ਕਵਿਤਾਵਾਂ
ਜ਼ਹਿਰੀ ਸਾਹਵਾਂ
ਕੇਵਲ ਸਿੰਘ ਰੱਤੜਾ
ਪੂਰਨਿਆਂ ਬਿਨ ਸੁੰਦਰ ਲਿਖਤ ਕਿਆਸੀ ਨਹੀਂ ਜਾਂਦੀ...
ਖ਼ਿਆਲਾਂ ਵਿੱਚ ਬਿਨ ਮੁੜ੍ਹਕੇ ਕਲਾ ਤਰਾਸ਼ੀ ਨਹੀਂ ਜਾਂਦੀ
ਪਾਣੀ ਜੀਵਨ ਦਾਤਾ, ਰੁੱਖ ਆਸਰਾ-ਘਰ ਹੁੰਦੇ,
ਐਵੇਂ ਕੱਲ੍ਹੀ ਖੂਹ ਵੱਲ ਚਿੜੀ ਪਿਆਸੀ ਨਹੀਂ ਜਾਂਦੀ
ਜ਼ਹਿਰੀ ਸਾਹਵਾਂ ਬਣੀਆਂ ਦਿੱਲੀ ਅਤੇ ਲਾਹੌਰ ਦੀਆਂ
ਚੰਡੀਗੜ੍ਹ ਹੋਊ ਕਦੇ ਸਮੌਗ ਕਿਆਸੀ ਨਹੀਂ ਜਾਂਦੀ
ਲਾਗੇ ਰੋਜ਼ੀ ਹੁੰਦੀ ਤਾਂ ਘਰ ਖੋਲ੍ਹੇ ਨਾ ਬਣਦੇ,
ਵੱਡੀ ਉਮਰੇ ਹੁੱਬਕੀਂ ਮਾਂ ਪਰਵਾਸੀਂ ਨਹੀਂ ਜਾਂਦੀ
ਵੈਰ ਛੱਡਕੇ ਭਾਗੋਆਂ ਹੱਥ ਮਿਲਾ ਲਏ ਲੱਗਦੇ ਨੇ
ਨਹੀਂ ਤਾਂ ਬਾਂਦਰ ਦੇ ਘਰ ਬਿੱਲੀ ਮਾਸੀ ਨਹੀਂ ਜਾਂਦੀ
ਗ਼ਲਤ ਨੂੰ ਨਾਂਹ ਕਹਿਣਾ ਤੇ ਅੜ੍ਹਨਾ ਔਰਤ ਨੂੰ ਪੈਣਾ
ਦਾਸੀ ਬਣਿਆਂ ਹੱਕ ’ਚ, ਬੰਦ-ਖਲਾਸੀ ਨਹੀਂ ਜਾਂਦੀ
ਖ਼ੂਨ ਵੱਟੇ ਜਿਸ ਕੌਮ ਤਾਰਿਆ ਮੁੱਲ ਆਜ਼ਾਦੀ ਦਾ,
ਨਸਲਕੁਸ਼ੀ ਦੀ ਜ਼ਿਹਨੋਂ ਯਾਦ ਚੁਰਾਸੀ ਨਹੀਂ ਜਾਂਦੀ
ਫੁਕਰੀ, ਝੂਠ ਦੀ ਸ਼ੋਹਰਤ ਆਖ਼ਿਰ ਬੇਪਰਦਾ ਹੋ ਜਾਏ
ਮਿਹਨਤ ਬਿਨਾਂ ਤਰੱਕੀ ਤਾਂ ਜਗਿਆਸੀ ਨਹੀਂ ਜਾਂਦੀ
ਪਾਣੀ ਬਦਲੇ ਝੋਨਾ ਸੀ ਉਗਵਾਇਆ ਜੀਹਨਾਂ ਨੇ,
ਧੋਖਾ ਦੇ ਗਏ ‘ਰੱਤੜਾ’ ਮਨੋਂ ਉਦਾਸੀ ਨਹੀਂ ਜਾਂਦੀ।
ਸੰਪਰਕ: 82838-30599
* * *
ਵਧਦਾ ਪ੍ਰਦੂਸ਼ਣ
ਹਰਪ੍ਰੀਤ ਪੱਤੋ
ਖੰਘ, ਦਮਾ, ਜ਼ੁਕਾਮ, ਖੁਰਕ ਹੋਈ ਜਾਵੇ,
ਪ੍ਰਦੂਸ਼ਣ ਵਾਲੀ ਵਗਦੀ ਪੌਣ ਬਾਬਾ।
ਅੱਗਾਂ ਲੱਗੀਆਂ ਧੂੰਏਂ ਨੇ ਜ਼ੋਰ ਪਾਇਆ,
ਸਾਹ ਲੱਗਦੇ ਔਖੇ ਆਉਣ ਬਾਬਾ।
ਜਿਉਂ ਹੋਵੇ ਹਨੇਰਾ ਧੂੰਆਂ ਗੁਬਾਰ ਚੜ੍ਹਦਾ,
ਦਿਸੇ ਚੰਦ ਨਾ ਤਾਰੇ ਰੁਸ਼ਨਾਉਣ ਬਾਬਾ।
ਜਾਣਾ ਕਿਤੇ, ਜਾਵੇ ਬੰਦਾ ਉਲਟ ਪਾਸੇ,
ਅਸਲੀ ਰਾਹ ਨਾ ਪਏ ਥਿਆਉਣ ਬਾਬਾ।
ਇੱਕ ਦੀਵਾਲੀ ਦਿਨ ਤਿਉਹਾਰ ਆਉਂਦੇ,
ਲੋਕ ਅੱਗ ਨੋਟਾਂ ਨੂੰ ਲਾਉਣ ਬਾਬਾ।
ਪ੍ਰਦੂਸ਼ਣ ਵਿੱਚ ਵਾਧਾ ਦਿਨੋਂ ਦਿਨ ਹੋਰ ਹੋਵੇ,
ਸਾਹ ਆਪਣੇ ਲੋਕ ਘਟਾਉਣ ਬਾਬਾ।
ਅਜੇ ਪਿੰਡਾਂ ਵਿੱਚ ਕੁਝ ਰਾਹਤ ਮਿਲਦੀ,
ਟ੍ਰੈਫਿਕ ਸ਼ਹਿਰੀਂ ਪ੍ਰਦੂਸ਼ਣ ਵਧਾਉਣ ਬਾਬਾ।
ਕੁਝ ਸਰਕਾਰ ਸਮਝੇ ਕੁਝ ਲੋਕ ਸਮਝਣ,
ਤਰੀਕਾ ਹੋਰ ਕੋਈ ਅਪਨਾਉਣ ਬਾਬਾ।
ਕਮਾਈ ਸਭ ਦਵਾਈਆਂ ਵਿੱਚ ਰੁੜ੍ਹੀ ਜਾਂਦੀ,
ਕਿੱਥੋਂ ਖ਼ਰਚ ਘਰ ਦਾ ਲੋਕ ਚਲਾਉਣ ਬਾਬਾ।
ਲੋਕਾਂ ਦੇ ਸਿਰ ’ਤੇ ਸਰਕਾਰਾਂ ਦੇ ਰਾਜ ਹੁੰਦੇ,
ਪਹਿਲਾਂ ਲੋਕਾਂ ਨੂੰ, ਪੱਤੋ, ਬਚਾਉਣ ਬਾਬਾ।
ਸੰਪਰਕ: 94658-21417
* * *
ਫੋਨ ਤੇ ਡਰਾਈਵਿੰਗ
ਜਗਜੀਤ ਸਿੰਘ ਲੱਡਾ
ਇੱਕ ਫੋਨ ਕਰ ਰਹੇ ਹੋ ਦੂਜਾ ਕਾਰ ਛੱਡੀ ਹੋਈ।
ਦੱਸ ਕੀ ਬਣੂੰ ਫੇਰ ਜੇ ਮੂਹਰੇ ਆ ਗਿਆ ਕੋਈ।
ਸਾਰਾ ਟੱਬਰ ਹੈ ਬੈਠਾ ਤੇ ਵਿਆਹ ’ਤੇ ਚੱਲੇ,
ਅੱਜ-ਕੱਲ੍ਹ ਬੱਚੇ ਹੁੰਦੇ ਸਭਨਾਂ ਦੇ ’ਕੱਲੇ-’ਕੱਲੇ,
ਹੌਲੀ ਚੱਲੋ! ਹੱਥ ਬੰਨ੍ਹ, ਸਭ ਕਰੀਏ ਅਰਜੋਈ।
ਇੱਕ ਫੋਨ ਕਰ ਰਹੇ ਹੋ ਦੂਜਾ ਕਾਰ ਛੱਡੀ ਹੋਈ।
ਕੁਝ ਦਿਮਾਗ਼ ਵਿੱਚੋਂ ਆਪ ਜੀ ਤੇਜ਼ੀ ਨੂੰ ਘਟਾਓ,
ਮਨ ਵਿੱਚ ਥੋੜ੍ਹੇ ਸਮੇਂ ਲਈ ਤੁਸੀਂ ਠੰਢ ਵਰਤਾਓ,
ਰੱਖੇ ਸਫ਼ਰ ’ਚ ਨਿਗ੍ਹਾ ਜੋ ਮੰਜ਼ਿਲ ’ਤੇ ਪਹੁੰਚੇ ਸੋਈ।
ਇੱਕ ਫੋਨ ਕਰ ਰਹੇ ਹੋ ਦੂਜਾ ਕਾਰ ਛੱਡੀ ਹੋਈ।
ਇੱਕ ਪਲ ਦੀ ਗ਼ਲਤੀ ਪੱਲੇ ਪਾ ਜਾਂਦੀ ਏ ਰੋਣਾ,
ਫੇਰ ਸਾਰੀ ਉਮਰ ਪਛਤਾ ਕੇ ਵੀ ਕੁਝ ਨਾ ਹੋਣਾ,
ਇਨ੍ਹਾਂ ਸੜਕਾਂ ’ਤੇ ਕਿਸੇ ਲੱਤ, ਬਾਂਹ, ਜਾਨ ਖੋਈ
ਇੱਕ ਫੋਨ ਕਰ ਰਹੇ ਹੋ ਦੂਜਾ ਕਾਰ ਛੱਡੀ ਹੋਈ।
ਜੇ ਮੰਨਣੀ ਨਹੀਂ ਗੱਲ ਸਾਨੂੰ ਬੱਸ ’ਤੇ ਚੜ੍ਹਾਓ,
ਫੇਰ ਤਾਂ ‘ਲੱਡਾ’ ਜੀ ਇਹ ਜਿੰਨੀ ਮਰਜ਼ੀ ਭਜਾਓ,
ਰਹੂ ਥੋਡੀ ਉਂਝ ਫ਼ਿਕਰ, ਸਾਡੀ ਰੂਹ ਜਾਊ ਰੋਈ।
ਇੱਕ ਫੋਨ ਕਰ ਰਹੇ ਹੋ ਦੂਜਾ ਕਾਰ ਛੱਡੀ ਹੋਈ।
ਸੰਪਰਕ: 98555-31045
* * *
ਗ਼ਜ਼ਲ
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਕੁਦਰਤ ਉਸ ਨੂੰ ਤੋਹਫ਼ੇ ਦਿੰਦੀ ਕਦਰ ਸਮੇਂ ਦੀ ਕਰਦੇ ਜੋ।
ਉਹੋ ਸਾਹਿਲ ਉੱਤੇ ਜਾਂਦੇ ਡੂੰਘੇ ਪਾਣੀ ਤਰਦੇ ਜੋ।
ਦੂਜੇ ਉੱਤੇ ਨਿਰਭਰ ਲੋਕੀਂ ਭੁੱਖ ਕਦੀ ਨਈਂ ਛਡਦੇ,
ਤ੍ਰਿਪਤ ਇਰਾਦੇ ਉਹੋ ਰੱਖਦੇ ਆਤਮ ਬਲ ਨੂੰ ਭਰਦੇ ਜੋ।
ਸਭ ਕੁਝ ਹੁੰਦਿਆਂ-ਸੁੰਦਿਆਂ ਫਿਰ ਵੀ ਰੀਂਗਣ ਦੇ ਆਦੀ ਹੁੰਦੇ ਨੇ,
ਧਰਤੀ ਉਪਰ ਬੋਝ ਨੇ ਹੁੰਦੇ ਨਾ ਜੀਂਦੇ ਨਾ ਮਰਦੇ ਜੋ।
ਚਲਦੇ ਖੇਲ ’ਚ ਨੁਕਤਾਚੀਨੀ, ਬੇਕਾਰ ਮਸ਼ਿਵਰੇ ਦਿੰਦੇ,
ਹਾਸ਼ੀਏ ਤੋਂ ਜੋ ਬਾਹਰ ਖੜ੍ਹੇ ਨੇ ਨਾ ਜਿੱਤਦੇ ਨਾ ਹਰਦੇ ਜੋ।
ਧਰਤੀ ’ਚੋਂ ਖ਼ੁਸ਼ਹਾਲੀ ਵਰਗਾ ਸੋਨਾ ਪੈਦਾ ਕਰਦੇ ਵੇਖੇ,
ਅਪਣੇ ਤਨ ਦੇ ਸਿੱਦਕ ਉੱਤੇ ਖ਼ੂਨ ਪਸੀਨਾ ਜਰਦੇ ਜੋ।
ਉਹੋ ਲੋਕੀਂ ਅਪਣੀ ਇੱਕ ਤਰੱਕੀ ਵਿੱਚ ਰੁਕਾਵਟ ਹਨ,
ਡਰ ਦੀ ਇੱਕ ਅਵਸਥਾ ਅੰਦਰ ਅਪਣੇ ਮਨ ਤੋਂ ਡਰਦੇ ਜੋ।
ਬੁਜ਼ਦਿਲ ਕਾਇਰ ਰੱਖਦੇ ਨਈਂ ਹਨ ਜ਼ੁਅਰੱਤ ਮੌਕਾ ਪਾਵਣ ਦੀ,
ਅਤਿ ਗਰਮੀ ਦੇ ਮੌਸਮ ਵਿੱਚ ਵੀ ਸਰਦੀ ਵਾਂਗੂੰ ਠਰਦੇ ਜੋ।
ਆਪੇ ਅੱਗ ਲਗਾ ਦਿੰਦੇ ਨੇ ਆਪੇ ਦਿੰਦੇ ਫੇਰ ਬੁਝਾ,
ਅਪਣੀਆਂ ਕਰਤੂਤਾਂ ਉੱਤੇ ਆਪੇ ਪਾਉਂਦੇ ਪਰਦੇ ਜੋ।
‘ਬਾਲਮ’ ਦੂਜੇ ਦੇ ਕੰਮ ਆਉਣਾ ਸੱਚਾ ਧਰਮ ਕਹਾਉਂਦਾ ਹੈ,
ਬੱਦਲ ਸ਼ੁਭ ਅਸੀਸਾਂ ਲੈਂਦੇ ਔੜਾਂ ਦੇ ਵਿੱਚ ਵਰ੍ਹਦੇ ਜੋ।
ਸੰਪਰਕ: 98156-25409
* * *
ਮੁਹੱਬਤਾਂ ਵਾਲੇ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
ਹਾਰ ਕੇ ਵੀ ਉਹ ਦੁਨੀਆ ਜਿੱਤ ਕੇ ਬਹਿ ਗਏ ਨੇ
ਹੈਂਕੜ ਸਦਾ ਖ਼ੁਸ਼ੀਆਂ ’ਤੇ ਪੈਂਦੀ ਭਾਰੀ ਹੈ
ਸੌ ਟਕੇ ਦੀ ਗੱਲ ਸਿਆਣੇ ਕਹਿ ਗਏ ਨੇ
ਕਦੇ ਕਦੇ ਜਦ ਮਿਲਦੇ ਸੀ ਤਾਂ ਪਿਆਰ ਬੜਾ
ਨਿੱਤ ਮਿਲਕੇ ਤਾਂ ਕਮੀਆਂ ਕੱਢਣ ਬਹਿ ਗਏ ਨੇ
ਪਿਆਰ ਮੁਹੱਬਤ ਇਸ਼ਕ ਹਕੀਕੀ, ਦਾ ਜ਼ਮਾਨਾ ਬੀਤ ਗਿਆ
ਹੁਣ ਸਾਡੇ ਵਿੱਚ ਰਾਸ਼ਨ ਜਾਂ ਖਰਚੇ ਦੇ ਚਰਚੇ ਰਹਿ ਗਏ ਨੇ
ਇੱਕ ਗੱਲ ਹੋਰ ਮੇਰੇ ਦਿਲ ਨੂੰ ਡਾਢੀ ਚੁਭਦੀ ਹੈ
ਸਫ਼ਰਾਂ ’ਤੇ ਜਾਣਾ ਸੀ ਉਹ ਰਾਹ ਸੈਰਾਂ ਦੇ ਪੈ ਗਏ ਨੇ
ਚੱਲ ਜੋ ਤੂੰ ਸੀ ਚਾਹੁੰਦਾ, ਉਹ ਵੀ ਮੰਨ ਲਿਆ
ਬਦੋਬਦੀ ਹੁਣ ਕਿਸ ਲਈ ਦੂਰ ਜੇ ਹੋ ਗਏ ਨੇ
ਪੀਰਾਂ ਵਾਂਗ ਧਿਆਉਂਦੇ ਬਸ ਇੱਕ ਦੀਦ ਲਈ
ਉਹ ਚੰਦ ਈਦ ਦੇ ਵਾਂਗੂ ਦਰਸ਼ਨ ਦੇ ਗਏ ਨੇ
ਵਿਛੜੀਆਂ ਰੂਹਾਂ ਦੀ ਪੀੜ ਪੁਰਾਣੀ ਲੱਗਦੀ ਹੈ
ਦਿਲ ਮੇਰੇ ਦੇ ਜਜ਼ਬਾਤ ਜੋ ਆਪੇ ਵਹਿ ਗਏ ਨੇ
ਧਾਲੀਵਾਲ ਇਹ ਜ਼ਿੰਦਗੀ ਉਂਝ ਹਸੀਨ ਬੜੀ,
ਕਿਉਂ ਮਾਣਨ ਵਾਲੇ ਪਲਾਂ ’ਚ ਉਲਝ ਕੇ ਰਹਿ ਗਏ ਨੇ।
ਸੰਪਰਕ: 78374-90309
* * *
ਗ਼ਜ਼ਲ
ਪਰਮਜੀਤ ਸਿੰਘ ਨਿੱਕੇ ਘੁੰਮਣ
ਹੁਣ ਮੱਥੇ ਬਾਲ ਚਿਰਾਗ਼, ਮੋਮਬੱਤੀਆਂ ਕੀ ਕਰਨੈ?
ਖ਼ੁਦ ਆਪ ਤਾਂ ਸੱਜਣਾ ਜਾਗ, ਮੋਮਬੱਤੀਆਂ ਕੀ ਕਰਨੈ?
ਤੂੰ ਭੰਡੇਂ ਸਾਰੇ ਜਗ ਨੂੰ, ਲਾ ਲਾ ਊਜਾਂ ਵੇ
ਤੇਰੀ ਆਪਣੀ ਪਗੜੀ ਦਾਗ਼, ਮੋਮਬੱਤੀਆਂ ਕੀ ਕਰਨੈ?
ਜਦ ਨਜ਼ਰੀਂ ਆਵੇ ਸੱਪ ਤਾਂ ਲੋਕੀਂ ਮਾਰਨ ਵੇ
ਜੇ ਵਿੱਚ ਸਿਆਸਤ ਨਾਗ, ਮੋਮਬੱਤੀਆਂ ਕੀ ਕਰਨੈ?
ਹੁਣ ਹੋਏ ਗਵੱਈਏ ਬੇਸੁਰ, ਨਾਲੇ ਬੇਤਾਲੇ
ਕੋਈ ਗਾਉਂਦਾ ਨਹੀਉਂ ਰਾਗ, ਮੋਮਬੱਤੀਆਂ ਕੀ ਕਰਨੈ?
ਹੈ ਉੱਪਰੋਂ ਲੈ ਕੇ ਹੇਠਾਂ ਤੀਕਰ ਖ਼ੁਦਗ਼ਰਜ਼ੀ
ਜਿਉਂ ਲੱਗੀ ਕੋਈ ਲਾਗ, ਮੋਮਬੱਤੀਆਂ ਕੀ ਕਰਨੈ?
ਤੂੰ ਕਰਨੈ ਟੂਣੇ-ਟਾਮਣ, ਰੱਬ ਨੂੰ ਮੰਨੇ ਨਾ।
ਨਹੀਂ ਖੁੱਲ੍ਹਣੇ ਤੇਰੇ ਭਾਗ, ਮੋਮਬੱਤੀਆਂ ਕੀ ਕਰਨੈ?
ਸੰਪਰਕ: 97816-46008
ਕੱਤਕ ਮਹੀਨਾ
ਸਰੂਪ ਚੰਦ ਹਰੀਗੜ੍ਹ
ਤਵੇ ਸੁਹਾਗੇ ਜ਼ੋਰ ਹੁੰਦਾ ਸੀ ਜਦ ਆਉਂਦਾ ਮਹੀਨਾ ਕੱਤਾ,
ਖੋਹ ਕੇ ਲੈ ਗਈ ਮਸ਼ੀਨਰੀ ਸਾਥੋਂ ਬਲਦਾਂ ਦਾ ਹੈਰ ਤੇ ਤੱਤਾ।
ਟੱਬਰ ਰਲ ਕੇ ਕਪਾਹਾਂ ਚੁਗਦੇ, ਵੀੜ੍ਹੀ ਕਰਦੇ ਬੰਤਾ ਸੱਤਾ,
ਹੁਣ ਖੇਤੀਂ ਲੋਕੀਂ ਟਾਵੇਂ ਦਿਸਦੇ ਨਾ ਸੁਆਣੀ ਨਾ ਭੱਤਾ।
ਦੁਪਹਿਰ ਵੇਲੇ ਚਿੱਬੜਾਂ ਦੀ ਚੱਟਣੀ ਰੋਟੀ ’ਤੇ ਧਰ ਖਾਂਦੇ,
ਕੋਲਿਆਂ ਦੀ ਅੱਗ ’ਤੇ ਭੁੰਨ ਛੱਲੀਆਂ ਕੱਢ ਕੇ ਦਾਣੇ ਖਾਂਦੇ।
ਸੌਰ ਮੱਕੀ ਦੇ ਡੁੰਗ ਡੁੰਗ ਕੇ ਵੱਡੇ ਢੇਰ ਲਗਾਉਂਦੇ,
ਖ਼ੁਸ਼ ਹੋ ਜਾਂਦੇ ਫ਼ਸਲ ਦੇਖ ਕੇ ਰੱਬ ਦਾ ਸ਼ੁਕਰ ਮਨਾਉਂਦੇ।
ਗੁਆਰਾ ਚੌਲੇ ਆਮ ਹੁੰਦਾ ਨਾ ਲਗਦਾ ਪੈਸਾ ਧੇਲਾ,
ਪੱਟ ਪੱਟ ਕੇ ਚੂਪਦੇ ਗੰਨੇ ਇੱਖ ਹੁੰਦਾ ਪੋਂਡਾ ਕੇਲਾ।
ਗੱਡੇ ਵਿੱਚ ਲੱਦ ਸਣ ਦੇ ਗਰਨੇ ਕੋਈ ਟੋਭੇ ਦੱਬਣ ਜਾਂਦਾ,
ਬਾਲਣ ਦੇ ਲਈ ਝਿੰਜਣ ਵੱਢ ਕੋਈ ਸੀ ਪਚਾਸੇ ਲਾਂਦਾ।
ਖੇਤਾਂ ਵਾਲੇ ਰੌਣਕ ਮੇਲੇ ਜੀਰੀ ਸਾਡੇ ਖਾ ਗਈ,
ਕਿਸਾਨ ਮਜ਼ਦੂਰ ਦੇ ਪਿਆਰ ਸਾਂਝ ਨੂੰ ਬਦਲ ਦੀ ਭੇਂਟ ਚੜ੍ਹਾ ਗਈ।
ਸਰੂਪ ਚੰਦ ਵਖਿਆਣ ਕੱਤਕ ਦਾ ਕਾਫ਼ੀ ਸਾਲ ਪੁਰਾਣਾ,
ਜਿਨ੍ਹਾਂ ਹੱਡਾਂ ਨਾਲ ਹੰਢਾਇਆ ਯਾਦ ਉਨ੍ਹਾਂ ਨੂੰ ਆਣਾ।
ਸੰਪਰਕ: 99143-85202
* * *
ਬੂਟੇ ਲਗਾਈਏ!
ਓਮਕਾਰ ਸੂਦ ਬਹੋਨਾ
ਆਓ ਰਲ ਮਿਲ ਬੂਟੇ ਲਗਾਈਏ।
ਰੁੱਖਾਂ ਦੇ ਹੀ ਨਗਮੇ ਗਾਈਏ।
ਰੁੱਖ ਤਾਂ ਠੰਢੀਆਂ ਛਾਵਾਂ ਦਿੰਦੇ,
ਛਾਵਾਂ ਅਤੇ ਦੁਆਵਾਂ ਦਿੰਦੇ,
ਰੁੱਖਾਂ ਦਾ ਵੀ ਮਾਣ ਵਧਾਈਏ-
ਆਓ ਰਲ ਮਿਲ ਬੂਟੇ ਲਗਾਈਏ।
ਹਵਾ ਨੂੰ ਉੱਜਲ ਕਰ ਦਿੰਦੇ ਨੇ,
ਨਾਲੇ ਮਿੱਠੇ ਫਲ ਦਿੰਦੇ ਨੇ,
ਇਨ੍ਹਾਂ ਦੇ ਨਾਲ ਪਿਆਰ ਵਧਾਈਏ-
ਆਓ ਰਲ ਮਿਲ ਬੂਟੇ ਲਗਾਈਏ।
ਇਹੇ ਤਾਂ ਹਰਿਆਲੀ ਦਿੰਦੇ,
ਨਾਲੇ ਇਹ ਖੁਸ਼ਹਾਲੀ ਦਿੰਦੇ,
ਇਨ੍ਹਾਂ ਦੇ ਸੰਗ ਖ਼ੁਸ਼ੀ ਮਨਾਈਏ-
ਆਓ ਰਲ ਮਿਲ ਬੂਟੇ ਲਗਾਈਏ।
ਸਾਡਾ ਜੀਵਨ ਇਹੀ ਬਚਾਉਂਦੇ,
ਸ਼ੁੱਧ ਹਵਾ ਸਾਨੂੰ ਪਹੁੰਚਾਉਂਦੇ,
ਇਨ੍ਹਾਂ ਤੋਂ ਬਲਿਹਾਰੇ ਜਾਈਏ-
ਆਓ ਰਲ ਮਿਲ ਬੂਟੇ ਲਗਾਈਏ।
ਬੂਟਿਆਂ ਨੂੰ ਅਸੀਂ ਲਗਾਉਣਾ,
ਰੋਜ਼ ਇਨ੍ਹਾਂ ਨੂੰ ਪਾਣੀ ਪਾਉਣਾ,
ਆਉ ਸੱਚੀ ਕਸਮ ਉਠਾਈਏ-
ਆਓ ਰਲ ਮਿਲ ਬੂਟੇ ਲਗਾਈਏ।
ਸੰਪਰਕ: 96540-36080