For the best experience, open
https://m.punjabitribuneonline.com
on your mobile browser.
Advertisement

ਕਹਾਣੀਆਂ

05:58 AM Nov 21, 2024 IST
ਕਹਾਣੀਆਂ
Advertisement

ਰਾਣੋ ਦੀ ਰਵਾਨਗੀ

ਬਚਨ ਬੇਦਿਲ

Advertisement

ਇੱਕ ਦਿਨ ਮੈਂ ਸੰਗਰੂਰ ਸ਼ਹਿਰ ਦੇ ਕੌਲਾ ਪਾਰਕ ਵਿਚਦੀ ਪੈਦਲ ਜਾ ਰਿਹਾ ਸੀ ਤਾਂ ਮੇਰੀ ਨਜ਼ਰ ਇੱਕ ਵਿਲੱਖਣ ਤਰ੍ਹਾਂ ਦੇ ਵਪਾਰੀ ’ਤੇ ਪਈ। ਉਸ ਨੇ ਤਿੰਨ ਪਹੀਆਂ ਵਾਲੀ ਰੇਹੜੀ ਇੱਕ ਪਾਸੇ ਲਾਈ ਹੋਈ ਸੀ। ਉਸ ਰੇਹੜੀ ਵਿੱਚ ਇੱਕ ਲੋਹੇ ਦਾ ਪਿੰਜਰਾ ਪਿਆ ਸੀ, ਜਿਸ ਵਿੱਚ ਚਿੱਟੇ ਰੰਗ ਦੀ ਇੱਕ ਛੋਟੀ ਜਿਹੀ ਕੁੱਤੀ ਬੰਦ ਸੀ ਤੇ ਵਪਾਰੀ ਦੇ ਹੱਥ ਵਿੱਚ ਉਸ ਕੁੱਤੀ ਦੇ ਦੋ ਨਿੱਕੇ ਨਿੱਕੇ ਬੱਚੇ ਚੁੱਕੇ ਹੋਏ ਸਨ। ਉਨ੍ਹਾਂ ਬੱਚਿਆਂ ਨੂੰ ਵੇਚਣ ਲਈ ਉਹ ਵਾਰ ਵਾਰ ਹੋਕਾ ਲਾ ਰਿਹਾ ਸੀ। ਪਿੰਜਰੇ ਵਿੱਚ ਬੰਦ ਦੋ ਬੱਚਿਆਂ ਦੀ ਮਾਂ ਬਹੁਤ ਪਰੇਸ਼ਾਨ ਸੀ। ਉਸ ਨੂੰ ਸ਼ਾਇਦ ਪਤਾ ਲੱਗ ਚੁੱਕਾ ਸੀ ਕਿ ਉਸ ਦਾ ਮਾਲਕ ਅੱਜ ਉਸ ਦੇ ਦਿਲ ਦੇ ਟੁਕੜਿਆਂ ਨੂੰ ਵੇਚ ਦੇਵੇਗਾ ਅਤੇ ਫਿਰ ਕਦੇ ਵੀ ਉਹ ਆਪਣੇ ਬੱਚਿਆਂ ਨੂੰ ਮਿਲ ਨਹੀਂ ਸਕੇਗੀ। ਉਹ ਬੇਵੱਸ ਪਿੰਜਰੇ ਅੰਦਰ ਜ਼ਖ਼ਮੀ ਸ਼ੇਰਨੀ ਵਾਂਗ ਗੇੜੇ ਦੇ ਰਹੀ ਸੀ ਅਤੇ ਵਾਰ ਵਾਰ ਆਪਣੇ ਮਾਸੂਮ ਬੱਚਿਆਂ ਵੱਲ ਦੇਖ ਰਹੀ ਸੀ। ਕਦੇ ਕਦੇ ਆਪਣੇ ਮਾਲਕ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰ ਨੂੰ ਸੱਜੇ ਖੱਬੇ ਘੁਮਾਉਂਦੀ ਸ਼ਾਇਦ ਮਨ ਹੀ ਮਨ ਉਸ ਨੂੰ ਬੱਚੇ ਨਾ ਵੇਚਣ ਦੀਆਂ ਬੇਨਤੀਆਂ ਕਰ ਰਹੀ ਸੀ। ਉਸ ਦਾ ਮਾਲਕ ਬੱਚਿਆਂ ਦੀ ਮਾਂ ਦੀ ਬੇਵੱਸੀ, ਉਸ ਦੀ ਪੀੜ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਰ ਰਿਹਾ। ਉਸ ਨੂੰ ਤਾਂ ਸਿਰਫ਼ ਗਾਹਕ ਲੱਭਣ ਵਿੱਚ ਦਿਲਚਸਪੀ ਸੀ। ਉਹ ਵਾਰ ਵਾਰ ਬੱਚਿਆਂ ਨੂੰ ਧੌਣ ਤੋਂ ਫੜ ਕੇ ਹਵਾ ਵਿੱਚ ਲਹਿਰਾ ਕੇ ਇਸ਼ਤਿਹਾਰਬਾਜ਼ੀ ਕਰ ਰਿਹਾ ਸੀ। ਮੈਨੂੰ ਇਸ ਹਾਲਤ ਨੇ ਬਹੁਤ ਪਰੇਸ਼ਾਨ ਕਰ ਦਿੱਤਾ। ਮੈਂ ਮਨੁੱਖ ਵੱਲੋਂ ਇੱਕ ਅਬੋਲ ਮਾਂ ਦੀ ਮਮਤਾ ਦੀਆਂ ਭਾਵਨਾਵਾਂ ਨੂੰ ਨਾ ਸਮਝਣ ’ਤੇ ਸ਼ਰਮਸਾਰ ਸੀ। ਇੰਨੇ ਨੂੰ ਇੱਕ ਵਿਅਕਤੀ ਨੇ ਇੱਕ ਮਾਸੂਮ ਕਤੂਰੇ ਦੀ ਕੀਮਤ ਪੁੱਛੀ। ਮਾਲਕ ਨੇ ਦੱਸ ਦਿੱਤੀ। ਉਹ ਰੱਬ ਦਾ ਬੰਦਾ ਪਿੰਜਰੇ ਵਿੱਚ ਬੰਦ ਕੁੱਤੀ ਦੀ ਹਾਲਤ ਨੂੰ ਦੇਖ ਕੇ ਬੋਲਿਆ, ‘‘ਪਿੰਜਰੇ ਵਿੱਚ ਬੰਦ ਕੁੱਤੀ ਮੈਨੂੰ ਬੱਚਿਆਂ ਦੀ ਮਾਂ ਲੱਗਦੀ ਹੈ।’’ ਸ਼ਾਇਦ ਇਹ ਬੰਦਾ ਬੱਚਿਆਂ ਦੀ ਮਾਂ ਵੱਲੋਂ ਰੱਬ ਨੂੰ ਕੀਤੀਆਂ ਅਰਜ਼ੋਈਆਂ ਕਰਕੇ ਹੀ ਰੱਬ ਨੇ ਇੱਥੇ ਭੇਜਿਆ ਹੋਵੇ। ਫਿਰ ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਇੱਕ ਸਵਾਲ ਕੀਤਾ, ‘‘ਤੂੰ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦਾ ਵਿਛੋੜਾ ਕਿਉਂ ਪਾ ਰਿਹਾ ਹੈਂ?’’ ਉਸ ਨੇ ਬਿਲਕੁਲ ਮੇਰੇ ਮਨ ਦੀ ਗੱਲ ਆਖ ਦਿੱਤੀ। ਕੁੱਤਿਆਂ ਦਾ ਵਪਾਰੀ ਬੋਲਿਆ, “ਸਰਦਾਰ ਜੀ, ਜੇ ਅਸੀਂ ਇਉਂ ਸੋਚਣ ਲੱਗ ਪਏ, ਫੇਰ ਕੰਮ ਕਿਵੇਂ ਕਰਾਂਗੇ? ਸਾਡਾ ਤਾਂ ਜਨਾਬ ਇਹ ਧੰਦਾ ਹੈ।’’ ਉਹ ਰੱਬ ਦਾ ਬੰਦਾ ਫੇਰ ਬੋਲਿਆ, ‘‘ਤੇਰਾ ਧੰਦਾ ਤੈਨੂੰ ਮੁਬਾਰਕ। ਚੱਲ ਇਹ ਦੱਸ ਕੁੱਤੀ ਸਣੇ ਦੋਵੇਂ ਬੱਚਿਆਂ ਦਾ ਕੀ ਲੈਣਾ? ਅਸੀਂ ਤਿੰਨ ਭਰਾ ਹਾਂ, ਖੇਤ ਵਿੱਚ ਤਿੰਨ ਕੋਠੀਆਂ ਨੇ ’ਕੱਠੀਆਂ। ਤਿੰਨੇ ਕੋਠੀਆਂ ਦੀ ਸਿਰਫ਼ ਬਾਹਰੋਂ ਬਾਊਂਡਰੀ ਮਾਰੀ ਹੈ, ਅੰਦਰ ਵਿਹੜੇ ਸਾਂਝੇ ਹਨ। ਇੱਕ ਇੱਕ ਰੱਖ ਲਵਾਂਗੇ, ਤਿੰਨੇ ਭਰਾ। ਇਹ ਦਰਵੇਸ਼ ਮਾਂ ਪੁੱਤ ਸਾਰੀ ਜ਼ਿੰਦਗੀ ਇਕੱਠੇ ਤਾਂ ਰਹਿਣਗੇ। ਨਾਲੇ ਸਾਡੇ ਬੱਚਿਆਂ ਦਾ ਦਿਲ ਲੱਗਿਆ ਰਹੇਗਾ।’’ ਮੈਂ ਉਸ ਰੱਬ ਦੇ ਬੰਦੇ ਦੀ ਗੱਲ ਦੀ ਤਾਈਦ ਵੀ ਕੀਤੀ ਤੇ ਤਾਰੀਫ਼ ਵੀ। ਉਸ ਬੰਦੇ ਨੇ ਕੁੱਤਿਆਂ ਦੇ ਮਾਲਕ ਨੂੰ ਸਾਰੇ ਪੈਸੇ ਦੇ ਕੇ ਦੋਵੇਂ ਬੱਚੇ ਮਾਂ ਦੇ ਨਾਲ ਪਿੰਜਰੇ ਵਿੱਚ ਪਾ ਕੇ ਆਪਣੀ ਜੀਪ ਵਿੱਚ ਰੱਖਣ ਨੂੰ ਆਖ ਦਿੱਤਾ। ਕੁੱਤਿਆਂ ਦੇ ਮਾਲਕ ਨੇ ਪਿੰਜਰੇ ਦੇ ਪੈਸੇ ਵੱਖਰੇ ਮੰਗ ਲਏ। ਮਾਂ ਪਿੰਜਰੇ ਵਿੱਚ ਬੈਠੀ ਲਾਡ ਪਿਆਰ ਕਰ ਰਹੀ ਸੀ। ਉਸ ਰੱਬ ਦੇ ਬੰਦੇ ਨੇ ਜਾਂਦੀ ਵਾਰ ਉਸ ਕੁੱਤਿਆਂ ਦੇ ਸਾਬਕਾ ਮਾਲਕ ਤੋਂ ਪਿੰਜਰੇ ਵਿੱਚ ਬੰਦ ਬੇਜ਼ੁਬਾਨ ਜਾਨਵਰਾਂ ਦੇ ਨਾਮ ਪੁੱਛੇ। ਉਸ ਨੇ ਦੱਸਿਆ ਕਿ ਮਾਂ ਦਾ ਨਾਮ ਤਾਂ ਰਾਣੋ ਹੈ, ਬੱਚਿਆਂ ਦੇ ਨਾਮ ਤੁਸੀਂ ਰੱਖ ਲੈਣਾ। ਰਾਣੋ ਚਾਈਂ ਚਾਈਂ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਉਸ ਫਰਿਸ਼ਤੇ ਨਾਲ ਆਪਣੇ ਨਵੇਂ ਘਰ ਵੱਲ ਰਵਾਨਾ ਹੋ ਗਈ।
ਸੰਪਰਕ: 77175-45830
* * *

Advertisement

ਅੱਕੋ ਮੁੱਕੋ

ਜਗਦੇਵ ਸ਼ਰਮਾ ਬੁਗਰਾ
‘‘ਮੈਮ! ਬੱਸ ਇੱਕ ਆਖ਼ਰੀ ਸਵਾਲ, ਤੁਹਾਡਾ ਨਾਮ ਬੜਾ ਦੁਰਲੱਭ ਜਿਹਾ ਹੈ, ਅਕਵਿੰਦਰ ਕੌਰ। ਕਿਸ ਨੇ ਅਤੇ ਕਿਵੇਂ ਰੱਖਿਆ ਤੁਹਾਡਾ ਇਹ ਨਾਂ?’’ ਪੱਤਰਕਾਰਾਂ ਦੀ ਭੀੜ ਵਿੱਚੋਂ ਇੱਕ ਪੱਤਰਕਾਰ ਨੇ ਆਈ.ਏ.ਐੱਸ. ਦੇ ਇਮਤਿਹਾਨ ਵਿੱਚੋਂ ਟਾਪਰ ਰਹੀ ਲੜਕੀ ਨੂੰ ਸਵਾਲ ਕੀਤਾ।
‘‘ਹਾਂ, ਇਸ ਨਾਮ ਪਿੱਛੇ ਵੀ ਇੱਕ ਕਹਾਣੀ ਹੈ। ਮੇਰੇ ਮਾਪਿਆਂ ਦੇ ਅਸੀਂ ਛੇ ਧੀਆਂ ਹੋਈਆਂ।
ਪਹਿਲੀ ਦਾ ਨਾਂ ਰੱਖਿਆ ਵੀਰਾਂ, ਦੂਜੀ ਦਾ ਸਿੰਦਰੋ, ਤੀਜੀ ਬੇਅੰਤ, ਚੌਥੀ ਮਾੜੀ, ਮੈਂ ਪੰਜਵੀਂ ਅੱਕੋ ਅਤੇ ਛੇਵੀਂ ਮੁੱਕੋ ਜੌੜੀਆਂ ਹੋਈਆਂ। ਕੁੜੀਆਂ ਜੰਮਦੀਆਂ ਗਈਆਂ, ਨਾਮ ਵਿਗੜਦੇ ਗਏ। ਮੇਰੀਆਂ ਪੰਜੋਂ ਭੈਣਾਂ, ਜਿਹੜੀ ਦਸ ਪੜ੍ਹਿਆ ਕਰੇ, ਮੇਰਾ ਬਾਪ ਵਿਆਹ ਦਿਆ ਕਰੇ। ਮੈਂ ਪੜ੍ਹਨ ਵਿੱਚ ਹੁਸ਼ਿਆਰ ਸੀ। ਮੇਰੇ ਮੁੱਖ ਅਧਿਆਪਕ ਦੀ ਸਲਾਹ ਅਤੇ ਮੇਰੀ ਜ਼ਿੱਦ ਕਾਰਨ ਅੱਗੇ ਮੈਨੂੰ ਕਾਲਜ ਦਾਖਲ ਕਰਵਾ ਦਿੱਤਾ ਗਿਆ। ਹਮੇਸ਼ਾ ਅੱਵਲ ਆਉਣ ਦੇ ਨਾਲ ਨਾਲ, ਮੈਂ ਗਿੱਧੇ ਦੀ ਟੀਮ ਦੀ ਕਪਤਾਨ ਵੀ ਸਾਂ। ਜਦੋਂ ਮੇਰੀ ਟੀਮ ਗਿੱਧਾ ਪਾਉਂਦੀ, ਹਾਲ ਅੱਕੋ! ਅੱਕੋ!! ਦੇ ਨਾਹਰਿਆਂ ਨਾਲ ਗੂੰਜ ਉੱਠਦਾ। ਇੱਕ ਦਿਨ ਸਾਡੀ ਟੀਮ ਦੇ ਕੋਚ ਨੇ ਮੈਨੂੰ ਬਿਨਾ ਦੱਸੇ ਹੀ, ਅਖ਼ਬਾਰ ਵਿੱਚ ਮੇਰਾ ਨਾਮ ਅੱਕੋ ਤੋਂ ਬਦਲ ਕੇ ਅਕਵਿੰਦਰ ਕੌਰ ਕਰਨ ਦਾ ਇਸ਼ਤਿਹਾਰ ਦੇ ਦਿੱਤਾ।
ਖ਼ੈਰ! ਮਿਹਨਤ ਕੀਤੀ, ਬੀ.ਏ. ਕੀਤੀ, ਅਰਥ ਸ਼ਾਸ਼ਤਰ ਦੀ ਐਮ.ਏ. ਕੀਤੀ। ਸਖ਼ਤ ਘਾਲਣਾ ਕਰਕੇ ਆਈ.ਏ.ਐੱਸ. ਦਾ ਪੇਪਰ ਦੇ ਦਿੱਤਾ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ।
ਹਾਂ! ਮੇਰੀ ਦਿਲੀ ਇੱਛਾ ਹੈ ਕਿ ਮੇਰਾ ਉਹ ਨਾਮ ‘ਅੱਕੋ’ ਜਿਸ ਦੇ ਜੰਮਣ ’ਤੇ ਘਰ ਵਿੱਚ ਇੱਕ ਤਰ੍ਹਾਂ ਸੱਥਰ ਵਿਛ ਗਿਆ ਸੀ, ਕਿਤੇ ਡੀਸੀ ਅਕਵਿੰਦਰ ਕੌਰ ਦੇ ਨਾਂ ਥੱਲੇ ਦਬ ਕੇ ਨਾ ਰਹਿ ਜਾਏ।’’
ਹੁਣ ਸਿਰਫ਼ ਤਾੜੀਆਂ ਦੀ ਗੂੰਜ ਹੀ ਸੁਣਾਈ ਦੇ ਰਹੀ ਸੀ।
ਸੰਪਰਕ: 98727-87243
* * *

ਕਦੋਂ ਤੱਕ?

ਐਡਵੋਕੇਟ ਹਰਦੀਪ ਸਿੰਘ ਭੱਟੀ

“ਭੈਣੋ ਤੇ ਭਰਾਵੋ, ਸਮੂਹ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਚਲਾਣ ਕੱਟਿਆ ਜਾਵੇਗਾ ਅਤੇ ਫਰਦ’ਤੇ ਵੀ ਰੈੱਡ ਐਂਟਰੀ ਕੀਤੀ ਜਾਵੇਗੀ ਅਤੇ ਸੈਕਸ਼ਨ 39 ਅਤੇ 37 ਆਫ ਏਅਰ (ਪ੍ਰੀਵੈਂਸ਼ਨ ਅਤੇ ਕੰਟਰੋਲ ਆਫ ਪੋਲੂਸ਼ਨ) ਐਕਟ 1981 ਅਧੀਨ ਪਰਚਾ ਦਰਜ ਕਰਦੇ ਹੋਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਸੂਚਨਾ ਕਿਸਾਨ ਭਰਾਵਾਂ ਨੂੰ ਜਾਣਕਾਰੀ ਹਿਤ ਹੈ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਸਰਕਾਰ ਨੂੰ ਸਹਿਯੋਗ ਦਿਉ।” ਸਰਪੰਚ ਲਾਭ ਸਿੰਘ ਪੰਚਾਇਤ ’ਕੱਠੀ ਕਰ ਕੇ ਸਾਰਿਆਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਤੋਂ ਮਨ੍ਹਾਂ ਕਰ ਰਿਹਾ ਸੀ ਤੇ ਸਰਕਾਰਾਂ ਵੱਲੋਂ ਜਾਰੀ ਹੋਰ ਬਦਲ ਅਪਣਾਉਣ ਨੂੰ ਸਮਝਾ ਰਿਹਾ ਸੀ। ਉਹ ਅੱਗੇ ਬੋਲਿਆ, “ਨਾੜ ਨੂੰ ਲੱਗੀ ਅੱਗ ਕਾਰਨ ਵਾਪਰਦੇ ਹਾਦਸਿਆਂ ਵਿੱਚ ਕਿੰਨੇ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ। ਹਵਾ ਪ੍ਰਦੂਸ਼ਣ ਨਾਲ ਬੱਚਿਆਂ, ਬਜ਼ੁਰਗਾਂ ਤੇ ਸਾਹ ਦੀ ਬਿਮਾਰੀ ਵਾਲਿਆਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਵੀ ਇਹ ਆਤਮਘਾਤੀ ਖੇਡ ਕਿਉਂ ਚੱਲ ਰਹੀ ਹੈ। ਭਾਰਤ ਵਿੱਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ 20 ਲੱਖ ਮੌਤਾਂ ਹੁੰਦੀਆਂ ਹਨ।” ਪੜ੍ਹਿਆ ਲਿਖਿਆ ਸਰਪੰਚ ਲਾਭ ਸਿੰਘ ਆਪਣੇ ਪਿੰਡ ਦੇ ਲੋਕਾਂ ਨੂੰ ਬੜੇ ਤਰਕ ਨਾਲ ਸਮਝਾ ਰਿਹਾ ਸੀ।
ਸਾਬਕਾ ਸਰਪੰਚ ਸੇਵਾ ਸਿੰਘ ਲਾਭ ਸਿੰਘ ਤੋਂ ਖਾਰ ਖਾਂਦਾ ਸੀ ਤੇ ਉਹ ਹਮੇਸ਼ਾ ਲਾਭ ਸਿੰਘ ਦੀ ਗੱਲ ਤੋਂ ਉਲਟਾ ਕੰਮ ਕਰਦਾ। ਸੇਵਾ ਸਿੰਘ ਨੇ ਅੱਜ ਦੀ ਅੱਜ ਹੀ ਝੋਨੇ ਦੀ ਕਟਾਈ ਦਾ ਕੰਮ ਮੁਕਾਇਆ ਸੀ। ਉਹਨੇ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਲਗਾ ਦਿੱਤੀ। ਉਸ ਦਾ ਖੇਤ ਸੜਕ ਕਿਨਾਰੇ ਸੀ। ਸੜਕ ਉੱਤੇ ਸੇਕ ਤੇ ਧੂੰਆਂ ਧੂੰਆਂ ਹੋ ਗਿਆ। ਲੋਕਾਂ ਦਾ ਲੰਘਣਾ ਮੁਹਾਲ ਹੋ ਗਿਆ। ਕਈ ਪੰਛੀ ਧੂੰਏਂ ਤੇ ਅੱਗ ਦੇ ਸੇਕ ਨਾਲ ਤੜਫ਼ਣ ਲੱਗੇ। ਇੰਨੇ ਨੂੰ ਇੱਕ ਕਾਰ ਆਈ। ਕੁਝ ਦਿਸਦਾ ਨਾ ਹੋਣ ਕਰਕੇ ਸੜਕ ਕਿਨਾਰੇ ਲੱਗੇ ਦਰੱਖ਼ਤ ਨਾਲ ਜ਼ੋਰ ਦੀ ਟਕਰਾਈ। ਜ਼ੋਰਦਾਰ ਧਮਾਕਾ ਹੋਇਆ। ਪਿੰਡ ਦੇ ਲੋਕ ਧਮਾਕੇ ਵਾਲੀ ਥਾਂ ਵੱਲ ਭੱਜੇ। ਲੋਕਾਂ ਨੇ ਦੇਖਿਆ ਕਿ ਕਾਰ ਸਵਾਰ ਡਰਾਈਵਰ ਸੀਟ ’ਤੇ ਬੈਠੇ ਆਦਮੀ ਦੀ ਮੌਤ ਹੋ ਚੁੱਕੀ ਸੀ ਤੇ ਨਾਲ ਬੈਠੀ ਔਰਤ ਦੇ ਸਿਰ ’ਤੇ ਗੰਭੀਰ ਸੱਟ ਲੱਗਣ ਕਰਨ ਉਹ ਬੇਹੋਸ਼ ਸੀ। ਚਿਹਰੇ ਬੇਪਛਾਣ ਹੋਏ ਪਏ ਸਨ। ਕਿਸੇ ਨੇ ਕਾਰ ਦੇਖੀ ਤਾਂ ਪਤਾ ਲੱਗਾ ਕਿ ਇਹ ਕਾਰ ਸੇਵਾ ਸਿੰਘ ਦੇ ਜਵਾਈ ਹਰਪ੍ਰੀਤ ਦੀ ਹੈ। ਸੇਵਾ ਸਿੰਘ ਦੇ ਘਰੇ ਖ਼ਬਰ ਭੇਜੀ। ਸੇਵਾ ਸਿੰਘ ਦਾ ਪਰਿਵਾਰ ਭੱਜਿਆ ਆਇਆ। ਉਹਦੀ ਘਰਵਾਲੀ ਧੀ-ਜਵਾਈ ਦੀ ਹਾਲਤ ਦੇਖ ਗਸ਼ ਖਾ ਕੇ ਡਿੱਗ ਪਈ। ਉਸ ਦੀ ਧੀ ਨੂੰ ਲੋਕਾਂ ਨੇ ਹਸਪਤਾਲ ਦਾਖਲ ਕਰਾਇਆ। ਸੇਵਾ ਸਿੰਘ ਵੀ ਹਾਦਸਾ ਦੇਖ ਕੇ ਸੁੰਨ ਹੀ ਹੋ ਗਿਆ। ਉਸ ਦੀ ਹਾਲਤ ਕਈ ਦਿਨ ਪਾਗਲਾਂ ਵਰਗੀ ਰਹੀ। ਉਹ ਆਪਣਾ ਦੋਸ਼ ਮੰਨ ਰਿਹਾ ਸੀ। ਉਸ ਦੀ ਬੇਮਤਲਬ ਦੀ ਖ਼ਾਰ ਨੇ ਉਸੇ ਦੀ ਧੀ ਦੀ ਦੁਨੀਆ ਉਜਾੜ ਦਿੱਤੀ।
ਹੁਣ ਸੇਵਾ ਸਿੰਘ ਵੀ ਲਾਭ ਸਿੰਘ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਧੀ ਜਵਾਈ ਨਾਲ ਹੋਏ ਹਾਦਸੇ ਬਾਰੇ ਦੱਸ ਕੇ ਲੋਕਾਂ ਨੂੰ ਨਾੜ ਨੂੰ ਅੱਗ ਨਾ ਲਗਾਉਣ ਦੀ ਬੇਨਤੀ ਕਰ ਸਰਕਾਰਾਂ ਵੱਲੋਂ ਜਾਰੀ ਹੋਰ ਬਦਲ ਅਪਣਾਉਣ ਦੀ ਬੇਨਤੀ ਕਰ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਅ ਰਿਹਾ ਸੀ।
ਸੰਪਰਕ: 78379-63067
* * *

ਭੋਲੇ ਬੰਦਿਆਂ ’ਚ ਰੱਬ ਵੱਸਦੈ

ਡਾ. ਨਿਸ਼ਾਨ ਸਿੰਘ ਰਾਠੌਰ
ਕਾਰਗਿਲ ਤੋਂ ਪੰਜ ਮਹੀਨੇ ਮਗਰੋਂ ਛੁੱਟੀ ਆਇਆ ਤਾਂ ਕਈ ਦਿਨ ਸਿਹਤ ਢਿੱਲੀ ਜਿਹੀ ਰਹੀ। ਅਸਲ ਵਿੱਚ ਕਾਰਗਿਲ ਦੇ ਇਲਾਕੇ ਵਿੱਚ ਮੌਸਮ ਬਹੁਤ ਠੰਢਾ ਹੁੰਦਾ ਹੈ। ਉੱਥੇ ਜੂਨ ਜੁਲਾਈ ਵਿੱਚ ਵੀ ਰਜਾਈ ਲੈ ਕੇ ਸੌਣਾ ਪੈਂਦਾ ਹੈ। ਪਰ! ਆਪਣੇ ਇੱਧਰ ਹਰਿਆਣੇ, ਪੰਜਾਬ ਵਿੱਚ ਉਸ ਸਮੇਂ ਕਹਿਰ ਦੀ ਗਰਮੀ ਹੁੰਦੀ ਹੈ। ਇਹ ਕੁਦਰਤੀ ਵਰਤਾਰਾ ਹੈ ਕਿਉਂਕਿ ਸਰੀਰ ਨੂੰ ਮੌਸਮ ਦੇ ਅਨੁਕੂਲ ਹੋਣ ਵਿੱਚ ਕੁਝ ਸਮਾਂ ਲੱਗਦਾ ਹੈ।
ਖ਼ੈਰ! ਇਸ ਵਾਰ ਵੀ ਜਦੋਂ ਘਰ ਪਹੁੰਚਿਆ ਤਾਂ ਦੋ-ਤਿੰਨ ਦਿਨ ਘਰ ਹੀ ਰਿਹਾ ਕਿਉਂਕਿ ਸਰੀਰ ਟੁੱਟਦਾ ਜਿਹਾ ਜਾਪਦਾ ਸੀ। ਮੈਂ ਕਮਰੇ ਵਿੱਚ ਲੇਟਿਆ ਆਪਣਾ ਮੋਬਾਈਲ ਚਲਾ ਰਿਹਾ ਸਾਂ ਕਿ ਬਾਹਰੋਂ ਫੇਰੀ ਵਾਲੇ ਦੀ ਆਵਾਜ਼ ਕੰਨੀਂ ਪਈ।
ਮਾਤਾ ਜੀ ਕਹਿਣ ਲੱਗੇ ਕਿ ਆਲੂਆਂ ਦੀ ਬੋਰੀ ਹੀ ਸੁਟਵਾ ਲੈਂਦੇ ਹਾਂ ਕਿਉਂਕਿ ਆਉਂਦੇ ਕੁਝ ਦਿਨਾਂ ਵਿੱਚ ਆਲੂਆਂ ਦੀਆਂ ਕੀਮਤਾਂ ਵਧਣ ਵਾਲੀਆਂ ਹਨ। ਮੈਂ ਹੌਲੀ ਜਿਹੀ ਉੱਠਿਆ ਅਤੇ ਬਾਹਰ ਫੇਰੀ ਵਾਲੇ ਨੂੰ ਆਵਾਜ਼ ਮਾਰੀ।
‘‘ਬਾਈ, ਆਲੂ ਕਿਵੇਂ ਲਾਏ?’’ ਮੈਂ ਪੁੱਛਿਆ।
‘‘ਫ਼ੌਜੀ ਸਾਹਬ, ਤੁਸੀਂ ਉਂਝ ਹੀ ਲੈ ਜਾਓ।’’ ਉਹ ਅੱਗਿਉਂ ਹੱਸ ਕੇ ਬੋਲਿਆ।
ਮੈਂ ਥੋੜ੍ਹਾ ਹੈਰਾਨੀ ਨਾਲ ਉਸ ਦੇ ਚਿਹਰੇ ਵੱਲ ਦੇਖਿਆ।
ਕਹਿੰਦਾ, ‘‘ਪਛਾਣਿਆ ਨਹੀਂ?’’
‘‘ਨਾ ਬਾਈ।’’ ਮੈਨੂੰ ਸੱਚਮੁੱਚ ਉਸ ਦੀ ਪਛਾਣ ਨਹੀਂ ਸੀ ਆਈ। ‘‘ਮੈਂ ਤੁਹਾਡੇ ਪਿੰਡ ਦਾ ਕਾਲੂ ਹਾਂ।’’ ਉਹ ਹੱਸ ਕੇ ਬੋਲਿਆ।
‘‘ਕਾਲੂ...?’’ ‘‘ਆਹੋ...!’’ ਉਸ ਨੇ ਆਪਣੀ ਪਛਾਣ ਕਰਵਾਉਂਦਿਆਂ ਕਿਹਾ।
‘‘ਅੱਛਾ... ਅੱਛਾ’’ ਮੈਨੂੰ ਉਸ ਦਾ ਚਿਹਰਾ ਚੇਤੇ ਆ ਗਿਆ। ਮੈਂ ਉਸ ਨੂੰ ਘਰ ਚੱਲਣ ਲਈ ਕਿਹਾ।
‘‘ਨਾ ਬਾਈ, ਮੇਰੇ ਕੱਪੜੇ ਗੰਦੇ ਨੇ!’’ ਉਸ ਨੇ ਸੰਕੋਚ ਕਰਦਿਆਂ ਕਿਹਾ। ਮੈਂ ਕਿਹਾ, ‘‘ਕੋਈ ਨਾ... ਫੇਰ ਕੀ ਹੋਇਆ? ਤੂੰ ਘਰ ਚੱਲ।’’
ਉਹ ਰਤਾ ਸ਼ਰਮ ਜਿਹੀ ਮਹਿਸੂਸ ਕਰ ਰਿਹਾ ਸੀ। ਮੈਂ ਉਸ ਦੀ ਰੇਹੜੀ ਦਾ ਹੈਂਡਲ ਫੜਿਆ ਅਤੇ ਆਪਣੇ ਘਰ ਦੇ ਬੂਹੇ ਅੱਗੇ ਲੈ ਆਇਆ। ਮੇਰੇ ਪਿੱਛੇ ਉਹ ਵੀ ਘਰ ਦੇ ਅੰਦਰ ਆ ਗਿਆ।
ਮੈਂ ਮੰਜੀ ਡਾਹ ਦਿੱਤੀ। ਪੇਂਡੂ (ਦੇਸੀ) ਬੰਦਾ ਮੇਰੀ ਭਾਵਨਾ ਸਮਝ ਗਿਆ ਅਤੇ ਖੁੱਲ੍ਹਦਿਲੀ ਨਾਲ ਮੰਜੇ ’ਤੇ ਬਹਿ ਗਿਆ। ਮੈਂ ਚਾਹ ਬਣਵਾਉਣ ਲਈ ਰਸੋਈ ’ਚ ਗਿਆ ਤਾਂ ਉਹ ਮੰਜੀ ’ਤੇ ਚੌਂਕੜੀ ਮਾਰ ਕੇ ਬੈਠਾ ਗਿਆ।
ਚਾਹ ਪੀਂਦਿਆਂ ਉਸ ਨੇ ਬਰਫ਼ੀ ਦਾ ਪੀਸ ਨਾ ਚੁੱਕਿਆ। ਮੈਂ ਕੋਲ ਬੈਠਾ ਉਸ ਦੇ ਵੱਲ ਦੇਖ ਰਿਹਾ ਸਾਂ। ਮੈਂ ਕਿਹਾ, ‘‘ਕਾਲੂ, ਬਰਫ਼ੀ ਵੀ ਖਾ ਲੈ।’’ ਕਹਿੰਦਾ, ‘‘ਪਹਿਲਾਂ ਚਾਹ ਮੁੱਕ ਲੈਣ ਦੇ। ਫੇਰ ਖਾਵਾਂਗਾ।’’
ਮੈਂ ਚੁੱਪ ਕਰ ਗਿਆ। ਚਾਹ ਪੀ ਕੇ ਉਸ ਨੇ ਬਰਫ਼ੀ ਵਾਲੀ ਪਲੇਟ ਚੁੱਕੀ ਅਤੇ ਖਾਲੀ ਕਰਕੇ ਮੇਰੇ ਅੱਗੇ ਧਰ ਦਿੱਤੀ। ਮੈਂ ਉਸ ਦੇ ਭੋਲੇਪਣ ਨੂੰ ਸਮਝ ਰਿਹਾ ਸਾਂ। ਉਹ ਅਨਪੜ੍ਹ ਬੰਦਾ ‘ਸਮਾਜਿਕਤਾ’ ਭਾਵੇਂ ਬਹੁਤੀ ਨਹੀਂ ਸੀ ਜਾਣਦਾ, ਪਰ ਦਿਲ ਦਾ ਸਾਫ਼ ਸੀ।
ਚਾਹ ਪੀ ਕੇ ਉਸ ਨੇ ਖ਼ੁਦ ਹੀ ਆਲੂਆਂ ਦੀ ਬੋਰੀ ਸਾਡੇ ਘਰ ਦੇ ਅੰਦਰ ਰੱਖ ਦਿੱਤੀ। ਮੈਂ ਪੈਸੇ ਪੁੱਛੇ ਤਾਂ ਅੱਗਿਉਂ ਨਾਂਹ ਕਰੀ ਜਾਵੇ। ਮੈਂ ਕਿਹਾ, ‘‘ਮਿੱਤਰਾ, ਪੈਸੇ ਤਾਂ ਲੈਣੇ ਪੈਣੇ ਨੇ।’’ ਕਹਿੰਦਾ, ‘‘ਚੱਲ ਧੱਕਾ ਕਰਦਾ ਏਂ ਤਾਂ ਫੇਰ 470 ਦੇ ਛੱਡ। ਮੈਂ 500 ਦੀ ਬੋਰੀ ਵੇਚਦਾ ਹਾਂ, ਪਰ ਮੰਡੀ ਮੈਨੂੰ 470 ਦੀ ਪੈਂਦੀ ਹੈ... ਤੂੰ 470 ਹੀ ਦੇ ਛੱਡ।’’
ਮੈਂ 500 ਰੁਪਏ ਉਸ ਦੀ ਜੇਬ੍ਹ ਵਿੱਚ ਪਾ ਦਿੱਤੇ। ਉਹ ਵਾਪਸ ਕਰਨ ਲੱਗਾ ਤਾਂ ਮੈਂ ਮਨ੍ਹਾਂ ਕਰ ਦਿੱਤਾ। ਉਹ ਬਹੁਤ ਖ਼ੁਸ਼ ਹੋ ਕੇ ਚਲਾ ਗਿਆ।
ਇਸ ਵਾਰ ਛੁੱਟੀ ਦੌਰਾਨ ਪਿੰਡ ਗੇੜਾ ਲੱਗਿਆ ਤਾਂ ਪਿੰਡ ਦੇ ਮੋੜ ’ਤੇ ਹੀ ਮੁੰਡਿਆਂ ਨੇ ਮੈਨੂੰ ਘੇਰ ਗਿਆ। ਅਖੇ, ‘‘ਫ਼ੌਜੀਆ, ਕਾਲੂ ਬਹੁਤ ਸਿਫ਼ਤਾਂ ਕਰਦਾ ਹੈ ਤੇਰੀਆਂ।’’
ਮੈਂ ਕਿਹਾ, ‘‘ਕੀ ਹੋਇਆ?’’ ਅਖੇ, ‘‘ਫ਼ੌਜੀ ਬਾਹਲਾ ਵਧੀਆ ਬੰਦਾ। ਮੈਨੂੰ ਆਪਣੇ ਘਰ ਲੈ ਗਿਆ, ਮੰਜੇ ’ਤੇ ਬਿਠਾਇਆ ਤੇ ਨਾਲੇ ਚਾਹ ਪਿਆਈ। ਬਰਫ਼ੀ ਖੁਆਈ। ਸੱਚੀਂ ਫ਼ੌਜੀ ਹੀਰਾ ਬੰਦਾ ਹੈ।’’ ਮੈਂ ਕਿਹਾ, ‘‘ਇਹ ਕਿਹੜਾ ਵੱਡਾ ਕੰਮ ਐ, ਆਪਣੇ ਪਿੰਡ ਦਾ ਬੰਦਾ ਸੀ, ਸੋ ਉਸ ਦੀ ਇੱਜ਼ਤ ਕਰਨੀ ਮੇਰਾ ਫਰਜ਼ ਸੀ।’’
ਮੈਂ ਹੈਰਾਨ ਹਾਂ ਕਿ ਦੇਸੀ (ਪੇਂਡੂ) ਬੰਦੇ ਵੀ ਕਿੰਨੇ ਭੋਲੇ ਹੁੰਦੇ ਹਨ। ਰਤਾ ਕੁ ਪਿਆਰ-ਮੁਹੱਬਤ ਨਾਲ ਹੀ ਜਿੱਤੇ ਜਾਂਦੇ ਹਨ। ਗੱਲ ਕੁਝ ਵੀ ਨਹੀਂ ਸੀ, ਪਰ ਕਾਲੂ ਦੇ ਦਿਲ ਵਿੱਚ ਮੇਰੇ ਪ੍ਰਤੀ ਪਿਆਰ, ਸਤਿਕਾਰ ਸਦਾ ਲਈ ਘਰ ਕਰ ਗਿਆ ਸੀ।
ਸੰਪਰਕ: 90414-98009

Advertisement
Author Image

Advertisement