ਜਲੰਧਰ ਨਗਰ ਨਿਗਮ ਵਿੱਚ 85 ’ਚੋਂ 44 ਸੀਟਾਂ ’ਤੇ ਔਰਤਾਂ ਕਾਬਜ਼
ਹਤਿੰਦਰ ਮਹਿਤਾ
ਜਲੰਧਰ, 23 ਦਸੰਬਰ
ਨਗਰ ਨਿਗਮ ਵਿੱਚ ਮਹਿਲਾ ਕੌਂਸਲਰਾਂ ਨੇ ਲੀਡ ਲਈ ਹੈ। ਚੋਣਾਂ ਵਿੱਚ 85 ਵਿੱਚੋਂ 44 ਸੀਟਾਂ ਔਰਤਾਂ ਨੇ ਜਿੱਤੀਆਂ ਹਨ। ਹਾਲਾਂਕਿ ਇਹ ਔਰਤਾਂ ਲਈ ਮਜ਼ਬੂਤ ਨੁਮਾਇੰਦਗੀ ਦੀ ਨਿਸ਼ਾਨਦੇਹੀ ਕਰਦਾ ਹੈ, ਪਰ ਇਹ ਚਿੰਤਾ ਵੀ ਹੈ ਕਿ ਕੀ ਸਾਰੀਆਂ ਮਹਿਲਾ ਕੌਂਸਲਰ ਸੁਤੰਤਰ ਤੌਰ ’ਤੇ ਕੰਮ ਕਰਨਗੀਆਂ ਜਾਂ ਆਪਣੇ ਪਤੀਆਂ ਲਈ ਪ੍ਰੌਕਸੀ ਬਣੀਆਂ ਰਹਿਣਗੀਆਂ? ਵਾਰਡ ਨੰਬਰ 24 ਤੋਂ ਉਮਾ ਬੇਰੀ, ਵਾਰਡ 27 ਤੋਂ ਪ੍ਰਭਜੋਤ ਕੌਰ ਅਤੇ ਵਾਰਡ 30 ਤੋਂ ਜਸਲੀਨ ਸੇਠੀ ਵਰਗੇ ਤਜਰਬੇਕਾਰ ਨੇਤਾ ਕਾਂਗਰਸ ਨਾਲ ਸਬੰਧਤ ਹਨ ਜੋ ਪਿਛਲੇ ਸਮੇਂ ਵਿੱਚ ਵਾਰਡ ਦੇ ਮੁੱਦੇ ਚੁੱਕਣ ਲਈ ਨਾਮਣਾ ਖੱਟ ਚੁੱਕੇ ਹਨ। ਇਸੇ ਤਰ੍ਹਾਂ ‘ਆਪ’ (ਵਾਰਡ 33) ਤੋਂ ਅਰੁਣਾ ਅਰੋੜਾ, ਕਾਂਗਰਸ ਦੀ ਹਰਸ਼ਰਨ ਕੌਰ ਹੈਪੀ (ਵਾਰਡ 35) ਅਤੇ ਸਰਬਜੀਤ ਕੌਰ (ਵਾਰਡ 37) ਦੋਵੇਂ ਜਬਰਦਸਤ ਸ਼ਮੂਲੀਅਤ ਲਈ ਜਾਣੀਆਂ ਜਾਂਦੀਆਂ ਹਨ। ਵਾਰਡ 53 ਅਤੇ 54 ਤੋਂ ਚੁਣੇ ਗਏ ਭਾਜਪਾ ਦੀ ਜੋਤੀ ਅਤੇ ਸ਼ੋਭਾ ਵਰਗੇ ਨਵੇਂ ਚਿਹਰੇ ਅਤੇ ਕਾਂਗਰਸ ਦੀ ਨੇਹਾ ਮਿੰਟੂ (ਵਾਰਡ 49) ਅਤੇ ‘ਆਪ’ ਦੀ ਹਰਸਿਮਰਨ ਕੌਰ (ਵਾਰਡ 69) ਨੇ ਲੋਕਾਂ ਵਿੱਚ ਉਤਸ਼ਾਹ ਲਿਆਂਦਾ ਹੈ। ਨੇਹਾ ਮਿੰਟੂ ਨੇ ਸਥਾਨਕ ਰਾਜਨੀਤੀ ਵਿੱਚ ਆਪਣੀ ਸੀਟ ਦਾ ਦਾਅਵਾ ਕਰਨ ਲਈ ਇੱਕ ਸੀਨੀਅਰ ‘ਆਪ’ ਨੇਤਾ ਨੂੰ ਹਰਾ ਕੇ ਧਿਆਨ ਖਿੱਚਿਆ। ਸਥਾਨਕ ਨਿਵਾਸੀਆਂ ਨੂੰ ਮਹਿਲਾ ਕੌਂਸਲਰਾਂ ਤੋਂ ਨਿੱਜੀ ਏਜੰਡਿਆਂ ਨਾਲੋਂ ਸਥਾਨਕ ਮੁੱਦਿਆਂ ਨੂੰ ਪਹਿਲ ਦੇਣ ਦੀਆਂ ਉਮੀਦਾਂ ਹਨ। ਨਾਗਰਿਕ ਸਮੱਸਿਆਵਾਂ ਜਿਵੇਂ ਮਾੜੀਆਂ ਸੜਕਾਂ, ਸਫ਼ਾਈ ਅਤੇ ਔਰਤਾਂ ਲਈ ਸੁਰੱਖਿਅਤ ਥਾਵਾਂ ਮੁੱਖ ਮੰਗਾਂ ਹਨ। ਨੌਜਵਾਨ ਵੋਟਰ ਵੱਧ ਪੜ੍ਹੀਆਂ-ਲਿਖੀਆਂ ਅਤੇ ਊਰਜਾਵਾਨ ਮਹਿਲਾ ਉਮੀਦਵਾਰਾਂ ਦੀ ਮੌਜੂਦਗੀ ਨੂੰ ਲੈ ਕੇ ਖ਼ਾਸ ਤੌਰ ’ਤੇ ਉਤਸ਼ਾਹਿਤ ਸਨ।