ਭਾਜਪਾ ਵਿੱਚ ਕਦੇ ਸ਼ਾਮਲ ਨਹੀਂ ਹੋਵਾਂਗੀ: ਭੱਠਲ
ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਮਾਰਚ
ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਦਲ ਬਦਲੂ ਨੇਤਾਵਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰੁਝਾਨ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਲਈ ਕਹਿਣਗੇ। ਉਨ੍ਹਾਂ ਕਿਹਾ ਕਿ ਉਹ ਖੁਦ ਕਦੇ ਵੀ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਕਾਂਗਰਸ ਪਾਰਟੀ ਵਿੱਚ ਜੰਮੇ ਸਨ ਅਤੇ ਮਰਦੇ ਦਮ ਤੱਕ ਕਾਂਗਰਸ ਵਿੱਚ ਰਹਿਣਗੇ।
ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਦਲ-ਬਦਲੂ ਦੇਸ਼ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਭਾਜਪਾ ’ਚ ਜਾਣ ਵਾਲੇ ਆਗੂਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਨਿੱਜੀ ਮੁਫਾਦਾਂ ਲਈ ਆਗੂ ਆਪਣਾ ਇਮਾਨ ਵੇਚ ਕੇ ਭਾਜਪਾ ਦੀ ਝੋਲੀ ਪੈ ਰਹੇ ਹਨ। ਏਜੰਸੀਆਂ ਦੇ ਦਬਾਅ ਹੇਠ ਵੱਖ ਵੱਖ ਦਲਾਂ ਦੇ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਬੀਬੀ ਭੱਠਲ ਨੇ ਕਿਹਾ ਕਿ ਲੋਕ-ਸਭਾ ਚੋਣਾਂ ਲਈ ਇੰਡੀਆ ਗੱਠਜੋੜ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਯਾਤਰਾਵਾਂ ਨੂੰ ਮਿਲੇ ਭਰਪੂਰ ਹੁੰਗਾਰੇ ਨੇ ਇਹ ਸਪੱਸ਼ਟ ਕੀਤਾ ਹੈ ਕਿ ਲੋਕ ਕੇਂਦਰ ਦੀ ਸਰਕਾਰ ਨੂੰ ਬਦਲਣ ਲਈ ਬਹੁਤ ਕਾਹਲੇ ਹਨ। ਇਸ ਮੌਕੇ ਨਿੱਜੀ ਸਹਾਇਕ ਰਵਿੰਦਰ ਸਿੰਘ ਟੂਰਨਾ , ਕੌਂਸਲਰ ਰਜਨੀਸ਼ ਗੁਪਤਾ, ਦਰਬਾਰਾ ਸਿੰਘ ਹੈਪੀ, ਕਾਂਗਰਸ ਪ੍ਰਧਾਨ ਈਸ਼ਵਰ ਕਬਾੜੀਆਂ ਵੀ ਹਾਜ਼ਰ ਸਨ।