ਮਹਿਲਾ ਟੈਸਟ ਕ੍ਰਿਕਟ: ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਵਿਕਟਾਂ ਨਾਲ ਹਰਾਇਆ
ਚੇਨੱਈ, 1 ਜੁਲਾਈ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅੱਜ ਇਕਲੌਤੇ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਦੱਖਣੀ ਅਫਰੀਕਾ ਨੂੰ ਦਸ ਵਿਕਟਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ’ਚ 373 ਦੌੜਾਂ ’ਤੇ ਆਊਟ ਕਰਨ ਮਗਰੋਂ ਭਾਰਤ ਨੂੰ ਜਿੱਤ ਲਈ 37 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 9.1 ਓਵਰਾਂ ਵਿੱਚ ਹਾਸਲ ਕਰ ਲਿਆ। ਮੈਚ ’ਚ ਦਸ ਵਿਕਟਾਂ ਲੈਣ ਲਈ ਸਨੇਹ ਰਾਣਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਉਸ ਨੇ ਪਹਿਲੀ ਪਾਰੀ ਵਿੱਚ ਅੱਠ ਤੇ ਦੂਜੀ ਪਾਰੀ ਵਿੱਚ ਦੋ ਵਿਕਟਾਂ ਲਈਆਂ।
ਭਾਰਤ ਨੇ ਪਹਿਲੀ ਪਾਰੀ ਛੇ ਵਿਕਟਾਂ ’ਤੇ 603 ਦੌੜਾਂ ’ਤੇ ਐਲਾਨ ਦਿੱਤੀ ਸੀ। ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੁਭਾ ਸਤੀਸ਼ ਨੇ ਨਾਬਾਦ 13 ਅਤੇ ਸ਼ੈਫਾਲੀ ਵਰਮਾ ਨੇ ਨਾਬਾਦ 24 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਪਹਿਲੀ ਪਾਰੀ ’ਚ 266 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ 373 ਦੌੜਾਂ ਬਣਾਈਆਂ। ਇਸ ਦੌਰਾਨ ਲੌਰਾ ਵੋਲਵਾਰਟ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਜੜਿਆ ਅਤੇ ਇੱਕ ਹੀ ਸਾਲ ਵਿੱਚ ਟੈਸਟ, ਇੱਕ ਰੋਜ਼ਾ ਅਤੇ ਟੀ-20 ’ਚ ਸੈਂਕੜੇ ਲਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। -ਪੀਟੀਆਈ