ਟੈਸਟ: ਭਾਰਤ ਨੇ ਫਾਲੋਆਨ ਬਚਾਇਆ
ਬ੍ਰਿਸਬਨ, 17 ਦਸੰਬਰ
ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਦੇ ਨੀਮ ਸੈਂਕੜਿਆਂ ਅਤੇ ਮਗਰੋਂ ਜਸਪ੍ਰੀਤ ਬੁਮਰਾਹ ਅਤੇ ਆਕਾਸ਼ਦੀਪ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੇ ਮੀਂਹ ਨਾਲ ਪ੍ਰਭਾਵਿਤ ਚੌਥੇ ਦਿਨ ਫਾਲੋਆਨ ਬਚਾ ਲਿਆ, ਹਾਲਾਂਕਿ ਇਹ ਮੈਚ ਹੁਣ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਜਡੇਜਾ ਨੇ 77 ਜਦਕਿ ਰਾਹੁਲ ਨੇ 84 ਦੌੜਾਂ ਬਣਾਈਆਂ। ਸਟੰਪਸ ਤੱਕ ਭਾਰਤ ਨੇ ਨੌਂ ਵਿਕਟਾਂ ’ਤੇ 252 ਦੌੜਾਂ ਬਣਾ ਲਈਆਂ ਸਨ। ਜਸਪ੍ਰੀਤ ਬੁਮਰਾਹ 10 ਅਤੇ ਆਕਾਸ਼ ਦੀਪ 27 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤੀ ਟੀਮ ਹਾਲੇ ਵੀ ਆਸਟਰੇਲੀਆ ਤੋਂ 193 ਦੌੜਾਂ ਪਿੱਛੇ ਹੈ। ਆਸਟਰੇਲੀਆ ਨੂੰ ਹੁਣ ਦੁਬਾਰਾ ਬੱਲੇਬਾਜ਼ੀ ਲਈ ਉਤਰਨਾ ਪਵੇਗਾ ਅਤੇ ਬ੍ਰਿਸਬਨ ਦੇ ਮੌਸਮ ਨੂੰ ਦੇਖਦਿਆਂ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਵੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। 10ਵੇਂ ਨੰਬਰ ’ਤੇ ਆਏ ਬੁਮਰਾਹ ਅਤੇ 11ਵੇਂ ਨੰਬਰ ’ਤੇ ਆਏ ਆਕਾਸ਼ ਦੀਪ ਨੇ ਟੀਮ ਨੂੰ ਫਾਲੋਆਨ ਦੇ ਸਕੋਰ 246 ਤੋਂ ਅੱਗੇ ਪਹੁੰਚਾਇਆ ਅਤੇ ਹੁਣ ਤੱਕ ਉਹ 33 ਦੌੜਾਂ ਦੀ ਭਾਈਵਾਲੀ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਬੀਤੇ ਦਿਨ ਦੇ ਸਕੋਰ ਚਾਰ ਵਿਕਟਾਂ ’ਤੇ 51 ਦੌੜਾਂ ਤੋਂ ਅੱਗੇ ਖੇਡਦਿਆਂ ਭਾਰਤੀ ਬੱਲੇਬਾਜ਼ਾਂ ਨੇ ਜੁਝਾਰੂਪਨ ਦਿਖਾਇਆ। ਇਸ ਦੌਰਾਨ ਕੇਐੱਲ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਕਪਤਾਨ ਰੋਹਿਤ ਸ਼ਰਮਾ (10) ਇਕ ਵਾਰ ਫਿਰ ਨਾਕਾਮ ਰਿਹਾ। ਜਡੇਜਾ ਨੂੰ ਆਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਤੋਂ ਪਹਿਲਾਂ ਤਰਜੀਹ ਦਿੱਤੇ ਜਾਣ ’ਤੇ ਕਈਆਂ ਨੇ ਸਵਾਲ ਉਠਾਏ ਸਨ ਪਰ ਇਸ ਹਰਫਨਮੌਲਾ ਖਿਡਾਰੀ ਨੇ ਬੱਲੇਬਾਜ਼ੀ ਰਾਹੀਂ ਆਪਣੇ ਹੁਨਰ ਦਾ ਸਬੂਤ ਦਿੱਤਾ। ਉਸ ਨੇ ਨਿਤੀਸ਼ ਰੈੱਡੀ ਨਾਲ ਸੱਤਵੀਂ ਵਿਕਟ ਲਈ 53 ਦੌੜਾਂ ਦੀ ਭਾਈਵਾਲੀ ਕੀਤੀ। ਉਸ ਨੇ 89 ਗੇਂਦਾਂ ਵਿੱਚ ਟੈਸਟ ਕ੍ਰਿਕਟ ਵਿੱਚ ਆਪਣਾ 22ਵਾਂ ਨੀਮ ਸੈਂਕੜਾ ਪੂਰਾ ਕੀਤਾ। ਆਸਟਰੇਲੀਆ ਨੂੰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਕਮੀ ਮਹਿਸੂਸ ਹੋਈ, ਜੋ ਸੱਟ ਕਾਰਨ ਮੈਚ ’ਚੋਂ ਬਾਹਰ ਹੋ ਗਿਆ ਹੈ। ਉਹ ਲੜੀ ਦੇ ਬਾਕੀ ਮੈਚ ਵੀ ਨਹੀਂ ਖੇਡੇਗਾ। -ਪੀਟੀਆਈ