ਭਾਗਾਂ ਵਾਲਾ
ਮਨਜੀਤ ਸਿੰਘ
ਤੂੰ ਮੇਰਾ ਸੀ ਹੁਣ ਵੀ ਹੈਂ
ਮੇਰੇ ਪੰਜਾਬ ਤੂੰ ਮੇਰਾ ਹੀ ਰਹੇਂ
ਤੇ ਤੂੰ ਉਨ੍ਹਾਂ ਦਾ ਵੀ ਜੋ ਤੈਨੂੰ
ਆਪਣਾ ਸੱਦਦੇ
ਇਤਿਹਾਸ ਤੇਰਾ ਤੇਰਾ ਪਿਛੋਕੜ
ਸੁਣਿਆ ਪੜ੍ਹਿਆ ਕੁਝ ਸੁਣਾਇਆ
ਸੱਚ ਜਾਣੀ ਲਾਸਾਨੀ ਹੈ
ਤੇ ਮੈਂ ਭਾਗਾਂ ਵਾਲਾ ਸੱਚ ਜਾਣੀ
ਤੇਰੀ ਗੋਦ ਮਾਣ ਰਿਹਾਂ
ਰੁੱਤਾਂ, ਲੋੜਾਂ, ਥੋੜਾਂ, ਅਸੀਂ
ਸਮੇਂ ਦੇ ਚੱਕਰ ਵਿੱਚ ਬੱਝੇ
ਤੇ ਹੇ ਮੇਰੇ ਪੰਜਾਬ
ਸਮੇਂ ਨੇ ਤੈਨੂੰ ਵੀ ਚੱਕਰ ਵਿੱਚ ਨਹੀਂ
ਚੱਕਰਾਂ ਵਿੱਚ ਰੱਖਿਆ
ਫ਼ਰੀਦ ਬਾਬਾ, ਬਾਬਾ ਨਾਨਕ, ਗੁਰੂ ਸਾਹਿਬ,
ਭਗਤ, ਸੂਰਮੇ, ਖੋਜੀ, ਸਿਰੜੀ ਤੇਰੇ ਜਾਏ
ਦੋ ਪਾਸੜ ਸਿੱਕੇ ਵਾਂਗ
ਲਾਜ ਲਾਉਣ ਵਾਲੇ ਵੀ ਜੇ
ਦੂਰੋਂ ਆਏ ਤਾਂ ਇੱਥੇ ਵੀ ਜਾਏ
ਪੰਜਾਂ ਪਾਣੀਆਂ ਦੀ ਧਰਤ ਜੋ
ਕਦੇ ਫਰੰਗੀਆਂ ਕਦੇ ਉਨ੍ਹਾਂ ਦੇ
ਚਿੱਟ ਕੱਪੜੀਏ ਵਾਰਸਾਂ ਨੇ
ਚੱਪਾ ਕੁ ਕਰ ਰੱਖ ਦਿੱਤੀ
ਮਾਖਿਓਂ ਮਿੱਠੀ ਤੇਰੀ ਬੋਲੀ
ਤੇਰੇ ਵਿੱਚ ਹੀ ਕਿਉਂ
ਸਹਿਕਦੀ ਸਹਿਕਦੀ ਜਾਪੇ
ਹੋਰਨਾਂ ਦਾ ਗਿਲ਼ਾ ਨਾ ਕੋਈ
ਤੇਰੇ ਆਪਣੇ ਜਾਏ ਜਦ
ਮੇਰੀ ਮਾਂ-ਬੋਲੀ ਨਕਾਰਦੇ
ਤੇਰੀ ਦੇਹੀ ਵਿੱਚੋਂ ਜਿੰਦ ਮਾਰਦੇ
ਲਾਹਣਤ ਲਾਹਣਤ ਕਿਸੇ ਝੂਠੀ
ਸ਼ੋਹਰਤ ਦੇ ਬਦਲੇ ਤੇਰੀ ਬੋਲੀ
ਜੋ ਅੰਗੀਕਾਰ ਨਾ ਕਰਦੇ
ਤੈਨੂੰ ਆਖਾਂ?
ਕਈ ਲੋਕ ਤੈਨੂੰ ਨਸ਼ਿਆਂ, ਲੁੱਟਾਂ-ਖੋਹਾਂ,
ਹਥਿਆਰਾਂ, ਚਿੱਟਾ, ਚੋਰੀ
ਮਾਫੀਆ ਇੱਥੋਂ ਤੱਕ ਕਿ
ਬੇਈਮਾਨੀ ਵਿੱਚ ਗਲਤਾਨ
ਵੀ ਆਖਦੇ
ਜੇ ਅਗਨੀ ਹੈ ਤਾਂ ਹੀ
ਧੂੰਆਂ ਗੰਧ ਉੱਠੇ
ਤੇਰੇ ਅਦੀਬ ਸ਼ਾਇਰ ਪਾਤਰ
ਉਹ ਸੁਰਜੀਤ ਦੇ ਬੋਲਾਂ ਵਾਂਗ
ਬਹਾਰਾਂ ਦੀ ਮੁੜ ਉਡੀਕ ਹੈ
ਆਵਾ ਪੂਰਾ ਊਤਿਆ ਨਹੀਂ ਹਾਲੇ
ਕਿਰਤ ਕਮਾਈ ਵਾਲੇ
ਵਧਾ ਹੱਥ ਹੱਥ ਫੜਨ ਵਾਲੇ
ਸਰਹੱਦਾਂ ’ਤੇ ਖੜ੍ਹਨ ਵਾਲੇ
ਖੁੱਲ੍ਹੇ ਗੁਰੂਦਰਾਂ ਤੇ ਲੰਗਰਾਂ ਵਾਲੇ
ਅਹੁਦਿਆਂ ਵਾਲੇ ਇਲਮਾਂ ਵਾਲੇ
ਅੱਜ ਵੀ ਹੈਨ ਤੇਰੇ
ਜਾਬਰਾਂ ਮੂਹਰੇ ਅੜਨ ਵਾਲੇ
ਲੋੜ ਹੈ ਹਾਲੇ ਹੋਰ
ਕਿਰਤ ਦੀ ਮੌਕਿਆਂ ਦੀ
ਤੇਰੇ ਕਿਰਤੀਆਂ ਨੂੰ
ਕਿਰਤੀਆਂ ਨੂੰ ਇੱਥੇ ਹੀ ਜਾਗਣ ਦੀ
ਸ਼ਾਲਾ! ਤੇਰੇ ਆਪਣੇ ਜਾਏ
ਕਿਰਤ ਦੀ ਭਾਲ ਵਿੱਚ
ਵਿਦੇਸ਼ੀਂ ਨਾ ਰੁਲਣ
ਤੇ
ਬੇਗਾਨੇ ਤੇਰੇ ’ਤੇ ਰਾਜ ਦੀ
ਆਸ ਨਾ ਰੱਖਣ
ਸੰਪਰਕ: 9417635053
* * *
ਗ਼ਜ਼ਲ
ਅਮਨ ਦਾਤੇਵਾਸੀਆ
ਦੇਖ ਬਿਗਾਨੀ ਚੁੱਕ ’ਚ ਆ ਕੇ ਮਸਲਾ ਨਾ ਉਲਝਾ ਲਈਏ।
ਦੋਵਾਂ ਲਈ ਇਹ ਠੀਕ ਰਹੂਗਾ, ਮਸਲੇ ਨੂੂੰ ਸੁਲਝਾ ਲਈਏ।
ਫੇਰ ਨਾ ਆਖੀਂ ਉਸ ਨੇ ਐਵੇਂ ਟਿੰਡ ’ਚ ਕਾਨਾ ਪਾ ਦਿੱਤਾ,
ਨਾ ਹੋਈਏ ਹੁਣ ਲੋਹੇ ਲਾਖੇ, ਠੰਢ ਰਤਾ ਵਰਤਾਅ ਲਈਏ।
ਸੇਹ ਦਾ ਤੱਕਲ਼ਾ, ਪੁੱਟ ਨਹੀਂ ਹੋਣਾ, ਜ਼ੋਰ ਲਗਾਈਏ ਜੀਅ ਸਦਕੇ,
ਸੋਚੀ ਸਮਝੀ ਸੀ ਇਹ ਇੱਲਤ, ਇੱਲਤ ਨੂੂੰ ਅਪਣਾ ਲਈਏ।
ਸੌਦਾਗਰ ਤਾਂ ਮੌਕਾ ਲੱਭਦਾ, ਵਣਜ ਕਰੇ ਹਥਿਆਰਾਂ ਦਾ,
ਖੰਘਰ ਨੇ, ਹਥਿਆਰਾਂ ਉੱਪਰ, ਕਿਉਂ ਨਾ ਲੇਪ ਚੜ੍ਹਾ ਲਈਏ।
ਪਹਿਲਾਂ ਸੁੱਟਦਾ, ਮੁਫ਼ਤ ਦੀ ਬੁਰਕੀ, ਜਿਹੜੀ ਸੰਘ ’ਚ ਅਟਕ ਜਏ,
ਅਟਕ ਗਈ ਤੋਂ ਫਿਰ ਉਹ ਲੋਚੇ, ਚੋਖਾ ਮੁੱਲ ਪਰਤਾਅ ਲਈਏ।
ਆਪਾਂ ਦੋਵੇਂ ਸ਼ਾਸਕ ਵਾਕਫ਼, ਮੌਕਾ ਹੈ ਹੁਣ ਚੋਣਾਂ ਦਾ,
ਵੇਗ ’ਚ ਆ ਕੇ ਚਾਲ ਜੋ ਚੱਲੀ, ਇਉਂ ਨਾ ਕਿਤੇ ਵਿਹਾਅ ਲਈਏ।
ਉਂਝ ਤਾਂ ਸਾਂਝੀ ਵੱਟ ਹੈ ਅਪਣੀ, ਸ਼ਾਅਦੀ ਭਰੀਏ ਗ਼ੈਰਾਂ ਦੀ,
ਝੂਠਾ ਮੂਠਾ ਕਰਕੇ ਦਾਅਵਾ, ਰਹਿੰਦੀ ਸਾਖ ਬਚਾਅ ਲਈਏ।
ਸਾਡੀ ਧਰਤੀ ਉੱਤੇ ਉਸ ਨੇ, ਲੋਕ ਵਸਾਏ ਇੱਕ ਰੰਗੇ,
ਸਾਰੇ ਜਗਤ ਨੂੂੰ ਇਲਮ ਹੈ ਇਸਦਾ, ਬੀਤੇ ਨੂੂੰ ਟੁਣਕਾਅ ਲਈਏ।
ਡੱਬੂ ਦੀ ਹੈ ਇਹ ਸ਼ਰਾਰਤ, ਬੈਠ ਗਿਆ ਜੋ ਕੰਧ ਉੱਤੇ,
ਡੱਬੂ ਦਾ ਤਾਂ ਜਾਣਾ ਕੁਝ ਨਹੀਂ, ਖ਼ੁਦ ਹੀ ਕੰਧ ਢਹਾਅ ਲਈਏ।
ਇਹ ਤਾਂ ਆਪਣੀ ਹੈ ਖੜਮਸਤੀ, ਜਨਤਾ ਨੂੂੰ ਕੋਈ ਇਲਮ ਨਹੀਂ,
ਅਜ਼ਲਾਂ ਤੋਂ ਜੋ ਚੁੱਪ ਚੁਪੀਤੀ, ਐਵੇਂ ਨਾ ਭੜਕਾਅ ਲਈਏ।
‘ਅਮਨ’ ਦੀ ਹਸਤੀ ਦੋ ਗ਼ਜ਼ ਨਿਆਈਂ, ਵਿੱਘਿਆਂ ਨੂੂੰ ਜੋ ਲੋਚ ਰਿਹਾ,
ਸੋਚ ਹੈ ਉਸ ਦੀ ਬੰਦੇ ਖਾਣੀ, ਰਲ਼ ਮਿਲ ਕੇ ਅਟਕਾਅ ਲਈਏ।
ਸੰਪਰਕ: 94636-09540
* * *
ਪਾਣੀ ਦਾ ਸੰਵਾਦ
ਚਰਨਜੀਤ ਨੌਹਰਾ
ਹੋ ਕੇ ਅੱਜ ਮੈਲਾ ਪਾਣੀ, ਜ਼ਹਿਰੀ ਬੇਹਿਸਾਬ ਹੋਇਆ।
ਨਸਲਾਂ ਦਾ, ਫ਼ਸਲਾਂ ਦਾ ਵੀ ਹਾਲ ਏ ਖਰਾਬ ਹੋਇਆ।
ਅੰਦਰੋਂ ਤਾਂ ਉਦਾਸ ਪਾਣੀ, ਨਿਰਾਸ਼ ਤੇ ਉਜੜਿਆ ਵੀ,
ਬਾਹਰੋਂ ਰੰਗਲੇ, ਨੱਚਦੇ, ਗਾਉਂਦੇ ਦਾ ਨਕਾਬ ਹੋਇਆ।
ਸਿਹਤਯਾਬੀ ਦੀ ਪਹਿਲੀ ਸ਼ਰਤ ਕਿ ਪਾਣੀ ਸਾਫ਼ ਮਿਲੇ,
ਗੰਦਾ ਜਦ ਵੀ ਕੀਤਾ, ਪਾਣੀ ਤਦੇ ਅਜ਼ਾਬ ਹੋਇਆ।
ਸਾਂਭਣਾ ਹੈ ਪਾਣੀ ਨੂੰ ਕਿ ਫ਼ਰਜ਼ ਸਾਡੇ ਸਾਰਿਆਂ ਦਾ,
ਸਵਾਲ ਪਾਣੀ ਦੇ ਕਈ ਪਰ ਸਾਥੋਂ ਨਾ ਜਵਾਬ ਹੋਇਆ।
ਲਿਖੇ ਨੌਹਰਾ ਪਾਣੀ ਦਾ ਸੰਵਾਦ, ਪਾਣੀਆਂ ਦੇ ਵਾਸਤੇ
ਪਾਣੀ ਰਹੇ ਸਾਡੇ ਕੋਲ, ਪਰ ਰਹੇ ਨਾ ਤੇਜ਼ਾਬ ਹੋਇਆ।
ਨਿਰਮਲ ਵਗਦੇ ਰਹਿਣ ਪਾਣੀ ਜੋ ਸਭ ਦਰਿਆਵਾਂ ਦੇ,
ਭਾਵੇਂ ਬਿਆਸ, ਰਾਵੀ, ਸਤਲੁਜ, ਜੇਹਲਮ, ਚਨਾਬ ਹੋਇਆ
ਸੰਪਰਕ: 81466-46477
* * *
ਗ਼ਜ਼ਲ
ਪ੍ਰਤਾਪ ‘ਪਾਰਸ’ ਗੁਰਦਾਸਪੁਰੀ
ਬੇਸ਼ੱਕ ਮਾਲੀ ਨੂੰ ਕੋਈ ਲਾਭ ਨਾ ਛਾਵਾਂ ਦਾ।
ਸੇਕ ਨਾ ਲੱਗਣ ਦੇਵੇ ਪਰ ਗਰਮ ਹਵਾਵਾਂ ਦਾ।
ਪਾਲੇ-ਪੋਸੇ ਪੁੱਤ ਤੁਰ ਗਏ ਪਰਦੇਸਾਂ ਨੂੰ,
ਮੁਸ਼ਕਿਲ ਹੋਇਆ ਜਿਉਣਾ ਇੱਥੇ ਮਾਵਾਂ ਦਾ।
ਵਿੱਚ ਬੁਢਾਪੇ ਜੋ ਦਿਨ ਮਿਲ ਜਾਏ ਲਾਹੇ ਦਾ,
ਫਿਰ ਨਹੀਂ ਫ਼ਾਇਦਾ ਕੀਤੀਆਂ ਜੋੜ ਘਟਾਵਾਂ ਦਾ।
ਉਹ ਵੀ ਬੇਮੁੱਖ ਹੋ ਗਏ ਨਾਲ ਨੇ ਸਮਿਆਂ ਦੇ,
ਜਿਨ੍ਹਾਂ ਨੂੰ ਮੈਂ ਮੰਨਿਆ ਹਿੱਸਾ ਸਾਹਵਾਂ ਦਾ।
ਜਦ ਪਾਪਾਂ ਦਾ ਘੜਾ ਹੈ ਇੱਕ ਦਿਨ ਭਰ ਜਾਂਦਾ,
ਫਿਰ ਨਹੀਂ ਹੁੰਦਾ ਅਸਰ ਵੀ ਕਿਤੇ ਦੁਆਵਾਂ ਦਾ।
ਐਵੇਂ ਮਨ ਵਿੱਚ ਵਹਿਮ ਹਨ ਪਾਲੇ ਬੰਦੇ ਨੇ,
ਕੌਣ ਜ਼ਿਕਰ ਹੈ ਕਰਦਾ ਤੁਰ ਗਏ ਨਾਵਾਂ ਦਾ?
ਇਨ੍ਹਾਂ ਰਾਹਵਾਂ ’ਤੇ ਭਾਵੇਂ ਕਠਿਨਾਈਆਂ ਨੇ,
ਪਰ ‘ਪਾਰਸ’ ਹੈ ਪਾਂਧੀ ਸੱਚ ਦੇ ਰਾਹਵਾਂ ਦਾ।
ਸੰਪਰਕ: 99888-11681
* * *
ਗ਼ਜ਼ਲ
ਹਰਸਿਮਰਤ ਸਿੰਘ
ਡੁੱਬਦਿਆਂ ਨੂੰ ਤੇਰੀ ਛੋਹ ਦਾ ਸਹਾਰਾ ਕਾਫ਼ੀ ਏ।
ਜਿਉਣ ਲਈ ਜ਼ਿੰਦਗੀ ਤੇਰਾ ਇੱਕੋ ਲਾਰਾ ਕਾਫ਼ੀ ਏ।
ਥੋੜ੍ਹਾ ਏ ਕੁੱਲ ਕਾਇਨਾਤ ਦਾ ਵਿਸ ਵੀ ਐਪਰ,
ਹੜ੍ਹਨ ਲਈ ਇੱਕ ਅੱਥਰੂ ਖਾਰਾ ਕਾਫ਼ੀ ਏ।
ਠੋਕਰਾਂ ਰਾਹਾਂ ਦੀਆਂ ਹੀ ਨੇ ਸਬਕ ਕਈਆਂ ਲਈ,
ਕਈਆਂ ਨੂੰ ਬਸ ਪਿਆਰ ਦਾ ਹੁਲਾਰਾ ਕਾਫ਼ੀ ਏ।
ਤੈਨੂੰ ਦਿਲ ’ਚੋਂ ਕੱਢ ਵੀ ਦੇਈਏ ਜੇਕਰ ਚਾਹੀਏ ਤਾਂ,
ਪਰ ਇਹ ਦਿਲ ਏ ਨਾ, ਆਪਮੁਹਾਰਾ, ਕਾਫ਼ੀ ਏ।
ਨਫ਼ਰਤਾਂ ਦੇ ਮਹਿਲ ਢਹਿ ਹੀ ਜਾਣੇ ਇੱਕ ਦਿਨ,
ਇਸ਼ਕ ਹਕੀਕੀ ਵਿੱਚ ਸੱਜਣਾ, ਕੱਚਾ ਢਾਰਾ ਕਾਫ਼ੀ ਏ।
ਨੀਂਦਰ ਪੈਂਦੀ ਨਾ, ਅੱਖ ਲੱਗਦੀ ਨਾਹੀਂ,
ਦੁੱਖਾਂ ਲੱਦਿਆ ਦਿਲ ਚੰਦਰਾ, ਇਹ ਭਾਰਾ ਕਾਫ਼ੀ ਏ।
ਚਿਖ਼ਾ ’ਤੇ ਪੈ ਕੇ ਵੀ ਕਈ ਜਿਸਮ ਨਾ ਸੜਦੇ ਨੇ,
ਰੂਹਾਂ ਉਂਜ ਸੁਆਹ ਹੋਈਆਂ, ਹਿਜਰ ਦਾ ਸਾੜਾ ਕਾਫ਼ੀ ਏ।
ਦੱਸ ਤਾਂ ਦਿਆਂ ਜੋ ਦਿਲ ਵਿੱਚ ਏ ਦੱਬਿਆ ਤੇਰੇ ਲਈ,
ਪਰ ਇਹ ਜਾਤ ਪਾਤ ਦਾ, ਪੈਸੇ ਦਾ ਪਾੜਾ ਕਾਫ਼ੀ ਏ।
ਸੰਪਰਕ: 94786-50013
* * *
ਰਿਸ਼ਤੇ
ਕੁਲਵਿੰਦਰ ਵਿਰਕ
ਰਿਸ਼ਤੇ
ਵਕਤ ਭਾਲਦੇ ਨੇ...
ਵਕਤ ਨਾ ਮਿਲੇ
ਤਾਂ ਇਹ
ਟੁੱਟ ਜਾਂਦੇ
ਮੁੱਕ ਜਾਂਦੇ
ਸੁੱਕ ਜਾਂਦੇ...
ਰੁੱਖ ਤੇ ਰਿਸ਼ਤੇ
ਇੱਕੋ ਜਿਹੇ...
.... ... .... ... ... ... ....!!
* * *
ਤੂੰ
ਪ੍ਰਕਾਸ਼ ਸਿੰਘ ਜ਼ੈਲਦਾਰ
ਮੈਂ ਵਿੱਚ ਤੂੰ ਹੈਂ
ਤੂੰ ਵਿੱਚ ਤੂੰ ਹੈਂ
ਏਧਰ ਤੂੰ ਹੈਂ
ਓਧਰ ਤੂੰ ਹੈਂ
ਜਿੱਧਰ ਵੇਖਾਂ
ਤੂੰ ਹੀ ਤੂੰ ਹੈਂ
ਕਣ ਵਿੱਚ ਤੂੰ
ਵਣ ਵਿੱਚ ਤੂੰ
ਰਣ ਵਿੱਚ ਤੂੰ
ਪਣ ਵਿੱਚ ਤੂੰ
ਸਭ ਖੇਲ੍ਹ ਕਰਾਈ
ਜਾਂਦਾ ਏਂ
ਕੇਲ ਕਰੇਂਦੇ ਹੰਝ ਨੋ
ਅਚਿੰਤੇ ਬਾਜ ਪਵਾਈ
ਜਾਂਦਾ ਏਂ।
ਜੰਗਲ ਬੇਲੇ
ਲੱਭਦੇ ਤੈਨੂੰ
ਫਿਰਦੇ
ਲੋਕ ਵਿਚਾਰੇ
ਮੰਦਰ ਤੇਰੇ
ਮਸਜਿਦ ਤੇਰੇ
ਤੇਰੇ ਗੁਰੂ
ਦੁਆਰੇ
ਪਰ ਸਾਂਈਆਂ ਤੂੰ
ਓਹਨੂੰ ਮਿਲਦਾ
ਜਿਹੜਾ ਮੈਂ ਮਾਰੇ।
ਕੇਸ ਖੋਲ੍ਹ ਕੇ
ਰਾਖ ਲਗਾ ਲਈ
ਵਿੱਚ ਗਲ਼ੇ ਦੇ
ਮਾਲ਼ਾ ਪਾ ਲਈ
ਭਵ ਸਾਗਰ ਵਿੱਚ
ਗੋਤੇ ਖਾਂਦੇ
ਮਿਲਦੇ ਨਹੀਂ
ਕਿਨਾਰੇ
ਪਰ ਸਾਂਈਆਂ ਤੂੰ
ਓਹਨੂੰ ਮਿਲਦਾ
ਜਿਹੜਾ ਮੈਂ ਨੂੰ ਮਾਰੇ।
ਮੋਮ ਤਾਈਂ ਤੂੰ
ਪੱਥਰ ਕਰਦੇਂ
ਪੱਥਰ ਕਰਦੇਂ ਰੂੰ
ਤਨ ਦਾ ਖੋਖਾ
ਪੱਥਰ ਬਣਜੇ
ਜਦ ਨਿਕਲ਼
ਜਾਵੇਂ ਤੂੰ
ਫਿਰ ਅੱਡਿਆ
ਰਹਿਜੇ ਮੂੰਹ
ਪੰਧ ਅੰਤਲਾ
ਮੁੱਕ ਜਾਣਾ
ਮੋਢਿਆਂ
ਚਾਰ ਸਹਾਰੇ
ਪਰ ਸਾਂਈਆਂ ਤੂੰ
ਓਹਨੂੰ ਮਿਲਦਾ...
ਸੰਪਰਕ: 98727-99780
* * *
ਗ਼ਜ਼ਲ
ਮਹਿੰਦਰਪਾਲ ਸਿੰਘ ਘੁਡਾਣੀ
ਦੜ ਵੱਟ ਕੇ ਵੇਲਾ ਕੱਟ,
ਜ਼ਮਾਨਾ ਚੰਗਾ ਨਹੀਂ।
ਨਾ ਗੱਲੀਂ ਕਿਸੇ ਦੇ ਲੱਗ,
ਜ਼ਮਾਨਾ ਚੰਗਾ ਨਹੀਂ।
ਤੈਨੂੰ ਝੱਟ ਲੈਣਗੇ ਠੱਗ,
ਜ਼ਮਾਨਾ ਚੰਗਾ ਨਹੀਂ।
ਲੁਕ ਲੁਕ ਵੇਂਹਦਾ ਜੱਗ,
ਜ਼ਮਾਨਾ ਚੰਗਾ ਨਹੀਂ।
ਬਿਨ ਸੋਚ ਵਟਾਈਂ ਨਾ ਪੱਗ,
ਜ਼ਮਾਨਾ ਚੰਗਾ ਨਹੀਂ।
ਝੂਠਾ ਕਰਦੇ ਕੌਲ ਕਰਾਰ,
ਜ਼ਮਾਨਾ ਚੰਗਾ ਨਹੀਂ।
ਸਦਾ ਕਰਦੇ ਨੇ ਯਾਰ ਮਾਰ,
ਜ਼ਮਾਨਾ ਚੰਗਾ ਨਹੀਂ।
ਸੰਪਰਕ: 98147-39531