For the best experience, open
https://m.punjabitribuneonline.com
on your mobile browser.
Advertisement

ਪੇਕੇ ਹੁੰਦੇ ਮਾਵਾਂ ਨਾਲ

08:00 AM Oct 10, 2024 IST
ਪੇਕੇ ਹੁੰਦੇ ਮਾਵਾਂ ਨਾਲ
Advertisement

ਸੁਪਿੰਦਰ ਸਿੰਘ ਰਾਣਾ

Advertisement

ਗੁਆਂਢ ਵਿੱਚੋਂ ਫਿਰ ਉੱਚੀ-ਉੱਚੀ ਆਵਾਜ਼ਾਂ ਆ ਰਹੀਆਂ ਸਨ। ਜਦੋਂ ਦੀ ਗੁਆਂਢ ਵਾਲੀ ਮਾਸੀ ਗੁਜ਼ਰੀ ਹੈ, ਰੋਜ਼ ਹੀ ਉਹਦੇ ਨੂੰਹ-ਪੁੱਤ ਛੋਟੀ-ਛੋਟੀ ਗੱਲ ’ਤੇ ਝਗੜਦੇ ਰਹਿੰਦੇ। ਹਰ ਵਾਰ ਕਿਸੇ ਨਾ ਕਿਸੇ ਗੁਆਂਢੀ ਨੂੰ ਦੋਵਾਂ ਵਿੱਚੋਂ ਕੋਈ ਜੀਅ ਆਪਣੇ ਘਰ ਸੱਦ ਲਿਆਉਂਦਾ। ਮਾਸੀ ਮਗਰੋਂ ਦੋਵਾਂ ਨੇ ਘਰ ਦਾ ਜਲੂਸ ਹੀ ਕੱਢ ਦਿੱਤਾ। ਘਰੋਂ ਅਜੇ ਨਿਕਲਣ ਹੀ ਲੱਗਿਆ ਸੀ, ਮਾਸੀ ਦਾ ਮੁੰਡਾ ਆ ਗਿਆ। ਆਖਣ ਲੱਗਿਆ, “ਵੀਰ ਚੱਲੀਂ ਸਾਡੇ ਘਰ ਮਾੜਾ ਜਿਹਾ। ਘਰਵਾਲੀ ਨੇ ਤਾਂ ਮੇਰਾ ਜਿਊਣਾ ਮੁਸ਼ਕਿਲ ਕੀਤਾ ਪਿਆ।” ਨਾ ਹਾਂ ਕਰ ਸਕਿਆ ਨਾ ਹੀ ਨਾਂਹ, ਥੋੜ੍ਹਾ ਔਖਾ ਜਿਹਾ ਹੋ ਕੇ ਆਖਿਆ, “ਮੈਂ ਕਿਤੇ ਵਾਂਢੇ ਜਾਣਾ ਸੀ। ਜੇ ਸਰਦਾ ਤਾਂ ਸਾਰ ਲਓ, ਸ਼ਾਮ ਨੂੰ ਗੱਲ ਕਰ ਲੈਂਦੇ ਆਂ।” ਉਹ ਆਖਣ ਲੱਗਿਆ, “ਵੀਰ ਮਿੰਨਤ ਆਲਾ ਈ ਕੰਮ ਏ। ਥੋੜ੍ਹਾ ਚਿਰ ਲੱਗਣਾ। ਅੱਜ ਤੇਰੇ ਸਾਹਮਣੇ ਇੱਕ ਪਾਸੇ ਕਰ ਦੇਣਾ... ਜਾਂ ਉਹ ਰਹੂ ਘਰ ਵਿੱਚ ਜਾਂ ਮੈਂ।”
ਮੈਂ ਸੋਚਿਆ ਕੋਈ ਕਾਰਾ ਹੀ ਨਾ ਹੋ ਜਾਵੇ, ਇਸੇ ਡਰ ਦੇ ਮਾਰਿਆਂ ਕਿਹਾ, “ਚੱਲ।” ਉਸ ਦੇ ਮਗਰ ਹੀ ਮਾਸੀ ਦੇ ਘਰ ਨੂੰ ਹੋ ਤੁਰਿਆ। ਕਈ ਗੁਆਂਢੀ ਮੇਰੇ ਵੱਲ ਦੇਖ ਰਹੇ ਸਨ। ਉਨ੍ਹਾਂ ਦੇ ਘਰ ਵੜਿਆ ਤਾਂ ਉਸ ਦੀ ਘਰਵਾਲੀ ਸਾਹਮਣੇ ਸੋਫੇ ’ਤੇ ਬੈਠੀ ਸੀ। ਮੈਨੂੰ ਦੇਖਦੇ ਸਾਰ ਆਖਣ ਲੱਗੀ, “ਅੱਜ ਇੱਕ ਬੰਨੇ ਲਾ ਕੇ ਹੀ ਜਾਇਓ ਵੀਰ ਜੀ। ਬਹੁਤ ਦੁਖੀ ਹੋ ਗਈ ਆਂ ਏਸ ਘਰ ਤੋਂ।”
“ਕੋਈ ਨਾ ਭਾਈ ਧੀਰਜ ਰੱਖ।” ਦੋਵਾਂ ਜੀਆਂ ਨੂੰ ਬਿਠਾਇਆ, ਆਖਿਆ- “ਕਿਉਂ ਤੁਸੀਂ ਮਾਸੀ-ਮਾਸੜ ਦਾ ਜਲੂਸ ਕੱਢ ਰਹੇ ਓਂ। ਮਿਲ ਜੁਲ ਕੇ ਰਹੋ। ਆਉਂਦੀ ਕਿਸੇ ਹੋਰ ਘਰੋਂ ਆਵਾਜ਼?” ਮੁੰਡਾ ਆਖਣ ਲੱਗਿਆ, “ਵੀਰ ਅੱਜ ਦੀ ਸੁਣ ਲੈ।” ਉਹਦੀ ਘਰਵਾਲੀ ਆਖਣ ਲੱਗੀ, “ਪਹਿਲਾਂ ਮੇਰੀ ਸੁਣੋ।” ਮੈਂ ਆਖਿਆ, “ਵਾਰੀ-ਵਾਰੀ ਦੋਵਾਂ ਦੀ ਸੁਣਦੇ ਆਂ।”
ਮੁੰਡਾ ਆਖਣ ਲੱਗਿਆ, “ਅੱਜ ਭੈਣ ਦਾ ਫੋਨ ਆ ਗਿਆ। ਉਹਨੇ ਸਾਰਿਆਂ ਨਾਲ ਗੱਲ ਕੀਤੀ। ਮਗਰੋਂ ਆਖਣ ਲੱਗੀ- ‘ਵੀਰ, ਤੁਹਾਡੇ ਭਾਣਜਾ ਤੇ ਭਾਣਜੀ ਸਕੂਲ ਤੋਂ ਛੁੱਟੀਆਂ ਹੋਣ ਕਾਰਨ ਨਾਨਕੇ ਘਰ ਆਉਣ ਨੂੰ ਆਖਦੇ।’ ਮੇਰੇ ਮੂੰਹੋਂ ਨਿਕਲ ਗਿਆ- ‘ਭਾਈ ਆ ਜਾਣ, ਇਨ੍ਹਾਂ ਦੇ ਨਾਨਾ-ਨਾਨੀ ਦਾ ਘਰ ਏ, ਇਨ੍ਹਾਂ ਨੂੰ ਪੁੱਛਣ ਦੀ ਕੀ ਲੋੜ ਆ।’ ਭੈਣ ਨਾਲ ਦੁੱਖ ਸੁੱਖ ਦੀਆਂ ਹੋਰ ਗੱਲਾਂ ਕਰ ਕੇ ਫੋਨ ਰੱਖ ਦਿੱਤਾ। ਇੰਨੇ ਨੂੰ ਇਹ ਬੋਲ ਪਈ- ‘ਅਜੇ ਨਾ ਆਉਣ ਨਿਆਣੇ, ਸਾਡੇ ਬੱਚਿਆਂ ਦੇ ਪੇਪਰ ਹੋਣੇ ਆ। ਪੜ੍ਹਾਈ ਖਰਾਬ ਹੋਵੇਗੀ। ਕੁਝ ਦਿਨ ਠਹਿਰ ਕੇ ਆ ਜਾਣ।’ ਭੈਣ ਨੇ ਸ਼ਾਇਦ ਇਹ ਗੱਲਾਂ ਫੋਨ ’ਤੇ ਸੁਣ ਲਈਆਂ ਹੋਣ, ਮੈਥੋਂ ਸ਼ਾਇਦ ਫੋਨ ਰੱਖਣ ਵੇਲੇ ਕੱਟਿਆ ਨਹੀਂ ਸੀ ਗਿਆ।”
ਉਹ ਥੋੜ੍ਹਾ ਉਦਾਸ ਹੋ ਕੇ ਬੋਲਿਆ, “ਥੋੜ੍ਹੇ ਚਿਰ ਮਗਰੋਂ ਹੀ ਭੈਣ ਦਾ ਫੋਨ ਆ ਗਿਆ ਕਿ ‘ਵੀਰ, ਨਿਆਣਿਆਂ ਨੂੰ ਬਥੇਰੀਆਂ ਛੁੱਟੀਆਂ ਨੇ, ਕੁਝ ਦਿਨ ਸਕੂਲ ਦਾ ਕੰਮ ਮੁਕਾ ਕੇ ਆਉਣਗੇ।’ ਉਹਦੇ ਬੋਲਾਂ ਵਿੱਚ ਦਰਦ ਸੀ। ਬਹੁਤੀ ਗੱਲ ਨਾ ਕਰ ਕੇ ਉਹਨੇ ਫੋਨ ਕੱਟ ਦਿੱਤਾ।”
ਉਹ ਥੋੜ੍ਹਾ ਸਾਹ ਲੈ ਕੇ ਫਿਰ ਆਪਣੀ ਘਰਵਾਲੀ ਵੱਲ ਦੇਖਦਿਆਂ ਆਖਣ ਲੱਗਿਆ, “ਜੇ ਮੇਰੀ ਗੱਲ ਮਾਸਾ ਵੀ ਝੂਠੀ ਹੋਵੇ ਤਾਂ ਇਹਨੂੰ ਪੁੱਛ ਲਓ।” ਉਹਦੀ ਘਰਵਾਲੀ ਕੁਝ ਨਾ ਬੋਲੀ।
“ਅੱਛਾ... ਥੋੜ੍ਹੇ ਚਿਰ ਮਗਰੋਂ ਮੇਰੀ ਸੱਸ ਦਾ ਫੋਨ ਆ ਗਿਆ। ਉਹਨੇ ਇਹਨੂੰ (ਘਰਵਾਲੀ) ਨੂੰ ਕਹਿ ਦਿੱਤਾ ਕਿ ਉਹਦੇ ਭਰਾ-ਭਰਜਾਈ ਨੇ ਡੇਢ ਕੁ ਹਫ਼ਤੇ ਲਈ ਬਾਹਰ ਜਾਣਾ, ਇਸ ਲਈ ਤੂੰ ਇੱਥੇ ਆ ਜਾਵੀਂ, ਉਹਦਾ ਇਕੱਲੀ ਦਾ ਜੀਅ ਨਹੀਂ ਲਗਦਾ... ਇਹਨੇ ਝੱਟ ਆਖ ਦਿੱਤਾ- ‘ਅੱਜ ਹੀ ਸ਼ਾਮ ਨੂੰ ਆ ਜਾਵਾਂਗੀ।’... ਹੁਣ ਮੈਨੂੰ ਕਹਿੰਦੀ ਆ, ਮੇਰੀ ਮਾਂ ਨੇ ਬੁਲਾਇਆ, ਸ਼ਾਮ ਨੂੰ ਹੀ ਜਾਣਾ। ਤੁਸੀਂ ਬੱਚੇ ਸਾਂਭੋ।... ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ ਕਿ ਨਿਆਣਿਆਂ ਦੇ ਪੇਪਰਾਂ ਦਾ ਕੀ ਬਣੇਗਾ? ਮੇਰੇ ਭਾਣਜਾ-ਭਾਣਜੀ ਦੇ ਆਉਣ ’ਤੇ ਨਿਆਣਿਆਂ ਦੇ ਪੇਪਰਾਂ ਦਾ ਫਿਕਰ ਸੀ, ਹੁਣ ਕਿੱਥੇ ਗਏ ਪੇਪਰ?” ਬੱਸ, ਘਰ ਵਿੱਚ ਕਲੇਸ਼ ਪੈ ਗਿਆ।
ਹੁਣ ਵੀ ਉਹ ਦੋਵੇਂ ਜੀਅ ਉੱਚੀ-ਉੱਚੀ ਬੋਲਣ ਲੱਗ ਪਏ।
ਮੈਂ ਉਠ ਖਲੋਤਾ, “ਜੇ ਤੁਸੀਂ ਮੇਰੀ ਸੁਣਨੀ ਹੀ ਨਹੀਂ ਤਾਂ ਮੈਨੂੰ ਬੁਲਾਇਆ ਕਿਉਂ?” ਉਹਦੀ ਘਰਵਾਲੀ ਨੂੰ ਆਖਿਆ ਕਿ ਜੇ ਬੱਚਿਆਂ ਦੇ ਪੇਪਰ ਨੇ ਤਾਂ ਤੁਹਾਨੂੰ ਨਹੀਂ ਜਾਣਾ ਚਾਹੀਦਾ। ਉਹ ਆਖਣ ਲੱਗੀ, “ਵੀਰ ਜੀ, ਮਾਂ ਨੂੰ ਨਾਂਹ ਨਹੀਂ ਕਹਿ ਸਕਦੀ।”
“ਲਿਆਓ ਫੋਨ ਨੰਬਰ ਦਿਓ ਮੈਨੂੰ, ਮੈਂ ਉਨ੍ਹਾਂ ਨੂੰ ਸਮਝਾ ਦਿੰਨਾ” ਪਰ ਉਹ ਨੰਬਰ ਦੇਣਾ ਨਾ ਮੰਨੀ। ਮਾਸੀ ਦੇ ਮੁੰਡੇ ਨੂੰ ਆਖਿਆ, “ਤੂੰ ਇਉਂ ਕਰ ਭਾਈ, ਆਪਣੀ ਭੈਣ ਨੂੰ ਬੁਲਾ ਲੈ।” ਉਹ ਆਖੇ- “ਹੁਣ ਕਿਸ ਮੂੰਹ ਨਾਲ ਭੈਣ ਨਾਲ ਗੱਲ ਕਰਾਂ। ਹੁਣ ਇਹੀ ਬੁਲਾਵੇ ਉਹਨੂੰ।” ਖ਼ੈਰ! ਮੈਂ ਭੈਣ ਦਾ ਫੋਨ ਨੰਬਰ ਲਿਆ, ਫੋਨ ਮਿਲਾਇਆ, ਉਹਨੇ ਮੇਰੀ ਆਵਾਜ਼ ਪਛਾਣ ਲਈ ਸੀ। ਜਦੋਂ ਸਾਰੀ ਗੱਲ ਸੁਣਾਈ ਤਾਂ ਉਹ ਆਉਣ ਲਈ ਰਾਜ਼ੀ ਹੋ ਗਈ। ਫਿਰ ਵੀ ਉਹਨੇ ਆਖਿਆ ਕਿ ਉਹ ਆਪਣੇ ਘਰਵਾਲੇ ਨੂੰ ਪੁੱਛ ਕੇ ਕੱਲ੍ਹ ਨੂੰ ਆ ਜਾਵੇਗੀ।
ਚਲੋ... ਮਸਲਾ ਹੱਲ ਹੋ ਗਿਆ। ਮੈਂ ਕਿਹਾ, “ਛੋਟੀ-ਛੋਟੀ ਗੱਲ ਪਿੱਛੇ ਲੜਨਾ ਛੱਡ ਦਿਓ। ਮਾਸੀ-ਮਾਸੜ ਦਾ ਕੁਝ ਤਾਂ ਲਿਹਾਜ਼ ਕਰੋ।” ਇਹ ਭੈਣ ਉਮਰ ਵਿੱਚ ਭਾਵੇਂ ਸਾਥੋਂ ਛੋਟੀ ਸੀ ਪਰ ਉਹ ਸਾਨੂੰ ਸਕੇ ਭਰਾਵਾਂ ਤੋਂ ਵੀ ਵੱਧ ਸਮਝਦੀ ਸੀ। ਮਾਸੀ-ਮਾਸੜ ਨੇ ਵੀ ਕਦੇ ਫ਼ਰਕ ਨਹੀਂ ਕੀਤਾ। ਜਦੋਂ ਘਰ ਨੂੰ ਤੁਰਨ ਲੱਗਿਆ ਤਾਂ ਭੈਣ ਦੀ ਗੱਲ ਯਾਦ ਆ ਗਈ, ਉਹਨੇ ਫੋਨ ’ਤੇ ਆਖਦੀ ਸੀ, “ਅੱਜ ਮਾਂ ਮਰੀ ਤੋਂ ਬਾਅਦ ਕਿਸੇ ਨੇ ਪੇਕੇ ਘਰ ਬੁਲਾਇਆ...!”
ਮੈਨੂੰ ਯਾਦ ਹੈ... ਮਾਸੀ ਦੇ ਹੁੰਦਿਆਂ ਭੈਣ ਕਈ-ਕਈ ਦਿਨ ਰਹਿ ਜਾਂਦੀ ਸੀ। ਹੁਣ ਤਾਂ ਬਹੁਤ ਚਿਰ ਹੋ ਗਿਆ ਉਹਦੀ ਸ਼ਕਲ ਦੇਖੀ ਨੂੰ। ਘਰ ਜਾਂਦਿਆਂ ਸੁਰਜੀਤ ਬਿੰਦਰਖੀਏ ਦਾ ਗੀਤ ਯਾਦ ਆ ਗਿਆ: ਮਾਂ ਮੈਂ ਹੁਣ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ।... ਨਾਲ ਹੀ ਅੱਖਾਂ ਛਲਕ ਪਈਆਂ।
ਸੰਪਰਕ: 98152-33232

Advertisement

Advertisement
Author Image

Advertisement