For the best experience, open
https://m.punjabitribuneonline.com
on your mobile browser.
Advertisement

ਅਸੀਂ ਦੋਵੇਂ ਸਿੰਗਲ ਹਾਂ...

06:17 AM Jun 29, 2024 IST
ਅਸੀਂ ਦੋਵੇਂ ਸਿੰਗਲ ਹਾਂ
Advertisement

ਡਾ. ਅਨੁਪਮ ਦੀਪ ਆਜ਼ਾਦ

Advertisement

ਰੋਜ਼ ਵਾਂਗ ਸਵੇਰੇ ਕਲੀਨਿਕ ਪਹੁੰਚੀ ਤਾਂ ਉਹੀ ਬੇਬੇ ਬਾਪੂ ਜੀ ਪਹਿਲਾਂ ਹੀ ਪਹੁੰਚੇ ਹੋਏ ਸਨ। ਉਹ ਅਕਸਰ ਸਾਡੇ ਕੋਲ ਆਉਂਦੇ। ਮੈਂ ਸਤਿ ਸ੍ਰੀ ਆਕਾਲ ਬੁਲਾਈ ਅਤੇ ਆਪਣੀ ਸੀਟ ’ਤੇ ਬੈਠ ਗਈ। ਵੈਸੇ ਤਾਂ ਮੈਂ ਐੱਮਡੀ ਐਲੋਪੈਥੀ ਵਿਚ ਕੀਤੀ ਹੋਈ ਹੈ ਪਰ ਮੇਰਾ ਝੁਕਾਅ ਆਪਣੇ ਪਾਪਾ ਡਾ. ਅਮਰ ਸਿੰਘ ਆਜ਼ਾਦ ਵਾਂਗ ਲੋਕਾਂ ਨੂੰ ਕੁਦਰਤੀ ਤਰੀਕਿਆਂ ਨਾਲ ਠੀਕ ਕਰਨ ਵੱਲ ਹੈ; ਜਾਂ ਫਿਰ ਲੋਕਾਂ ਨੂੰ ਕੁਝ ਇਹੋ ਜਿਹੇ ਖਾਣ-ਪੀਣ ਤੇ ਰਹਿਣ-ਸਹਿਣ ਦੇ ਤਰੀਕੇ ਦੱਸੇ ਜਾਣ ਕਿ ਉਹ ਬਿਮਾਰ ਹੀ ਨਾ ਹੋਣ।
ਬਜ਼ੁਰਗਾਂ ਨੂੰ ਆਪਣੇ ਕੋਲ ਬੁਲਾਇਆ, ਹਾਲ ਚਾਲ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਉਹ ਕਾਫੀ ਠੀਕ ਸਨ। ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਦੀ ਰਫ਼ਤਾਰ, ਸਭ ਠੀਕ-ਠਾਕ ਸੀ। ਉਹ ਪ੍ਰਸੰਨ ਸਨ ਕਿ ਅੰਗਰੇਜ਼ੀ ਦਵਾਈਆਂ ਘਟ ਰਹੀਆਂ ਹਨ। ਫਿਰ ਕਹਿੰਦੇ- “ਡਾਕਟਰ ਸਾਹਿਬ, ਸਭ ਠੀਕ ਹੈ ਪਰ ਇੱਕ ਚੀਜ਼ ਠੀਕ ਨਹੀਂ ਹੋ ਰਹੀ।” ਪੁੱਛਿਆ ਤਾਂ ਕਹਿੰਦੇ, “ਰਾਤੀਂ ਬਲੱਡ ਪ੍ਰੈਸ਼ਰ ਵਧ ਜਾਂਦਾ।” ਮੇਰਾ ਅਗਲਾ ਪ੍ਰਸ਼ਨ ਸੀ, “ਤੁਸੀਂ ਕਿਤੇ ਸੋਚਾਂ ’ਚ ਤਾਂ ਨਹੀਂ ਡੁੱਬੇ ਰਹਿੰਦੇ?” ਉਹ ਕੁਝ ਚਿਰ ਲਈ ਚੁੱਪ ਹੋ ਗਏ, ਫਿਰ ਬੋਲੇ, “ਡਾਕਟਰ ਸਾਹਿਬ, ਸੋਚਣਾ ਕੀ ਐ, ਅਸੀਂ ਦੋਵੇਂ ਜਣੇ ਸਿੰਗਲ ਹਾਂ, ਬੱਸ ਕੰਮ ਚੱਲੀ ਜਾਂਦਾ।” ਇਹ ਸ਼ਬਦ ਸੁਣ ਕੇ ਮੈਂ ਹੱਸ ਪਈ। ਜਦੋਂ ਬਜ਼ੁਰਗਾਂ ਨੂੰ ਪਤਾ ਲੱਗਿਆ ਕਿ ਉਹ ਕੀ ਬੋਲ ਗਏ ਹਨ ਤਾਂ ਉਹ ਵੀ ਮੁਸਕਰਾ ਪਏ। ਗੱਲ ਆਈ ਗਈ ਹੋ ਗਈ ਪਰ ਉਨ੍ਹਾਂ ਦੇ ਕਹੇ ਸ਼ਬਦ ਮੇਰੇ ਦਿਮਾਗ ਵਿਚੋਂ ਨਾ ਨਿਕਲੇ। ਕਿੰਨਾ ਦਰਦ ਬਿਆਨ ਕਰ ਰਹੇ ਸੀ ਇਹ ਸ਼ਬਦ- ‘ਦੋਵੇਂ ਜਣੇ ਸਿੰਗਲ!’
ਇਹ ਆਪਣੇ ਪੰਜਾਬ ਦੀ ਅੱਜ ਦੀ ਕਹਾਣੀ ਹੈ। ਵੱਡੇ-ਵੱਡੇ ਆਲੀਸ਼ਾਨ ਮਕਾਨ, ਮਕਾਨ ਦੇ ਇਕ ਕਮਰੇ ਵਿਚ ਰਹਿੰਦਾ ਬਿਰਧ ਜੋੜਾ, ਘਰ ਦੀ ਰਾਖੀ ਵਾਸਤੇ ਨੌਕਰ ਜਾਂ ਕੁੱਤਾ; ਬਹੁਤੇ ਘਰਾਂ ਵਿਚ ਬੱਸ ਇੰਨਾ ਕੁ ਬਚਿਆ ਦਿਸਦਾ ਹੈ ਪੰਜਾਬ।
ਉਨ੍ਹਾਂ ਦੇ ਜਾਣ ਪਿੱਛੋਂ ਕਿੰਨੀ ਦੇਰ ਉਨ੍ਹਾਂ ਜਵਾਨ ਬੱਚਿਆਂ ਬਾਰੇ ਸੋਚਦੀ ਰਹੀ ਜਿਹੜੇ ਬਿਹਤਰ ਜ਼ਿੰਦਗੀ ਦੀ ਆਸ ਵਿਚ ਬਾਹਰਲੇ ਮੁਲਕੀਂ ਚਲੇ ਗਏ ਪਰ ਕੀ ਉਹ ਸੱਚਮੁੱਚ ਬਿਹਤਰ ਜ਼ਿੰਦਗੀ ਜੀਅ ਰਹੇ ਹਨ?
ਮੇਰੇ ਕਈ ਮਰੀਜ਼ ਬਾਹਰਲੇ ਮੁਲਕਾਂ ਵਿੱਚ ਵੀ ਹਨ। ਅਸੀਂ ਬਾਹਰਲੇ ਮੁਲਕਾਂ ਵਿੱਚ ਵੀਡੀਓ ਕਾਲ ਰਾਹੀਂ ਸਲਾਹ-ਮਸ਼ਵਰਾ ਦਿੰਦੇ ਹਾਂ। ਇਨ੍ਹਾਂ ਵਿਚ ਬਹੁਤ ਸਾਰੇ ਮੁੰਡੇ ਕੁੜੀਆਂ 25 ਤੋਂ 30 ਸਾਲ ਦੀ ਉਮਰ ਦੇ ਵੀ ਹਨ। ਉਥੇ ਬਹੁਤ ਸਾਰੇ ਬੱਚੇ ਸਵੇਰੇ 7 ਤੋਂ ਰਾਤੀਂ 10 ਵਜੇ ਤੱਕ ਕੰਮ ਕਰਦੇ ਹਨ, ਦੋ-ਦੋ ਸ਼ਿਫਟਾਂ ਲਾਉਂਦੇ ਤੇ ਖਾਣ-ਪੀਣ ਦੇ ਨਾਮ ’ਤੇ ਜੋ ਵੀ ਬਾਜ਼ਾਰ ਵਿਚ ਬਣਿਆ-ਬਣਾਇਆ ਮਿਲ ਜਾਵੇ, ਢਿੱਡ ਭਰਨ ਦੀ ਕੋਸਿ਼ਸ਼ ਕਰਦੇ ਹਨ। ਹੈਰਾਨੀਜਨਕ ਹੈ ਕਿ ਜੋ ਬਿਮਾਰੀਆਂ ਅੱਧਖੜ੍ਹ ਉਮਰ ਦੇ ਸ਼ਖ਼ਸ ਨੂੰ ਹੁੰਦੀਆਂ ਸਨ, ਉਹ ਅੱਜ ਇਸ ਉਮਰ ਵਿਚ ਹੋ ਰਹੀਆਂ ਹਨ। 26 ਸਾਲ ਦੇ ਬੱਚੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ। 27-28 ਸਾਲ ਦੇ ਮੁੰਡਿਆਂ ਦੇ ਗੁਰਦੇ ਖਰਾਬ ਹੋ ਰਹੇ ਹਨ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ; ਪਤਾ ਨਹੀਂ ਹੋਰ ਕੀ ਕੀ! ਬਹੁਤੇ ਬੱਚੇ ਡਿਪਰੈੱਸ਼ਨ ਦੇ ਸਿ਼ਕਾਰ ਹੋ ਰਹੇ ਹਨ। ਇੱਕ ਬੱਚੇ ਨਾਲ ਗੱਲ ਹੋ ਰਹੀ ਸੀ। ਉਹ ਟਰੱਕ ਚਲਾਉਂਦਾ ਹੈ। ਡਾਇਟ ਬਾਰੇ ਪੁੱਛਿਆ ਤਾਂ ਉਸ ਦੱਸਿਆ ਕਿ ਰੋਟੀ ਉਹ ਘਰ ਹੀ ਬਣਾ ਲੈਂਦਾ ਹੈ ਤੇ ਟਰੱਕ ’ਤੇ ਜਾਣ ਲੱਗੇ ਨਾਲ ਲੈ ਕੇ ਜਾਂਦਾ ਹੈ। ਉੱਥੇ ਟਰੱਕ ਦੇ ਵਿੱਚ ਹੀ ਫਰਿੱਜ ਹੁੰਦਾ, ਉਹ ਤਿੰਨ ਦਿਨ ਤੱਕ ਉਹੀ ਰੋਟੀ ਖਾਂਦਾ ਹੈ।
ਮਾਵਾਂ ਦੇ ਘਿਉ ਮੱਖਣ ਲਾ ਕੇ ਪਰੌਂਠੇ ਖੁਆ ਕੇ ਲਾਡਾਂ ਨਾਲ ਪਾਲੇ ਬੱਚੇ ਫਰਿੱਜ ਵਿਚ ਰੱਖੀਆਂ ਤਿੰਨ ਦਿਨ ਬੇਹੀਆਂ ਰੋਟੀਆਂ ਖਾਂਦੇ ਹਨ। ਜਦੋਂ ਕਈ ਕਿੱਲਿਆਂ ਦਾ ਮਾਲਕ, ਛੇ ਫੁੱਟ ਦਾ ਗੱਭਰੂ ਇਹ ਕਹਿੰਦਾ ਹੈ ਕਿ ਡਰਾਈਵਰੀ ਕਰਦਾ ਹਾਂ ਜਾਂ ਪੀਜ਼ਿਆਂ ਦੀ ਡਿਲਿਵਰੀ ’ਤੇ ਲੱਗਿਆ ਹੋਇਆਂ ਤਾਂ ਦਿਲ ਅੰਦਰੋਂ ਚੀਸ ਜਿਹੀ ਉੱਠਦੀ ਹੈ। ਕੰਮ ਭਾਵੇਂ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਉੱਥੇ ਜਾ ਕੇ ਬੰਦਾ ਸਵੈ-ਮਾਨ ਪਾਸੇ ਰੱਖ, ਕੋਈ ਵੀ ਕੰਮ ਕਰਨ ਨੂੰ ਮਜਬੂਰ ਹੋ ਜਾਂਦਾ ਹੈ; ਉਹ ਵੀ ਜਿਨ੍ਹਾਂ ਨੇ ਕਦੇ ਪਾਣੀ ਦਾ ਗਲਾਸ ਆਪ ਭਰ ਕੇ ਨਹੀਂ ਪੀਤਾ ਹੁੰਦਾ! ਜਦੋਂ ਕੁਝ ਸਾਲਾਂ ਬਾਅਦ ਸੁਫ਼ਨੇ ਪੂਰੇ ਨਹੀਂ ਹੁੰਦੇ ਤਾਂ ਅਗਲੀਆਂ ਬਿਮਾਰੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ- ਅਖੇ, ਮੈਨੂੰ ਨੀਂਦ ਨਹੀਂ ਆਉਂਦੀ, ਘਬਰਾਹਟ ਹੁੰਦੀ ਹੈ, ਸਟ੍ਰੈੱਸ ਹੈ, ਡਿਪ੍ਰੈੱਸ਼ਨ ਹੈ ਅਤੇ ਹੋਰ ਪਤਾ ਨਹੀਂ ਕੀ ਕੁਝ! ਅਜਿਹੇ ਬੱਚੇ ਨਸਿ਼ਆਂ ਵੱਲ ਸਹਿਜੇ ਹੀ ਧੱਕੇ ਜਾਂਦੇ ਹਨ।
ਇਹ ਤਾਂ ਹੋਈ ਬਾਹਰ ਗਏ ਬੱਚਿਆਂ ਦੀ ਗੱਲ, ਜਿਹੜੇ ਮਾਪੇ ਇਥੇ ਪਿੱਛੇ ਰਹਿ ਗਏ- ਦੋਵੇਂ ਜਣੇ ਸਿੰਗਲ! ਕਿੱਥੇ ਤਾਂ ਘਰ ਨੂੰਹ ਪੁੱਤ ਅਤੇ ਦੋਹਤਰਿਆਂ-ਪੋਤਰਿਆਂ ਦੀਆਂ ਕਿਲਕਾਰੀਆਂ ਨਾਲ ਗੂੰਜ ਰਿਹਾ ਹੁੰਦਾ ਤੇ ਉਨ੍ਹਾਂ ਨੂੰ ਖਿਡਾ ਕੇ, ਵਧਦਿਆਂ-ਫੁਲਦਿਆਂ ਦੇਖ ਕੇ ਸਕੂਨ ਭਰੀ ਜ਼ਿੰਦਗੀ ਜੀਅ ਰਹੇ ਹੁੰਦੇ; ਤੇ ਕਿੱਥੇ ਹੁਣ ਬੱਚਿਆਂ ਨਾਲ ਫੋਨ ’ਤੇ ਜਾਂ ਵੀਡੀਓ ਕਾਲ ’ਤੇ ਗੱਲ ਹੁੰਦੀ ਹੈ। ਬੱਚਿਆਂ ਦੇ ਬੱਚਿਆਂ ਨੂੰ ਉਹ ਵੀਡੀਓ ’ਤੇ ਹੀ ਵੱਡੇ ਹੁੰਦੇ ਦੇਖਦੇ ਹਨ। ਜਦੋਂ ਉਹ ਕਲੀਨਿਕ ਆਉਂਦੇ ਹਨ ਤਾਂ ਉਨ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਗੋਡੇ ਦੁਖਦੇ, ਮੋਢੇ ਦੁਖਦੇ, ਧੜਕਣ ਵਧਦੀ ਹੈ, ਨੀਂਦ ਨਹੀਂ ਆਉਂਦੀ; ਜੇ ਨੀਂਦ ਆਉਂਦੀ ਹੈ ਤਾਂ ਮਨ ਸੌਂਦਾ ਨਹੀਂ। ਮੈਨੂੰ ਭਲੀ-ਭਾਂਤੀ ਪਤਾ ਹੁੰਦਾ ਕਿ ਇਨ੍ਹਾਂ ਬਿਮਾਰੀਆਂ ਦੀ ਜੜ ਸਰੀਰਕ ਨਹੀਂ, ਮਾਨਸਿਕ ਹੈ। ਗੱਠ ਤਾਂ ਮਨ ਵਿਚ ਹੈ। ਇਹ ਜਿਹੜਾ ਵਰਤਾਰਾ ਚੱਲ ਰਿਹਾ, ਇਸ ਵਿਚੋਂ ਕੌਣ ਕੀ ਖੱਟ ਰਿਹਾ ਹੈ? ਬੱਚੇ ਕੰਮ ਦੀ ਭਾਲ ਜਾਂ ਸੌਖੀ ਜਿ਼ੰਦਗੀ ਦੇ ਸੁਫ਼ਨੇ ਲੈਂਦੇ ਬਾਹਰ ਜਾ ਰਹੇ ਹਨ, ਮਾਪੇ ਇਕੱਲਤਾ ਦਾ ਸੰਤਾਪ ਝੱਲ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਹ ਵੱਡੀ ਸੱਮਸਿਆ ਦਾ ਰੂਪ ਧਾਰਨ ਕਰ ਸਕਦਾ ਹੈ। ਪਹਿਲਾਂ ਹੀ ਮਨੋਵਿਗਿਆਨਿਕ ਰੋਗੀਆਂ ਦੀ ਗਿਣਤੀ ਵਧ ਰਹੀ ਹੈ। ਬਦਲ ਰਹੇ ਇਸ ਸਮਾਜਿਕ, ਮਨੋਵਿਗਿਆਨਿਕ ਅਤੇ ਭਾਵਨਾਤਮਕ ਵਰਤਾਰੇ ਦੇ ਕੀ ਕਾਰਨ ਹਨ, ਇਸ ਬਾਰੇ ਸਿਆਸੀ ਅਤੇ ਸਮਾਜਿਕ ਪੱਧਰ ’ਤੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ ਤੇ ਇਸ ਹੱਲ ਕੱਢਣਾ ਚਾਹੀਦਾ ਹੈ।
ਬਾਹਰ ਗਏ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਜੇ ਉਹ ਸੈੱਟ ਹੋ ਗਏ ਹਨ ਤਾਂ ਵਧੀਆ; ਨਹੀਂ ਤਾਂ ਵਾਪਸ ਪੰਜਾਬ ਆਉਣ ਤੋਂ ਗੁਰੇਜ਼ ਨਾ ਕਰਨ। ਮਿਹਨਤ ਕਰਨ ਵਾਲਿਆਂ ਦੀ ਕਦਰ ਹਰ ਥਾਂ ਪੈਂਦੀ ਹੈ, ਦੇਸ਼ ਹੋਵੇ ਜਾਂ ਵਿਦੇਸ਼। ਉਂਝ ਸਾਡੀਆਂ ਸਰਕਾਰਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਸਿਖਲਾਈ ਅਨੁਸਾਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ। ਯਤਨ ਕਰੋ ਕਿ ਕੋਈ ਵੀ ਬਜ਼ੁਰਗ ਜੋੜਾ ਇਹ ਨਾ ਮਹਿਸੂਸ ਕਰੇ ਕਿ ‘ਅਸੀਂ ਸਿੰਗਲ ਹਾਂ’।
ਸੰਪਰਕ: 98889-48908

Advertisement
Author Image

joginder kumar

View all posts

Advertisement
Advertisement
×