ਸਭ ਦੇ ਵਿਕਾਸ ਨਾਲ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਯਕੀਨੀ ਬਣਾਵਾਂਗੇ: ਨੱਢਾ
ਭਾਜਪਾ ਵਿਆਪਕ ਫ਼ਤਵਾ ਚਾਹੁੰਦੀ ਹੈ: ਨੱਢਾ
ਭਾਜਪਾ ਪ੍ਰਧਾਨ ਮੁਤਾਬਕ ਪਾਰਟੀ ਅਗਾਮੀ ਚੋਣਾਂ ’ਚ ਆਸ ਨਾਲੋਂ ਚੰਗਾ ਪ੍ਰਦਰਸ਼ਨ ਕਰੇਗੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜਨਵਰੀ
‘ਦਿ ਟ੍ਰਿਬਿਊਨ ਗਰੁੱਪ ਆਫ ਨਿਊਜ਼ਪੇਪਰਜ਼’ ਦੇ ਮੁੱਖ ਸੰਪਾਦਕ (ਐਡੀਟਰ-ਇਨ-ਚੀਫ) ਰਾਜੇਸ਼ ਰਾਮਚੰਦਰਨ ਨਾਲ ਵਿਅਕਤੀਗਤ ਤੇ ਵਿਸਤਾਰ ਨਾਲ ਕੀਤੀ ਗੱਲਬਾਤ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਭਾਜਪਾ ਆਪਣੇ ਸਮਰਥਨ ਨੂੰ ਵਿਆਪਕ ਬਣਾਉਣਾ ਚਾਹੁੰਦੀ ਹੈ ਜਿਸ ਵਿਚ ਹਰੇਕ ਦੀ ਸ਼ਮੂਲੀਅਤ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਸਾਈ ਭਾਈਚਾਰੇ ਤੱਕ ਕੀਤੀ ਪਹੁੰਚ ਦੇ ਸੰਦਰਭ ’ਚ ਨੱਢਾ ਨੇ ਕਿਹਾ, ‘ਪ੍ਰਧਾਨ ਮੰਤਰੀ ਸਾਰੇ ਵਰਗਾਂ ਦੇ ਲੋਕਾਂ ਨਾਲ ਰਾਬਤਾ ਕਰਦੇ ਹਨ ਜੋ ਦੇਸ਼ ਦੇ ਵਿਕਾਸ ਵਿਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ, ਤੇ ਵੱਖੋ-ਵੱਖਰੇ ਹਿੱਸਿਆਂ ਤੋਂ ਸਮਰਥਨ ਜੁਟਾ ਰਹੇ ਹਨ। ਉੱਤਰ-ਪੂਰਬ ਦੇ ਅੱਠ ਰਾਜਾਂ ਵਿਚੋਂ ਛੇ ਵਿਚ ਭਾਜਪਾ ਸਰਕਾਰਾਂ ਹਨ, ਗੋਆ ਵਿਚ ਵੀ ਭਾਜਪਾ ਸਰਕਾਰ ਹੈ, ਨਾਲ ਹੀ ਕੇਰਲਾ ਵਿਚ ਵੀ ਭਾਜਪਾ ਦਾ ਵੋਟ ਬੈਂਕ ਵਧਿਆ ਹੈ, ਜਿਸ ਵਿਚੋਂ ਹਰ ਵਰਗ ਦੀ ਸ਼ਮੂਲੀਅਤ ਵਾਲੇ ਵਿਆਪਕ ਫ਼ਤਵੇ ਦੀ ਝਲਕ ਮਿਲਦੀ ਹੈ।’ ਭਾਜਪਾ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਮੋਦੀ ਦੀ ਕਾਰਗੁਜ਼ਾਰੀ ਨੂੰ ਉਭਾਰ ਕੇ ਲੜੇਗੀ- ਪ੍ਰਚਾਰ ਦੌਰਾਨ ਵਿਕਾਸ, ਸੁਰੱਖਿਆ, ਕੌਮੀ ਖੁਸ਼ਹਾਲੀ, ਗਰੀਬ-ਪੱਖੀ ਭਲਾਈ ਸਕੀਮਾਂ ਦੇ ਨਾਂ ਉਤੇ ਵੋਟਾਂ ਮੰਗੇਗੀ, ਉੱਥੇ ਹੀ ਇਹ ਖੇਤਰੀ ਪੱਧਰ ਉਤੇ ਗੱਠਜੋੜਾਂ ਲਈ ਵੀ ਦਰਵਾਜ਼ਾ ਖੁੱਲ੍ਹਾ ਰੱਖ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਲਈ ਗੱਠਜੋੜ ਦਾ ਦਰਵਾਜ਼ਾ ਹਲਕਾ ਜਿਹਾ ਖੁੱਲ੍ਹਾ ਰੱਖਦਿਆਂ ਭਾਜਪਾ ਪ੍ਰਧਾਨ ਨੱਢਾ ਨੇ ਕਿਹਾ ਕਿ, ‘2020 ਵਿਚ ਅਕਾਲੀ ਦਲ ਹੀ ਸੀ ਜਿਸ ਨੇ ਗੱਠਜੋੜ ਤੋੜਨ ਦਾ ਫੈਸਲਾ ਲਿਆ ਸੀ, ਨਾ ਕਿ ਭਾਜਪਾ। ਬਾਕੀ ਪਾਰਟੀ ਭਵਿੱਖੀ ਸਥਿਤੀਆਂ ਮੁਤਾਬਕ ਫੈਸਲਾ ਲਏਗੀ।’ ਨੱਢਾ ਨੇ ਵਿਰੋਧੀ ਧਿਰ, ਖਾਸ ਤੌਰ ’ਤੇ ‘ਆਪ’ ਦੇ ਉਨ੍ਹਾਂ ਦੋਸ਼ਾਂ, ਕਿ ਜਾਂਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ, ਦਾ ਜਵਾਬ ਦਿੰਦਿਆਂ ਹਵਾਲਾ ਦਿੱਤਾ ਕਿ ਦਿੱਲੀ ਆਬਕਾਰੀ ਨੀਤੀ ਘੁਟਾਲੇ ਵਿਚ ਗ੍ਰਿਫ਼ਤਾਰ ‘ਆਪ’ ਆਗੂਆਂ ਨੂੰ ਅਦਾਲਤਾਂ ਵੱਲੋਂ ਵੀ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਹੈ। ਭਾਜਪਾ ਪ੍ਰਧਾਨ ਨੇ ਬਲਕਿ ‘ਆਪ’ ਦੇ ਮੁਹੱਲਾ ਕਲੀਨਿਕਾਂ ਵਿਚ ‘ਫਰਜ਼ੀ ਲੈਬ ਟੈਸਟ ਘੁਟਾਲੇ’ ਅਤੇ ‘ਡਰੱਗ ਘੁਟਾਲੇ’ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਦਾਅਵਾ ਕੀਤਾ ਕਿ ‘ਮੁਹੱਲਾ ਕਲੀਨਿਕਾਂ ਵਿਚ ਮਰੀਜ਼ਾਂ ਨੂੰ ਹੈਰਾਨੀਜਨਕ ਢੰਗ ਨਾਲ ਸੰਖੇਪ ਜਿਹੀ 36 ਸਕਿੰਟ ਦੀ ਪ੍ਰਕਿਰਿਆ ਵਿਚੋਂ ਲੰਘਾਇਆ ਜਾ ਰਿਹਾ ਹੈ, ਜਿਸ ’ਚ ਕਥਿਤ ਫਰਜ਼ੀ ਡਾਕਟਰ, ਮਰੀਜ਼, ਦਵਾਈਆਂ ਤੇ ਟੈਸਟ ਸ਼ਾਮਲ ਹਨ ਪਰ ਬਿੱਲ ਅਸਲੀ ਬਣਾਏ ਜਾ ਰਹੇ ਹਨ।’ ਨੱਢਾ ਨੇ ਕਿਹਾ ਕਿ ਬਿਹਾਰ, ਪੰਜਾਬ, ਪੱਛਮੀ ਬੰਗਾਲ, ਉੜੀਸਾ, ਤਾਮਿਲਨਾਡੂ, ਕੇਰਲਾ ਤੇ ਆਂਧਰਾ ਪ੍ਰਦੇਸ਼ ਵਿਚ ਪਾਰਟੀ ਦੀ ਚੋਣ ਕਾਰਗੁਜ਼ਾਰੀ ‘ਤੁਹਾਡੀਆਂ ਆਸਾਂ ਤੇ ਧਾਰਨਾਵਾਂ ਤੋਂ ਕਿਤੇ ਉੱਪਰ ਜਾਵੇਗੀ।’ ਨੱਢਾ ਨੇ ਭਰੋਸਾ ਜਤਾਇਆ ਕਿ ਪਾਰਟੀ ਦੱਖਣ ਭਾਰਤ ਵਿਚ ਪਿਛਲੀਆਂ ਚੋਣਾਂ ਨਾਲੋਂ ਵੱਧ ਸੀਟਾਂ ਜਿੱਤੇਗੀ।
ਪੰਜਾਬ ’ਚ ਹਾਲਾਤ ਮੁਤਾਬਕ ਲਵਾਂਗੇ ਗੱਠਜੋੜ ਬਾਰੇ ਫੈਸਲਾ
ਸ਼੍ਰੋਮਣੀ ਅਕਾਲੀ ਦਲ ਲਈ ਗੱਠਜੋੜ ਦਾ ਦਰਵਾਜ਼ਾ ਹਲਕਾ ਜਿਹਾ ਖੁੱਲ੍ਹਾ ਰੱਖਦਿਆਂ ਭਾਜਪਾ ਪ੍ਰਧਾਨ ਨੱਢਾ ਨੇ ਕਿਹਾ ਕਿ, ‘2020 ਵਿਚ ਅਕਾਲੀ ਦਲ ਹੀ ਸੀ ਜਿਸ ਨੇ ਗੱਠਜੋੜ ਤੋੜਨ ਦਾ ਫੈਸਲਾ ਲਿਆ ਸੀ, ਨਾ ਕਿ ਭਾਜਪਾ। ਬਾਕੀ ਪਾਰਟੀ ਭਵਿੱਖੀ ਸਥਿਤੀਆਂ ਮੁਤਾਬਕ ਫੈਸਲਾ ਲਏਗੀ।’
ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਕਿਹਾ ਕਿ ਸਾਰਿਆਂ ਦਾ ਵਿਕਾਸ ਅਗਾਮੀ ਲੋਕ ਸਭਾ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਏਗਾ। ਭਾਜਪਾ ਆਪਣੇ ਸਮਰਥਨ ਨੂੰ ਵਿਆਪਕ ਬਣਾਉਣਾ ਚਾਹੁੰਦੀ ਹੈ ਜਿਸ ਵਿਚ ਹਰੇਕ ਦੀ ਸ਼ਮੂਲੀਅਤ ਹੋਵੇ। ਸ੍ਰੀ ਨੱਢਾ ਨੇ ਇਹ ਗੱਲ ਇਥੇ ਦਿ ਟ੍ਰਿਬਿਊਨ ਗਰੁੱਪ ਆਫ ਨਿਊਜ਼ਪੇਪਰਜ਼ ਦੇ ਮੁੱਖ ਸੰਪਾਦਕ ਰਾਜੇਸ਼ ਰਾਮਚੰਦਰਨ ਨੂੰ ਦਿੱਤੀ ਇੰਟਰਵਿਊ ਦੌਰਾਨ ਕਹੀ। ਪੇਸ਼ ਹਨ ਇਸ ਇੰਟਰਵਿਊ ਦੇ ਮੁੱਖ ਅੰਸ਼:
ਰਾਮ ਮੰਦਿਰ ਦਾ ਉਦਘਾਟਨ 2024 ਲੋਕ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਰਣਨੀਤੀ ਦਾ ਕੇਂਦਰ ਬਿੰਦੂ ਕਿਵੇਂ ਹੈ?
ਪਹਿਲੀ ਗੱਲ ਹੈ ਕਿ ਸ੍ਰੀ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਮੀਡੀਆ ਵਿੱਚ ਅਜਿਹੇ ਸਵਾਲ ਆਉਣ ਨਾਲ ਨਿਰਾਸ਼ਾ ਹੁੰਦੀ ਹੈ। ਰਾਮ ਮੰਦਰ ਦਾ ਉਦਘਾਟਨ ਹਰੇਕ ਭਾਰਤੀ ਲਈ ਗੌਰਵ ਦਾ ਪਲ ਹੈ। ਭਾਜਪਾ ਤੁਸ਼ਟੀਕਰਣ ਦੀ ਸਿਆਸਤ ਵਿਚ ਯਕੀਨ ਨਹੀਂ ਰੱਖਦੀ। ਇਹ ਜ਼ਿੰਮੇਵਾਰੀ ਨਿਭਾਉਣ ਦੀ ਸਿਆਸਤ ਵਿੱਚ ਯਕੀਨ ਕਰਦੀ ਹੈ। ਸਾਡੀ ਸਿਆਸਤ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ’ ਉੱਤੇ ਅਧਾਰਿਤ ਹੈ। ਅਸੀਂ ‘ਅੰਤੋਦਿਆ’, ਸਾਡੇ ਸਭਿਆਚਾਰ ਲਈ ਸਤਿਕਾਰ ਤੇ ਦੇਸ਼ ਨੂੰ ਪਹਿਲਾਂ ਰੱਖਣ ਦੇ ਸੇਧਤ ਸਿਧਾਂਤ ਅਨੁਸਾਰ ਜਿਊਂਦੇ ਹਾਂ। ਰਾਮ ਮੰਦਿਰ ਦੇ ਨਿਰਮਾਣ ਦਾ ਸਿਆਸੀਕਰਨ ਉਹੀ ਲੋਕ ਕਰ ਰਹੇ ਹਨ, ਜੋ ਪ੍ਰਭੂ ਸ੍ਰੀ ਰਾਮ ਦੀ ਹੋਂਦ ਤੋਂ ਇਨਕਾਰੀ ਹਨ, ਜਿਨ੍ਹਾਂ ਕਾਰਸੇਵਕਾਂ ’ਤੇ ਗੋਲੀਆਂ ਚਲਾਈਆਂ; ਅਤੇ ਰਾਮ ਮੰਦਿਰ ਮਸਲੇ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਗੰਦੀ ਸਿਆਸਤ ਉਹ ਲੋਕ ਕਰ ਰਹੇ ਹਨ, ਜੋ ਰਾਮਚਰਿਤਮਾਨਸ ਦਾ ਨਿਰਾਦਰ ਕਰਕੇ ਪ੍ਰਭੂ ਸ੍ਰੀ ਰਾਮ ਦਾ ਅਪਮਾਨ ਕਰ ਰਹੇ ਹਨ ਤੇ ਸਨਾਤਨ ਧਰਮ ਤੇ ਹਿੰਦੂ ਧਰਮ ’ਤੇ ਸਵਾਲ ਚੁੱਕ ਰਹੇ ਹਨ। ਭਾਜਪਾ ਤਾਂ ਸਿਰਫ਼ ਸਦੀਆਂ ਪੁਰਾਣੇ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਮ ਮੰਦਰ ਦੀ ਉਸਾਰੀ ਤੇ ਪ੍ਰਾਣ ਪ੍ਰਤਿਸ਼ਠਾ (ਮੂਰਤੀ ਸਥਾਪਨਾ) ਦੀ ਰਸਮ ਭਾਰਤ ਲਈ ਇਤਿਹਾਸਕ ਪਲ ਹਨ ਤੇ ਸਾਰੇ ਭਾਰਤੀ ਇਸ ਦਿਨ ਲਈ ਬਹੁਤ ਉਤਸ਼ਾਹਿਤ ਹਨ।
ਹਿੰਦੀ ਭਾਸ਼ਾ ਵਾਲੇ ਰਾਜਾਂ ’ਤੇ ਨਜ਼ਰ ਮਾਰੀਏ ਤਾਂ ਕੀ 2019 ਵਿਚ ਭਾਜਪਾ ਦਾ ਪ੍ਰਦਰਸ਼ਨ ਸਿਖਰ ’ਤੇ ਨਹੀਂ ਸੀ? ਤੁਸੀਂ ਆਪਣੀ ਗਿਣਤੀ 303 ਤੋਂ ਅੱਗੇ ਕਿਵੇਂ ਲੈ ਕੇ ਜਾਓਗੇ?
ਅਸੀਂ ਦੇਸ਼ ਨੂੰ ਭਾਸ਼ਾ ਦੇ ਅਧਾਰ ’ਤੇ ਨਹੀਂ ਵੰਡਦੇ, ਇਹ ਕਦੇ ਵੀ ਸਾਡੇ ਸੋਚਣ ਦਾ ਢੰਗ ਤਰੀਕਾ ਨਹੀਂ ਹੋ ਸਕਦਾ। ਭਾਜਪਾ ਤੇ ਇਸ ਦੇ ਵਰਕਰ ਚੋਣ ਕਾਰਗੁਜ਼ਾਰੀ ਨੂੰ ਸੁਧਾਰਨ ਲਈ ਲਗਾਤਾਰ ਕੰਮ ਕਰਦੇ ਰਹਿਣ ਵਿੱਚ ਯਕੀਨ ਰੱਖਦੇ ਹਨ। ਅਸੀਂ ਹਮੇਸ਼ਾ ਇਹ ਗੱਲ ਆਖੀ ਹੈ ਕਿ ਸਾਡੀ ਲੀਡਰਸ਼ਿਪ ਬੂਥ ਪੱਧਰ ਤੱਕ ਮੌਜੂਦ ਰਹਿੰਦੀ ਹੈ ਤੇ ਅਸੀਂ ਹਰੇਕ ਚੋਣ ਵਿੱਚ ਬੂਥ ਪੱਧਰ ’ਤੇ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਪਿਛਲੀਆਂ ਚੋਣਾਂ ਦੇ ਮੁਕਾਬਲੇ ਐਤਕੀਂ ਪੰਜਾਬ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਤਾਮਿਲ ਨਾਡੂ, ਕੇਰਲਾ ਤੇ ਆਂਧਰਾ ਪ੍ਰਦੇਸ਼ ’ਚ ਸਾਡੀ ਕਾਰਗੁਜ਼ਾਰੀ ਵਧੀਆ ਰਹੇਗੀ ਤੇ ਮੈਨੂੰ ਯਕੀਨ ਹੈ ਕਿ ਨਤੀਜੇ ਤੁਹਾਡੇ ਕਿਆਸਾਂ ਤੇ ਉਮੀਦਾਂ ਤੋਂ ਕਿਤੇ ਵੱਧ ਹੋਣਗੇ। ਸਾਡੇ ਕੋਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਦੂਰਦ੍ਰਿਸ਼ਟੀ ਦੇ ਨਾਲ ‘ਮੋਦੀ ਕੀ ਗਾਰੰਟੀ’ ਹੈ। ਅਸੀਂ ਕਈ ਰਾਜਾਂ ਵਿੱਚ ਹੂੰਝਾਫੇਰ ਜਿੱਤ ਦਰਜ ਕਰਾਂਗੇ।
ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ’ਤੇ ਲੱਗੇ ਕਥਿਤ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਵੋਟਰਾਂ ’ਤੇ ਅਸਰ ਪਿਆ। ਕੀ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਰਗੇ ਕੁਝ ਭਾਜਪਾ ਸ਼ਾਸਿਤ ਸੂਬਿਆਂ ਵਿਚ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ?
ਮੈਂ ਕੁਝ ਹੱਦ ਤੱਕ ਤੁਹਾਡੇ ਨਾਲ ਸਹਿਮਤ ਹਾਂ ਕਿ ਅਸੀਂ ਕਰਨਾਟਕ ਵਿੱਚ ਵਿਰੋਧੀ ਧਿਰ ਵੱਲੋਂ ਸਾਡੇ ਖਿਲਾਫ਼ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਤੇ ਕੂੜ ਪ੍ਰਚਾਰ ਨਾਲ ਸਹੀ ਢੰਗ ਨਾਲ ਨਹੀਂ ਸਿੱਝ ਸਕੇ। ਪਰ ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਸੂਬੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਨੇ ਕਿਵੇਂ ਉਨ੍ਹਾਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਕਰਨਾਟਕ ਵਿੱਚ ‘ਪੰਜ ਗਾਰੰਟੀਆਂ’ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਮਗਰੋਂ ਸਿੱਧਰਮੱਈਆ ਸਰਕਾਰ ਨੇ ਪੰਜ ਗਾਰੰਟੀਆਂ ਦੇ ਨਾਂ ’ਤੇ ਸਾਰੇ ਵਿਕਾਸ ਕਾਰਜ ਰੋਕ ਦਿੱਤੇ। ਕਾਂਗਰਸ ਨੇ ਸੀਨੀਅਰ ਮੰਤਰੀਆਂ ਨੇ ਸ਼ਰ੍ਹੇਆਮ ਇਹ ਗੱਲ ਮੰਨੀ ਹੈ ਕਿ ਸੂਬੇ ਵਿੱਚ ਹੋਰਨਾਂ ਵਿਕਾਸ ਕਾਰਜਾਂ ਲਈ ਫੰਡਾਂ ਦੀ ਵੱਡੀ ਤੋਟ ਹੈ ਕਿਉਂਕਿ ਇਹ ਪੈਸਾ ਪੰਜ ਗਾਰੰਟੀਆਂ, ਜੋ ਅਜੇ ਤੱਕ ਪੂਰੀਆਂ ਨਹੀਂ ਹੋਈਆਂ, ਉੱਤੇ ਖਰਚ ਕੀਤਾ ਜਾ ਰਿਹਾ ਹੈ। ਮੈਨੂੰ ਯਕੀਨ ਹੈ ਕਿ ਭਾਜਪਾ ਗੱਠਜੋੜ ਵੱਲੋਂ ਲੋਕ ਸਭਾ ਚੋਣਾਂ ’ਚ ਕਰਨਾਟਕ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਦਰਜ ਕੀਤੀ ਜਾਵੇਗੀ। ਮੈਂ ਇਹ ਤੱਥ ਵੀ ਉਭਾਰਨਾ ਚਾਹਾਂਗਾ ਕਿ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਸੱਤਾ ਵਿੱਚ ਹੈ, ਉਥੇ ਸਰਕਾਰ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਕਿਉਂਕਿ ਅਸੀਂ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਾਂ ਜਦੋਂਕਿ ਜਿਨ੍ਹਾਂ ਰਾਜਾਂ ਵਿੱਚ ਕਾਂਗਰਸ ਜਾਂ ਹੋਰ ਪਾਰਟੀਆਂ ਦੀਆਂ ਸਰਕਾਰਾਂ ਹਨ, ਉਨ੍ਹਾਂ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਆਪਣੇ ਹਿੱਤਾਂ ਤੇ ਇਕ ਪਰਿਵਾਰ ਲਈ ਹੀ ਕੰਮ ਕਰਦੇ ਹਨ। ਅਸੀਂ ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਇਸ ਦੀ ਮਿਸਾਲ ਦੇਖੀ ਹੈ ਕਿ ਕਿਵੇਂ ਕਾਂਗਰਸ ਸਰਕਾਰ ਨੂੰ ਪੰਜ ਸਾਲ ਦੇ ਕਾਰਜਕਾਲ ਮਗਰੋਂ ਸੱਤਾ ’ਚੋਂ ਬਾਹਰ ਕਰ ਦਿੱਤਾ ਗਿਆ। ਦੂਜੇ ਪਾਸੇ ਮੱਧ ਪ੍ਰਦੇਸ਼ ਵਿੱਚ 18 ਸਾਲਾਂ ਤੋਂ ਸੱਤਾ ਵਿੱਚ ਹੋਣ ਦੇ ਬਾਵਜੂਦ ਭਾਜਪਾ ਰਿਕਾਰਡ ਬਹੁਮਤ ਨਾਲ ਮੁੜ ਚੁਣੀ ਗਈ। ਇਹੀ ਰੁਝਾਨ ਗੁਜਰਾਤ, ਯੂਪੀ, ਗੋਆ, ਉੱਤਰਾਖੰਡ ਤੇ ਮਨੀਪੁਰ ਵਿਚ ਜਾਰੀ ਹੈ।
ਬਿਹਾਰ, ਮਹਾਰਾਸ਼ਟਰ, ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੁਝ ਹੋਰ ਰਾਜਾਂ ਵਿਚ ‘ਇੰਡੀਆ’ ਗੱਠਜੋੜ ਤਾਕਤਵਰ ਨਜ਼ਰ ਆ ਰਿਹਾ ਹੈ। ਤੁਸੀਂ ਇਸ ਦੀ ਚੁਣੌਤੀ ਤੋਂ ਪਾਰ ਪਾਉਣ ਲਈ ਕੀ ਕਰ ਰਹੇ ਹੋ?
ਇਸ ਤਰ੍ਹਾਂ ਦਾ ਕੋਈ ਗੱਠਜੋੜ ਨਹੀਂ ਹੈ। ਇਹ ਬਸ ਇਕ ਮੌਕਾਪ੍ਰਸਤ ਗਰੁੱਪ ਹੈ ਜੋ ਸਿਆਸੀ ਲਾਹਾ ਚਾਹੁੰਦਾ ਹੈ ਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਸੇ ਵੀ ਰਾਜ ਵਿਚ ਇਹ ਇੰਡੀਆ ਗੱਠਜੋੜ ਕੰਮ ਨਹੀਂ ਕਰੇਗਾ। ਤੁਸੀਂ ਕਿਵੇਂ ਸੋਚਦੇ ਹੋ ਕਿ ਇਹ ਬਿਹਾਰ, ਮਹਾਰਾਸ਼ਟਰ, ਬੰਗਾਲ, ਕੇਰਲਾ ਤੇ ਤਾਮਿਲਨਾਡੂ ਵਿਚ ਮਜ਼ਬੂਤ ਹੈ? ਜ਼ਮੀਨੀ ਹਕੀਕਤ ਵੱਖਰੀ ਹੈ। ਹਾਲ ਹੀ ਵਿਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ ਕਿ ਕਾਂਗਰਸ ਜੇਤੂ ਬਣ ਕੇ ਉੱਭਰੇਗੀ...ਪਰ ਕਿੱਥੇ ਜਾ ਕੇ ਢੁਕੀ? ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਲੋਕ ਹੁਣ ਸਮਝਦਾਰ ਹੋ ਗਏ ਹਨ। ਤਾਮਿਲਨਾਡੂ ਵਿਚ ਅਸੀਂ ਹਮੇਸ਼ਾ ਕਾਂਗਰਸ ਤੇ ਡੀਐਮਕੇ ਵਿਰੁੱਧ ਲੜੇ ਹਾਂ। ਹੁਣ ਸਥਾਨਕ ਚੋਣਾਂ ਦੇ ਨਤੀਜੇ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਫੀ ਵੋਟਰ ਭਾਜਪਾ ਵੱਲ ਆ ਰਹੇ ਹਨ। ਕੀ ਅਸੀਂ ਪੱਛਮੀ ਬੰਗਾਲ ਵਿਚ ਮਮਤਾ ਦੀਦੀ ਦਾ ਟਾਕਰਾ ਨਹੀਂ ਕੀਤਾ? ਇਹ ਇਕ ਹੋਰ ਦਿਲਚਸਪ ਗੱਲ ਹੈ। ਇਹ ਕਿਸ ਨੇ ਕਿਹਾ ਹੈ ਕਿ ਜਦ ਪਾਰਟੀਆਂ ਵਿਚਾਲੇ ਗੱਠਜੋੜ ਹੁੰਦਾ ਹੈ ਤਾਂ ਵੋਟਰ ਉਨ੍ਹਾਂ ਵੱਲ ਜਾਂਦੇ ਹਨ? ਜੇਕਰ ਅਜਿਹਾ ਹੀ ਹੁੰਦਾ ਤਾਂ ਉਹ ਉੱਤਰ ਪ੍ਰਦੇਸ਼ ਵਿਚ ਲਗਾਤਾਰ ਚਾਰ ਚੋਣਾਂ- ਦੋ ਵਿਧਾਨ ਸਭਾ ਤੇ ਦੋ ਲੋਕ ਸਭਾ ਚੋਣਾਂ ਜਿੱਤ ਨਾ ਗਏ ਹੁੰਦੇ। ਲੋਕ ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਕਮਿਊਨਿਸਟਾਂ ਦੇ ਗੱਠਜੋੜ ਨੂੰ ਕਿਵੇਂ ਪਚਾਉਣਗੇ। ਚੋਣਾਂ ਵਿਚ ਗਿਣਤੀ-ਮਿਣਤੀ ਕੰਮ ਨਹੀਂ ਕਰਦੀ, ਇਹ ਲੋਕਾਂ ਨਾਲ ਜੁੜਾਅ ਹੈ ਜੋ ਕੰਮ ਕਰਦਾ ਹੈ ਤੇ ਮੋਦੀ ਜੀ ਇਸ ਜੁੜਾਅ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਈਸਟਰ ਤੇ ਕ੍ਰਿਸਮਸ ਦੌਰਾਨ ਈਸਾਈ ਭਾਈਚਾਰੇ ਤੱਕ ਆਪਣੀ ਪਹੁੰਚ ਦਾ ਨਵਾਂ ਰਾਹ ਖੋਲ੍ਹਿਆ ਹੈ, ਜਿਸ ਦਾ ਭਾਈਚਾਰੇ ਨੇ ਸਵਾਗਤ ਕੀਤਾ ਹੈ। ਤੁਸੀਂ ਵਿਰੋਧੀ ਧਿਰ ਦੇ ਉਸ ਦੋਸ਼ ਦਾ ਜਵਾਬ ਕਿਵੇਂ ਦੇਵੋਗੇ ਕਿ ਮਨੀਪੁਰ ਦਾ ਮੁੱਦਾ ਹਾਲੇ ਵੀ ਉਲਝਿਆ ਹੋਇਆ ਹੈ। ਮਨੀਪੁਰ ਵਿਚ ਦੋਵਾਂ ਵਰਗਾਂ ਵਿਚਾਲੇ ਤਣਾਅ ਅਦਾਲਤ ਦੇ ਫੈਸਲੇ ਕਾਰਨ ਵਧਿਆ, ਇਸ ਦੇ ਹੋਰ ਵੀ ਕਈ ਕਾਰਨ ਸਨ, ਵਿਰੋਧੀ ਧਿਰ ਸ਼ਾਂਤੀ ਲਈ ਹੁੰਗਾਰਾ ਭਰਨ ਦੀ ਥਾਂ ਮੁਲਕ ਨੂੰ ਬਦਨਾਮ ਕਰਨ ਤੇ ਸੰਸਦ ਵਿਚ ਅੜਿੱਕਾ ਪਾਉਣ ਲਈ ਗੜਬੜੀ ਪੈਦਾ ਕਰਨ ਉਤੇ ਜ਼ਿਆਦਾ ਧਿਆਨ ਦਿੰਦੀ ਜਾਪਦੀ ਹੈ। ਮਨੀਪੁਰ ਕੇਸ ਹੁਣ ਅਦਾਲਤ ਵਿਚ ਹੈ ਤੇ ਸ਼ਾਂਤੀ ਸਥਾਪਨਾ ਲਈ ਢੁੱਕਵੇਂ ਕਦਮ ਚੁੱਕੇ ਗਏ ਹਨ, ਸੁਰੱਖਿਆ ਬਲ ਧੀਰਜ ਵਰਤ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਉੱਤਰ-ਪੂਰਬ ਨੇ ਕੱਟੜਵਾਦ ਤੇ ਵੱਖਵਾਦ ਘਟਦਾ ਦੇਖਿਆ ਹੈ, ਅਤਿਵਾਦੀ ਸੰਗਠਨਾਂ ਨਾਲ ਹਾਲ ਹੀ ਵਿਚ ਹੋਇਆ ਸ਼ਾਂਤੀ ਸਮਝੌਤਾ ਇਸ ਦੀ ਉਦਾਹਰਨ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਦੇ ਬੁਨਿਆਦੀ ਸਿਧਾਂਤ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ’ ਵਿਚ ਪਰੋਏ ਹੋਏ ਹਨ। ਇਹ ਪਹੁੰਚ ਬਰਾਬਰੀ, ਤੁਸ਼ਟੀਕਰਣ ਦੀ ਥਾਂ ਸਾਰਿਆਂ ਦੀ ਭਲਾਈ ਨੂੰ ਤਰਜੀਹ ਦਿੰਦੀ ਹੈ। ਪ੍ਰਧਾਨ ਮੰਤਰੀ ਸਾਰੇ ਵਰਗਾਂ ਦੇ ਲੋਕਾਂ ਨਾਲ ਰਾਬਤਾ ਕਰਦੇ ਹਨ ਜੋ ਦੇਸ਼ ਦੇ ਵਿਕਾਸ ਵਿਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ, ਤੇ ਵੱਖੋ-ਵੱਖਰੇ ਹਿੱਸਿਆਂ ਤੋਂ ਸਮਰਥਨ ਜੁਟਾ ਰਹੇ ਹਨ। ਉੱਤਰ-ਪੂਰਬ ਦੇ ਅੱਠ ਰਾਜਾਂ ਵਿਚੋਂ ਛੇ ਵਿਚ ਭਾਜਪਾ ਸਰਕਾਰਾਂ ਹਨ, ਗੋਆ ਵਿਚ ਵੀ ਭਾਜਪਾ ਸਰਕਾਰ ਹੈ, ਨਾਲ ਹੀ ਕੇਰਲਾ ਵਿਚ ਵੀ ਭਾਜਪਾ ਦਾ ਵੋਟ ਬੈਂਕ ਵਧਿਆ ਹੈ, ਜਿਸ ਵਿਚੋਂ ਹਰ ਵਰਗ ਦੀ ਸ਼ਮੂਲੀਅਤ ਵਾਲੇ ਵਿਆਪਕ ਫ਼ਤਵੇ ਦੀ ਝਲਕ ਮਿਲਦੀ ਹੈ।
ਲੋਕ ਸਭਾ ਸੀਟਾਂ ਦੇ ਪੱਖ ਤੋਂ ਹਾਲਾਂਕਿ ਭਾਜਪਾ ਦੱਖਣ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ, ਪਰ ਤੁਸੀਂ ਸਿਰਫ਼ ਪੁੱਡੂਚੇਰੀ ਵਿਚ ਸੱਤਾ ’ਚ ਹੋ ਤੇ ਕੇਰਲਾ ਵਿਚ ਖਾਤਾ ਖੁੱਲ੍ਹਣਾ ਬਾਕੀ ਹੈ। ਕੀ ਦੱਖਣ ਭਾਰਤ ਵਿਚ ਸਿਆਸੀ ਪਕੜ ਵਧਾਏ ਬਿਨਾਂ ਅੱਗੇ ਵਧਣਾ ਔਖਾ ਨਹੀਂ ਹੋਵੇਗਾ?
ਕੁਝ ਸਮੇਂ ਪਹਿਲਾਂ ਤੱਕ ਸਾਡੀ ਕਰਨਾਟਕ ਵਿਚ ਸਰਕਾਰ ਰਹੀ ਹੈ ਤੇ ਹੁਣ ਅਸੀਂ ਪੁੱਡੂਚੇਰੀ ਵਿਚ ਸੱਤਾ ’ਚ ਹਾਂ। ਤਿਲੰਗਾਨਾ ਵਿਚ, ਸਾਡੀਆਂ ਵਿਧਾਨ ਸਭਾ ਸੀਟਾਂ ਇਕ ਤੋਂ ਵਧ ਕੇ 8 ਹੋ ਗਈਆਂ ਹਨ ਤੇ ਸਾਡਾ ਵੋਟ ਸ਼ੇਅਰ ਦੁੱਗਣੇ ਤੋਂ ਵੱਧ ਹੋ ਗਿਆ ਹੈ। ਤਾਮਿਲਨਾਡੂ ਤੇ ਕੇਰਲਾ ਵਿਚ ਹਾਲ ਹੀ ’ਚ ਹੋਈਆਂ ਸਥਾਨਕ ਸਰਕਾਰਾਂ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ, ਇਸ ਪ੍ਰਦਰਸ਼ਨ ਨੂੰ ਵੱਧ ਸੀਟਾਂ ਵਿਚ ਤਬਦੀਲ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਇਸ ਵਾਰ ਅਸੀਂ ਦੇਸ਼ ਦੇ ਦੱਖਣੀ ਹਿੱਸੇ ਵਿਚ ਪਿਛਲੀਆਂ ਸਾਰੀਆਂ ਲੋਕ ਸਭਾ ਚੋਣਾਂ ਤੋਂ ਵੱਧ ਸੀਟਾਂ ਜਿੱਤਣ ਦੀ ਉਮੀਦ ਕਰ ਰਹੇ ਹਾਂ। ਅਸੀਂ ਤਿਲੰਗਾਨਾ, ਕੇਰਲਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਵਿਚ ਸਫ਼ਲ ਹੋਣ ਬਾਰੇ ਆਸਵੰਦ ਹਾਂ ਤੇ ਕਰਨਾਟਕ ਵਿਚ ‘ਕਲੀਨ ਸਵੀਪ’ ਦੀ ਉਮੀਦ ਹੈ।
ਕੀ ਪੰਜਾਬ ਵਿਚ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੋਵੇਗਾ? ਜੇ ਨਹੀਂ, ਤਾਂ ਪੰਜਾਬ ਲਈ ਤੁਹਾਡੀ ਚੋਣ ਰਣਨੀਤੀ ਕੀ ਹੈ?
ਪਿਛਲੀਆਂ ਵਿਧਾਨ ਸਭਾ ਚੋਣਾਂ ਸਾਡੇ ਲਈ ਵਰਦਾਨ ਸਾਬਤ ਹੋਈਆਂ ਸਨ। ਪਹਿਲਾਂ ਅਸੀਂ 20-22 ਸੀਟਾਂ ’ਤੇ ਹੀ ਚੋਣ ਲੜਦੇ ਸੀ। ਪੰਜਾਬ ਵਿਚ ਬੂਥ ਪੱਧਰ ’ਤੇ ਸਾਡੀ ਮੌਜੂਦਗੀ ਦੀ ਘਾਟ ਸੀ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਸੀਂ ਬੂਥ ਪੱਧਰ ’ਤੇ ਸਥਿਤੀ ਮਜ਼ਬੂਤ ਕੀਤੀ ਹੈ ਅਤੇ ਆਪਣੇ ਦਮ ’ਤੇ ਚੋਣ ਲੜਨ ਦੀ ਤਿਆਰੀ ਕੀਤੀ| ਬੀਤੇ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਗੱਠਜੋੜ ਕਰਕੇ ਇਤਿਹਾਸਕ ਤੌਰ ’ਤੇ ਚੋਣਾਂ ਲੜੀਆਂ ਸਨ ਅਤੇ ਅਸੀਂ ਸਮੂਹਿਕ ਵਿਕਾਸ ਲਈ ਸਹਿਯੋਗ ਵਿੱਚ ਵਿਸ਼ਵਾਸ ਰੱਖਦੇ ਹਾਂ। 2020 ਵਿੱਚ ਗੱਠਜੋੜ ਤੋੜਨ ਦਾ ਫੈਸਲਾ ਭਾਜਪਾ ਨੇ ਨਹੀਂ ਅਕਾਲੀ ਦਲ ਨੇ ਲਿਆ ਸੀ ਤੇ ਪਾਰਟੀ ਭਵਿੱਖ ਬਾਰੇ ਫੈਸਲਾ ਹਾਲਾਤ ਮੁਤਾਬਕ ਲਏਗੀ।
ਈਡੀ ਦੇ ਦੁਰਵਿਵਹਾਰ ਅਤੇ ਬਦਲਾਖੋਰੀ ਦੀ ਰਾਜਨੀਤੀ ਸਬੰਧੀ ‘ਆਪ’ ਦੇ ਦੋਸ਼ਾਂ ਬਾਰੇ ਤੁਹਾਡਾ ਕੀ ਜਵਾਬ ਹੈ?
ਵੱਖ-ਵੱਖ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਜੇਕਰ ਸਿਆਸਤ ਤੋਂ ਪ੍ਰੇਰਿਤ ਹੈ ਤਾਂ ਹੈਰਾਨੀ ਹੁੰਦੀ ਹੈ ਕਿ ਸੈਸ਼ਨ ਕੋਰਟ, ਹਾਈ ਕੋਰਟ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਵੱਲੋਂ ਵੀ ਸਬੰਧਤ ਪਾਰਟੀ ਆਗੂਆਂ ਨੂੰ ਜ਼ਮਾਨਤ ਦੇਣ ਤੋਂ ਲਗਾਤਾਰ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ? ਜਿਹੜੇ ਲੋਕ ਕਹਿੰਦੇ ਸਨ ਕਿ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੇ, ਅੱਜ ਜੇਲ੍ਹ ਜਾਣ ਦੇ ਡਰੋਂ ਈਡੀ ਦੇ ਸੰਮਨਾਂ ਤੋਂ ਭੱਜ ਰਹੇ ਹਨ। ਸ਼ਰਾਬ ਘੁਟਾਲੇ ਦੇ ਸੰਦਰਭ ਵਿੱਚ ਅਦਾਲਤੀ ਨਿਰੀਖਣਾਂ ਵਿੱਚ ਵਿੱਤੀ ਲੈਣ-ਦੇਣ ਦੇ ਸਬੂਤ ਸਾਹਮਣੇ ਆਏ ਹਨ ਜੋ ਪਹਿਲਾਂ ਦੇ ਦਾਅਵਿਆਂ ਦਾ ਖੰਡਨ ਕਰਦੇ ਹਨ ਕਿ ਪੈਸਾ ਪ੍ਰਾਪਤ ਨਹੀਂ ਹੋਇਆ ਸੀ। ਮੁਹੱਲਾ ਕਲੀਨਿਕਾਂ ਨੂੰ ਹਾਲ ਹੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ‘ਭ੍ਰਿਸ਼ਟਾਚਾਰ ਕਲੀਨਿਕਾਂ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਡਰੱਗ ਘੁਟਾਲਿਆਂ ਅਤੇ ਜਾਅਲੀ ਲੈਬ ਟੈਸਟਿੰਗ ਘੁਟਾਲਿਆਂ ਵਿੱਚ ਹੋਰ ਪੇਚੀਦਗੀਆਂ ਨੂੰ ਜੋੜਦਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਇਲਾਜ ਕਥਿਤ ਫਰਜ਼ੀ ਡਾਕਟਰਾਂ, ਦਵਾਈਆਂ, ਜਾਂਚ ਅਤੇ ਟੈਸਟਾਂ ਨਾਲ 36 ਸੈਕਿੰਟਾਂ ਦੇ ਛੋਟੇ ਜਿਹੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ ਤੇ ਇਸ ਦੇ ਬਾਵਜੂਦ ਅਸਲੀ ਬਿੱਲ ਦਿੱਤੇ ਜਾ ਰਹੇ ਹਨ। ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਲੋਕ ਅਜਿਹੇ ਦਾਅਵੇ ਕਰਦੇ ਹਨ ਕਿ ਉਹ ਕਦੇ ਦਿੱਲੀ ਨਹੀਂ ਗਏ, ਪਰ ਉਨ੍ਹਾਂ ਨੇ ਇਨ੍ਹਾਂ ਕਲੀਨਿਕਾਂ ਵਿੱਚ ਜਾਂਚ ਕਰਵਾਈ ਅਤੇ ਕਈ ਮੋਬਾਈਲ ਨੰਬਰ ਅਜਿਹੇ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਸ਼ੱਕੀ ਹੈ। ਅਜਿਹੇ ਠੋਸ ਸਬੂਤਾਂ ਦੇ ਮੱਦੇਨਜ਼ਰ ਇਹ ਮਸਲਾ ਸਿਰਫ਼ ਸਿਆਸਤ ਤੋਂ ਪ੍ਰੇਰਿਤ ਜਾਪਦਾ ਹੈ।
ਉਹ ਆਗੂ ਜਿਨ੍ਹਾਂ ਨੇ ਕਦੇ ਐਲਾਨ ਕੀਤਾ ਸੀ ਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ’ਤੇ ਅਸਤੀਫਾ ਦੇ ਦੇਣਗੇ, ਹੁਣ ਜਾਂਚ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ।
ਭਾਜਪਾ ਦਾ ਸਭ ਤੋਂ ਵੱਡਾ ਚੋਣ ਮੁੱਦਾ ਕੀ ਹੈ?
ਸਾਡਾ ਏਜੰਡਾ ਭਾਰਤ ਦਾ ਵਿਕਾਸ, ਸੁਰੱਖਿਅਤ ਭਾਰਤ ਅਤੇ ਕੌਮੀ ਖੁਸ਼ਹਾਲੀ ਬਹਾਲ ਕਰਨਾ ਹੈ। ਅਸੀਂ ਆਪਣੇ ਰਿਪੋਰਟ ਕਾਰਡ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਸਾਢੇ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਲੋਕਾਂ ਦਾ ਆਸ਼ੀਰਵਾਦ ਲੈਣ ਜਾ ਰਹੇ ਹਾਂ। ਅਸੀਂ ਗਰੀਬ ਪੱਖੀ ਯੋਜਨਾਵਾਂ ਦਾ ਲਾਭ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਸੰਘਰਸ਼ਸ਼ੀਲ ਹਾਂ। ਇਸ ਦੇ ਉਲਟ ਵਿਰੋਧੀ ਧਿਰ ਜਿੱਥੇ ਵੋਟਾਂ ਲਈ ਪਤਿਆਉਣ ਦੀ ਰਾਜਨੀਤੀ ਕਰ ਰਿਹਾ ਹੈ, ਝੂਠੇ ਵਾਅਦੇ ਕਰਦਾ ਹੈ, ਯਾਤਰਾਵਾਂ ਕੱਢ ਰਿਹਾ ਹੈ, ਉੱਥੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ਸਫਲਤਾਪੂਰਵਕ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਗਾਰੰਟੀਆਂ ਵਿੱਚ ਲੋਕਾਂ ਦਾ ਭਰੋਸਾ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਸਾਹਮਣੇ ਆਇਆ ਹੈ ਜਿਸ ਦਾ ਸਾਨੂੰ ਲਾਭ ਮਿਲਿਆ ਹੈ। ਜਿਥੇ ਵਿਰੋਧੀ ਧਿਰ ਦਾ ਇਤਿਹਾਸ ਝੂਠੇ ਵਾਅਦੇ ਤੇ ਵਾਅਦਾਖਿਲਾਫ਼ੀ ਦਾ ਰਿਹਾ ਹੈ, ਉਥੇ ਭਾਜਪਾ ਦਾ ਟਰੈਕ ਰਿਕਾਰਡ ਵਿਕਾਸ ਤੇ ਤਰੱਕੀ ’ਤੇ ਅਧਾਰਿਤ ਹੈ।