For the best experience, open
https://m.punjabitribuneonline.com
on your mobile browser.
Advertisement

ਮਹਿਲਾ ਸ਼ਕਤੀਕਰਨ: ਸਥਿਤੀ ਅਤੇ ਸੰਭਾਵਨਾਵਾਂ

11:57 AM Mar 09, 2024 IST
ਮਹਿਲਾ ਸ਼ਕਤੀਕਰਨ  ਸਥਿਤੀ ਅਤੇ ਸੰਭਾਵਨਾਵਾਂ
Advertisement

ਡਾ. ਪ੍ਰਿਤਪਾਲ ਸਿੰਘ ਮਹਿਰੋਕ

ਭਾਰਤੀ ਸਮਾਜ ਦੀਆਂ ਜੜ੍ਹਾਂ ਉਸ ਸਮਾਜ ਵਿੱਚ ਹਨ ਜਿਥੇ ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਗ਼ੁਲਾਮਾਂ ਵਰਗੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਸੀ। ਉਸ ਨੂੰ ਜਨਮ ਸਮੇਂ ਸਰਾਪ, ਵਿਆਹ ਸਮੇਂ ਭਾਰ ਅਤੇ ਵਿਆਹ ਤੋਂ ਬਾਅਦ ਬੋਝਲ ਤੇ ਅਨੇਕ ਪ੍ਰਕਾਰ ਦੇ ਦਬਾਵਾਂ ਹੇਠ ਜਿਊਣਾ ਪੈਂਦਾ ਸੀ। ਔਰਤ ਸਮੇਂ ਸਮੇਂ ਹਿੰਸਾ, ਸ਼ੋਸ਼ਣ ਤੇ ਅਪਰਾਧ ਦੀ ਸ਼ਿਕਾਰ ਹੁੰਦੀ ਰਹੀ ਹੈ। ਇੱਕੀਵੀਂ ਸਦੀ ਤੱਕ ਪਹੁੰਚ ਕੇ ਔਰਤ ਅਬਲਾ ਨਹੀਂ ਸੀ ਰਹਿਣੀ ਚਾਹੀਦੀ ਪਰ ਭਾਰਤ ਵਰਗੇ ਦੇਸ਼ ਵਿੱਚ ਔਰਤ ਅਜੇ ਵੀ ਬਹੁਤੀਆਂ ਹਾਲਤਾਂ ਵਿੱਚ ਗੁਰਬਤ, ਜਹਾਲਤ, ਅਨਪੜ੍ਹਤਾ, ਅਗਿਆਨਤਾ, ਗ਼ੁਲਾਮੀ ਆਦਿ ਦੀ ਅਵਸਥਾ ਵਿੱਚ ਵਿਚਰ ਰਹੀ ਹੈ। ਕੋਈ ਸਮਾਂ ਸੀ ਜਦੋਂ ਧੀ ਦੇ ਜਨਮ ਲੈਣ ਨਾਲ ਪੁਰਸ਼ ਸਮਾਜ ਆਪਣੇ ਮਾਣ-ਸਨਮਾਨ ਨੂੰ ਢਾਹ ਲੱਗਣ ਬਾਰੇ ਸੋਚਦਾ ਸੀ। ਧੀਆਂ ਨੂੰ ਜਨਮ ਸਾਰ ਮਾਰ ਦਿੱਤਾ ਜਾਂਦਾ ਸੀ। ਉਸ ਨੂੰ ਪਰਾਇਆ ਧਨ ਦੀ ਸੰਗਿਆ ਦਿੱਤੀ ਜਾਂਦੀ ਹੈ। ਧੀਆਂ ਵੱਲ ਅਜਿਹਾ ਰਵੱਈਆ ਸਮਾਜ ਦੀ ਵਿਡੰਬਨਾ ਰਹੀ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਮਾਪੇ ਆਪਣੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਅਰਜੋਈਆਂ ਕਰਦੇ ਹਨ। ਹਕੀਕਤ ਇਹ ਸਮਝਣੀ ਚਾਹੀਦੀ ਹੈ ਕਿ ਧੀਆਂ ਘਰ ਵਾਸਤੇ ਦਾਤ ਹੁੰਦੀਆਂ ਹਨ। ਧੀਆਂ ਨਾਲ ਘਰ ਵਿੱਚ ਬਰਕਤਾਂ ਦਾ ਵਾਧਾ ਹੁੰਦਾ ਹੈ। ਫਿਰ ਵੀ ਦੇਖਣ ਵਿੱਚ ਆਉਂਦਾ ਹੈ ਕਿ ਸਮਾਜ ਵਿੱਚ ਉਸ ਨੂੰ ਅਧੀਨ/ਨਿਮਨ ਸਥਿਤੀ ਵਿੱਚ ਰੱਖ ਕੇ ਦੇਖਣ ਦੀ ਮਾਨਸਿਕਤਾ ਅਜੇ ਵੀ ਕਾਇਮ ਹੈ। ਅਜਿਹੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਸਮਾਜ ਵਿੱਚ ਸਰਕਾਰੀ ਪੱਧਰ ’ਤੇ ਅਤੇ ਗੈਰ-ਸਰਕਾਰੀ ਸਮਾਜਿਕ ਸੰਸਥਾਵਾਂ ਵੱਲੋਂ ਕਦੇ ਬਾਲੜੀ ਦਿਵਸ, ਕਦੇ ਧੀ ਦਿਵਸ, ਕਦੇ ਕੌਮਾਂਤਰੀ ਮਹਿਲਾ ਦਿਵਸ, ਕਦੇ ਮਾਂ ਦਿਵਸ ਮਨਾਏ ਜਾਂਦੇ ਹਨ। ਸਿਰਫ ਕਾਰਵਾਈ ਪਾਉਣ ਵਾਸਤੇ ਅਜਿਹੇ ਦਿਵਸ ਮਨਾਉਣ ਦਾ ਓਨਾ ਚਿਰ ਤੱਕ ਕੋਈ ਫਾਇਦਾ ਨਹੀਂ ਜਿੰਨਾ ਚਿਰ ਔਰਤ ਦੀ ਭਲਾਈ ਹਿਤ ਵਾਲੀਆਂ ਸਕੀਮਾਂ ਔਰਤਾਂ ਦੇ ਅਸਲ ਲੋੜਵੰਦ ਵਰਗ ਤੱਕ ਨਹੀਂ ਪਹੁੰਚਦੀਆਂ ਤੇ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਨਹੀਂ ਹੁੰਦਾ।
ਔਰਤ ਹੁਣ ਪੜ੍ਹ ਲਿਖ ਕੇ, ਨੌਕਰੀ ਕਰ ਕੇ, ਉੱਚੀਆਂ ਪਦਵੀਆਂ ਹਾਸਲ ਕਰ ਕੇ ਆਤਮ-ਨਿਰਭਰ ਹੋ ਰਹੀ ਹੈ ਤੇ ਸਮਾਜ ਵਿੱਚ ਆਪਣਾ ਮਾਣ-ਸਨਮਾਨ ਵਧਾ ਰਹੀ ਹੈ। ਇਸ ਪਿੱਛੇ ਉਸ ਦੀ ਮਿਹਨਤ ਕੰਮ ਕਰਦੀ ਨਜ਼ਰ ਆਉਂਦੀ ਹੈ। ਕੁਝ ਕਰ ਦਿਖਾਉਣ ਦਾ ਇਰਾਦਾ ਉਸ ਨੂੰ ਪੁਰਸ਼ ਦੇ ਬਰਾਬਰ ਲਿਆ ਰਿਹਾ ਹੈ। ਉੱਚੇ ਅਹੁਦਿਆਂ ’ਤੇ ਪਹੁੰਚ ਕੇ, ਨਾਮਣਾ ਖੱਟਣ ਵਾਲੀਆਂ ਵੱਡੇ ਨਾਵਾਂ ਵਾਲੀਆਂ ਔਰਤਾਂ, ਔਰਤ ਦੇ ਆਤਮ-ਸਨਮਾਨ ਤੇ ਗੌਰਵ ਦਾ ਬਿੰਬ ਬਣ ਗਈਆਂ ਹਨ।
ਔਰਤ ਨੂੰ ਸਮਾਜ ਵਿੱਚ ਉਸ ਦੇ ਹਿੱਸੇ ਦਾ ਮਾਣ-ਸਨਮਾਨ ਜ਼ਰੂਰੀ ਹੈ। ਅਜਿਹੇ ਮੁਕਾਮ ਤੱਕ ਪਹੁੰਚਣ ਲਈ ਉਸ ਨੂੰ ਸਮਾਜਿਕ ਆਰਥਿਕ ਆਜ਼ਾਦੀ ਹਾਸਲ ਕਰਨ ਦੀ ਲੋੜ ਹੈ। ਔਰਤ ਨੂੰ ਮਿਲਣ ਵਾਲੇ ਸਮਾਜਿਕ ਆਰਥਿਕ ਅਧਿਕਾਰਾਂ ਦੇ ਸਬੰਧ ਵਿੱਚ ਬਹੁਤੇ ਕਾਨੂੰਨ ਹੁਣ ਉਸ ਦੇ ਹੱਕ ਵਿੱਚ ਭੁਗਤਦੇ ਹਨ। ਹੁਣ ਸਮਾਂ ਆ ਗਿਆ ਹੈ ਕਿ ਸਮਾਜ ਨੂੰ ਔਰਤ ਵੱਲ ਆਪਣੀ ਸੋਚ, ਨਜ਼ਰੀਆ ਅਤੇ ਵਿਹਾਰ ਬਦਲਣ ਦੀ ਲੋੜ ਹੈ।
ਸਮਾਜਿਕ ਸਰੋਕਾਰਾਂ ਨਾਲ ਜੁੜੇ ਚਿੰਤਕਾਂ ਤੇ ਸਮਾਜ ਵਿਗਿਆਨੀਆਂ ਨੇ ਭਾਰਤੀ ਮਹਿਲਾਵਾਂ ਦੀ ਪ੍ਰਤਿਭਾ, ਸ਼ਕਤੀ ਤੇ ਸਮਰੱਥਾ ਨੂੰ ਦੇਖਦਿਆਂ ਉਨ੍ਹਾਂ ਨੂੰ ਦੇਸ਼ ਵਿੱਚੋਂ ਗ਼ਰੀਬੀ ਘਟਾਉਣ ਲਈ ਉੱਤਮ, ਪ੍ਰਭਾਵਸ਼ਾਲੀ ਅਤੇ ਕਾਰਗਰ ਹਥਿਆਰ ਮੰਨਿਆ ਹੈ। ਸਮਾਜਿਕ ਆਰਥਿਕ ਤੌਰ ’ਤੇ ਆਜ਼ਾਦ ਹੋ ਕੇ ਹੀ ਭਾਰਤੀ ਔਰਤ ਅੰਦਰ ਸਵੈ-ਮਾਣ, ਸਵੈ-ਭਰੋਸਗੀ ਤੇ ਸ਼ਕਤੀਸ਼ਾਲੀ ਹੋਣ ਦਾ ਅਹਿਸਾਸ ਪਨਪ ਸਕਦਾ ਹੈ।
ਭਾਰਤ ਵਰਗੇ ਵੱਡੇ ਦੇਸ਼ ਵਿੱਚ ਔਰਤ ਦੀ ਦਸ਼ਾ ਦੇ ਕਈ ਦ੍ਰਿਸ਼ ਉਭਰਦੇ ਹਨ। ਆਪਣਾ ਅਤੇ ਪਰਿਵਾਰ ਦਾ ਪੇਟ ਪਾਲਣ ਲਈ ਔਰਤ ਨੂੰ ਮਿਹਨਤ ਕਰਨੀ ਪੈਂਦੀ ਹੈ। ਉਸ ਨੂੰ ਪੁਰਸ਼ ਨਾਲੋਂ ਘੱਟ ਵੇਤਨ ਦਰਾਂ ’ਤੇ ਕੰਮ ਕਰਨਾ ਪੈਂਦਾ ਹੈ। ਕਈ ਹਾਲਤਾਂ ਵਿੱਚ ਔਰਤ ਦਿਨ ਭਰ ਮਿਹਨਤ ਮਜ਼ਦੂਰੀ ਕਰ ਕੇ ਪੈਸਾ ਕਮਾਉਂਦੀ ਹੈ, ਆਪਣੇ ਬੱਚਿਆਂ ਲਈ ਰੋਟੀ-ਟੁੱਕ ਦਾ ਜੁਗਾੜ ਕਰਦੀ ਹੈ ਪਰ ਉਸ ਦਾ ਪਤੀ ਵਿਹਲਾ ਬੈਠ ਕੇ ਖਾਂਦਾ ਵੀ ਹੈ ਤੇ ਆਪਣੀ ਪਤਨੀ ਨੂੰ ਮਾਰਦਾ-ਕੁੱਟਦਾ ਵੀ ਹੈ। ਅਨੇਕ ਦਬਾਵਾਂ ਹੇਠ ਕੰਮ ਕਰਨਾ ਉਸ ਦੀ ਮਜਬੂਰੀ ਬਣ ਜਾਂਦੀ ਹੈ। ਕਈ ਹਾਲਤਾਂ ਵਿੱਚ ਗ਼ਰੀਬੀ ਦੀ ਝੰਬੀ ਔਰਤ ਭਾਵੁਕ ਤੇ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਵੀ ਹੁੰਦੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਉਸ ਨੂੰ ਤੋੜ ਸੁੱਟਦੀਆਂ ਹਨ। ਉਸ ਨੂੰ ਕਈ ਫਰੰਟਾਂ ’ਤੇ ਲੜਾਈ ਲੜਨੀ ਪੈਂਦੀ ਹੈ। ਉਹ ਲੜਾਈ ਲੜਦੀ ਹੈ ਤੇ ਜੇਤੂ ਬਣ ਕੇ ਨਿਕਲਦੀ ਹੈ। ਭਾਰਤੀ ਔਰਤ ਦੀ ਬਹੁਗਿਣਤੀ ਵੱਲੋਂ ਰੋਟੀ-ਰੋਜ਼ੀ ਕਮਾਉਣ, ਆਪਣੀ ਆਜ਼ਾਦ ਹਸਤੀ ਸਾਬਤ ਕਰਨ ਅਤੇ ਸਵੈ-ਮਾਣ ਵਾਲੀ ਜ਼ਿੰਦਗੀ ਜਿਊਣ ਦੀ ਦਿਸ਼ਾ ਵੱਲ ਪੁੱਟਿਆ ਪਹਿਲਾ ਕਦਮ ਸਮਝਣਾ ਚਾਹੀਦਾ ਹੈ।
ਜਿਸ ਦੇਸ਼ ਵਿੱਚ ਬਹੁਗਿਣਤੀ ਔਰਤ ਨੂੰ ਪੜ੍ਹਨ ਲਿਖਣ ਦੇ ਮੌਕੇ ਹੀ ਘੱਟ ਮਿਲਦੇ ਹੋਣ, ਉਥੇ ਉਹ ਨੌਕਰੀ ਹਾਸਲ ਕਰਨ ਦੀ ਤਵੱਕੋ ਕਿਵੇਂ ਕਰੇਗੀ? ਸਮਾਜਿਕ ਗ਼ੁਲਾਮੀ ਅਤੇ ਆਰਥਿਕ ਮੁਥਾਜੀ ਹੀ ਜਦੋਂ ਉਸ ਦੇ ਪੱਲੇ ਪੈਂਦੀ ਹੈ ਤਾਂ ਉਹ ਸਿਰ ਉਠਾ ਕੇ ਸਵੈ-ਮਾਣ ਨਾਲ ਕਿਵੇਂ ਜੀਅ ਸਕੇਗੀ? ਕੰਮ ਦੀ ਭਾਲ ਵਿੱਚ ਘਰੋਂ ਨਿਕਲਦੀ ਔਰਤ ਕਈ ਵਾਰ ਅਪਰਾਧ ਜਗਤ ਵਿੱਚ ਧੱਕ ਦਿੱਤੀ ਜਾਂਦੀ ਹੈ ਤੇ ਉਹ ਅਪਰਾਧ ਮਾਫ਼ੀਏ ਦੇ ਚੁੰਗਲ ਵਿੱਚ ਫਸ ਜਾਂਦੀ ਹੈ। ਕੰਮ ਕਰਨ ਦੇ ਅਦਾਰਿਆਂ ਵਿੱਚ ਉਸ ਦਾ ਸ਼ੋਸ਼ਣ ਹੁੰਦਾ ਹੈ। ਉਹ ਸਮਾਜਿਕ ਅਤੇ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ।
ਦੂਜੇ ਪਾਸੇ, ਸੰਸਾਰੀਕਰਨ ਦੇ ਇਸ ਦੌਰ ਵਿੱਚ ਤਕਨੀਕੀ ਕ੍ਰਾਂਤੀ ਦੀ ਬਦੌਲਤ ਭਾਰਤੀ ਨਾਰੀ ਨੂੰ ਵੰਨ-ਸਵੰਨੇ ਖੇਤਰਾਂ ਵਿੱਚ ਰੁਜ਼ਗਾਰ ਦੇ ਅਨੇਕ ਅਵਸਰ ਮਿਲੇ ਹਨ ਤੇ ਮਿਲ ਰਹੇ ਹਨ। ਉੱਚ ਵਿਦਿਆ ਅਤੇ ਕੰਮ ਕਰਨ ਦੀ ਯੋਗਤਾ/ਸਮਰੱਥਾ ਹਾਸਲ ਕਰ ਕੇ ਔਰਤ ਪਬਲਿਕ ਤੇ ਕਾਰਪੋਰੇਟ ਸੈਕਟਰ ਵਿੱਚ ਅਹਿਮ ਪਦਾਂ ਤੱਕ ਪਹੁੰਚ ਗਈ ਹੈ; ਵਧੀਆ ਤਨਖਾਹਾਂ ਹਾਸਲ ਕਰ ਰਹੀ ਹੈ। ਸਾਧਨਾਂ ਅਤੇ ਬਿਹਤਰ ਆਰਥਿਕਤਾ ਵਾਲੀਆਂ ਔਰਤਾਂ ਵਿੱਚੋਂ ਇਕ ਵਰਗ ਅਜਿਹਾ ਵੀ ਹੈ ਜੋ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਤੋਂ ਅਭਿੱਜ ਹੈ। ਇਕ ਪਾਸੇ ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਔਰਤ ਗਲੈਮਰ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦੀ ਹੈ; ਦੂਜੇ ਪਾਸੇ, ਗੁਰਬਤ ਨਾਲ ਜੂਝ ਰਹੀ ਔਰਤ ਦੀ ਹਾਲਤ ਬਹੁਤ ਮਾੜੀ ਹੁੰਦੀ ਹੈ। ਪਾੜਾ ਬਹੁਤ ਹੈ। ਇਹ ਪਾੜਾ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਅਜਿਹੇ ਪ੍ਰਸ਼ਨ ਚਿੰਤਨ ਦੀ ਮੰਗ ਕਰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤ ਨੇ ਆਪਣੀ ਸੂਝ, ਮਿਹਨਤ, ਸਵੈ-ਵਿਸ਼ਵਾਸ, ਦ੍ਰਿੜ ਇਰਾਦੇ, ਹਿੰਮਤ, ਸਿਦਕ ਨਾਲ ਅਨੇਕ ਮੱਲਾਂ ਮਾਰੀਆਂ ਹਨ। ਉਸ ਨੇ ਆਪਣੀ ਹੀ ਨਹੀਂ, ਘਰ ਪਰਿਵਾਰ ਅਤੇ ਦੇਸ਼ ਦੀ ਆਰਥਿਕਤਾ ਵਿੱਚ ਵੀ ਸੁਧਾਰ ਲਿਆਂਦਾ ਹੈ ਪਰ ਅੱਜ ਵੀ ਬਹੁਤ ਸਾਰੇ ਪ੍ਰਸ਼ਨਾਂ ਮੂੰਹ ਅੱਡੀ ਖੜ੍ਹੇ ਹਨ। ਕੀ ਮਹਿਲਾ ਦਿਵਸ ਮਹਿਲਾਵਾਂ ਨੂੰ ਧੀਰਜ ਦੇਣ ਲਈ ਤਾਂ ਨਹੀਂ ਮਨਾਇਆ ਜਾਂਦਾ? ਸਾਲ ਵਿੱਚ ਇਕ ਦਿਨ ਨੂੰ ਮਹਿਲਾ ਦਿਵਸ ਵਜੋਂ ਮਨਾ ਲੈਣ ਨਾਲ ਕੀ ਔਰਤ ਆਰਥਿਕ ਆਜ਼ਾਦੀ ਹਾਸਲ ਕਰ ਲਵੇਗੀ? ਕੀ ਉਸ ਨੂੰ ਉਸ ਦੇ ਬਣਦੇ ਹੱਕ ਮਿਲ ਜਾਣਗੇ?
ਉਪਰਲੀ ਚਰਚਾ ਦੇ ਆਧਾਰ ’ਤੇ ਔਰਤ ਦੀ ਹਾਲਤ ਦਾ ਇਕ ਪਾਸਾ ਧੁੰਦਲਾ ਨਜ਼ਰ ਆਉਂਦਾ ਹੈ, ਦੂਜਾ ਰੌਸ਼ਨ। ਜੇ ਧੁੰਦਲੇ ਪਾਸੇ ਵਾਲੀ ਔਰਤ ਰੌਸ਼ਨ ਪਾਸੇ ਵਾਲੀ ਔਰਤ ਦੇ ਹਾਸਲਾਂ ਨੂੰ ਸਮਝ ਕੇ, ਉਸ ਨੂੰ ਆਪਣਾ ਆਦਰਸ਼ ਮੰਨ ਕੇ ਮਿਹਨਤ ਦਾ ਲੜ ਫੜ ਲਵੇ ਤਾਂ ਉਹ ਵੀ ਸਮਾਜਿਕ ਆਰਥਿਕ ਆਜ਼ਾਦੀ ਹਾਸਲ ਕਰ ਕੇ ਸ਼ਕਤੀਸ਼ਾਲੀ ਬਣ ਸਕਦੀ ਹੈ। ਅਜਿਹੀ ਹਾਲਤ ਵਿੱਚ ਮਹਿਲਾ ਸ਼ਕਤੀਕਰਨ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ।

Advertisement

ਸੰਪਰਕ: 98885-10185

Advertisement
Author Image

sukhwinder singh

View all posts

Advertisement
Advertisement
×