ਪੁਰਸ਼ਾਂ ਦੇ ਬਰਾਬਰ ਸਾਰੇ ਕੰਮ ਕਰ ਸਕਦੀਆਂ ਨੇ ਮਹਿਲਾਵਾਂ: ਭਾਗਵਤ
ਨਾਗਪੁਰ, 10 ਸਤੰਬਰ
ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਔਰਤਾਂ ਉਹ ਸਾਰੇ ਕੰਮ ਕਰ ਸਕਦੀਆਂ ਹਨ ਜੋ ਪੁਰਸ਼ ਕਰ ਸਕਦੇ ਹਨ ਅਤੇ ਉਹ (ਔਰਤਾਂ) ਉਹ ਕੰਮ ਵੀ ਕਰ ਸਕਦੀਆਂ ਹਨ ਜੋ ਪੁਰਸ਼ ਨਹੀਂ ਕਰ ਸਕਦੇ। ਇੱਥੇ ਔਰਤਾਂ ਦੀ ਮਲਟੀ-ਸਟੇਟ ਕੋਆਪਰੇਟਿਵ ਸੁਸਾਇਟੀ ਵੱਲੋਂ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ‘ਔਰਤਾਂ ਦੀ ਮੁਕਤੀ’ ਸ਼ਬਦ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਭਾਗਵਤ ਨੇ ਕਿਹਾ ਕਿ ਔਰਤਾਂ ਦੀ ਮੁਕਤੀ ਦੀ ਗੱਲ ਕਹਿਣਾ ਗ਼ਲਤ ਹੀ ਜਾਪਦਾ ਹੈ। ਜੇ ਔਰਤਾਂ ਨੂੰ ਉਹ ਸਭ ਕਰਨ ਦੀ ਆਜ਼ਾਦੀ ਦੇ ਦਿੱਤੀ ਜਾਵੇ ਜੋ ਉਹ ਕਰਨਾ ਚਾਹੁੰਦੀਆਂ ਹਨ ਤਾਂ ਹਰ ਕੋਈ ਆਪਣੇ ਆਪ ਹੀ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ, ‘ਭਾਰਤ ਵਿੱਚ ਔਰਤਾਂ ਸਿਰਫ਼ ਆਪਣੇ ਬਾਰੇ ਨਹੀਂ ਸੋਚਦੀਆਂ। ਅਸੀਂ ਆਪਣੇ ਘਰਾਂ ਤੋਂ ਸੰਸਥਾਵਾਂ ਤੱਕ ਦੇਖਦੇ ਹਾਂ ਜਦਕਿ ਔਰਤਾਂ ਸਾਰਿਆਂ ਦੀ ਭਲਾਈ ਬਾਰੇ ਸੋਚਦੀਆਂ ਹਨ।’ ਭਾਗਵਤ ਨੇ ਇੱਕ ਪ੍ਰੋਗਰਾਮ ਦੌਰਾਨ ਆਰਐਸਐਸ ਦੇ ਸਾਬਕਾ ਮੁਖੀ ਐਮ ਐਸ ਗੋਲਵਲਕਰ ਦੀ ਤਸਵੀਰ ਤੋਂ ਪਰਦਾ ਹਟਾਇਆ। -ਪੀਟੀਆਈ