ਮੋਦੀ ਨੂੰ ਸੱਤਾਹੀਣ ਕਰਨ ਤੱਕ ਨਹੀਂ ਮਰਾਂਗਾ: ਖੜਗੇ
ਜਸਰੋਟਾ/ਜੰਮੂ, 29 ਸਤੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਹ ਉਦੋਂ ਤੱਕ ਨਹੀਂ ਮਰਨਗੇ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾਹੀਣ ਨਹੀਂ ਕਰ ਦਿੰਦੇ। ਖੜਗੇ ਨੂੰ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਜਸਰੋਟਾ ਇਲਾਕੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਚੱਕਰ ਆ ਗਿਆ ਸੀ। ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਹ ਵਿਧਾਨ ਸਭਾ ਚੋਣਾਂ ਦੇ ਤੀਸਰੇ ਤੇ ਆਖ਼ਰੀ ਗੇੜ ਦੌਰਾਨ ਅੰਤਿਮ ਦਿਨ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਰਾਜ ਦਾ ਦਰਜਾ ਬਹਾਲ ਕਰਨ ਲਈ ਲੜਾਂਗੇ, ਮੈਂ 83 ਸਾਲ ਦਾ ਹੋ ਗਿਆ ਹਾਂ, ਮੈਂ ਏਨੀ ਛੇਤੀ ਮਰਨ ਵਾਲਾ ਨਹੀਂ। ਮੈਂ ਉਦੋਂ ਤੱਕ ਜਿਊਂਦਾ ਰਹਾਂਗਾ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਬਾਹਰ ਨਹੀਂ ਕਰ ਦਿੰਦਾ।’’
ਜਸਰੋਟਾ ਇਲਾਕੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੂੰ ਚੱਕਰ ਆ ਗਿਆ ਸੀ। ਕਾਂਗਰਸ ਆਗੂਆਂ ਨੇ ਦੱਸਿਆ ਕਿ ਖੜਗੇ ਕਠੂਆ ਵਿੱਚ ਅਤਿਵਾਦੀਆਂ ਖ਼ਿਲਾਫ਼ ਜਾਰੀ ਮੁਹਿੰਮ ਵਿੱਚ ਸ਼ਹੀਦ ਹੋਏ ਹੈੱਡ ਕਾਂਸਟੇਬਲ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਕਾਂਗਰਸ ਜਨਰਲ ਸਕੱਤਰ ਗੁਲਾਮ ਅਹਿਮਦ ਮੀਰ ਨੇ ਦੱਸਿਆ, ‘‘ਉਹ ਜਸਰੋਟਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ ਅਤੇ ਚੱਕਰ ਆਉਣ ਲੱਗਿਆ। ਉਨ੍ਹਾਂ ਦੇ ਸਹਿਯੋਗੀਆਂ ਨੇ ਉਨ੍ਹਾਂ ਨੂੰ ਕੁਰਸੀ ’ਤੇ ਬਿਠਾਉਣ ਵਿੱਚ ਮਦਦ ਕੀਤੀ।’’
ਖੜਗੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਜਸਰੋਟਾ ਗਏ ਸਨ। ਜੰਮੂ ਕਸ਼ਮੀਰ ਕਾਂਗਰਸ ਦੇ ਮੀਤ ਪ੍ਰਧਾਨ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਖੜਗੇ ਨੂੰ ਚੱਕਰ ਆ ਰਿਹਾ ਸੀ ਅਤੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੂੰ ਜਾਂਚ ਲਈ ਬੁਲਾਇਆ ਗਿਆ। ਬਾਅਦ ਵਿੱਚ ਖੜਗੇ ਦੀ ਊਧਮਪੁਰ ਵਿੱਚ ਹੋਣ ਵਾਲੀ ਦੂਸਰੀ ਰੈਲੀ ਰੱਦ ਕਰ ਦਿੱਤੀ ਗਈ’’
ਜਸਰੋਟਾ ਰੈਲੀ ਵਿੱਚ ਖੜਗੇ ਨੇ ਕਿਹਾ, ‘‘ਮੈਂ ਗੱਲ ਕਰਨਾ ਚਾਹੁੰਦਾ ਸੀ ਪਰ ਚੱਕਰ ਆਉਣ ਕਾਰਨ ਬੈਠ ਗਿਆ। ਕਿਰਪਾ ਕਰ ਕੇ ਮੈਨੂੰ ਮੁਆਫ਼ ਕਰਨਾ। ਉਹ (ਭਾਜਪਾ) ਸਾਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਉਹ ਪਾਕਿਸਤਾਨ ਦੀ ਗੱਲ ਕਰਦੇ ਹਨ। ਅਸੀਂ ਨਹੀਂ ਡਰਦੇ। ਬੰਗਲਾਦੇਸ਼ ਕਿਸ ਨੇ ਆਜ਼ਾਦ ਕਰਵਾਇਆ? ਇੰਦਰਾ ਗਾਂਧੀ ਨੇ ਅਜਿਹਾ ਕੀਤਾ। ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਅਸੀਂ ਦਿੱਤਾ। ਪਾਕਿਸਤਾਨ ਨੂੰ ਅਸੀਂ ਹਰਾਇਆ।’’
-ਪੀਟੀਆਈ/ਆਈਏਐੱਨਐੱਸ
ਭਾਜਪਾ ’ਤੇ ਜੰਮੂ ਕਸ਼ਮੀਰ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ ਦਾ ਦੋਸ਼
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤ ਸਰਕਾਰ ’ਤੇ ਜੰਮੂ ਕਸ਼ਮੀਰ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਇਹ ਲੋਕ ਕਦੇ ਚੋਣਾਂ ਨਹੀਂ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਦਖ਼ਲ ਦੇਣ ਮਗਰੋਂ ਹੀ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ।’’ ਉਨ੍ਹਾਂ ਭਾਜਪਾ ’ਤੇ ਦੋਸ਼ ਲਾਇਆ ਕਿ ਰਾਜ ਦਾ ਦਰਜਾ ਬਹਾਲ ਕਰਨ ਦਾ ਅਧਿਕਾਰ ਹੋਣ ਦੇ ਬਾਵਜੂਦ ਉਹ (ਭਾਜਪਾ) ਅਜਿਹਾ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਭਾਜਪਾ ’ਤੇ ਜੰਮੂ ਕਸ਼ਮੀਰ ਵਿੱਚ ਖਣਨ ਅਤੇ ਸ਼ਰਾਬ ਦੇ ਠੇਕਿਆਂ ਵਰਗੇ ਖੇਤਰਾਂ ਵਿੱਚ ਬਾਹਰੀ ਲੋਕਾਂ ਦੇ ਭਾਰੂ ਹੋਣ ਦੇਣ ਦਾ ਦੋਸ਼ ਲਾਇਆ। ਖੜਗੇ ਨੇ ਦੋਸ਼ ਲਾਇਆ, ‘‘ਮੋਦੀ ਜੀ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੇ ਭਵਿੱਖ ਬਾਰੇ ਮਗਰਮੱਛ ਦੇ ਹੰਝੂ ਵਹਾ ਰਹੇ ਹਨ।’’ ਉਨ੍ਹਾਂ ਬੇਰੁਜ਼ਗਾਰੀ ਦਾ ਮੁੱਦਾ ਚੁੱਕਦਿਆਂ ਕਿਹਾ, ‘‘45 ਸਾਲਾਂ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ ਮੋਦੀ ਜੀ ਦੇ ਕਾਰਜਕਾਲ ਵਿੱਚ ਹੈ।’’
ਵਿਕਰਮਾਦਿੱਤਿਆ ਵੱਲੋਂ ਖੜਗੇ ਨਾਲ ਮੁਲਾਕਾਤ
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਦੀ ਵਿਚਾਰਧਾਰਾ ਤੇ ਸਿਧਾਂਤਾਂ ’ਤੇ ਕਾਇਮ ਰਹਿਣ ਦਾ ਭਰੋਸਾ ਦਿੱਤਾ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਕੁਝ ਦਿਨ ਪਹਿਲਾਂ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਸੀ ਜਦੋਂ ਵਿਕਰਮਾਦਿੱਤਿਆ ਨੇ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼ ਵਿੱਚ ਰੇਹੜੀ ਫੜ੍ਹੀ ਵਾਲਿਆਂ ਲਈ ਆਪਣੀਆਂ ਦੁਕਾਨਾਂ ’ਤੇ ਪਛਾਣ ਪੱਤਰ ਲਾਉਣਾ ਲਾਜ਼ਮੀ ਹੋਵੇਗਾ। ਬਾਅਦ ਵਿੱਚ ਸੂਬਾ ਸਰਕਾਰ ਨੇ ਸਪੱਸ਼ਟ ਕੀਤਾ ਕਿ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਵਿਕਰਮਾਦਿੱਤਿਆ ਨੇ ਖੜਗੇ ਨਾਲ ਮੁਲਾਕਾਤ ਕੀਤੀ ਅਤੇ ਕਾਂਗਰਸ ਦੀ ਵਿਚਾਰਧਾਰਾ ਅਤੇ ਸਿਧਾਂਤਾਂ ਪ੍ਰਤੀ ਆਪਣੀ ਦ੍ਰਿੜ੍ਹਤਾ ਬਾਰੇ ਜਾਣੂ ਕਰਵਾਇਆ। -ਪੀਟੀਆਈ