ਮੋਗਾ -ਅੰਮ੍ਰਿਤਸਰ ਮੁੱਖ ਸੜਕ ’ਤੇ ਹਾਦਸੇ ’ਚ ਔਰਤ ਦੀ ਮੌਤ ਅਤੇ 3 ਬੱਚਿਆਂ ਸਮੇਤ 5 ਜ਼ਖ਼ਮੀ
10:18 AM Dec 21, 2024 IST
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 21 ਦਸੰਬਰ
ਇਥੇ ਮੋਗਾ-ਅੰਮ੍ਰਿਤਸਰ ਮੁੱਖ ਮਾਰਗ ਉੱਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰੇ ਜ਼ਖਮੀਆਂ ਨੂੰ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੀ ਰਾਤ ਲਗਪਗ 8 ਵਜੇ ਦੇ ਕਰੀਬ ਨਜ਼ਦੀਕੀ ਪਿੰਡ ਬੋਗੇਵਾਲਾ ਦਾ ਇੱਕ ਪਰਿਵਾਰ ਮੱਖੂ ਵਲੋਂ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਕਾਰ (ਪੀਬੀ 08ਸੀ ਸੀ 5278) ਉਪਰ ਵਾਪਸ ਪਿੰਡ ਪਰਤ ਰਿਹਾ ਸੀ। ਜਦੋਂ ਉਨ੍ਹਾਂ ਦੀ ਕਾਰ ਪਿੰਡ ਬਘੇਲੇ ਵਾਲਾ ਨਜ਼ਦੀਕ ਪੁਲੀਸ ਚੌਕੀ ਪਾਸ ਪੁੱਜੀ ਤਾਂ ਅੱਗੇ ਜਾ ਰਹੀ ਲੱਕੜਾਂ ਦੀ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਗਈ। ਟੱਕਰ ਐਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਨੇੜਲੇ ਘਰਾਂ ਦੇ ਲੋਕਾਂ ਨੇ ਜੱਦੋਜਹਿਦ ਤੋਂ ਬਾਅਦ ਕਾਰ ਵਿੱਚੋਂ ਬਾਹਰ ਕੱਢਿਆ। ਕਾਰ ਸਵਾਰ ਸਿਮਰਨਜੀਤ ਕੌਰ (32) ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਮਨਪ੍ਰੀਤ ਸਿੰਘ, ਉਸ ਦੀ ਬਜ਼ੁਰਗ ਮਾਤਾ ਅਤੇ ਤਿੰਨ ਬੱਚਿਆਂ ਨੂੰ ਜ਼ਖਮੀ ਹਾਲਤ ਵਿੱਚ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਘੇਲੇਵਾਲਾ ਪੁਲੀਸ ਚੌਂਕੀ ਦੇ ਇੰਚਾਰਜ ਅਨਵਰ ਮਸੀਹ ਨੇ ਦੱਸਿਆ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Advertisement
Advertisement