For the best experience, open
https://m.punjabitribuneonline.com
on your mobile browser.
Advertisement

ਚੱਲ ਪਾਤਰ ਹੁਣ ਢੂੰਡਣ ਚੱਲੀਏ...

10:20 AM May 19, 2024 IST
ਚੱਲ ਪਾਤਰ ਹੁਣ ਢੂੰਡਣ ਚੱਲੀਏ
Advertisement

ਮੈਂ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਅਸਿਸਟੈਂਟ ਪ੍ਰੋਫੈਸਰ ਸਾਂ। ਅਜੇ ਅਣਵਿਆਹਿਆ ਹੀ ਸਾਂ। ਸਾਡੇ ਬਹੁਤ ਪਿਆਰੇ ਮਾਲਕ ਮਕਾਨ ਜਗਤ ਸਿੰਘ ਦੇ ਘਰ ਮੇਰੇ ਕਿਰਾਏ ਦੇ ਚੁਬਾਰੇ ਵਿਚ ਖ਼ੂਬ ਰੌਣਕਾਂ ਲੱਗਦੀਆਂ। ਇੰਦਰਜੀਤ ਬਿੱਟੂ, ਦਰਸ਼ਨ ਜੈਕ ਤਾਂ ਪੱਕੇ ਸੰਗੀ ਸਨ। ਅਮਰਜੀਤ ਗਰੇਵਾਲ, ਸੁਖਚੈਨ ਮਿਸਤਰੀ, ਗੁਰਸ਼ਰਨ ਰੰਧਾਵਾ, ਪ੍ਰਦੀਪ ਬੋਸ ਵੀ ਦਿਨ ਵਿਚ ਇਕ-ਅੱਧ ਗੇੜਾ ਮਾਰ ਹੀ ਜਾਂਦੇ। ਸ.ਨ. ਸੇਵਕ, ਡਾ. ਦੁਸਾਂਝ ਤੇ ਪ੍ਰੋ. ਅਮਰਜੀਤ ਸਿੰਘ ਵੀ ਦਿਨ-ਤਿਹਾਰ ’ਤੇ ਆ ਜਾਂਦੇ। ਕਦੀ ਤੇਜਵੰਤ ਗਿੱਲ ਰਾਤ ਗੁਜ਼ਾਰ ਜਾਂਦੇ। ਸ਼ਮਸ਼ੇਰ ਸੰਧੂ ਤੇ ਪਾਸ਼ ਵੀ ਕਦੀ ਕਦੀ ਚੰਨ ਸੂਰਜ ਵਾਂਗ ਚੁਬਾਰੇ ਦੀਆਂ ਪੌੜੀਆਂ ਚੜ੍ਹ ਆਉਂਦੇ। ਮੈਨੂੰ ਕੁਲਦੀਪ ਮਾਣਕ ਨਾਲ ਸ਼ਮਸ਼ੇਰ ਸੰਧੂ ਨੇ ਮਿਲਾਇਆ ਸੀ। ਬਗਲਗੀਰ ਕਰਵਾ ਕੇ ਫੋਟੋ ਖਿਚਵਾਈ। ਮੈਂ ਕਹਿੰਦਾ ਹੁੰਨਾਂ: ਸ਼ਮਸ਼ੇਰ ਸੰਧੂ ਲੋਕ ਗਾਇਕਾਂ ਅਤੇ ਕਵੀਆਂ ਵਿਚਕਾਰ ਸਭ ਤੋਂ ਲੰਮਾ ਪੁਲ ਹੈ।
ਇਸ ਚੁਬਾਰੇ ਵਿਚ ਸੰਗੀਤ ਦਾ ਬੋਲਬਾਲਾ ਸੀ। ਅਸੀਂ ਨਵਾਂ ਨਵਾਂ ਫਿਲਿਪਸ ਦਾ ਸਾਊਂਡ ਸਿਸਟਮ ਖਰੀਦਿਆ ਸੀ। ਵੱਡੇ ਵੱਡੇ ਐੱਲ ਪੀ ਰਹੱਸਮਈ ਕਾਲੇਪਾਣੀਆਂ ਦੀ ਘੁੰਮਣਘੇਰੀ ਵਾਂਗ ਘੁੰਮਦੇ ਰਹਿੰਦੇ। ਸੂਈ ਦੀ ਚੁੰਝ ਇਨ੍ਹਾਂ ਪਾਣੀਆਂ ’ਚੋਂ ਹਜ਼ਾਰਾਂ ਗੀਤ ਤੇ ਧੁਨਾਂ ਕੱਢ ਕੱਢ ਬਾਹਰ ਲਿਆਉਂਦੀ ਰਹਿੰਦੀ।
ਇਸ ਸੰਗੀਤ ਵਿਚ ਗ਼ਜ਼ਲਾਂ, ਕੱਵਾਲੀਆਂ ਅਤੇ ਪੱਕੇ ਰਾਗਾਂ ਦਾ ਹੀ ਰਾਜ ਸੀ। ਸਾਜ਼ਾਂ ਵਿਚੋਂ ਸਿਤਾਰ, ਸਾਰੰਗੀ, ਸਰੋਦ ਤੇ ਸ਼ਹਿਨਾਈ ਦਾ ਹੀ ਵੱਜ ਸੀ।
ਇਕ ਵਾਰ ਸ਼ਮਸ਼ੇਰ ਸੰਧੂ ਨੇ ਤੂੰਬੀ ਦੀ ਗੱਲ ਕੀਤੀ। ਕਿਸੇ ਨੇ ਕਿਹਾ: ਕਿੱਥੇ ਸਾਰੰਗੀ ਕਿੱਥੇ ਤੂੰਬੀ! ਇਸ ਚੁਬਾਰੇ ਵਿਚ ਤੂੰਬੀ ਦੀ ਗੱਲ?
ਕੁਝ ਦਿਨਾਂ ਬਾਅਦ ਸ਼ਮਸ਼ੇਰ ਸੰਧੂ ਦੀਦਾਰ ਸੰਧੂ ਦਾ ਗੀਤ ਘੱਗਰੇ ਦੀ ਲੌਣ ਲੈ ਕੇ ਆ ਗਿਆ। ਉਸ ਦਿਨ ਤੋਂ ਬਾਅਦ ਉਸ ਚੁਬਾਰੇ ਵਿਚ ਦਿਨ ਵਿਚ ਕਈ ਕਈ ਵਾਰ ਘੱਗਰੇ ਦੀ ਲੌਣ ਭਿੱਜਦੀ ਰਹੀ।
ਤੂੰਬੀ ਵੀ ਚੁਬਾਰੇ ਤੰਤੀ ਮੰਡਲ ਵਿਚ ਮਾਣ ਨਾਲ ਸ਼ਾਮਲ ਹੋ ਗਈ। ਉਸ ਦੇ ਪਿੱਛੇ ਪਿੱਛੇ ਲੋਕ ਗਾਇਕੀ, ਪੌਪ ਗਾਇਕੀ ਦਾ ਵੱਡਾ ਕਬੀਲਾ ਵੀ ਚੁਬਾਰੇ ਦੀ ਰਿਸ਼ਤੇਦਾਰੀ ਵਿਚ ਸ਼ਾਮਲ ਹੋ ਗਿਆ।
ਓਦੋਂ ਤੱਕ ਮੈਂ ਸ਼ਮਸ਼ੇਰ ਸੰਧੂ ਦਾ ਕੁਝ ਲਿਖਿਆ ਹੋਇਆ ਨਹੀਂ ਪੜ੍ਹਿਆ ਸੀ। ਫਿਰ ਉਸ ਦਾ ਕਹਾਣੀ ਸੰਗ੍ਰਹਿ ਆਇਆ। ਉਸ ਦੀ ਕਹਾਣੀ ਅਣਵੱਜੀਆਂ ਤਾਰਾਂ ਅਜੇ ਤੱਕ ਮੇਰੇ ਚੇਤਿਆਂ ਵਿਚ ਬਹੁਤ ਪਿਆਰੀ ਰਚਨਾ ਬਣ ਕੇ ਵਸੀ ਹੋਈ ਹੈ।
ਸ਼ਮਸ਼ੇਰ ਸੰਧੂ ਬਹੁਤ ਪ੍ਰਤਿਭਾਸ਼ੀਲ ਹੈ, ਇਸ ਵਿਚ ਕੋਈ ਸੰਦੇਹ ਨਹੀਂ। ਉਸ ਦੀ ਇਹ ਪ੍ਰਤਿਭਾ ਚਾਰੇ ਕੂਟਾਂ ਵਿਚ ਵਹਿ ਤੁਰੀ- ਕਹਾਣੀਆਂ, ਵਾਰਤਕ, ਗੀਤਕਾਰੀ, ਕਵਿਤਾ। ਇਨ੍ਹਾਂ ਚਾਰਾਂ ਤੋਂ ਇਲਾਵਾ ਪੰਜਵੀਂ ਕੂਟ ਦਾ ਵੀ ਆਸ਼ਕ ਹਾਂ। ਮੈਂ ਕੁਝ ਦਿਨ ਪਹਿਲਾਂ ਉਸ ਨੂੰ ਸੁਨੇਹਾ ਲਿਖ ਕੇ ਭੇਜਿਆ: ਕਦੀ ਮਿਲੀਏ, ਤੇਰੀਆਂ ਕਰਾਰੀਆਂ, ਖਟਮਿੱਠੀਆਂ ਤੇ ਰਸੀਲੀਆਂ ਗੱਲਾਂ ਸੁਣਨ ਨੂੰ ਬਹੁਤ ਜੀ ਕਰਦਾ ਹੈ, ਤੇਰੇ ਸ਼ਮ-ਸ਼ੀਰੀ ਅੰਦਾਜ਼ ਵਿਚ। ਸ਼ਮ-ਸ਼ੀਰੀ ਅੰਦਾਜ਼ ਵਿਚ ਸ਼ਮਸ਼ੇਰ ਦੀ ਕਦਰ-ਸ਼ੱਨਾਸੀ ਅਤੇ ਅਨੂਠਾ ਜਿਹਾ ਅਵਲੋਕਨ (observation) ਸ਼ਾਮਲ ਹੁੰਦਾ ਹੈ, ਉਸ ਦੀ ਸੁਹਜ-ਸੰਵੇਦਨਾ ਵੀ। ਉਸ ਨੂੰ ਖਰੇ ਸਾਹਿਤ ਦੀ ਪਹਿਚਾਣ ਹੈ ਤੇ ਉਹ ਬਹੁਤ ਦਰਿਆ-ਦਿਲੀ ਨਾਲ ਉਸ ਦੀ ਸਿਫ਼ਤ ਵੀ ਕਰਦਾ ਹੈ। ਇਕ ਵਾਰ ਉਸ ਨੂੰ ਦੋ ਤੁਕਾਂ ਲਿਖ ਕੇ ਭੇਜੀਆਂ:
ਜੇ ਕੋਈ ਮੰਦਾ ਕਰ ਬਹੇ, ਕੱਢੀਏ ਖ਼ੂਬ ਜਲੂਸ
ਸਿਫ਼ਤ ਕਰਨ ਦੇ ਮਾਮਲੇ ਵਿਚ ਆਪਾਂ ਬੜੇ ਕੰਜੂਸ
ਸ਼ਮਸ਼ੇਰ ਸੰਧੂ ਸਿਫ਼ਤ ਕਰਨ ਦੇ ਮਾਮਲੇ ਵਿਚ ਬਿਲਕੁਲ ਕੰਜੂਸ ਨਹੀਂ, ਪਰ ਉਹ ਲਫ਼ਜ਼ਾਂ ਦੀ ਫ਼ਜ਼ੂਲ ਖਰਚੀ ਨਹੀਂ ਕਰਦਾ। ਕੋਈ ਵਧੀਆ ਕਵਿਤਾ ਜਾਂ ਗੀਤ ਸੁਣ ਕੇ ਉਹ ਆਪਣੀਆਂ ਨਿੰਬਲ ਤੇ ਨਿੱਤਰੀਆਂ ਸ਼ਰਬਤੀ ਅੱਖਾਂ ਵਿਚ ਸਰੂਰ ਭਰ ਕੇ ਏਹੀ ਕਹੇਗਾ: ਤੌਬਾ ਤੌਬਾ। ਇਹ ਦੋ ਮੁਹਰਾਂ ਹੀ ਪੂਰਾ ਮੁੱਲ ਤਾਰ ਦੇਣਗੀਆਂ।
ਉਹ ਤੂੰਬੀ ਦਾ ਆਸ਼ਕ ਹੈ ਪਰ ਉਸ ਦੇ ਸੀਨੇ ਵਿਚ ਕਿਤੇ ਸਾਰੰਗੀ ਵੀ ਹੈ। ਇਸ ਸਾਰੰਗੀ ਦਾ ਵੇਦਨ-ਵਾਦਨ ਉਸ ਦੇ ਕਈ ਗੀਤਾਂ ਵਿਚ ਮੁਖਰਿਤ ਹੁੰਦਾ ਹੈ, ਵਾਰਤਕ ਕਹਾਣੀਆਂ ਤੇ ਕਵਿਤਾ ਵਿਚ ਵੀ। ਉਸ ਦੇ ਵਿਹਾਰ ਤੇ ਗੱਲਾਂ ਵਿਚ ਵੀ। ਪਾਸ਼ ਨਾਲ ਉਸ ਦੀ ਗਹਿਰੀ ਦੋਸਤੀ ਦਾ ਰਾਜ਼ ਵੀ ਇਸ ਸਾਰੰਗੀ ਦੀਆਂ ਵੱਜੀਆਂ ਅਣਵੱਜੀਆਂ ਤਾਰਾਂ ਵਿਚ ਹੀ ਹੈ।
ਗੀਤਕਾਰੀ ਦੇ ਜਹਾਨ ਵਿਚ ਉਸ ਦਾ ਝੰਡਾ ਝੂਲਦਾ ਹੈ। ਤੂੰ ਨਈਂ ਬੋਲਦੀ ਰਕਾਨੇ ਤੂੰ ਨਈਂ ਬੋਲਦੀ... ਉਸ ਦੀ ਉੱਚਤਮ ਚੋਟੀ ਹੈ, ਲੋਕ-ਪ੍ਰਿਅਤਾ ਸਦਕਾ ਵੀ ਤੇ ਇਸ ਦੇ ਅਰਥ-ਪਾਸਾਰਾਂ ਵੱਲੋਂ ਵੀ। ਕਿਉਂਕਿ ਹਰ ਬੰਦੇ ਵਿਚ ਕੋਈ ਨਾ ਕੋਈ ਹੋਰ ਬੋਲਦਾ ਹੈ; ਭਗਤਾਂ ਵਿਚ ਰੱਬ ਬੋਲਦਾ ਹੈ, ਮਾਇਆਧਾਰੀ ’ਚੋਂ ਪੈਸਾ ਬੋਲਦਾ ਹੈ। ਹੋਰ ਬਹੁਤ ਸਾਰੇ ਗੀਤ ਜਿਨ੍ਹਾਂ ’ਤੇ ਉਹ ਬਜਾ ਤੌਰ ’ਤੇ ਮਾਣ ਕਰਦਾ ਹੈ। ਪਰ ਇਕ ਮੌਕੇ ’ਤੇ ਮੈਂ ਉਸ ਦੇ ਸੀਨੇ ਦੀ ਸਾਰੰਗੀ ਦੀਆਂ ਅਣਵੱਜੀਆਂ ਤਾਰਾਂ ਨੂੰ ਇਉਂ ਵੀ ਕਹਿੰਦਿਆਂ ਸੁਣਿਆਂ: ਜੇ ਪਾਸ਼ ਜਿਊਂਦਾ ਹੁੰਦਾ ਉਹਨੇ ਮੈਨੂੰ ਗੀਤ ਨਹੀਂ ਸੀ ਲਿਖਣ ਦੇਣੇ।
ਮੇਰੀ ਆਡੀਓ ਕੈਸੇਟ ‘ਬਿਰਖ ਜੋ ਸਾਜ਼ ਹੈ’ ਨੂੰ ਰਿਕਾਰਡ ਕਰਾਉਣ ਵਿਚ ਹਰਿੰਦਰ ਬੀਸਲਾ ਤੇ ਸ਼ਮਸ਼ੇਰ ਸੰਧੂ ਦਾ ਮੁੱਖ ਯੋਗਦਾਨ ਹੈ। ਉਨ੍ਹਾਂ ਇਕ ਸਵੇਰ ਮੈਨੂੰ ਸੁੱਤੇ ਨੂੰ ਉਠਾਇਆ ਤੇ ਕਾਰ ਵਿਚ ਬਿਠਾ ਕੇ ਚੰਡੀਗੜ੍ਹ ਆਦਰਸ਼ ਸਟੂਡੀਓ ਲੈ ਗਏ ਜਿੱਥੇ ਇੱਕੋ ਦਿਨ ਵਿਚ ਗਿਆਰਾਂ ਗ਼ਜ਼ਲਾਂ ਰਿਕਾਰਡ ਕਰਵਾ ਦਿੱਤੀਆਂ। ਬਾਅਦ ਵਿਚ ਅਤੁਲ ਸ਼ਰਮਾ ਦਾ ਪਿਆਰਾ ਸੰਗੀਤ ਭਰਵਾ ਦਿੱਤਾ। ਜੇ ਹਰਿੰਦਰ ਅਤੇ ਸ਼ਮਸ਼ੇਰ ਉੱਦਮ ਨਾ ਕਰਦੇ ਤਾਂ ਮੇਰੀਆਂ ਇਹ ਤਾਰਾਂ ਵੀ ਅਣਵੱਜੀਆਂ ਹੀ ਰਹਿ ਜਾਂਦੀਆਂ।
ਰਿਕਾਰਡਿੰਗ ਵੇਲੇ ਦੀ ਇਕ ਹੋਰ ਗੱਲ ਮੈਨੂੰ ਕਦੇ ਨਹੀਂ ਭੁੱਲਦੀ। ਜਦੋਂ ਮੈਂ ‘ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ, ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ...’ ਗਾਈ ਤਾਂ ਮੈਂ ਸ਼ਮਸ਼ੇਰ ਦੀਆਂ ਨਿੰਬਲ ਨਿੱਤਰੀਆਂ ਸ਼ਰਬਤੀ ਅੱਖਾਂ ਹੰਝੂਆਂ ਨਾਲ ਭਰੀਆਂ ਦੇਖੀਆਂ।

Advertisement

(ਸ਼ਮਸ਼ੇਰ ਸੰਧੂ ਦੀ ਛਪ ਰਹੀ ਕਾਵਿ-ਕਿਤਾਬ ‘ਚੱਜ ਦੇ ਬੰਦੇ’ ਦੀ ਭੂਮਿਕਾ ਦੇ ਕੁਝ ਅੰਸ਼)

Advertisement
Author Image

sukhwinder singh

View all posts

Advertisement
Advertisement
×