ਮਹਾਰਾਸ਼ਟਰ ਚੋਣਾਂ ’ਚ ਐੱਮਵੀਏ ਲਈ ਪ੍ਰਚਾਰ ਕਰਾਂਗਾ: ਮਲਿਕ
ਮੁੰਬਈ: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਅੱਜ ਇੱਥੇ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਅਗਾਮੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵਿਰੋਧੀ ਧਿਰ ਮਹਾਵਿਕਾਸ ਅਘਾੜੀ (ਐੱਮਵੀਏ) ਲਈ ਪ੍ਰਚਾਰ ਕਰਨਗੇ। ਮੌਜੂਦਾ ਸਰਕਾਰ ਦੇ ਕੱਟੜ ਆਲੋਚਕ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਜ਼ਾਹਿਰ ਕੀਤਾ ਕਿ ਰਾਜ ਵਿਧਾਨ ਸਭਾ ਚੋਣਾਂ ’ਚ ਐੱਮਵੀਏ ਜੇਤੂ ਸਾਬਤ ਹੋਵੇਗਾ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਹਾਕਮ ਭਾਜਪਾ ਦਾ ਸਫਾਇਆ ਹੋ ਜਾਵੇਗਾ। ਮਹਾਰਾਸ਼ਟਰ ’ਚ ਨਵੰਬਰ ਮਹੀਨੇ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੀ ਤਜਵੀਜ਼ ਹੈ। ਉਨ੍ਹਾਂ ਐੱਮਵੀਏ ਦੇ ਧੜਿਆਂ ਸ਼ਿਵ ਸੈਨਾ (ਯੂਬੀਟੀ), ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਹੇਠਲੀ ਐੱਨਸੀਪੀ (ਸ਼ਰਤ ਚੰਦਰ ਪਵਾਰ) ਨੂੰ ਸਮਝੌਤੇ ਕਰਨ ਤੇ ਵਿਧਾਨ ਸਭਾ ਚੋਣਾਂ ਲਈ ਇਕਜੁੱਟ ਰਹਿਣ ਦਾ ਸੁਝਾਅ ਦਿੱਤਾ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਲਿਕ ਨੇ ਮੁੰਬਈ ’ਚ ਊਧਵ ਠਾਕਰੇ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸੂਬੇ ’ਚ ਹਾਕਮ ਮਹਾਯੁਤੀ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ, ਭਾਜਪਾ ਤੇ ਅਜੀਤ ਪਵਾਰ ਦੀ ਅਗਵਾਈ ਹੇਠਲੀ ਐੱਨਸੀਪੀ ਸ਼ਾਮਲ ਹਨ। -ਪੀਟੀਆਈ