ਵਾਲਾ ਦਾੜ੍ਹੀ ਕਤਰ ਕੇ ਰੱਖਦਾ, ਗਰਮੀਆਂ ਵਿਚ ਕੁੜਤਾ ਨਾ ਪਾਉਂਦਾ ਅਤੇ ਮੈਲ਼ੀ ਜਿਹੀ ਝੱਗੀ ਪਾਈ ਰੱਖਦਾ ਜਿਸ ਦੀਆਂ ਜੇਬਾਂ ਸਿਰੇ ਤੋਂ ਅੰਤਾਂ ਦੀਆਂ ਮੈਲ਼ੀਆਂ ਦਿਸਦੀਆਂ। ਹੜਬਾਂ ਨਿੱਕਲੀਆਂ ਹੋਈਆਂ।
ਇਕ ਦਿਨ ਘਰ ਵਿਚੋਂ ਬੜੀ ਉੱਚੀ-ਉੱਚੀ ਅਵਾਜ਼ਾਂ ਆ ਰਹੀਆਂ ਸਨ। ਖੁੱਲ੍ਹੇ ਬੂਹੇ ਵਿਚੋਂ ਦੇਖਿਆ ਤਾਂ ਘਰੇ ਲੋਕਾਂ ਦਾ ਇਕੱਠ ਵੀ ਹੋਇਆ ਹੋਇਆ ਸੀ। ਅਸੀਂ ਵੀ ਤਮਾਸ਼ਬੀਨਾਂ ਵਾਂਗ ਇਕੱਠ ਦੇ ਨੇੜੇ ਚਲੇ ਗਏ। ਉਹ ਬੈਠੀਆਂ ਹੋਈਆਂ ਰਗਾਂ ਜਿਹੀਆਂ ਨਾਲ ਘੱਗਾ ਜਿਹਾ ਬੋਲਦਾ ਆਖ ਰਿਹਾ ਸੀ, “ਦੇਖੋ ਯਾਰੋ ਲੋੜ੍ਹਾ ਮਾਰਿਆ ਹੈ ਇਸ ਜ਼ਨਾਨੀ ਨੇ। ਦਾਲ਼ ਬਣਾਉਂਦੀ ਆ, ਆਲੂ ਆਲੂ ਆਪ ਖਾ ਜਾਂਦੀ ਆ ਤੇ ਪਾਣੀ ਪਾਣੀ ਮੇਰੇ ਕੌਲੇ ਵਿਚ ਪਾ ਦਿੰਦੀ ਆ, ਮੈਂ ਵੀ ਘਰ ਦਾ ਮੰਬਰ ਆਂ, ਅੱਧ ਦਾ ਮਾਲਕ ਆਂ, ਮੈਂ ਕੋਈ ਸੀਰੀ-ਸੱਪਾ ਨ੍ਹੀਂ, ਬੱਸ ਮੈਂ ਤਾਂ ਆਪਣੇ ਹਿੱਸੇ ਦੀ ਜ਼ਮੀਨ ਲੈ ਲੈਣੀ ਆ, ਬਥੇਰਾ ਚਿਰ ਏਨ੍ਹਾਂ ਨੇ ਮੁਖ਼ਤੋ-ਮੁਖ਼ਤੀ ਵਾਹ ਲੀ, ਹੁਣ ਮੈਂ ਆਵਦੇ ਹਿੱਸੇ ਦੀ ਜ਼ਮੀਨ ਲੈਣੀ ਆ, ਭਾਵੇਂ ਮੈਂ ਮਾਮਲੇ ’ਤੇ ਦੇਵਾਂ ਭਾਵੇਂ ਬੈਅ ਕਰਾਂ, ਆਵਦਾ ਤੜਕੇ ਲਾ ਕੇ ਖਾਇਆ ਕਰੂੰ। ਇਕ ਅੱਧੀ ਜ਼ਨਾਨੀ ਰੱਖੂੰ, ਸਵੇਰੇ ਸ਼ਾਮ ਗਿੱਧਾ ਪਾਇਆ ਕਰੂੰ।” ਉਦੋਂ ਹੀ ਸਾਨੂੰ ਤਮਾਸ਼ਬੀਨਾਂ ਨੂੰ ਇਕ ਮੋਹਤਬਰ ਬੰਦੇ ਨੇ ਝਿੜਕ ਕੇ ਭਜਾ ਦਿੱਤਾ।
ਗੱਲ ਇਹ ਪਚਵੰਜਾ-ਛਪੰਜਾ ਸਾਲ ਪਹਿਲਾਂ ਦੀ ਹੈ। ਸਾਨੂੰ ਇਹ ਪਤਾ ਸੀ ਕਿ ਆਲੂ, ਗੋਭੀ ਆਦਿ ਸਬਜ਼ੀਆਂ ਉਦੋਂ ਆਮ ਘਰਾਂ ਵਿਚ ਨਹੀਂ ਸਨ ਬਣਦੀਆਂ ਸਨ। ਇਹ ਤਾਂ ਕਿਸੇ ਪ੍ਰਾਹੁਣੇ-ਧਰਾਉਣੇ ਦੇ ਆਉਣ ’ਤੇ ਖ਼ਰੀਦ ਕੇ ਲਿਆਂਦੀਆਂ ਜਾਣ ਵਾਲੀਆਂ ਮੁੱਲਵਾਨ ‘ਦਾਲ਼ਾਂ’ ਮੰਨੀਆਂ ਜਾਂਦੀਆਂ ਸਨ। ਮਾਲਵੇ ਵਿਚ ਸਰਦੇ ਪੁੱਜਦੇ ਘਰਾਂ ਵਿਚ ਵੀ ਸਵੇਰ ਵੇਲੇ ਦਹੀਂ, ਲੱਸੀ ਅਤੇ ਮਿਰਚਾਂ ਦੀ ਚਟਣੀ ਨਾਲ ਰੋਟੀ ਖਾਧੀ ਜਾਂਦੀ ਸੀ। ਬਹੁਤ ਸਾਰੇ ਘਰ ਆਪਣੇ ਘਰਾਂ, ਵਾੜਿਆਂ ਜਾਂ ਖੇਤਾਂ ਵਿਚ ਕੱਦੂਆਂ ਕਰੇਲਿਆਂ ਦੀ ਵੇਲਾਂ ਬੀਜਦੇ। ਗਰਮੀਆਂ ਵਿਚ ਝਾੜ ਕਰੇਲੇ, ਕੱਦੂ-ਅੱਲਾਂ, ਖੱਖੜੀ, ਗੁਆਰੇ ਦੀਆਂ ਫ਼ਲ਼ੀਆਂ ਜਾਂ ਅਚਾਰ ਦੀ ਫਾੜੀ ਅਤੇ ਗੋਡੇ ਤੇ ਰੱਖ ਕੇ ਭੰਨੇ ਹੋਏ ਗੰਢੇ ਤੇ ਸਰਦੀਆਂ ਵਿਚ ਚਿੱਬੜਾਂ ਦੀ ਚਟਣੀ, ਸਾਗ, ਛੋਲਿਆਂ ਦੇ ਸਾਗ ਨੂੰ ਕੂੰਡੀ ਵਿਚ ਕੁੱਟ ਲੈਣਾ ਆਦਿ ਹੀ ਪਕਵਾਨ ਹੁੰਦੇ ਸਨ। ਉਸ ਸਮੇਂ ਸਿੰਜਾਈ ਦੇ ਸਾਧਨ ਆਮ ਨਾ ਹੋਣ ਕਰ ਕੇ ਖੇਤਾਂ ਵਿਚ ਸਬਜ਼ੀਆਂ ਦਾ ਤਿਆਰ ਹੋਣਾ ਵੀ ਮੁਸ਼ਕਲ ਹੀ ਹੁੰਦਾ ਸੀ। ਆਲੂ ਉਦੋਂ ਮਾਲਵੇ ਵਿਚ ਬੀਜੇ ਹੀ ਨਹੀਂ ਸਨ ਜਾਂਦੇ। ਸਾਦਾ ਰੋਟੀ ਪਾਣੀ ਹੋਣ ਕਰ ਕੇ ਹੀ ਸਾਡੇ ਵਾਸਤੇ ਆਲੂ ਬੜੇ ਮੁੱਲਵਾਨ ਸਨ। ਅਸੀਂ ਉਸ ਘਰ ਦੀ ਲੜਾਈ ਨੂੰ ਵੀ ਇੱਥੋਂ ਤੱਕ ਹੀ ਸਿਮਟੀ ਹੋਈ ਦੇਖ ਰਹੇ ਸਾਂ। ਅਜਮੇਰ ਔਲਖ ਦੇ ਨਟਕ ‘ਬਿਗਾਨੇ ਬੋਹੜ ਦੀ ਛਾਂ’ ਵਾਲੀ ਗੱਲ ਉਦੋਂ ਸਾਡੇ ਜੁਆਕਾਂ ਦੇ ਖ਼ਾਨੇ ਨਹੀਂ ਵੜੀ ਸੀ।
ਅੱਜ ਕੱਲ੍ਹ ਆਲੂ ਤਾਂ ਭਾਵੇਂ ਆਮ ਹੋ ਗਏ ਹਨ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਡਾਕਟਰ ਆਲੂ ਖਾਣ ਦੀ ਮਨਾਹੀ ਵੀ ਕਰਦੇ ਹਨ ਪਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਵਾਲੇ ਵੀ ਸ਼ਹਿਰਾਂ ਵਿਚੋਂ ਹਰ ਸਬਜ਼ੀ ਸਮੇਤ ਸਾਗ, ਮੁੱਲ ਲੈ ਕੇ ਜਾਂਦੇ ਹਨ। ਉਂਝ ‘ਆਲੂ ਆਲੂ ਆਪ ਖਾ ਗੀ’ ਵਾਲੇ ਮੁਹਾਵਰੇ ਵਰਗਾ ਅੱਜ ਕੱਲ੍ਹ ਹੋਰ ਮੁਹਾਵਰਾ ਆਪਣੇ ਪੈਰ ਪਸਾਰ ਚੁੱਕਿਆ ਹੈ। ਸਰਕਾਰੀ ਵਿਭਾਗਾਂ ਵਿਚ ਕੁਝ ਮੰਤਰਾਲਿਆਂ, ਮਹਿਕਮਿਆਂ ਨੂੰ ‘ਮਲ਼ਾਈ ਖਾਣੇ ਮਹਿਕਮੇ’ ਵਜੋਂ ਜਾਣਿਆ ਜਾਂਦਾ ਹੈ। ਇਸ ਨਵੇਂ ਮੁਹਾਵਰੇ ਕਾਰਨ ਸਿਆਸੀ ਅਤੇ ਵਿਭਾਗੀ ਤੌਰ ’ਤੇ ਜ਼ੋਰ ਅਜ਼ਮਾਈ ਹੁੰਦੀ ਆਮ ਦੇਖੀ ਜਾ ਸਕਦੀ ਹੈ। ਇਨ੍ਹਾਂ ਮਹਿਕਮਿਆਂ ਵਿਚਲੀਆਂ ਅਸਾਮੀਆਂ ਭਾਵੇਂ ਥੋੜ੍ਹੇ ਪੇ ਗਰੇਡ, ਭਾਵ ਘੱਟ ਤਨਖਾਹ ਵਾਲੀਆਂ ਹੁੰਦੀਆਂ ਪਰ ਮਲਾਈ ਕਰ ਕੇ ਉਹ ਵੱਡੇ-ਵੱਡੇ ਮਹਿਕਮਿਆਂ ਅਤੇ ਅਸਾਮੀਆਂ ਨੂੰ ਟਿੱਚ ਜਾਣਦੇ ਹਨ। ਇਹ ਕਰਮਚਾਰੀ ਜਾਂ ਅਧਿਕਾਰੀ ਸਿਆਸੀ ਧਿਰਾਂ ਦੇ ਵੀ ‘ਖ਼ਾਸ’ ਹੁੰਦੇ। ਖ਼ੈਰ, ‘ਆਲੂ ਆਲੂ ਆਪ ਖਾ ਜਾਣੇ’ ਜਾਂ ਫਿਰ ਲੋਕਤੰਤਰੀ ਮੁਲਕ ਵਿਚ ਕੁਝ ਮਲਾਈ ਖਾਣੇ ਮਹਿਕਮੇ ਕਿਉਂ ਮੰਨੇ ਜਾਂਦੇ, ਇਸ ਬਾਰੇ ਸੋਚਣਾ ਤੇ ਜਾਨਣਾ ਜਣੇ-ਖਣੇ ਦੇ ਵੱਸ ਦਾ ਰੋਗ ਨਹੀਂ!
ਸੰਪਰਕ: 95010-20731