Women's Jr Asia Cup: ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ
ਮਸਕਟ, 9 ਦਸੰਬਰ
India 5-0 win over Malaysia: ਇੱਥੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੇ ਪੂਲ ਏ ਦੇ ਦੂਜੇ ਮੈਚ ਵਿੱਚ ਭਾਰਤ ਨੇ ਆਪਣੀ ਜੇਤੂ ਲੈਅ ਕਾਇਮ ਰੱਖਦਿਆਂ ਪੈਨਲਟੀ ਕਾਰਨਰ ਦੀ ਮਾਹਿਰ ਦੀਪਿਕਾ ਦੀ ਹੈਟ੍ਰਿਕ ਨਾਲ ਮਲੇਸ਼ੀਆ ਨੂੰ 5-0 ਨਾਲ ਹਰਾ ਦਿੱਤਾ ਹੈ। ਦੀਪਿਕਾ ਨੇ ਮੈਚ ਦੇ 37ਵੇਂ, 39ਵੇਂ ਅਤੇ 48ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਵੈਸ਼ਨਵੀ ਫਾਲਕੇ (32ਵੇਂ ਮਿੰਟ) ਅਤੇ ਕਨਿਕਾ ਸਿਵਾਚ (38ਵੇਂ ਮਿੰਟ) ਨੇ ਇਕ-ਇਕ ਗੋਲ ਕਰ ਕੇ ਭਾਰਤੀ ਜਿੱਤ ਵਿਚ ਯੋਗਦਾਨ ਪਾਇਆ। ਦੋਵੇਂ ਟੀਮਾਂ ਪਹਿਲੇ ਹਾਫ ਵਿਚ ਕੋਈ ਗੋਲ ਨਾ ਕਰ ਸਕੀਆਂ ਤੇ ਭਾਰਤ ਨੇ ਆਖਰੀ ਦੋ ਕੁਆਰਟਰਾਂ ਵਿਚ ਗੋਲ ਦਾਗੇ।
ਭਾਰਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਆਪਣਾ ਦਬਦਬਾ ਬਣਾਇਆ ਪਰ ਭਾਰਤ ਕੋਈ ਗੋਲ ਨਾ ਕਰ ਸਕਿਆ। ਇਸ ਮੌਕੇ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਵੀ ਗੁਆਏ। ਭਾਰਤ ਨੂੰ ਪਹਿਲੇ ਕੁਆਰਟਰ ਵਿਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਜਿਸ ਨੂੰ ਗੋਲ ਵਿਚ ਬਦਲਣ ਦੀ ਦੀਪਿਕਾ ਨੇ ਕੋਸ਼ਿਸ਼ ਕੀਤੀ ਪਰ ਮਲੇਸ਼ੀਆ ਦੀ ਗੋਲਕੀਪਰ ਨੂਰ ਜ਼ੈਨਲ ਨੇ ਗੋਲ ਨਾ ਹੋਣ ਦਿੱਤੇ। ਦੂਜੇ ਪਾਸੇ ਮਲੇਸ਼ੀਆ ਨੇ ਲੰਬੇ ਪਾਸਾਂ ਨਾਲ ਭਾਰਤ ਦੇ ਰੱਖਿਆਤਮਕ ਪੰਕਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਖਿਡਾਰਨਾਂ ਨੇ ਮਲੇਸ਼ੀਆ ਦੀਆਂ ਖਿਡਾਰਨਾਂ ਨੂੰ ਗੋਲ ਨਾ ਕਰਨ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਖੇਡੇ ਗਏ ਪਹਿਲੇ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 13-1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ। ਇਸ ਮੈਚ ਵਿਚ ਮੁਮਤਾਜ਼ ਖਾਨ ਦੇ ਚਾਰ ਗੋਲਾਂ ਤੇ ਕਨਿਕਾ ਸਿਵਾਚ ਅਤੇ ਦੀਪਿਕਾ ਦੇ ਤਿੰਨ ਤਿੰਨ ਗੋਲਾਂ ਸਦਕਾ ਭਾਰਤ ਨੇ ਇਹ ਮੈਚ ਜਿੱਤਿਆ ਸੀ। ਮੁਮਤਾਜ਼ ਨੇ (27ਵੇਂ, 32ਵੇਂ, 53ਵੇਂ, 58ਵੇਂ), ਕਨਿਕਾ ਨੇ (12ਵੇਂ, 51ਵੇਂ, 52ਵੇਂ), ਦੀਪਿਕਾ ਨੇ (7ਵੇਂ, 20ਵੇਂ, 55ਵੇਂ) ਮਿੰਟ ਵਿਚ ਗੋਲ ਕੀਤੇ ਜਦਕਿ ਮਨੀਸ਼ਾ, ਬਿਊਟੀ ਡੁੰਗ ਡੁੰਗ ਤੇ ਉਪ ਕਪਤਾਨ ਸਾਕਸ਼ੀ ਰਾਣਾ ਨੇ ਵੀ ਇਕ ਇਕ ਗੋਲ ਕੀਤਾ ਸੀ।