ਜੰਮੂ-ਕਸ਼ਮੀਰ ਚੋਣਾਂ ਦੇ ਆਖਰੀ ਗੇੜ ਲਈ ਚੋਣ ਪ੍ਰਚਾਰ ਖਤਮ
ਜੰਮੂ/ਸ੍ਰੀਨਗਰ, 29 ਸਤੰਬਰ
ਜੰਮੂ-ਕਸ਼ਮੀਰ ਅਸੈਂਬਲੀ ਚੋਣਾਂ ਦੇ ਤੀਜੇ ਤੇ ਆਖਰੀ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਸਮਾਪਤ ਹੋ ਗਿਆ। ਚੋਣ ਪ੍ਰਚਾਰ ਦੌਰਾਨ ਭਾਜਪਾ, ਕਾਂਗਰਸ, ਨੈਸ਼ਨਲ ਕਾਂਗਰਸ ਤੇ ਪੀਡੀਪੀ ਆਦਿ ਮੁੱਖ ਪਾਰਟੀਆਂ ਨੇ ਪਾਕਿਸਤਾਨ, ਧਾਰਾ 370 ਅਤੇ ਰਾਖਵੇਂਕਰਨ ਸਣੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਇੱਕ ਦੂਜੇ ’ਤੇ ਨਿਸ਼ਾਨੇ ਸੇਧੇ।
ਅਸੈਂਬਲੀ ਚੋਣਾਂ ਤਹਿਤ ਸੱਤ ਜ਼ਿਲ੍ਹਿਆਂ ’ਚ 40 ਵਿਧਾਨ ਸਭਾ ਸੀਟਾਂ ਲਈ ਵੋਟਾਂ 1 ਅਕਤੂਬਰ ਨੂੰ ਪੈਣੀਆਂ ਹਨ। ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਜੰਮੂ ਖੇਤਰ ਦੇ ਚਾਰ ਜ਼ਿਲ੍ਹੇ ਜੰਮੂ, ਊਧਮਪੁਰ, ਸਾਂਬਾ ਤੇ ਕਠੂਆ ਜਦਕਿ ਉੱਤਰੀ ਕਸ਼ਮੀਰ ਅਧੀਨ ਆਉਂਦੇ ਤਿੰਨ ਜ਼ਿਲ੍ਹੇ ਬਾਰਾਮੂਲਾ, ਬਾਂਦੀਪੋਰਾ ਤੇ ਕੁਪਵਾੜਾ ਸ਼ਾਮਲ ਹਨ। ਇਸ ਗੇੜ ਦੌਰਾਨ ਦੋ ਸਾਬਕਾ ਮੁੱਖ ਮੰਤਰੀਆਂ ਤਾਰਾ ਚੰਦ (ਕਾਂਗਰਸ) ਅਤੇ ਮੁਜ਼ੱਫਰ ਬੇਗ ਸਣੇ 415 ਉਮੀਦਵਾਰਾਂ ਦੀ ਕਿਸਮਤ ਵੀ ਈਐੱਮਐੱਮਜ਼ ’ਚ ਬੰਦ ਹੋਵੇਗੀ। ਕਾਂਗਰਸ ਤੇ ਨੈਸ਼ਨਲ ਕਾਨਫਰੰਸ ਨੇ ਇਨ੍ਹਾਂ ਚੋਣਾਂ ਲਈ ਗੱਠਜੋੜ ਕੀਤਾ ਹੋਇਆ ਹੈ।
ਭਾਜਪਾ ਦੇ ਚੋਣ ਪ੍ਰਚਾਰ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਤੇ ਪਿਛਲੇ 10 ਦਿਨਾਂ ਦੌਰਾਨ ਪਾਰਟੀ ਵੱਲੋਂ ਕੀਤੀਆਂ ਪਹਿਲਕਦਮੀਆਂ ਤੋਂ ਜਾਣੂ ਕਰਵਾਇਆ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਕੇਂਦਰੀ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਆਦਿ ਨੇ ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਉੱਤੇ ਕਥਿਤ ਤੌਰ ’ਤੇ ‘ਪਾਕਿਸਤਾਨੀ ਏਜੰਡਾ’ ਪ੍ਰਚਾਰਨ ਤੇ ਅਤਿਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਇਆ ਜਦਕਿ ਇਨ੍ਹਾਂ ਪਾਰਟੀਆਂ ਨੇ ਭਗਵਾ ਪਾਰਟੀ ਦੇ ਦਾਅਵਿਆਂ ਨੂੰ ਨਕਾਰ ਦਿੱਤਾ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਸਣੇ ਹੋਰ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦਿਆ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਤੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਤਹਿਤ ‘ਲੋਕ-ਮਿੱਤਰ’ ਸਰਕਾਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਵੱਲੋਂ ਸਾਬਕਾ ਮੁੱਖ ਮੰਤਰੀਆਂ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਜੰਮੂ ਵਿੱਚ ਦਹਿਸ਼ਤੀ ਘਟਨਾਵਾਂ ’ਚ ਵਾਧੇ ਨੂੰ ਲੈ ਕੇ ਭਾਜਪਾ ਦੀ ਨਿਖੇਧੀ ਕੀਤੀ। -ਪੀਟੀਆਈ
ਧਾਰਾ 370 ਮਨਸੂਖ ਹੋਣ ਮਗਰੋਂ ਪਹਿਲੀ ਵਾਰ ਹੋ ਰਹੀਆਂ ਨੇ ਚੋਣਾਂ
ਜੰਮੂ-ਕਸ਼ਮੀਰ ’ਚੋਂ ਅਗਸਤ 2019 ’ਚ ਧਾਰਾ 370 ਤੋਂ ਮਨਸੂਖ ਕੀਤੇ ਜਾਣ ਮਗਰੋਂ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਜੰਮੂ-ਕਸ਼ਮੀਰ ਅਸੈਂਬਲੀ ਚੋਣਾਂ ਲਈ 18 ਤੇ 26 ਸਤੰਬਰ ਨੂੰ ਪਹਿਲੇ ਦੋ ਗੇੜਾਂ ਦੌਰਾਨ ਕ੍ਰਮਵਾਰ 61.38 ਫ਼ੀਸਦ ਤੇ 57.31 ਫ਼ੀਸਦ ਮਤਦਾਨ ਹੋਇਆ ਸੀ। ਚੋਣਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣੇ ਹਨ।