ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੇ ਦਿਵਿਆਂਗਾਂ ਨੂੰ ਟਰਾਈ ਸਾਈਕਲ ਵੰਡੇ
ਸ਼ਗਨ ਕਟਾਰੀਆ
ਬਠਿੰਡਾ, 30 ਅਕਤੂਬਰ
ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੀਵਾਲੀ ਦੀ ਪੂਰਵ ਸੰਧਿਆ ਮੌਕੇ ਦਿਵਿਆਂਗਾਂ ਅਤੇ ਸਫ਼ਾਈ ਕਰਮਚਾਰੀਆਂ ਨਾਲ ਦੀਵਾਲੀ ਦੇ ਜਸ਼ਨ ਮਨਾਏ। ਉਨ੍ਹਾਂ ਇਸ ਮੌਕੇ 10 ਦਿਵਿਆਂਗਾਂ ਨੂੰ ਆਧੁਨਿਕ ਟਰਾਈ ਸਾਈਕਲ ਅਤੇ ਮਠਿਆਈ ਵੰਡੀ। ਇਸੇ ਤਰ੍ਹਾਂ ਸਫ਼ਾਈ ਕਾਮਿਆਂ ਨੂੰ ਵੀ ਮਠਿਆਈ ਵੰਡੀ ਗਈ।
ਸ੍ਰੀ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਵਾਲੀ ਮੌਕੇ ਫਾਲਤੂ ਖਰਚ ਕਰਨ ਦੀ ਬਜਾਏ ਲੋੜਵੰਦ ਲੋਕਾਂ ਦੀ ਮਦਦ ਨੂੰ ਤਰਜੀਹ ਬਣਾਇਆ। ਉਨ੍ਹਾਂ ਕਿਹਾ ਕਿ ਦਿਵਿਆਂਗਾਂ ਤ੍ਰਿਸਕਾਰ ਦੀ ਨਿਗ੍ਹਾ ਨਾਲ ਨਹੀਂ ਵੇਖਣਾ ਚਾਹੀਦਾ ਕਿਉਂਕਿ ਸਮਾਜ ਦੇ ਹਰ ਖੇਤਰ ਵਿੱਚ ਇਨ੍ਹਾਂ ਮੱਲਾਂ ਮਾਰੀਆਂ ਹਨ। ਭੱਲਾ ਨੇ ਕਿਹਾ ਕਿ ਸਫ਼ਾਈ ਕਾਮਿਆਂ ਦਾ ਸਾਡੀ ਜ਼ਿੰਦਗੀ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਸੁਨੇਹਾ ਦਿੱਤਾ ਕਿ ਭਾਵੇਂ ਸਫ਼ਾਈ ਰੱਖਣਾ, ਸਫ਼ਾਈ ਕਰਮਚਾਰੀਆਂ ਦਾ ਬੁਨਿਆਦੀ ਫ਼ਰਜ਼ ਹੈ ਪਰ ਆਮ ਲੋਕਾਂ ਨੂੰ ਆਪਣਾ ਆਲਾ-ਦੁਆਲਾ ਖੁਦ ਵੀ ਸਾਫ਼ ਰੱਖਣਾ ਚਾਹੀਦਾ ਹੈ ਅਤੇ ਸਫ਼ਾਈ ਦੇ ਕਾਰਜ ਵਿੱਚ ਸਫ਼ਾਈ ਕਾਮਿਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਅਖੀਰ ਵਿੱਚ ਸ੍ਰੀ ਭੱਲਾ ਨੇ ਵਿਸ਼ਵ ਭਰ ’ਚ ਭਾਈਚਾਰਕ ਸਾਂਝ ਪਰਪੱਕ ਹੋਣ ਦੀ ਕਾਮਨਾ ਕਰਦਿਆਂ, ਹਰ ਵਰਗ ਦੇ ਲੋਕਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ।