ਤਰ-ਅੱਖੇ ਲੋਕ
ਪ੍ਰੋ. ਕੇ ਸੀ ਸ਼ਰਮਾ
ਹਵਾਈ ਅੱਡੇ ’ਤੇ ਲਿਜਾਣ ਵਾਲੀ ਕੈਬ ਠੀਕ ਸਮੇਂ ’ਤੇ ਆ ਗਈ। ਵਿਦੇਸ਼ੀ ਉਡਾਣ ਲਈ ਤਿੰਨ ਘੰਟੇ ਪਹਿਲਾਂ ਪਹੁੰਚਣਾ ਹੁੰਦਾ ਹੈ। ਭਾਰੇ ਮਨ ਨਾਲ ਘਰੋਂ ਉਸ ਨਾਲ ਟੈਕਸੀ ਵਿਚ ਬੈਠ ਗਿਆ। ਕੈਬ ਦੇ ਅੱਧੇ ਘੰਟੇ ਦੇ ਸਫ਼ਰ ਵਿਚ ਵੀ ਕੋਈ ਗੱਲਬਾਤ ਨਹੀਂ ਹੋਈ। ਮੇਰੇ ਨਾਲ ਦੂਜਾ ਸਵਾਰ ਮੇਰਾ ਪੋਤਰਾ ਦਕਸ਼ ਸੀ। ਉਹ ਮੈਨੂੰ ਮਿਲ ਕੇ ਬਾਰਾਂ ਦਿਨਾਂ ਬਾਅਦ ਆਪਣੇ ਬਾਪ (ਮੇਰੇ ਪੁੱਤਰ) ਕੋਲ ਵਾਪਸ ਜਾ ਰਿਹਾ ਸੀ। ਟੈਕਸੀ ਗੇਟ ਨੰਬਰ ਚਾਰ ਕੋਲ ਰੁਕੀ; ਉਸ ਨੇ ਆਪਣਾ ਸਾਮਾਨ ਟਰੌਲੀ ਵਿਚ ਰੱਖਿਆ ਅਤੇ ਅਸੀਂ ਵਿਦਾਈ ਵੇਲੇ ਦੀਆਂ ਰਸਮੀ ਜਿਹੀਆਂ ਗੱਲਾਂ ਕਰਦੇ ਅੰਦਰ ਜਾਣ ਵਾਲੇ ਗੇਟ ਕੋਲ ਪਹੁੰਚ ਗਏ। ਉਥੇ ਅਸੀਂ ਇਕ ਦੂਜੇ ਨੂੰ ਗਲਵੱਕੜੀ ਪਾਈ। ਉਸ ਨੇ ਅਧਿਕਾਰੀਆਂ ਨੂੰ ਆਪਣਾ ਪਾਸਪੋਰਟ ਤੇ ਟਿਕਟ ਦਿਖਾਏ ਅਤੇ ਟਰਮੀਨਲ ਅੰਦਰ ਚਲਾ ਗਿਆ। ਉਥੋਂ ਉਸ ਨੇ ਪਿੱਛੇ ਮੁੜ ਕੇ ਦੇਖਦੇ ਹੋਏ, ਹੱਥ ਮਿਲਾ ਕੇ ‘ਬਾਈ ਬਾਈ’ ਕਿਹਾ ਤੇ ਆਪਣੀ ਏਅਰ ਸੇਵਾ ਦੇ ਕਾਊਂਟਰ ਵੱਲ ਵਧਦਾ ਹੋਇਆ ਅੱਖੋਂ ਓਹਲੇ ਹੋ ਗਿਆ।
ਸੋਚਿਆ ਸੀ, ਇਸ ਵਾਰ ਭਾਵੁਕ ਨਹੀਂ ਹੋਵਾਂਗਾ ਪਰ ਨਾਕਾਮ ਰਿਹਾ। ਅੰਦਰੂਨੀ ਦੁੱਖ ਨੇ ਹੰਝੂਆਂ ਦਾ ਰੂਪ ਲੈ ਲਿਆ। ਉਥੇ ਮੈਂ ਇਕੱਲਾ ਅਜਿਹਾ ਨਹੀਂ ਸੀ। ਬੈਰੀਕੇਡਾਂ ਨੂੰ ਹੱਥ ਪਾਈ ਅਣਗਿਣਤ ਲੋਕ ਆਪਣਿਆਂ ਤੋਂ ਦੂਰ ਹੋਣ ਵੇਲੇ ਤਰ-ਅੱਖੇ ਦਿਸੇ। ਉਥੇ ਹੀ ਬੈਂਚ ’ਤੇ ਬੈਠ ਗਿਆ। ਅੰਦਰੂਨੀ ਭਾਵਨਾ ਦੀ ਕਸ਼ਮਕਸ਼ ’ਚ ਉੱਠਿਆ, ਨਾਲ ਹੀ ਮੇਰੇ ਆਪੇ ਦੀ ਤਰਜਮਾਨ ਆਵਾਜ਼ ਉੱਠੀ, “ਇਹ ਜਾ ਕਿਉਂ ਰਿਹਾ? ਮੈਥੋਂ ਇਤਨੀ ਦੂਰ ਕਿਉਂ ਜਾ ਰਿਹਾ?” ਅਗਾਂਹ ਹਕੀਕੀ ਆਵਾਜ਼ ਗੂੰਜੀ, “ਸੁੱਖੀਂ ਸਾਂਦੀ ਜਾਵੇ ਵੀ ਕਿਉਂ ਨਾ। ਆਪਣੇ ਮਾਂ-ਬਾਪ, ਭੈਣ-ਭਰਾਵਾਂ ਵਿਚ ਜਾ ਰਿਹਾ ਹੈ। ਉਥੇ ਉਸ ਦੇ ਆਪਣੇ ਰੁਝੇਵੇਂ ਹਨ।” ਇੰਨੇ ਨੂੰ ਵਾਅਦੇ ਅਨੁਸਾਰ ਉਸ ਦਾ ਸੰਦੇਸ਼ ਆ ਗਿਆ: ‘ਸਮਾਨ ਚੈੱਕ ਅਤੇ ਬੋਰਡਿੰਗ ਪਾਸ ਲੈ ਕੇ ਇਮੀਗਰੇਸ਼ਨ ਵੱਲ ਜਾ ਰਿਹਾ ਹਾਂ।’ ਕੁਝ ਹਲਕਾ-ਹਲਕਾ ਮਹਿਸੂਸ ਹੋਇਆ।
ਉਂਝ, ਅੰਦਰੂਨੀ ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਰਿਹਾ। ਅੰਦਰੋਂ ਆਵਾਜ਼ ਆਈ, “ਮੈਂ ਉਸ ਦਾ ਦਾਦਾ ਹਾਂ। ਉਹ ਮੇਰੇ ਹੱਥਾਂ ’ਚ ਵੱਡਾ ਹੋਇਆ, ਉਹਨੂੰ ਜਾਨ ਤੋਂ ਵੀ ਜ਼ਿਆਦਾ ਪਿਆਰਦਾ ਹਾਂ।” ਜਵਾਬ ਮਿਲਿਆ, “ਠੀਕ ਹੈ, ਤੂੰ ਰਿਸ਼ਤੇਦਾਰ ਹੈਂ। ਉਧਰ ਉਹਦੇ ਮਾਂ-ਬਾਪ, ਭੈਣ-ਭਰਾ ਵੀ ਉਹਨੂੰ ਬਹੁਤ ਪਿਆਰ ਕਰਦੇ। ਸ਼ੁਕਰ ਕਰ, ਉਹ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਸਮਾਂ ਕੱਢ ਕੇ ਤੇਰੇ ਕੋਲ ਬਾਰਾਂ ਦਿਨ ਲਗਾ ਗਿਆ। ਉਥੇ ਉਸ ਦੀਆਂ ਜ਼ਿੰਮੇਵਾਰੀਆਂ ਹਨ, ਨਵੀਂ ਨੌਕਰੀ ਵਿਚ ਉਸ ਨੇ ਆਪਣੀ ਕਾਬਲੀਅਤ ਦਾ ਸਬੂਤ ਦੇਣਾ ਹੈ। ਤੂੰ ਇਹ ਕਿਉਂ ਭੁੱਲ ਰਿਹਾ ਹੈਂ ਕਿ ਉਹ ਮੌਲਦੀ ਜਵਾਨੀ ਵਿਚ ਪੈਰ ਧਰ ਚੁੱਕਾ ਹੈ ਅਤੇ ਉਸ ਲਈ ਰੋਮਾਂਚ ਵੀ ਖਿੱਚ ਦਾ ਸਬਬ ਬਣ ਸਕਦਾ ਹੈ। ਉਹਨੇ ਆਪਣੇ ਭਵਿੱਖ ਦੇ ਆਦਰਸ਼ ਘੜਨੇ ਹਨ ਅਤੇ ਆਪਣੇ ਸੁਫ਼ਨਿਆਂ ਦੀ ਪੂਰਤੀ ਲਈ ਕਰਮਯੋਗੀ ਬਣਨਾ ਹੈ।”
ਬੈਠੇ-ਬੈਠੇ ਮੇਰਾ ਧਿਆਨ ਪੰਜਾਹਵਿਆਂ ਦੇ ਆਖਿ਼ਰੀ ਸਾਲਾਂ ਦੇ ਸਾਂਝੇ ਪਰਿਵਾਰਾਂ ਵੱਲ ਚਲਾ ਗਿਆ। ਪਿੰਡ ਦੇ ਮੁੰਦਰ ਸਿੰਘ ਦੇ ਪਰਿਵਾਰ ਦੀ ਤਸਵੀਰ ਤਾਜ਼ਾ ਹੋ ਆਈ। ਉਹ ਦਰਮਿਆਨੇ ਕੱਦ, ਸਾਂਵਲੇ ਰੰਗ, ਮੂੰਹ ’ਤੇ ਮਾਤਾ ਦੇ ਦਾਗਾਂ ਵਾਲਾ, ਸਫੇਦ ਕੱਪੜੇ ਪਹਿਨਣ ਵਾਲਾ, ਅੱਠਵੰਜਾ ਘੁਮਾਂ ਦਾ ਮਾਲਕ ਸੀ। ਉਹਦੇ ਤਿੰਨ ਮੁੰਡੇ, ਇਕ ਕੁੜੀ ਅਤੇ ਬਹੁਤ ਸਾਰੇ ਪੋਤਰੇ-ਪੋਤਰੀਆਂ ਸਨ। ਉਸ ਦੀ ਖੂਬੀ ਉਸ ਦੇ ਹੱਥ ਲੰਮਾ, ਵਲਾਂ ਵਾਲਾ ਖੂੰਡਾ ਹੁੰਦਾ ਸੀ ਜੋ ਕਦੇ-ਕਦੇ ਚਲਦਾ ਵੀ ਸੀ। ਬਾਹਰ ਕੰਚੇ ਗੋਲੀਆਂ ਖੇਡਦੇ ਪੋਤੇ ਆਪਣੇ ਬਾਬੇ ਨੂੰ ਦੇਖ ਕੇ ਗੋਲੀਆਂ ਵਿਚੇ ਛੱਡ ਦਿੰਦੇ ਅਤੇ ਉਨ੍ਹਾਂ ਦੀ ਪਦੀੜ ਪੈ ਜਾਂਦੀ ਸੀ। ਖੁੱਲ੍ਹੇ ਦਲਾਨ ਵਿਚ ਚਬੂਤਰੇ ’ਤੇ ਉਸ ਦਾ ਸੂਤ ਵਾਲਾ ਪਲੰਘ ਹੁੰਦਾ ਸੀ। ਉਥੇ ਹੀ ਉਸ ਦੀ ਵੱਡੀ ਨੂੰਹ (ਆਪਣੀਆਂ ਨੂੰਹਾਂ ਦੇ ਸਾਹਮਣੇ) ਘੁੰਡ ਕੱਢ ਕੇ ਉਸ ਨੂੰ ਰੋਟੀ-ਪਾਣੀ ਦਿੰਦੀ ਸੀ। ਦੋ ਹਲਾਂ ਦੀ ਵਾਹੀ, ਲਵੇਰੇ ਪਸ਼ੂ, ਬਲਦ, ਬੋਤੇ ਆਦਿ ਲਈ ਨੇੜੇ ਹੀ ਚਾਰ ਕਨਾਲੀ ਵਾੜਾ ਸੀ। ਸਾਰਾ ਕੰਮ ਘਰ ਦੇ ਲੋਕ ਹੀ ਕਰਦੇ ਸਨ। ਕਪਾਹ ਖਿੜਨ ਵੇਲੇ ਕਦੇ-ਕਦਾਈਂ ਚੁਗਾਵੀਆਂ ਲਾ ਲਈਆਂ ਜਾਂਦੀਆਂ ਸਨ।
... ਮੇਰੀ ਝੁੰਜਲਾਹਟ ਜੋ ਘਟਣ ਦਾ ਨਾਂ ਨਹੀਂ ਲੈ ਰਹੀ ਸੀ, ਬੋਲੀ, “ਮੈਂ ਵੀ ਮੁੰਦਰ ਸਿੰਘ ਅਤੇ ਉਸ ਜੈਸੇ ਮੇਲੂ ਸਿੰਘ ਤੇ ਮੱਖੇ ਨੰਬਰਦਾਰ ਵਰਗਾ ਦਾਦਾ ਹਾਂ। ਮੈਨੂੰ ਇਕੱਲਾ ਕਿਉਂ ਛੱਡਿਆ ਜਾ ਰਿਹੈ।” ਜਵਾਬ ਆਇਆ, “ਸਮੇਂ ਬਦਲ ਗਏ। ਹੁਣ ਬੱਚਿਆਂ ਅਤੇ ਅਗਾਂਹ ਉਨ੍ਹਾਂ ਦੇ ਬੱਚਿਆਂ ਦੀ ਰੋਜ਼ੀ ਰੋਟੀ ਦੇ ਸਾਧਨ ਅਤੇ ਜ਼ਰੂਰਤਾਂ ਬਦਲ ਗਈਆਂ। ਲੋਕ ਪਿਤਾ-ਪੁਰਖੀ ਕਾਰੋਬਾਰ ’ਤੇ ਨਿਰਭਰ ਨਹੀਂ ਕਰ ਸਕਦੇ। ਬੱਚਿਆਂ ਦੀ ਪੜ੍ਹਾਈ ਲਈ ਅੱਜ ਪਿੰਡਾਂ ਦੇ ਲੋਕ ਸ਼ਹਿਰਾਂ ਵੱਲ ਕੂਚ ਕਰ ਰਹੇ ਹਨ। ਛੋਟੇ ਸ਼ਹਿਰਾਂ ਦੇ ਲੜਕੇ ਡਾਕਟਰੀ, ਤਕਨੀਕੀ ਅਤੇ ਹੋਰ ਉੱਚ ਪੇਸ਼ਾਵਰ ਡਿਗਰੀਆਂ ਲੈ ਕੇ ਵੱਡੇ ਸ਼ਹਿਰਾਂ ਅਤੇ ਵਿਦੇਸ਼ਾਂ ਵਿਚ ਨੌਕਰੀਆਂ ਲੱਭ ਰਹੇ ਹਨ। ਤੇਰਾ ਆਪਣਾ ਵੱਡਾ ਪੁੱਤ ਵੀ ਵਿਦੇਸ਼ ਵਸ ਗਿਆ ਹੈ। ਦੂਜਾ ਪੁੱਤ ਭਾਵੇਂ ਉਸੇ ਸ਼ਹਿਰ ਤੇਰੇ ਨੇੜੇ ਅਲੱਗ ਰਹਿੰਦਾ ਹੈ ਪਰ ਉਸ ਦਾ ਪੁੱਤਰ (ਦੂਜਾ ਪੋਤਾ) ਜੋ ਅਮਰੀਕਾ ਵਿਚ ਉੱਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਉਹ ਵੀ ਵਿਦੇਸ਼ ਵਿਚ ਹੀ ਵਸੇਗਾ। ਮੁੰਦਰ ਸਿੰਘ ਜੈਸੇ ਲੋਕਾਂ ਦੇ ਬੱਚਿਆਂ ਦੀਆਂ ਰੋਟੀ, ਕੱਪੜਾ, ਮਕਾਨ ਦੀਆਂ ਸਾਦੀਆਂ ਲੋੜਾਂ ਘਰੋਂ ਹੀ ਪੂਰੀਆਂ ਹੋ ਜਾਂਦੀਆਂ ਸਨ।”
ਗੱਲ ਸਮਝੋਂ ਬਾਹਰ ਜਾ ਰਹੀ ਸੀ, ਇਸ ਲਈ ਗਿਲਾ ਜਾਰੀ ਰਿਹਾ, “ਇਸ ’ਚ ਮੇਰਾ ਕੀ ਕਸੂਰ ਹੈ? ਕੀ ਸਮੇਂ ਨੇ ਸਾਂਝੇ ਪਰਿਵਾਰਾਂ ਵਾਲੇ ਰਿਸ਼ਤੇ ਅਤੇ ਕਦਰਾਂ-ਕੀਮਤਾਂ ਖ਼ਤਮ ਕਰ ਦਿੱਤੀਆਂ?” “ਹਾਂ ਬਿਲਕੁਲ। ਮੁੰਦਰ ਸਿੰਘ ਦੇ ਲਾਣੇ ਦਾ ਵੱਡਾ ਦਾਇਰਾ ਸੀ ਜਿਸ ਵਿਚ ਛੋਟੇ ਵੱਡੇ, ਸਾਰੇ ਜੀਅ ਜੀਵੰਤ ਇਕਾਈਆਂ ਸਨ ਤੇ ਇਕ ਦੂਜੇ ਨਾਲ ਪਿਆਰ, ਇੱਜ਼ਤ, ਆਪਣਾਪਣ ਅਤੇ ਜ਼ਰੂਰਤਾਂ ਦੀਆਂ ਕੜੀਆਂ ਨਾਲ ਜੁੜੇ ਹੋਏ ਸਨ। ਅੱਜ ਬੱਚੇ ਪਬਜੀ, ਟਿਕ ਟੌਕ, ਇੰਸਟਾਗਰਾਮ ਆਦਿ ਵੀ ਖੇਡਾਂ ਵਿਚ ਲੱਗੇ ਹੋਏ ਹਨ। ਨੌਜਵਾਨ ਪੀੜ੍ਹੀ ਲਈ ਆਈਲੈੱਟਸ ਸਭ ਤੋਂ ਵੱਡੀ ਵਿਦਿਅਕ ਡਿਗਰੀ ਬਣ ਗਿਆ ਹੈ। ਬਾਕੀ ਵਡੇਰੀ ਉਮਰ ਦੇ ਲੋਕ ਘਰੇਲੂ, ਸਮਾਜਿਕ, ਆਰਥਿਕ, ਮਾਨਸਿਕ, ਦਫਤਰੀ ਚਿੰਤਾਵਾਂ, ਬਿਜਲੀ-ਪਾਣੀ ਦੀ ਘਾਟ ਤੋਂ ਦੁਖੀ ਰੋਜ਼ਾਨਾ ਭੱਜ-ਦੌੜ ’ਚ ਇਸ ਕਦਰ ਗੁਆਚ ਗਏ ਹਨ ਕਿ ਕਿਸੇ ਕੋਲ ਪਿਆਰ, ਹਮਦਰਦੀ, ਰਿਸ਼ਤਿਆਂ ਦੇ ਪਰਸਪਰ ਮੇਲ-ਜੋਲ ਅਤੇ ਸਮਾਜਿਕ ਰਲੇਵਿਆਂ ਲਈ ਨਾ ਸਮਾਂ ਹੈ ਅਤੇ ਨਾ ਹੀ ਸੋਚ। ਜੀਵਨ ਵਿੱਚੋਂ ਫੁਰਸਤ, ਖੁਸ਼ੀਆਂ, ਖੇੜੇ ਲੋਪ ਹੋ ਗਏ ਹਨ ਤੇ ਉਹ ‘ਕਮਾਉਣ ਤੇ ਖ਼ਰਚਣ’ ਦੇ ਚੱਕਰ ਵਿਚ ਮਨੁੱਖੀ ਜੀਵਨ ਗੁਆ ਰਿਹਾ ਹੈ।... ਤੇਰੇ ਹਾਣ ਦੇ ਮੁੰਦਰ ਸਿੰਘ ਦੇ ਆਪਣੇ ਪੋਤਰੇ ਖੁਦ ਦਾਦੇ ਬਣ ਕੇ ਆਪਣਾ ਹੋਣਾ ਲੱਭ ਰਹੇ ਹਨ। ਅਸਲ ’ਚ ਉਨ੍ਹਾਂ ਦੀ ਹੋਂਦ ਰਿਸ਼ਤਿਆਂ ਦੇ ਦਾਇਰੇ ’ਚ ਸਿਮਟ ਕੇ ਬਿੰਦੂ ਬਣ ਗਈ ਹੈ। ਤੂੰ ਵੀ ਪਰਿਵਾਰਕ ਦਾਇਰੇ ਵਿਚ ਅਲੱਗ-ਥਲੱਗ ਬਿੰਦੂ ਬਣ ਕੇ ਰਹਿ ਗਿਆ ਹੈਂ।”
ਇਤਨੇ ਨੂੰ ਦਕਸ਼ ਦੇ ਫੋਨ ਦੀ ਘੰਟੀ ਵੱਜੀ, “ਦਾਦੂ, ਜਹਾਜ਼ ’ਚ ਬੈਠ ਗਿਆਂ ਅਤੇ ਉਡਾਣ ਸ਼ੁਰੂ ਹੋਣ ਵਾਲੀ ਹੈ, ਪ੍ਰਣਾਮ।” ਮੈਂ ਜਿਗਰ ਦੇ ਟੁਕੜੇ ਨੂੰ “ਵਧੀਆ ਸਫ਼ਰ ਅਤੇ ਜੀਵਨ ਵਿਚ ਖੂਬ ਵਧਣ-ਫੁੱਲਣ” ਦੀ ਮੋੜਵੀਂ ਅਸੀਸ ਦੇ ਕੇ ਉੱਠ ਖੜ੍ਹਾ ਹੋਇਆ। ਰਸਤੇ ਵਿਚੋਂ ਨੌਰਮੈਨ ਵਿਨਸੈਂਟ ਪੀਲ ਦੀ ਕਿਤਾਬ ‘ਦਿ ਪਾਵਰ ਆਫ ਪਾਜਿ਼ਟਿਵ ਥਿੰਕਿੰਗ’ ਖਰੀਦੀ ਅਤੇ ਨਵੀਂ ਸੋਚ ਤੇ ਜਾਗ੍ਰਿਤੀ ਅਧੀਨ ਜੋਸ਼ ਨਾਲ ਵਾਪਸ ਚੱਲ ਪਿਆ।
ਸੰਪਰਕ: 95824-28184