For the best experience, open
https://m.punjabitribuneonline.com
on your mobile browser.
Advertisement

ਬੀਬੀਆਂ ਨੇ ਕਿਸਾਨ ਮੋਰਚਿਆਂ ਦੀ ਕਮਾਨ ਸੰਭਾਲੀ

07:19 AM Feb 09, 2024 IST
ਬੀਬੀਆਂ ਨੇ ਕਿਸਾਨ ਮੋਰਚਿਆਂ ਦੀ ਕਮਾਨ ਸੰਭਾਲੀ
ਬਠਿੰਡਾ ਵਿੱਚ ਡੀਸੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ’ਚ ਔਰਤਾਂ ਦਾ ਠਾਠਾਂ ਮਾਰਦਾ ਇਕੱਠ।
Advertisement

ਸ਼ਗਨ ਕਟਾਰੀਆ
ਬਠਿੰਡਾ, 8 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਪੰਜ ਰੋਜ਼ਾ ਮੋਰਚੇ ਦਾ ਅੱਜ ਤੀਜਾ ਦਿਨ ਸੀ। ਅੱਜ ਦਾ ਦਿਨ ਕਿਸਾਨ ਔਰਤਾਂ ਦੇ ਨਾਂਅ ਰਿਹਾ। ਅੱਜ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਮੰਚ ਸੰਚਾਲਨ ਵੀ ਉਨ੍ਹਾਂ ਹੀ ਕੀਤਾ। ਮੰਚ ਤੋਂ ਦੋਸ਼ ਲੱਗੇ ਕਿ ਪ੍ਰਸ਼ਾਸਨ ਵੱਲੋਂ ਅੱਜ ਸਰਕਟ ਹਾਊਸ ਦੇ ਪਖ਼ਾਨਿਆਂ ਤਾਲੇ ਲਾ ਦਿੱਤੇ ਗਏ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਹਾਜ਼ਤ ਜਾਣ ਲਈ ਮੁਸ਼ਕਿਲ ਆਈ। ਕਿਹਾ ਗਿਆ ਕਿ ਮੋਰਚਾਕਾਰੀਆਂ ਵੱਲੋਂ ਸੰਘਰਸ਼ ਕਰਕੇ ਜਿੰਦੇ ਖੁੱਲ੍ਹਵਾਏ ਗਏ ਹਨ। ਮੋਰਚੇ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਬਿੰਦੂ, ਮਾਲਣ ਕੌਰ, ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਨਵੀਂ ਕਿਸਾਨ ਪੱਖੀ ਖੇਤੀ ਨੀਤੀ ਲੰਘੀ 21 ਜਨਵਰੀ ਤੱਕ ਐਲਾਨਣ ਲਈ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਪਰ ਸਰਕਾਰ ਨੇ ਅਜੇ ਤੱਕ ਕੋਈ ਹਿਲਜੁਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨੀਤੀ ਦਾ ਮੰਤਵ ਖੇਤੀ ਮਸਲੇ ਹੱਲ ਕਰਾਉਣ ਅਤੇ ਖੇਤੀ ਖੇਤਰ ਨੂੰ ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਂਕ ਅਤੇ ਕਾਰਪੋਰੇਟਾਂ ਦੇ ਪੰਜੇ ਵਿੱਚੋਂ ਮੁਕਤ ਕਰਵਾਉਣ ਸਮੇਤ ਬੇ-ਜ਼ਮੀਨੇ ਤੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਜ਼ਮੀਨ ਦਾ ਪ੍ਰਬੰਧ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਮੰਗਾਂ ਗਿਣਾਈਆਂ ਜਿਵੇਂ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸਸਤੇ ਸਰਕਾਰੀ ਖੇਤੀ ਕਰਜ਼ਿਆਂ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਇਆ ਜਾਵੇ। ਸੂਦਖੋਰੀ ਦਾ ਖਾਤਮਾ ਹੋਵੇ। ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆਂ ’ਤੇ ਇਕ ਵਾਢਿਓਂ ਲੀਕ ਮਾਰੀ ਜਾਵੇ, ਨਹਿਰੀ ਪਾਣੀ ਹਰ ਖੇਤ ਤੱਕ ਅੱਪੜਦਾ ਕੀਤਾ ਜਾਵੇ, ਪਾਣੀ ਨੂੰ ਪਲੀਤ ਕਰਨ ਅਤੇ ਸੰਸਾਰ ਬੈਂਕ ਨੂੰ ਸੌਂਪਣ ਦੀ ਨੀਤੀ ਖਤਮ ਹੋਵੇ, ਝੋਨੇ ਦੀ ਖੇਤੀ ਹੇਠੋਂ ਰਕਬਾ ਘਟਾਇਆ ਜਾਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਸੂਬੇ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨਾਲ ਇਨ੍ਹਾਂ ਨੂੰ ਮੰਗਾਂ ਪੂਰੀਆਂ ਕਰਾਉਣ ਲਈ ਨਬਿੇੜਾ ਕਰੂ ਘੋਲ ਦਾ ਫੈਸਲਾ ਹੋ ਚੁੱਕਾ ਹੈ, ਜਿਸ ਦਾ 10 ਫਰਵਰੀ ਨੂੰ ਐਲਾਨ ਕੀਤਾ ਜਾਵੇਗਾ। ਸਟੇਜ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਕਰਮਜੀਤ ਕੌਰ ਲਹਿਰਾਖਾਨਾ ਨੇ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਡਿਪਟੀ ਕਮਿਸ਼ਨਰ ਦਫਤਰ ਮੂਹਰੇ ਚੱਲ ਰਹੇ ਪੰਜ ਰੋਜ਼ਾ ਧਰਨੇ ਦੇ ਤੀਜੇ ਦਿਨ ਵੱਡੀ ਗਿਣਤੀ ਕਿਸਾਨ-ਮਜ਼ਦੂਰ ਔਰਤਾਂ ਨੇ ਚੌਂਕੇ-ਚੁੱਲ੍ਹੇ ’ਚੋਂ ਬਾਹਰ ਨਿਕਲਦਿਆਂ ਜਿਥੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਦੀ ਚਰਚਾ ਕੀਤੀ ਉਥੇ ਸਰਕਾਰਾਂ ਨੂੰ ਵੰਗਾਰ ਲਾਈ ਕਿ ਜੇਕਰ ਉਨ੍ਹਾਂ ਲੋਕ ਪੱਖੀ ਕਿਸਾਨ ਨੀਤੀ ਨਾ ਬਣਾਈ ਤਾਂ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਰੜਾ ਸੰਘਰਸ਼ ਕਰਨਗੀਆਂ| ਜਸਵਿੰਦਰ ਕੌਰ ਦਬੜਾ, ਨਸੀਬ ਕੌਰ, ਸੁਖਜੀਤ ਕੌਰ ਭਲਾਈਆਣਾ, ਲਛਮਣ ਸਿੰਘ ਸੇਵੇਵਾਲਾ, ਹਰਬੰਸ ਸਿੰਘ ਕੋਟਲੀ ਤੇ ਗੁਰਪਾਸ਼ ਸਿੰਘ ਸਿੰਘੇਵਾਲਾ ਆਦਿ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਜਾਰੀ ਨਹੀਂ ਹੁੰਦੀ ਉਹ ਸੰਘਰਸ਼ ਜਾਰੀ ਰੱਖਣਗੇ|
ਬਰਨਾਲਾ (ਪਰਸ਼ੋਤਮ ਬੱਲੀ): ਸੂਬਾ ਸਰਕਾਰ ਦੇ ਵਾਅਦੇ ਮੁਤਾਬਕ ਪੰਜਾਬ ’ਚ ਕਿਸਾਨ-ਮਜ਼ਦੂਰ ਪੱਖੀ ਨਵੀਂ ਖੇਤੀ ਨੀਤੀ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾਈ ਸੱਦੇ ਤਹਿਤ ਇੱਥੇ ਡੀਸੀ ਦਫ਼ਤਰ ਅੱਗੇ ਲੱਗੇ ਮੋਰਚੇ ਦੇ ਤੀਜੇ ਦਿਨ ਵੀ ਰੋਹ ਭਰਪੂਰ ਧਰਨਾ ਜਾਰੀ ਰਿਹਾ। ਔਰਤਾਂ ਦੀ ਸ਼ਿਰਕਤ ਨੇ ਧਿਆਨ ਖਿੱਚਿਆ। ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਹੱਕਾਂ ਲਈ ਤਿੱਖੇ ਸੰਘਰਸ਼ਾਂ ਦਾ ਹੋਕਾ ਦਿੱਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨੀ ਮਸਲਿਆਂ ਨੂੰ ਲੈਕੇ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਅੱਗੇ ਲਾਏ ਪੰਜ ਰੋਜ਼ਾ ਕਿਸਾਨ ਮੋਰਚੇ ’ਚ ਵੱਡੀ ਗਿਣਤੀ ਵਿੱਚ ਔਰਤਾਂ ਪੰਜਾਬ ਸਰਕਾਰ ਖਿਲਾਫ਼ ਕੂਕੀਆਂ। ਅੱਜ ਦੇ ਧਰਨੇ ਦੌਰਾਨ ਵਿਸ਼ੇਸ਼ ਗੱਲ ਇਹ ਰਹੇਗੀ ਕਿ ਸਟੇਜ ਦੀ ਕਾਰਵਾਈ ਔਰਤ ਆਗੂ ਜਸਵਿੰਦਰ ਕੌਰ ਝੇਰਿਆਂਵਾਲੀ ਨੇ ਚਲਾਈੇ।
ਇਸ ਮੌਕੇ ਪਰਮਜੀਤ ਕੌਰ ਕਿਸ਼ਨਗੜ੍ਹ, ਨਰਿੰਦਰ ਕੌਰ ਆਹਲੂਪੁਰ, ਰਾਮ ਸਿੰਘ ਭੈਣੀਬਾਘਾ, ਇੰਦਰਜੀਤ ਸਿੰਘ ਝੱਬਰ ਨੇ ਵੀ ਸੰਬੋਧਨ ਕੀਤਾ।

Advertisement

ਸੜਕ ਤੋਂ ਧਰਨਾ ਚੁੱਕਣ ਲਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ

ਫਰੀਦਕੋਟ (ਜਸਵੰਤ ਜੱਸ): ਪਿਛਲੇ ਦੋ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸੜਕ ’ਤੇ ਲੱਗੇ ਧਰਨੇ ਨੂੰ ਚੁਕਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਅਤੇ ਐੱਸਐੱਸਪੀ ਹਰਜੀਤ ਸਿੰਘ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਸੜਕ ਤੋਂ ਧਰਨਾ ਚੁੱਕਿਆ ਜਾਵੇ। ਕਿਸਾਨ ਆਗੂ ਜਸਪਾਲ ਸਿੰਘ ਨੰਗਲ ਅਤੇ ਗੁਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀ ਸਕੱਤਰੇਤ ਦੇ ਅੰਦਰ ਧਰਨਾ ਦੇਣਾ ਚਾਹੁੰਦੀ ਸੀ ਪਰ ਪ੍ਰਸ਼ਾਸਨ ਨੇ ਸਕੱਤਰੇਤ ਦੇ ਸਾਰੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵਿੱਚ ਸੜਕ ’ਤੇ ਹੀ ਟੈਂਟ ਲਾਉਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਜੇਕਰ ਸਕੱਤਰੇਤ ਦੇ ਗੇਟ ਖੁੱਲ੍ਹ ਜਾਂਦੇ ਹਨ ਤਾਂ ਉਹ ਆਪਣਾ ਧਰਨਾ ਸੜਕ ਤੋਂ ਚੱਕ ਕੇ ਸਕੱਤਰੇਤ ਦੇ ਅੰਦਰ ਲੈ ਜਾਣਗੇ। ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਕਿਹਾ ਕਿ ਸੜਕ ਤੋਂ ਧਰਨਾ ਚੁਕਾਉਣ ਲਈ ਉਹ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਜੇਕਰ ਕਿਸਾਨ ਸਕੱਤਰੇਤ ਦੇ ਅੰਦਰ ਧਰਨਾ ਦੇਣਾ ਚਾਹੁੰਦੇ ਹਨ ਤਾਂ ਉਹ ਗੇਟ ਖੋਲ੍ਹ ਦੇਣਗੇ।

Advertisement

Advertisement
Author Image

Advertisement