ਸਾਦਗੀ ਤੇ ਸੰਘਰਸ਼ ਦਾ ਸੁਮੇਲ
ਅਮਨਦੀਪ ਕੌਰ ਦਿਓਲ
ਸਾਦਗੀ ਅਤੇ ਸੰਘਰਸ਼ ਦੀ ਮੂਰਤ ਗੁਰਬਖਸ਼ ਕੌਰ ਸੰਘਾ ਉਨ੍ਹਾਂ ਵਿਰਲੀਆਂ ਔਰਤਾਂ ਵਿੱਚੋਂ ਸਨ ਜਿਨ੍ਹਾਂ ਨੇ ਲੋਕ ਲਹਿਰ ਨੂੰ ਆਪਣਾ ਮੁੱਖ ਕਾਰਜ ਬਣਾਇਆ ਹੋਵੇ। ਲੋਕ ਲਹਿਰ ਨਾਲ ਇੱਕਮਿੱਕ ਹੋਈ ਗੁਰਬਖਸ਼ ਕੌਰ ਸੰਘਾ ਦਿਮਾਗ ਦੀ ਨਾੜੀ ਫਟਣ ਕਰ ਕੇ ਚਾਰ ਮਹੀਨਿਆਂ ਤੋਂ ਕੋਮਾ ਵਿੱਚ ਸਨ, 20 ਦਸੰਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਗੁਰਬਖਸ਼ ਕੌਰ ਸੰਘਾ ਨੂੰ ਇਨਕਲਾਬੀ ਗੁੜਤੀ ਉਸ ਸਮੇਂ ਦੇ ਮਾਹੌਲ ਨੇ ਦਿੱਤੀ ਜਦੋਂ ਨਕਸਲਬਾੜੀ ਲਹਿਰ ਆਪਣੇ ਪੂਰੇ ਜੋਬਨ ’ਤੇ ਸੀ। ਉਨ੍ਹਾਂ ਦਾ ਜਨਮ ਪਿੰਡ ਰਾਏਪੁਰ ਡੱਬਾ (ਹਾਲ ਜਿ਼ਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿੱਚ 25 ਫਰਵਰੀ 1948 ਨੂੰ ਹੋਇਆ। ਰਾਏਪੁਰ ਡੱਬਾ ਦੇ ਇਤਿਹਾਸਕ ਕਿਰਦਾਰ ਰਤਨ ਸਿੰਘ ਰਾਏਪੁਰ ਡੱਬਾ ਨਾ ਸਿਰਫ ਗਦਰ ਪਾਰਟੀ ਦੇ ਮੈਂਬਰ ਸਨ ਬਲਕਿ ਉਸ ਸਮੇਂ ਤੀਜੀ ਇੰਟਰਨੈਸ਼ਨਲ ਵਿੱਚ ਭਾਰਤ ਦੇ ਨੁਮਾਇੰਦੇ ਦੇ ਤੌਰ ’ਤੇ ਵੀ ਸ਼ਾਮਿਲ ਹੋਏ। ਇਸੇ ਵਿਰਾਸਤ ਅਤੇ ਨਕਸਲਬਾੜੀ ਲਹਿਰ ਦੇ ਪ੍ਰਭਾਵ ਸਦਕਾ ਗੁਰਬਖਸ਼ ਕੌਰ ਸੰਘਾ ਨੈਸ਼ਨਲ ਕਾਲਜ ਬੰਗਾ ਵਿੱਚ ਪੜ੍ਹਦੇ ਹੋਏ ਵਿਦਿਆਰਥੀ ਲਹਿਰ ਦਾ ਹਿੱਸਾ ਬਣੇ। ਜੁਝਾਰਵਾਦੀ ਕਵੀ ਦਰਸ਼ਨ ਸਿੰਘ ਖਟਕੜ ਦੇ ਸਮੇਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਰਗਰਮ ਮੈਂਬਰ ਰਹੇ। ਉਨ੍ਹਾਂ ਕਾਲਜ ਪੜ੍ਹਦੀਆਂ ਲੜਕੀਆਂ ਨੂੰ ਵਿਦਿਆਰਥੀ ਸਿਆਸਤ ਦਾ ਹਿੱਸਾ ਬਣਨ ਲਈ ਪ੍ਰੇਰਨ ਦੇ ਨਾਲ-ਨਾਲ ਸੰਘਰਸ਼ ਦੇ ਰਾਹ ਪਾਇਆ ਅਤੇ ਸਮਾਜਿਕ, ਸਿਆਸੀ ਤੇ ਆਰਥਿਕ ਨਾ-ਬਰਾਬਰੀ ਖਿਲਾਫ ਆਵਾਜ਼ ਬੁਲੰਦ ਕੀਤੀ।
ਕੂਕਾ ਲਹਿਰ ਦੇ ਪ੍ਰਭਾਵ ਹੇਠ ਸਾਦਗੀ ਭਰਪੂਰ ਜਿ਼ੰਦਗੀ ਜਿਊਣ ਦੀ ਵਿਰਾਸਤ ਉਨ੍ਹਾਂ ਨੂੰ ਪਰਿਵਾਰ ਵਿੱਚੋਂ ਮਿਲੀ ਸੀ। ਆਪਣੀ ਜ਼ਿੰਦਗੀ ਦੇ ਆਖਿ਼ਰੀ ਸਮੇਂ ਤੱਕ ਉਨ੍ਹਾਂ ਸਾਦਗੀ ਦਾ ਪੱਲਾ ਨਹੀਂ ਛੱਡਿਆ। 8 ਜੂਨ 1975 ਨੂੰ ਉਨ੍ਹਾਂ ਦਾ ਵਿਆਹ ਨਵਾਂ ਸ਼ਹਿਰ ਇਲਾਕੇ ਦੇ ਇਨਕਲਾਬੀ ਆਗੂ ਮਾਸਟਰ ਗਿਆਨ ਸਿੰਘ ਸੰਘਾ ਨਾਲ ਹੋ ਗਿਆ। ਇਸ ਵਿਆਹ ਨੇ ਗੁਰਬਖਸ਼ ਕੌਰ ਸੰਘਾ ਦੇ ਵਿਚਾਰਾਂ ਨੂੰ ਉੱਚੀ ਉਡਾਨ ਭਰਨ ਲਈ ਹੋਰ ਖੁੱਲ੍ਹਾ ਅਸਮਾਨ ਦਿੱਤਾ। ਦੋਵੇਂ ਜਣੇ ਲਹਿਰ ਵਿੱਚ ਜਿੰਦ ਜਾਨ ਨਾਲ ਕੰਮ ਕਰਦੇ ਪਰ ਖਾਲਿਸਤਾਨੀਆਂ ਨੇ 20 ਨਵੰਬਰ 1992 ਨੂੰ ਗਿਆਨ ਸਿੰਘ ਸੰਘਾਂ ਨੂੰ ਕਤਲ ਕਰ ਦਿੱਤਾ। ਇਸ ਘਟਨਾ ਨੂੰ ਗੁਰਬਖਸ਼ ਕੌਰ ਨੇ ਜਿਸ ਸਿਦਕ ਅਤੇ ਹੌਸਲੇ ਨਾਲ ਜਰਿਆ, ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ।
ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਗਿਆਨ ਸਿੰਘ ਸੰਘਾ ਦੀ ਇਨਕਲਾਬੀ ਵਿਰਾਸਤ ਨੂੰ ਨਾ ਸਿਰਫ ਜਿਊਂਦੇ ਰੱਖਿਆ ਬਲਕਿ ਇਲਾਕੇ ਵਿੱਚ ਇਸ ਵਿਰਾਸਤ ਦੇ ਪ੍ਰਚਾਰ ਲਈ ਅਹਿਮ ਭੂਮਿਕਾ ਅਦਾ ਕੀਤੀ। ਸਾਰੀ ਉਮਰ ਉਨ੍ਹਾਂ ਸੰਘਰਸ਼ ਦੇ ਲੇਖੇ ਲਾ ਦਿੱਤੀ। ਬਲਾਚੌਰ ਇਲਾਕੇ ਵਿੱਚ ਭੱਠਾ ਮਜ਼ਦੂਰਾਂ ਦਾ ਜ਼ਬਰਦਸਤ ਅੰਦੋਲਨ ਚੱਲਿਆ, ਗੁਰਬਖਸ਼ ਕੌਰ ਸੰਘਾ ਇਸ ਅੰਦੋਲਨ ਨੂੰ ਨਾ ਸਿਰਫ ਅਗਵਾਈ ਦੇਣ ਵਾਲਿਆਂ ਵਿੱਚੋਂ ਸਨ ਬਲਕਿ ਇਸ ਅੰਦੋਲਨ ਦੌਰਾਨ ਉਹ 20 ਦਿਨ ਜੇਲ੍ਹ ਵੀ ਕੱਟ ਕੇ ਆਏ। ਉਨ੍ਹਾਂ ਔਰਤਾਂ ਖਿਲਾਫ਼ ਸਮਾਜ ਵਿੱਚ ਫੈਲੇ ਲਿੰਗਕ ਅਤੇ ਜਮਾਤੀ ਵਿਤਕਰੇ ਵਿਰੁੱਧ ਔਰਤਾਂ ਦੀ ਜਥੇਬੰਦੀ ਇਸਤਰੀ ਜਾਗ੍ਰਿਤੀ ਮੰਚ ਬਣਾਈ ਜਿਸ ਨੂੰ 2010 ਵਿੱਚ ਸੂਬਾ ਪੱਧਰੀ ਸਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਹੋਣ ਦੀ ਹੈਸੀਅਤ ਨਾਲ ਪੰਜਾਬੀ ਗਾਇਕੀ ਵਿੱਚ ਪਸਰੀ ਅਸ਼ਲੀਲਤਾ ਖਿਲਾਫ ਮੁਹਿੰਮ ਖੜ੍ਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਦਿਲਜੀਤ ਦੋਸਾਂਝ ਵਰਗੇ ਗਾਇਕਾਂ ਦੇ ਅਸ਼ਲੀਲ ਗੀਤਾਂ ਖਿ਼ਲਾਫ਼ ਮੋਰਚਾ ਮੱਲਿਆ। ਨਵਾਂ ਸ਼ਹਿਰ ਵਿੱਚ ਵੱਡੀ ਗਿਣਤੀ ਔਰਤਾਂ ਦੀ ਅਗਵਾਈ ਕਰਦਿਆਂ ਉਸ ਦਾ ਸ਼ੋਅ ਓਨੀ ਦੇਰ ਤੱਕ ਨਹੀਂ ਹੋਣ ਦਿੱਤਾ ਜਿੰਨੀ ਦੇਰ ਤੱਕ ਉਸ ਨੇ ਇਹ ਭਰੋਸਾ ਨਹੀਂ ਦਿੱਤਾ ਕਿ ਉਹ ਅਸ਼ਲੀਲ ਗੀਤ ਨਹੀਂ ਗਾਵੇਗਾ।
ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਉਨ੍ਹਾਂ ਆਪਣੀ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਮੂਹਰਲੀ ਕਤਾਰ ਦੇ ਆਗੂ ਦਾ ਰੋਲ ਅਦਾ ਕੀਤਾ। ਨਵਾਂ ਸ਼ਹਿਰ ਵਿੱਚ ਕੋਈ ਹੀ ਅਜਿਹਾ ਰੋਸ ਪ੍ਰਦਰਸ਼ਨ ਹੋਵੇਗਾ ਜਿਸ ਵਿੱਚ ਉਨ੍ਹਾਂ ਦੀ ਹਾਜ਼ਰ ਨਾ ਹੋਣ। ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨੇ ਪੰਜਾਬ ਆਉਣਾ ਸੀ ਤਾਂ ਗੁਰਬਖਸ਼ ਕੌਰ ਸੰਘਾ ਉਨ੍ਹਾਂ ਔਰਤ ਆਗੂਆਂ ਵਿੱਚ ਸਨ ਜਿਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਸ਼ਲੀਲ ਗਾਇਕੀ ਬਾਰੇ ਕਰਵਾਏ ਸੈਮੀਨਾਰ ਦੌਰਾਨ ਉਨ੍ਹਾਂ ਨਾ ਸਿਰਫ ਆਪਣੀ ਤਕਰੀਰ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਬਲਕਿ ਉਨ੍ਹਾਂ ਦੀ ਸਾਦਗੀ ਨੇ ਸਭ ਨੂੰ ਕੀਲ ਲਿਆ। ਅਜਿਹੀ ਸ਼ਖ਼ਸੀਅਤ ਦਾ ਵਿਛੋੜਾ ਅਸਹਿ ਹੈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੇ ਵਿਚਾਰਾਂ ਦੀ ਸਾਂਝ ਪਾਸ਼ ਦੀਆਂ ਇਨ੍ਹਾਂ ਸਤਰਾਂ ਨਾਲ ਉੱਘੜਦੀ ਹੈ- ਮੇਰਾ ਲਹੂ ਤੇ ਮੁੜ੍ਹਕਾ ਮਿੱਟੀ ਵਿੱਚ ਡੁੱਲ੍ਹ ਗਿਆ ਹੈ/ਮੈਂ ਮਿੱਟੀ ਵਿੱਚ ਦੱਬੇ ਜਾਣ ’ਤੇ ਵੀ ਉੱਗ ਆਵਾਂਗਾ।
ਸੰਪਰਕ: 62838-90980