ਸਿਆਸਤ ਨਹੀਂ ਛੱਡਾਂਗਾ, ਨਵੀਂ ਪਾਰਟੀ ਲਈ ਵਿਕਲਪ ਖੁੱਲ੍ਹਾ: ਚੰਪਈ ਸੋਰੇਨ
ਰਾਂਚੀ, 21 ਅਗਸਤ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਕਿਹਾ ਕਿ ਉਹ ਸਿਆਸਤ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਨਵੀਂ ਸਿਆਸੀ ਪਾਰਟੀ ਲਈ ਉਨ੍ਹਾਂ ਕੋਲ ਵਿਕਲਪ ਖੁੱਲ੍ਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਆਪਣਾ ਸਾਰਾ ਜੀਵਨ ਪਾਰਟੀ ਨੂੰ ਸਮਰਪਿਤ ਕਰ ਦਿੱਤਾ ਤੇ ਜੇਐਮਐਮ ਦੇ ਨੇਤਾਵਾਂ ਦੇ ਹੱਥੋਂ ਹੀ ਉਸ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਸ ਅਪਮਾਨ ਤੋਂ ਬਾਅਦ ਵੀ ਉਹ ਆਪਣੀਆਂ ਯੋਜਨਾਵਾਂ ’ਤੇ ਦ੍ਰਿੜ੍ਹ ਹਨ। ਉਨ੍ਹਾਂ ਕਿਹਾ, ‘‘ਇਹ ਮੇਰੀ ਜ਼ਿੰਦਗੀ ਦਾ ਨਵਾਂ ਅਧਿਆਏ ਹੈ।’’ ਝਾਰਖੰਡ ਮੁਕਤੀ ਮੋਰਚਾ ਦੇ ਸੀਨੀਅਰ ਆਗੂ ਨੇ ਜ਼ੋਰ ਦੋ ਕੇ ਕਿਹਾ ਕਿ ਉਹ ਸਿਆਸਤ ਨਹੀਂ ਛੱਡਣਗੇ ਕਿਉਂਕਿ ਉਨ੍ਹਾਂ ਨੂੰ ਸਮਰਥਕਾਂ ਤੋਂ ਬਹੁਤ ਪਿਆਰ ਮਿਲਿਆ ਹੈ। ਸਰਾਈਕੇਲਾ-ਖਰਸਾਵਨ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਝਿਲਿੰਗੋਰਾ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਦੇ ਸੀਨੀਅਰ ਨੇਤਾ ਨੇ ਖੁਲਾਸਾ ਕੀਤਾ ਕਿ ਉਹ ਨਵੀਂ ਪਾਰਟੀ ਦਾ ਗਠਨ ਕਰ ਸਕਦੇ ਹਨ। ਇਥੇ ਦੱਸਣਯੋਗ ਹੈ ਕਿ 67 ਸਾਲਾ ਕਬਾਇਲੀ ਆਗੂ ਚੰਪਈ ਸੋਰੇਨ ਨੂੰ 1990ਵਿਆਂ ਵਿਚ ਵੱਖਰਾ ਰਾਜ ਬਣਾਉਣ ਦੀ ਲੜਾਈ ਵਿਚ ਪਾਏ ਯੋਗਦਾਨ ਲਈ ‘ਝਾਰਖੰਡ ਦਾ ਟਾਈਗਰ’ ਉਪਨਾਮ ਦਿੱਤਾ ਕੀਤਾ ਗਿਆ ਸੀ। ਝਾਰਖੰਡ ਨੂੰ 2000 ਵਿੱਚ ਬਿਹਾਰ ਦੇ ਦੱਖਣੀ ਹਿੱਸੇ ਤੋਂ ਵੱਖ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਜੇਐਮਐਮ ਦੇ ਕਿਸੇ ਵੀ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ। ਜੇਐਮਐਮ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਆਪਣਾ ਹਮਖਿਆਲ ਸੰਗਠਨ ਜਾਂ ਕੋਈ ਦੋਸਤ ਮਿਲਦਾ ਹੈ ਤਾਂ ਭਵਿੱਖ ਵਿੱਚ ਉਹ ਕਿਸੇ ਵੀ ਜਥੇਬੰਦੀ ਨਾਲ ਹੱਥ ਮਿਲਾ ਸਕਦੇ ਹਨ। -ਪੀਟੀਆਈ