ਮਹਿਲਾ ਕ੍ਰਿਕਟ: ਇੱਕ ਰੋਜ਼ਾ ਦਰਜਾਬੰਦੀ ਵਿੱਚ ਮੰਧਾਨਾ ਦੂਜੇ ਸਥਾਨ ’ਤੇ
ਦੁਬਈ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਆਸਟਰੇਲੀਆ ਅਤੇ ਵੈਸਟਇੰਡੀਜ਼ ਖ਼ਿਲਾਫ਼ ਚੰਗੇ ਪ੍ਰਦਰਸ਼ਨ ਦੀ ਬਦੌਲਤ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਤਾਜ਼ਾ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਤਿੰਨ ਸਥਾਨ ਉਪਰ ਦੂਜੇ ਜਦਕਿ ਟੀ-20 ਦਰਜਾਬੰਦੀ ’ਚ ਇਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ ਪਰਥ ਵਿੱਚ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਲੜੀ ਦੇ ਆਖ਼ਰੀ ਮੈਚ ਵਿੱਚ 105 ਜਦ ਐਤਵਾਰ ਨੂੰ ਮੁੰਬਈ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ 54 ਦੌੜਾਂ ਬਣਾਈਆਂ ਸਨ। ਉਹ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰਲੇ 10 ’ਚ ਇਕਲੌਤੀ ਭਾਰਤੀ ਖਿਡਾਰਨ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 13ਵੇਂ ਸਥਾਨ ’ਤੇ ਹੈ। ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਦੀਪਤੀ ਸ਼ਰਮਾ ਦੋ ਸਥਾਨ ਹੇਠਾਂ ਪੰਜਵੇਂ ਸਥਾਨ ’ਤੇ ਚਲੀ ਗਈ ਹੈ। ਉਧਰ ਭਾਰਤੀ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ 48 ਸਥਾਨਾਂ ਦੀ ਛਾਲ ਮਾਰ ਕੇ 51ਵੇਂ ਜਦਕਿ ਰੇਣੁਕਾ ਠਾਕੁਰ 28ਵੇਂ ਤੋਂ ਸਾਂਝੇ ਤੌਰ ’ਤੇ 26ਵੇਂ ਸਥਾਨ ’ਤੇ ਪਹੁੰਚ ਗਈ ਹੈ। -ਪੀਟੀਆਈ