For the best experience, open
https://m.punjabitribuneonline.com
on your mobile browser.
Advertisement

ਚਿੱਕੜ ’ਤੇ ਉਗਮਦੇ ਸ਼ਬਦ

07:46 AM Nov 08, 2024 IST
ਚਿੱਕੜ ’ਤੇ ਉਗਮਦੇ ਸ਼ਬਦ
Advertisement

ਕਮਲਜੀਤ ਸਿੰਘ ਬਨਵੈਤ

ਜਦੋਂ ਮੈਂ ਪ੍ਰਾਇਮਰੀ ਪਾਸ ਕੀਤੀ, ਉਦੋਂ ਪਹਿਲੀ ਪੱਕੀ ਤੋਂ ਪੰਜਵੀਂ ਤੱਕ ਸਾਰੇ ਬੱਚੇ ਪਾਸ ਕਰਨ ਦਾ ਰਿਵਾਜ਼ ਨਹੀਂ ਸੀ। ਅਸੀਂ ਪੰਜਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੀਤੀ ਸੀ। ਇਮਤਿਹਾਨ ਕੇਂਦਰ ਮੇਰੇ ਪਿੰਡ ਉੜਾਪੜ ਤੋਂ ਕੁਝ ਕਿਲੋਮੀਟਰ ਦੂਰ ਸਰਕਾਰੀ ਹਾਈ ਸਕੂਲ ਮੀਲਪੁਰ ਲੱਖਾ ਬਣਿਆ। ਮੀਲਪੁਰ ਲੱਖਾ ਦੇ ਬਾਹਰਵਾਰ ਦੋ ਸੂਏ (ਨਹਿਰਾਂ) ਇੱਕੋ ਪੁਲ ਹੇਠਾਂ ਆ ਕੇ ਡਿੱਗਦੇ ਹਨ ਜਿਸ ਨੂੰ ਝਰਨਾ ਕਹਿੰਦੇ ਹਨ। ਝਰਨਾ ਦੇਖਣ ਦੇ ਚਾਅ ਕਰ ਕੇ ਮੀਲਪੁਰ ਲੱਖਾ ਦੀ ਵਾਟ ਲੰਮੀ ਨਾ ਲੱਗਦੀ।
ਪੰਜਵੀਂ ਤੱਕ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮੈਂ ਆਪਣੇ ਤਾਏ ਦੇ ਮੁੰਡੇ ਜਸਵੀਰ ਨਾਲ ਮੱਝਾਂ ਚਾਰਨ ਜਾਂਦਾ ਰਿਹਾ ਸਾਂ। ਉਹਨੇ ਮੈਨੂੰ ਪਸ਼ੂ ਹੱਕਣੇ ਸਿਖਾਏ, ਮੋੜਨੇ ਵੀ। ਪਾਣੀ ਵਿੱਚ ਤੈਰਨਾ ਵੀ ਉਹਨੇ ਹੀ ਸਿਖਾਇਆ ਸੀ। ਪਹਿਲਾਂ ਉਹਨੇ ਮੈਨੂੰ ਨਾਲ ਲੈ ਕੇ ਖੂਹ ਵਿੱਚ ਛਾਲ ਮਾਰ ਦੇਣੀ, ਫਿਰ ਦੋ-ਚਾਰ ਵਾਰ ਹੱਥ ਪੈਰ ਮਾਰਨ ਤੋਂ ਬਾਅਦ ਖੂਹ ਦੀ ਮਾਲ੍ਹ (ਟਿੰਡਾਂ) ਫੜ ਕੇ ਬਾਹਰ ਨਿਕਲਣ ਦਾ ਗੁਰ ਦੱਸ ਦਿੱਤਾ। ਥੋੜ੍ਹਾ ਤਾਰੂ ਹੋਇਆ ਤਾਂ ਛੱਪੜ ਵਿੱਚ ਮੱਝਾਂ ਵਾੜ ਕੇ ਮਗਰ-ਮਗਰ ਤੈਰਦੇ ਰਹਿਣਾ। ਡੂੰਘੇ ਪਾਣੀ ਵਿੱਚ ਥੱਲੇ ਪੈਰ ਨਾ ਲੱਗਣੇ ਤਾਂ ਮੱਝ ਦੀ ਪਿੱਠ ’ਤੇ ਚੜ੍ਹ ਜਾਣਾ। ਉਂਝ, ਜਸਵੀਰ ਮੈਨੂੰ ਤੈਰਨਾ ਐਵੇਂ ਨਹੀਂ ਸੀ ਸਿਖਾਉਂਦਾ; ਬਦਲੇ ਵਿੱਚ ਉਹਦੀਆਂ ਦੂਰ ਗਈਆਂ ਮੱਝਾਂ ਦੀ ਮੋੜੀ ਕਰਨੀ ਪੈਂਦੀ ਸੀ। ਸਾਡੇ ਆਲੇ-ਦੁਆਲੇ ਦੇ ਅੱਠ-ਦਸ ਪਿੰਡਾਂ ਵਿੱਚ ਸੇਮ ਪੈ ਗਈ ਸੀ। ਕੋਈ ਫ਼ਸਲ ਹੁੰਦੀ ਨਹੀਂ ਸੀ। ਖੜ੍ਹੇ ਪਾਣੀ ਵਿੱਚ ਪਹਾੜੀ ਘਾਹ ਜਾਂ ਬੂੰਈ ’ਤੇ ਮੱਝਾਂ ਛੱਡ ਦੇਣੀਆਂ। ਖੇਤਾਂ ਵਿੱਚ ਵਿਰਲੇ-ਵਿਰਲੇ ਥਾਈਂ ਕਲਰ ਫੁੱਲਿਆ ਹੁੰਦਾ ਸੀ।
ਉਨ੍ਹੀਂ ਦਿਨੀਂ ਨਹਾਉਣ ਲਈ ਸਾਬਣ ਘੱਟ ਵੱਧ ਹੀ ਵਰਤਿਆ ਜਾਂਦਾ ਸੀ। ਅਸੀਂ ਪਿੰਡੇ ਨੂੰ ਕੱਲਰ ਮਲ ਕੇ ਖੂਹ ਜਾਂ ਛੱਪੜ ਵਿੱਚ ਨਹਾ ਲੈਣਾ। ਉਦੋਂ ਪਿੰਡ ਦੇ ਖੇਤਾਂ ਵਿੱਚ ਖੂਹ ਦਾ ਪਾਣੀ ਬਸ ਅੱਠ-ਦਸ ਫੁੱਟ ’ਤੇ ਹੁੰਦਾ ਸੀ। ਪਸ਼ੂ ਚਾਰ ਕੇ ਵਾਪਸ ਆਉਣ ਵੇਲੇ ਸਾਫੇ ਦੇ ਲੜ ਨਾਲ ਕੱਲਰ ਬੰਨ੍ਹ ਕੇ ਘਰ ਲੈ ਆਉਣਾ। ਬੇਬੇ ਘਰ ਦੇ ਖੇਸ, ਗਰਮ ਪਾਣੀ ਵਿੱਚ ਕਲਰ ਪਾ ਕੇ ਚਿੱਟੇ ਕੱਢ ਦਿੰਦੀ। ਸਿਰ ਨਹਾਉਣ ਲਈ ਸਾਰੇ ਟੱਬਰ ਵਾਸਤੇ ਖਾਕੀ ਜਿਹੇ ਸਾਬਣ ਦੀ ਇੱਕੋ ਮੋਟੀ ਟਿੱਕੀ ਹੁੰਦੀ ਸੀ। ਨਲਕੇ ਵੀ ਟਾਵੇਂ-ਟਾਵੇਂ ਘਰ ਹੁੰਦੇ ਸਨ। ਤੀਲਾਂ ਵਾਲੀ ਡੱਬੀ ਵੀ ਕਿਸੇ ਵਿਰਲੇ ਘਰ ਹੀ ਹੁੰਦੀ। ਜ਼ਿਆਦਾਤਰ ਲੋਕ ਗੁਆਂਢੀਆਂ ਦੇ ਘਰੋਂ ਅੱਗ ਵਾਲੀ ਪਾਥੀ ਲੈ ਕੇ ਚੁੱਲ੍ਹਾ ਜਾਂ ਭੱਠੀ ਤਪਾ ਲੈਂਦੇ। ਬੇਬੇ ਨੇ ਕਈ ਵਾਰ ਚੁੱਲ੍ਹੇ ਦੀ ਸੁਆਹ ਹੇਠ ਅੱਗ ਵਾਲੀ ਅੱਧੀ ਪਾਥੀ ਦੱਬ ਦੇਣੀ। ਫਿਰ ਸਵੇਰੇ ਉਹ ਭੂਕਨੇ ਦੀਆਂ ਫੂਕਾਂ ਨਾਲ ਉਸੇ ਪਾਥੀ ਨਾਲ ਮੁੜ ਅੱਗ ਬਾਲ ਲੈਂਦੀ।
ਪਿੰਡ ਵਿੱਚ ਪ੍ਰਾਇਮਰੀ ਤੱਕ ਸਕੂਲ ਸੀ, ਛੇਵੀਂ ਲਈ ਨਾਲ ਲੱਗਦੇ ਪਿੰਡ ਚੱਕਦਾਨਾ ਦੇ ਵੱਡੇ ਸਕੂਲ ਵਿੱਚ ਪੜ੍ਹਨ ਜਾਣਾ ਸੀ। ਬੜਾ ਚਾਅ ਸੀ ਖਾਲਸਾ ਹਾਈ ਸਕੂਲ ਜਾਣ ਦਾ। ਪੰਜਵੀਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਮੈਂ ਤਾਏ ਦੇ ਮੁੰਡੇ ਨੂੰ ਏਬੀਸੀ ਸਿਖਾਉਣ ਲਈ ਕਿਹਾ। ਉਹ ਮੱਝਾਂ ਦੀਆਂ ਮੋੜੀਆਂ ਕਰਨ ਬਦਲੇ ਮੈਨੂੰ ਏਬੀਸੀ ਸਿਖਾਉਣ ਲਈ ਮੰਨ ਗਿਆ। ਉਹ ਮੈਥੋਂ ਦੋ ਕਲਾਸਾਂ ਅੱਗੇ ਪੜ੍ਹਦਾ ਸੀ।
ਸੇਮ ਵਾਲੇ ਖੇਤਾਂ ਵਿੱਚ ਪਾਣੀ ਤਾਂ ਇੱਕ ਤਰ੍ਹਾਂ ਉੱਪਰ ਹੀ ਪਿਆ ਹੁੰਦਾ ਸੀ, ਮੱਝਾਂ ਚਾਰਨ ਵਾਲੇ ਡੰਡਿਆਂ ਨੂੰ ਅੱਗਿਓਂ ਤਿੱਖੇ ਕਰ ਕੇ ਟੋਆ ਪੁੱਟ ਲੈਣਾ ਅਤੇ ਟੋਏ ਵਿੱਚੋਂ ਨਿਕਲਿਆ ਚਿੱਕੜ ਵਿਛਾ ਕੇ ਜਸਵੀਰ ਵੀਰੇ ਨੂੰ ਏਬੀਸੀ ਸਿਖਾਉਣ ਲਈ ਕਹਿਣਾ। ਬਹੁਤ ਵਾਰ ਛੱਪੜ ਵਿੱਚੋਂ ਚਿੱਕੜ ਕੱਢ ਕੇ ਕੰਢੇ ’ਤੇ ਵਿਛਾ ਲੈਣੀ ਅਤੇ ਫਿਰ ਉਸ ਉੱਪਰ ਏਬੀਸੀ ਲਿਖਣੀ ਸਿੱਖਣੀ। ਜਸਵੀਰ ਨੇ ਏ ਤੋਂ ਜ਼ੈੱਡ ਤੱਕ ਲਿਖਣਾ ਸਿਖਾਇਆ, ਨਾਲ ਹੀ ਮੈਂ ਅੰਗਰੇਜ਼ੀ ਵਿੱਚ ਆਪਣਾ ਨਾਂ ਲਿਖਣਾ ਸਿੱਖ ਲਿਆ।
ਛੁੱਟੀਆਂ ਖ਼ਤਮ ਹੋਣ ਤੱਕ ਮੈਂ ਅੰਗਰੇਜ਼ੀ ਦੇ ਦੋ ਅੱਖਰ ਜੋੜ ਕੇ ਸ਼ਬਦ ਬੋਲਣ ਲੱਗ ਪਿਆ ਸੀ। ਹਾਈ ਸਕੂਲ ਵਿੱਚ ਦਾਖਲਾ ਲਿਆ ਤਾਂ ਅੰਗਰੇਜ਼ੀ ਦੇ ਪੀਰੀਅਡ ਵਿੱਚ ਮਾਸਟਰ ਜੀ ਦੇ ਬੋਲਣ ਤੋਂ ਪਹਿਲਾਂ ਹੀ ਮੈਂ ਹੱਥ ਖੜ੍ਹਾ ਕਰ ਕੇ ‘ਆਈਟੀ ਇਟ’ ਅਤੇ ‘ਆਈਐੱਸ ਇਜ਼’ ਦੱਸ ਦੇਣਾ। ਸਮਾਜਿਕ ਵਿਗਿਆਨ ਵਾਲੇ ਮਾਸਟਰ ਅਵਤਾਰ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ। ਉਦੋਂ ਸਕੂਲਾਂ ਵਿੱਚ ਅੰਗਰੇਜ਼ੀ ਵਾਲੀ ਅਸਾਮੀ ਨਹੀਂ ਸੀ ਹੁੰਦੀ। ਮਾਸਟਰ ਅਵਤਾਰ ਸਿੰਘ ਨੇ ਆਪ ਬੈਠੇ ਰਹਿਣਾ ਅਤੇ ਮੈਨੂੰ ਕਲਾਸ ਵਿੱਚ ਏਬੀਸੀ ਅਤੇ ‘ਆਈਟੀ ਇਟ’ ਪੜ੍ਹਾਉਣ ਲਾ ਦੇਣਾ।
ਕਲਾਸ ਇੰਚਾਰਜ ਮਾਸਟਰ ਸੋਹਣ ਸਿੰਘ ਨੇ ਮੈਨੂੰ ਆਪਣੀ ਜਮਾਤ ਦਾ ਮਨੀਟਰ ਬਣਾ ਦਿੱਤਾ। ਮੇਰੀ ਡਿਊਟੀ ਸਵੇਰੇ ਸਕੂਲ ਸ਼ੁਰੂ ਹੋਣ ਦੀ ਘੰਟੀ ਵੱਜਣ ਤੋਂ ਪਹਿਲਾਂ ਬੱਚਿਆਂ ਤੋਂ ਕਲਾਸ ਰੂਮ ਵਿੱਚ ਪਾਣੀ ਛਿੜਕਾ ਕੇ ਟਾਟ ਵਿਛਾਉਣ ਦੀ ਲਾ ਦਿੱਤੀ। ਪਹਿਲੀ ਤਿਮਾਹੀ ਦੀ ਪ੍ਰੀਖਿਆ ਵਿੱਚ ਮੈਂ ਕਈਆਂ ਤੋਂ ਪਿੱਛੇ ਰਹਿ ਗਿਆ ਤਾਂ ਮਾਸਟਰਾਂ ਨੇ ਮੈਥੋਂ ਮਨੀਟਰੀ ਛੁਡਵਾ ਲਈ।
ਹੁਣ ਜਦੋਂ ਮੇਰੇ ਪੁੱਤਰ ਨੇ ਮੇਰੀ ਡੇਢ ਸਾਲ ਦੀ ਪੋਤਰੀ ਨੂੰ ਅੰਗਰੇਜ਼ੀ, ਉੱਠਣ-ਬੈਠਣ ਅਤੇ ਖਾਣ-ਪੀਣ ਦੇ ਢੰਗ-ਤਰੀਕੇ ਸਿੱਖਣ ਲਈ ਮੌਂਟੈਸਰੀ ਵਿੱਚ ਦਾਖਲਾ ਦਿਵਾਇਆ ਤਾਂ ਖ਼ੁਦ ਨੂੰ ਚਿੱਕੜ ਵਿੱਚ ਉਂਗਲਾਂ ਨਾਲ ਏਬੀਸੀ ਲਿਖਦਾ ਦੇਖ ਰਿਹਾ ਸਾਂ। ਉਸ ਦਿਨ ਤਾਂ ਮੈਨੂੰ ਆਪਣੀ ਸਾਰੀ ਦੀ ਸਾਰੀ ਪੜ੍ਹਾਈ ਖੂਹ ਵਿੱਚ ਪੈਂਦੀ ਲੱਗੀ ਜਿਸ ਦਿਨ ਮੇਰੀ ਪੋਤਰੀ ਨੇ ਮੈਨੂੰ ਇਹ ਕਹਿ ਸੁਣਾਇਆ: “ਦਾਦੂ, ਮੇਰਾ ਨਾਂ ਅੰਗਰੇਜ਼ੀ ਵਿੱਚ ਅੰਬਰੀਨ ਨਹੀਂ, ਐਂਬਰੀਨ ਐ।”

Advertisement

ਸੰਪਰਕ: 98147-34035

Advertisement

Advertisement
Author Image

sukhwinder singh

View all posts

Advertisement