ਸ਼ਬਦ, ਸਬਕ ਤੇ ਸੁਨੇਹਾ
ਲੋਕਨਾਥ ਸ਼ਰਮਾ
ਸ਼ਬਦ ਬਹੁਤ ਵਾਰ ਬੜੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਹਥਿਆਰਾਂ ਵਾਲਾ ਕੰਮ ਕਰਦੇ ਹਨ। ਇਹ ਮਿੱਤਰ ਵੀ ਬਣਾਉਂਦੇ ਹਨ ਤੇ ਦੁਸ਼ਮਣ ਵੀ; ਇਨ੍ਹਾਂ ਦੀ ਬਦੌਲਤ ਮਨੁੱਖ ਦਿਲ ’ਚ ਵੀ ਉੱਤਰ ਜਾਂਦਾ ਹੈ ਤੇ ਦਿਲ ’ਚੋਂ ਵੀ ਉੱਤਰ ਜਾਂਦਾ ਹੈ। ਕਈ ਵਾਰ ਪਿਆਰਿਆਂ, ਨਿਆਰਿਆਂ ਤੇ ਸਚਿਆਰਿਆਂ ਦੇ ਸ਼ਬਦ ਪਹਿਲਾਂ ਕੌੜੇ ਲੱਗਦੇ ਹਨ ਪਰ ਬਾਅਦ ਵਿਚ ਵੱਡਾ ਸਬਕ ਤੇ ਸੁਨੇਹਾ ਬਣ ਜਾਂਦੇ ਹਨ।
ਗੱਲ 1969 ਦੀ ਹੈ। ਮੈਂ ਜੇਬੀਟੀ, ਗਿਆਨੀ ਕਰਨ ਤੋਂ ਬਾਅਦ ਡੀਏਵੀ ਹਾਈ ਸਕੂਲ ਮੁਸਤਫ਼ਾਬਾਦ (ਜ਼ਿਲ੍ਹਾ ਅੰਬਾਲਾ) ਵਿਚ ਅਧਿਆਪਨ ਕਾਰਜ ਦਾ ਸ਼ੁਭਆਰੰਭ ਕੀਤਾ। ਅੱਠਵੀਂ ਤੱਕ ਦੀਆਂ ਕਲਾਸਾਂ ਨੂੰ ਕਈ ਵਿਸ਼ੇ ਪੜ੍ਹਾਉਣ ਦੀ ਜਿ਼ੰਮੇਵਾਰੀ ਸੌਂਪੀ ਗਈ। ਸਕੂਲ ਮੁਖੀ ਬੜੇ ਸਿਆਣੇ ਤੇ ਬਜ਼ੁਰਗ ਪਰ ਸਖ਼ਤ ਮਿਜ਼ਾਜ ਸਨ। ਉਹ ਸਵੇਰ ਦੀ ਸਭਾ ਵਿਚ ਅਕਸਰ ਭਾਸ਼ਣ ਦਿੰਦੇ। ਮੈਨੂੰ ਸਕੂਲ ਵਿਚ ਪੜ੍ਹਾਉਂਦਿਆਂ ਦੋ ਮਹੀਨੇ ਹੀ ਹੋਏ ਸਨ, ਮੈਂ ਨੋਟ ਕੀਤਾ ਕਿ ਸਕੂਲ ਮੁਖੀ ਚੁਪਕੇ-ਚੁਪਕੇ, ਪੈਰ ਦੱਬ ਕੇ ਅਧਿਆਪਕ ਦੇ ਕਲਾਸ-ਕੰਟਰੋਲ ਅਤੇ ਪੜ੍ਹਾਉਣ ਦੇ ਢੰਗ ਦਾ ਜਾਇਜ਼ਾ ਲੈਂਦੇ ਰਹਿੰਦੇ।
ਇਸ ਮੁੱਖ ਅਧਿਆਪਕ ਦਾ ਨਾਉਂ ਤਾਂ ਹੁਣ ਮੈਨੂੰ ਯਾਦ ਨਹੀਂ ਪਰ ਉਨ੍ਹਾਂ ਦਾ ਸਲੀਕਾ-ਤਰੀਕਾ, ਪਹਿਰਾਵਾ, ਮੋਟੀਆਂ-ਮੋਟੀਆਂ ਐਨਕਾਂ ਅਤੇ ਸਿਰ ’ਤੇ ਸਜੀ ਪੱਗ ਦਾ ਲੰਮਾ ਲਟਕਦਾ ਲੜ ਅੱਜ ਵੀ ਯਾਦ ਹੈ। ਇਸ ਕਸਬੇ ਦਾ ਇੱਕੋ-ਇੱਕ, ਲਗਭਗ ਦੋ ਕਿਲੋਮੀਟਰ ਲੰਮਾ ਬਾਜ਼ਾਰ ਹੈ। ਸਾਡੀ ਰਿਹਾਇਸ਼ ਬਾਜ਼ਾਰ ਵਿਚ ਹੋਣ ਕਰ ਕੇ ਉਨ੍ਹਾਂ ਦੇ ਦਰਸ਼ਨ ਅਕਸਰ ਹੁੰਦੇ ਰਹਿੰਦੇ ਪਰ ਸਾਹਮਣੇ ਤੋਂ ਮਿਲਣ ਦਾ ਕਦੀ ਹੌਸਲਾ ਜਿਹਾ ਨਾ ਪੈਂਦਾ। ਜਾਣ-ਬੁੱਝ ਕੇ ਸੱਜੇ-ਖੱਬੇ ਹੋ ਜਾਣਾ। ਉਨ੍ਹਾਂ ਦੀ ਸ਼ਖ਼ਸੀਅਤ ਬੜੀ ਰੋਹਬਦਾਰ ਸੀ ਤੇ ਗੱਲਬਾਤ ਵਿਚ ਬੜਾ ਦਮ ਹੁੰਦਾ ਸੀ। ਸਕੂਲ ਵਿਚ ਅਧਿਆਪਕ ਹੋਣ ਦੇ ਬਾਵਜੂਦ ਮੈਨੂੰ ਉਨ੍ਹਾਂ ਤੋਂ ਕਿਸੇ ਵਿਦਿਆਰਥੀ ਵਾਂਗ ਡਰ ਲੱਗਦਾ ਸੀ ਭਾਵੇਂ ਉਹ ਕਿਸੇ ਨੂੰ ਕੁਝ ਵੀ ਨਹੀਂ ਸਨ ਕਹਿੰਦੇ।
ਅਚਾਨਕ ਇਕ ਦਿਨ ਮੇਰਾ ਉਨ੍ਹਾਂ ਨਾਲ ਸਰ੍ਹੇਬਾਜ਼ਾਰ ਟਾਕਰਾ ਹੋ ਗਿਆ। ਮੈਂ ਸਾਰਾ ਹੌਸਲਾ ਇਕੱਠਾ ਕਰ ਕੇ ਬੜੇ ਅਦਬ ਨਾਲ ਆਦਾਬ ਕਰ ਕੇ ਉਨ੍ਹਾਂ ਅੱਗੇ ਸਾਵਧਾਨ ਮੁਦਰਾ ਵਿਚ ਨਤਮਸਤਕ ਹੋ ਕੇ ਖੜ੍ਹ ਗਿਆ।
ਮੇਰੀ ਨਮਸਕਾਰ ਨੂੰ ਕਬੂਲਦੇ ਹੋਏ ਉਨ੍ਹਾਂ ਮੇਰਾ ਹਾਲ-ਚਾਲ ਪੁੱਛਿਆ। ਉਸ ਮੌਕੇ ਸਵਾਲ-ਜਵਾਬ ਅਤੇ ਗੁਫ਼ਤਗੂ ਮੈਨੂੰ ਅੱਜ ਤੱਕ ਯਾਦ ਹੈ। 55 ਸਾਲ ਪਿੱਛੋਂ ਉਸ ਦ੍ਰਿਸ਼ ਨੂੰ ਯਾਦ ਕਰ ਕੇ ਮੈਨੂੰ ਅੱਜ ਵੀ ਕਾਂਬਾ ਜਿਹਾ ਛਿੜ ਪੈਂਦਾ ਹੈ ਅਤੇ ਉਹ ਪ੍ਰਭਾਵਸ਼ਾਲੀ ਚਿਹਰਾ ਅੱਖਾਂ ਅੱਗੇ ਘੁੰਮਣ ਲੱਗ ਪੈਂਦਾ ਹੈ।
ਜਦੋਂ ਉਨ੍ਹਾਂ ਮੇਰਾ ਹਾਲ-ਚਾਲ ਪੁੱਛਿਆ ਤਾਂ ਮੈਂ ਆਪਣੀ ਸਮਝ ਮੁਤਾਬਕ ਘੜਿਆ-ਘੜਾਇਆ ਜਵਾਬ ਦੇਣ ਵਿਚ ਦੇਰ ਨਾ ਕੀਤੀ, “ਬਸ ਜੀ, ਟਾਈਮ ਪਾਸ ਕਰਦੇ ਆਂ।”
ਮੇਰਾ ਉੱਤਰ ਸੁਣਦੇ ਸਾਰ ਉਨ੍ਹਾਂ ਦੇ ਗੁੱਸੇ ਦਾ ਪਾਰਾ ਜਿਵੇਂ ਸੌ ਨੂੰ ਪਾਰ ਕਰ ਗਿਆ ਹੋਵੇ; ਬੋਲੇ, “ਕਿਆ ਬਾਤ ਲੋਕਨਾਥ ਜੀ! ਆਪ ਅਭੀ ਸੇ ਟਾਈਮ ਪਾਸ ਕਰਨੇ ਲਗੇ ਹੋ... ਜਬ ਆਪ ਹਮਾਰੀ ਉਮਰ ਮੇਂ ਪਹੰੁਚੋਗੇ, ਤਬ ਕਿਆ ਹੋਗਾ?” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਾਈਮ ਪਾਸ ਤਾਂ ਮੌਤ ਦੀ ਉਡੀਕ ਕਰਨ ਵਾਲੇ ਬਿਮਾਰ ਕਰਦੇ ਜਾਂ ਫਿਰ ਨਿਕੰਮੇ ਵਿਹਲੜ ਤੇ ਬੇਕਾਰ ਕਰਦੇ ਜਾਂ ਫਿਰ ਉਹ ਰਿਟਾਇਰਡ ਬੰਦੇ ਕਰਦੇ ਜਿਨ੍ਹਾਂ ਦੀ ਨਾ ਤਾਂ ਘਰ ਦੇ ਵਿਹੜੇ ’ਚ ਕੋਈ ਪੁੱਛ-ਗਿੱਛ ਹੁੰਦੀ ਤੇ ਨਾ ਹੀ ਘਰ ਦੇ ਬਾਹਰ। ਟਾਈਮ ਪਾਸ ਕਰਨਾ ਉਨ੍ਹਾਂ ਦੇ ਹਿੱਸੇ ਆਉਂਦੈਜਿਨ੍ਹਾਂ ਨੂੰ ਦਿਸਦਾ ਨਹੀਂ, ਜਿਹੜੇ ਚੱਲਣ-ਫਿਰਨ ਤੋਂ ਵੀ ਲਾਚਾਰ ਹਨ... ਵਿਚਾਰੇ ਤਾਸ਼ ਖੇਡ ਕੇ ਦਿਨ ਵਿਚ ਪੰਜ ਛੇ ਵਾਰ ਪੁੱਛਦੇ ਹਨ- ‘ਕੀ ਟੇਮ ਹੋ ਗਿਆ?’ ਉਹ ਸੋਚਦੇ ਹਨ ਕਿ ਉਹ ਤਾਂ ਟਾਈਮ ਪਾਸ ਕਰ ਰਹੇ ਹਨ ਪਰ ਉਹ ਭੋਲੇ ਪੰਛੀ ਕੀ ਜਾਣਨ ਕਿ ਉਹ ਟਾਈਮ ਨੂੰ ਕੀ ਪਾਸ ਕਰਨਗੇ, ਟਾਈਮ ਤਾਂ ਉਨ੍ਹਾਂ ਨੂੰ ਪਾਸ ਕਰ ਰਿਹੈ... ਜ਼ਰਾ ਸੋਚੋ! ਮੈਂ ਉਨ੍ਹਾਂ ਹਸਤੀਆਂ ਨੂੰ ਵੀ ਮੰਜੇ ’ਤੇ ਬੈਠ ਕੇ ਮੌਤ ਦੀ ਉਡੀਕ ਕਰਦਿਆਂ ਦੇਖਿਆ ਹੈ ਜਿਨ੍ਹਾਂ ਦੁਆਲੇ ਕਿਸੇ ਵੇਲੇ ਭੀੜ ਲੱਗੀ ਰਹਿੰਦੀ ਸੀ ਤੇ ਜਿਨ੍ਹਾਂ ਕੋਲ ਗੱਲ ਕਰਨ ਤੇ ਸੁਣਨ ਦਾ ਸਮਾਂ ਨਹੀਂ ਸੀ ਹੁੰਦਾ। ਸਮੇਂ-ਸਮੇਂ ਦੀ ਗੱਲ ਹੈ।...
ਬਜ਼ੁਰਗ ਮੁਖੀ ਨੇ ਮੇਰੀ ਐਸੀ ਰੇਲ ਬਣਾਈ ਕਿ ਮੈਂ ਨਿਰਉੱਤਰ ਅਵਸਥਾ ਵਿਚ ਖੜ੍ਹਾ ਰਿਹਾ; ਮੇਰੇ ਕੋਲ ਸਫ਼ਾਈ ਵਿਚ ਕਹਿਣ ਲਈ ਕੁਝ ਵੀ ਨਹੀਂ ਸੀ ਬਚਿਆ। ਉਨ੍ਹਾਂ ਦੇ ਸ਼ਬਦ ਰੂਪੀ ਤੀਰਾਂ ਨੇ ਮੈਨੂੰ ਵਿੰਨ੍ਹ ਕੇ ਰੱਖ ਦਿੱਤਾ ਸੀ। ਉਹ ਗਰਜਦੇ ਰਹੇ ਤੇ ਮੈਂ ਲਾ-ਜਵਾਬ ਹੋ ਕੇ ਸੁਣਦਾ ਰਿਹਾ। ਉਨ੍ਹਾਂ ਆਖਿਆ, “ਜ਼ਿੰਦਗੀ ਵਿਚ ਚੜ੍ਹਦੀ ਕਲਾ ’ਚ ਰਹੀਦੈ। ਮੁਲਾਕਾਤ ਵੇਲੇ ਆਸ਼ਾਵਾਦੀ ਕਹਿੰਦੇ ਨੇ- ਅੱਠੋ-ਅੱਠ ਮਾਰਦੇ ਆਂ, ਕਾਟੋ ਫੁੱਲਾਂ ’ਤੇ ਖੇਡਦੀ ਐ, ਬਾਗੋ-ਬਾਗ਼ ਐ, ਮਾਲਕ ਦਾ ਸ਼ੁਕਰ ਐ, ਬਹੁਤ ਅੱਛੇ, ਕ੍ਰਿਪਾ ਹੈ, ਫਾਈਨ ਐ, ਓਕੇ ਐ, ਬੈਸਟ ਐ, ਸੁੰਦਰ ਹੈ, ਬੱਲੇ-ਬੱਲੇ ਮਿਹਰਬਾਨੀ ਹੈ...।”
ਬਜ਼ੁੁਰਗ ਪ੍ਰਿੰਸੀਪਲ ਨਾਲ ਹੋਈ ਇਸ ਨਿੱਕੀ ਜਿਹੀ ਮੁਲਾਕਾਤ ਨੇ ਜ਼ਿੰਦਗੀ ਦਾ ਸਰਲ ਮੰਤਰ ਸਿਖਾ ਦਿੱਤਾ।
ਸੰਪਰਕ: 94171-76877