ਪੰਜਾਬੀ ਸੂਬੇ ਬਾਰੇ ਨਾਂਹ-ਪੱਖੀ ਬਿਰਤਾਂਤ ਕਿਉਂ ?
ਪਰਮਜੀਤ ਸਿੰਘ ਸਰਨਾ*
ਲੰਘੀ 16 ਜੂਨ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਹਫ਼ਤਾਵਾਰੀ ਅੰਕ ‘ਦਸਤਕ’ ਵਿੱਚ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਲਈ ਕੀਤੇ ਸੰਘਰਸ਼ ਬਾਰੇ ਲੇਖ ਛਪੇ ਵਿੱਚ ਇਹ ਕਹਿਣਾ ਕਿ ਪੰਜਾਬੀ ਸੂਬਾ ਸਿਰਫ਼ ਅਕਾਲੀ ਦਲ ਨੇ ਰਾਜਸੀ ਸੱਤਾ ਹਾਸਲ ਕਰਨ ਲਈ ਲਿਆ ਹੈ, ਸਹੀ ਨਹੀਂ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬੀ ਸੂਬੇ ਲਈ ਅਕਾਲੀ ਦਲ ਨੂੰ ਉਦੋਂ ਸੰਘਰਸ਼ ਕਰਨਾ ਪਿਆ ਜਦੋਂ ਭਾਰਤ ਦੇ ਹੁਕਮਰਾਨ 1947 ਦੀ ਵੰਡ ਵੇਲੇ ਸਿੱਖ ਕੌਮ ਨਾਲ ਉੱਤਰੀ ਭਾਰਤ ਵਿੱਚ ‘ਵਿਸ਼ੇਸ਼ ਖਿੱਤਾ’ ਦੇਣ ਦਾ ਵਾਅਦਾ ਕਰਕੇ ਬਾਅਦ ਵਿੱਚ ਭਾਸ਼ਾ ਦੇ ਆਧਾਰ ’ਤੇ ਹੋਰ ਸੂਬੇ ਬਣਾਉਣ ਦੇ ਬਾਵਜੂਦ ਪੰਜਾਬੀ ਬੋਲੀ ਦੇ ਆਧਾਰ ’ਤੇ ਸੂਬਾ ਦੇਣ ਤੋਂ ਮੁਨਕਰ ਹੋ ਗਏ ਸਨ। ਸਵਾਲ ਇਹ ਹੈ ਕਿ ਜਦੋਂ ਭਾਸ਼ਾ ਦੇ ਆਧਾਰ ’ਤੇ ਭਾਰਤ ਵਿੱਚ ਹੋਰ ਸੂਬੇ ਹੋਂਦ ਵਿੱਚ ਆਏ ਤਾਂ ਪੰਜਾਬੀ ਸੂਬਾ ਕਿਉਂ ਨਹੀਂ ਬਣਾਇਆ ਗਿਆ?
ਪਿਛਲੇ ਅੰਕ ਵਿੱਚ ਛਪੇ ਲੇਖ ਦੀ ਸ਼ੁਰੂਆਤ ਵਿੱਚ ਅੰਕੜਿਆਂ ਦਾ ਜ਼ਿਕਰ ਕਰਦਿਆਂ ਪੰਜਾਬ ਵਿਧਾਨ ਸਭਾ ਤੇ ਭਾਰਤੀ ਸੰਸਦ ਵਿੱਚ ਅਕਾਲੀ ਨੁਮਾਇੰਦਿਆਂ ਦੇ ਘਟੇ ਅਨੁਪਾਤ ਤੋਂ ਗੱਲ ਸ਼ੁਰੂ ਕਰ ਕੇ ਇਹ ਮਸਲਾ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਅਕਾਲੀਆਂ ਨੇ ਸਿਰਫ਼ ਰਾਜਸੀ ਸੱਤਾ ਲਈ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਅੰਦੋਲਨ ਲੜਿਆ ਸੀ ਤੇ ਅੱਜ ਅਕਾਲੀ ਦਲ ਉਸੇ ਸੂਬੇ ਵਿੱਚ ਸਿਮਟ ਕੇ ਰਹਿ ਗਿਆ ਹੈ ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੰਜਾਬੀ ਸੂਬੇ ਲਈ ਅੰਦੋਲਨ ਅਕਾਲੀ ਦਲ ਨੇ ਮਾਂ ਬੋਲੀ ਪੰਜਾਬੀ ਦੀ ਤਰੱਕੀ ਅਤੇ ਇਸ ’ਤੇ ਪਾਏ ਜਾ ਰਹੇ ਹਿੰਦੀ ਦੇ ਗਲਬੇ ਖ਼ਿਲਾਫ਼ ਲੜਿਆ ਸੀ। ਅੱਜ ਜਦੋਂ ਅਸੀਂ ਪੂਰੇ ਉੱਤਰ ਭਾਰਤੀ ਖਿੱਤੇ ਨੂੰ ਦੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਸ ਖਿੱਤੇ ਦੀਆਂ ਬਹੁਤ ਸਾਰੀਆਂ ਸਥਾਨਕ ਭਾਸ਼ਾਵਾਂ ਆਪਣੀ ਹੋਂਦ ਗੁਆ ਚੁੱਕੀਆਂ ਹਨ। ਇਹ ਅਕਾਲੀ ਦਲ ਦੀ ਪ੍ਰਾਪਤੀ ਹੈ ਕਿ ਇਸ ਨੇ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਸੂਬਾ ਲੈ ਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਹੈ। ਰਹੀ ਗੱਲ ਸੀਟਾਂ ਦੇ ਅੰਕੜੇ ਦੀ ਤਾਂ ਇਹ ਗੱਲ ਹਰ ਆਮ ਖ਼ਾਸ ਦੇ ਸਮਝ ਆਉਣ ਵਾਲੀ ਹੈ ਕਿ ਰਾਜਨੀਤੀ ਅੰਦਰ ਕਿਸੇ ਵੀ ਪਾਰਟੀ ਦੇ ਸਫ਼ਰ ਵਿੱਚ ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਸਿਰਫ਼ ਸੀਟਾਂ ਘੱਟ ਹੋ ਜਾਣ ਨਾਲ ਮਾਂ ਬੋਲੀ ਦੀ ਹੋਂਦ ਲਈ ਅਕਾਲੀ ਦਲ ਦਾ ਕੀਤਾ ਸੰਘਰਸ਼ ਗ਼ਲਤ ਨਹੀਂ ਠਹਿਰਾਇਆ ਜਾ ਸਕਦਾ?
ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਨ ਸੰਤਾਲੀ ਦੀ ਵੰਡ ਵੇਲੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਸਮਝਦਾ ਸੀ, ਤਾਂ ਇੱਥੇ ਦੱਸਣਾ ਜ਼ਰੂਰੀ ਹੈ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਹੀ ਨਹੀਂ ਸਮਝਦਾ ਸੀ ਸਗੋਂ ਅਕਾਲੀ ਦਲ ਸਿੱਖ ਜਜ਼ਬਾਤ ਦੀ ਸੰਪੂਰਨ ਤਰਜਮਾਨੀ ਕਰਦਾ ਸੀ ਤੇ ਕਰਦਾ ਹੈ ਅਤੇ ਸਮੁੱਚਾ ਪੰਥ ਅਕਾਲੀ ਦਲ ਦੀ ਪਿੱਠ ’ਤੇ ਸੀ। ਸਿੱਖਾਂ ਦੇ ਨੁਮਾਇੰਦਿਆਂ ਵਜੋਂ ਅਕਾਲੀ ਆਗੂ ਅੰਗਰੇਜ਼ਾਂ ਤੇ ਹੋਰ ਧਿਰਾਂ ਦੇ ਨੁਮਾਇੰਦਿਆਂ ਦੇ ਨਾਲ ਹੋਣ ਵਾਲੀਆਂ ਮੀਟਿੰਗਾਂ ਵਿੱਚ ਬਾਕਾਇਦਾ ਸ਼ਾਮਲ ਹੁੰਦੇ ਸਨ। ਇਸ ਦੇ ਨਾਲ ਹੀ ਇਹ ਲਿਖਿਆ ਗਿਆ ਹੈ, ‘‘ਅਕਾਲੀਆਂ ਦੀ ਇਹ ਇੱਛਾ ਮਨ ’ਚ ਦੱਬੀ ਰਹਿ ਗਈ ਕਿ ਜੇ ਸਾਨੂੰ ‘ਸਿੱਖ ਹੋਮਲੈਂਡ’ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ ਪਰ ਪੰਜਾਬ ਵਿੱਚ ਸਾਡਾ ਰਾਜ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬ ’ਤੇ ਸਿੱਖਾਂ ਦਾ ਪਹਿਲਾ ਹੱਕ ਹੈ।’’ ਇਸੇ ਲੇਖ ਵਿੱਚ ਮੰਨਿਆ ਗਿਆ ਹੈ ਕਿ ‘‘ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆਂ ਨੂੰ ਭਾਰਤ ਪਰ ਸਿੱਖਾਂ ਦੇ ਮਨ ’ਚ ਇਹ ਟੀਸ ਸਦਾ ਕਾਇਮ ਰਹੀ ਕਿ ਉਹ ‘ਸਿੱਖ ਹੋਮਲੈਂਡ’ ਤੋਂ ਵਿਰਵੇ ਰਹਿ ਗਏ।’’ ਜਦੋਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੱਖਰੇ ਮੁਲਕ ਮਿਲ ਗਏ ਤਾਂ ਸਿੱਖਾਂ ਵੱਲੋਂ ਜਾਂ ਅਕਾਲੀਆਂ ਵੱਲੋਂ ਪੰਜਾਬ (ਜੋ ਕਿ ਸਿੱਖਾਂ ਦਾ ਕੁਦਰਤੀ ਹੋਮਲੈਂਡ ਹੈ) ’ਚ ਵਿਸ਼ੇਸ਼ ਹਿੱਤਾਂ ਲਈ ਤਾਂਘ ਰੱਖਣੀ ਕਿਵੇਂ ਗਲਤ ਹੈ?
ਲੇਖ ਵਿੱਚ ਮੌਜੂਦਾ ਪੰਜਾਬ ਦਾ ਖੇਤਰਫਲ ਘਟਣ ਤੇ ਇਸ ਦੇ ਵਾਹਗੇ ਤੋਂ ਰਾਜਪੁਰੇ ਤੱਕ ਸਾਢੇ ਚਾਰ ਘੰਟਿਆਂ ਵਿੱਚ ਤੈਅ ਹੋਣ ਵਾਲੇ ਸਫ਼ਰ ਦਾ ਤਨਜ਼ ਕੱਸਿਆ ਗਿਆ ਹੈ। ਮੇਰਾ ਸੁਆਲ ਹੈ ਕਿ ਕੀ ਪੰਜਾਬ ਭਾਰਤ ਦਾ ਇਕਲੌਤਾ ਛੋਟਾ ਸੂਬਾ ਹੈ? ਕੀ ਬਾਕੀ ਭਾਰਤੀ ਸੂਬੇ ਆਕਾਰ ਪੱਖੋਂ ਵੱਡ-ਆਕਾਰੀ ਹਨ? ਇਸ ਦੇ ਨਾਲ ਹੀ ਲੇਖ ’ਚ ਇੱਕ ਹੋਰ ਸੁਆਲ ਕੀਤਾ ਗਿਆ ਹੈ ਕਿ ਸਪਤਸਿੰਧੂ ਦੇ ਸਮੇਂ ਤੋਂ ਲੈ ਕੇ ਢਾਈ ਦਰਿਆਵਾਂ ਵਾਲੇ ਮੌਜੂਦਾ ਪੰਜਾਬ ’ਚੋਂ ਕਿਸਦੀ ਗੱਲ ਕੀਤੀ ਜਾਵੇ ਤੇ ਕੀ ਕਾਰਨ ਸਨ ਕਿ ਏਡਾ ਵੱਡਾ ਪੰਜਾਬ ਅੱਜ ਛੋਟੇ-ਛੋਟੇ ਤੇਈ ਜ਼ਿਲ੍ਹਿਆਂ ਵਾਲਾ ਪੰਜਾਬ ਹੋ ਗਿਆ? ਅੱਜ ਦੇ ਇਸ ਸੁੰਗੜੇ ਪੰਜਾਬ ਦੀ ਜ਼ਿੰਮੇਵਾਰੀ ਕਿਸ ਦੇ ਸਿਰ ਮੜ੍ਹੀ ਜਾਵੇ? ਇਨ੍ਹਾਂ ਲਫ਼ਜ਼ਾਂ ਰਾਹੀਂ ਜਿਵੇਂ ਪੰਜਾਬ ਨੂੰ ਛੋਟਾ ਕਰਨ ਦੀ ਅਸਿੱਧੀ ਜ਼ਿੰਮੇਵਾਰੀ ਅਕਾਲੀਆਂ ਸਿਰ ਪਾਈ ਜਾ ਰਹੀ ਹੈ ਤਾਂ ਸੁਆਲ ਇਹ ਹੈ ਕਿ ਜਿਵੇਂ ਲੇਖ ਅਨੁਸਾਰ ਅਕਾਲੀਆਂ ਨੇ ਬੇਵਜ੍ਹਾ ਸੰਘਰਸ਼ ਕਰ ਕੇ ਪੰਜਾਬ ਨੂੰ ਆਕਾਰ ਪੱਖੋਂ ਛੋਟਾ ਕਰ ਦਿੱਤਾ ਤਾਂ ਕੀ ਸਪਤਸਿੰਧੂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਬਦਲੀਆਂ ਗਈਆਂ ਪੰਜਾਬ ਦੀਆਂ ਸਾਰੀਆਂ ਹੱਦਾਂ ਲਈ ਅਕਾਲੀ ਹੀ ਜ਼ਿੰਮੇਵਾਰ ਹਨ? ਕਿਸੇ ਵੀ ਸੂਬੇ, ਮੁਲਕ ਜਾਂ ਖਿੱਤੇ ਦੀਆਂ ਹੱਦਾਂ ਸਮੇਂ ਤੇ ਹਾਲਾਤ ਅਨੁਸਾਰ ਸਦਾ ਬਦਲਦੀਆਂ ਰਹਿੰਦੀਆਂ ਹਨ।
ਲੇਖ ਵਿੱਚ ਸਿਰਫ਼ ਅਕਾਲੀ ਦਲ ਨੂੰ ਹੀ ਨਹੀਂ ਬਲਕਿ ਸਿੰਘ ਸਭਾ ਲਹਿਰ ਦੇ ਉਥਾਨ ਤੇ ਸਰਗਰਮੀ ਨੂੰ ਵੀ ਗ਼ਲਤ ਰੰਗਤ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ, ‘‘ਇਸ ਫ਼ਿਰਕੂ ਰਾਜਨੀਤੀ ਨੂੰ ਨਵਾਂ ਮੋੜ ਉਦੋਂ ਵੀ ਮਿਲਿਆ ਜਦੋਂ ਸਿੰਘ ਸਭਾ ਲਹਿਰ ਨੇ ਸਿੱਖੀ ਦੀ ਹੋਂਦ ਬਚਾਉਣ ਦੇ ਏਜੰਡੇ ਹੇਠ ਸੰਨ 1920 ਵਿੱਚ ਮਹੰਤਾਂ ਖ਼ਿਲਾਫ਼ ਗੁਰਦੁਆਰਾ ਸੁਧਾਰ ਲਹਿਰ ਚਲਾਈ।’’ ਇੱਥੇ ‘ਸਿੱਖੀ ਦੀ ਹੋਂਦ ਬਚਾਉਣ ਦੇ ਏਜੰਡੇ’ ਤੋਂ ਕੀ ਭਾਵ ਹੈ? ਕੀ ਲੇਖਕ ਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਵਿਭਚਾਰੀ ਮਹੰਤਾਂ ਦੀਆਂ ਕਰਤੂਤਾਂ ਦਾ ਇਲਮ ਨਹੀਂ? ਤੇ ਕੀ ਸਿੱਖਾਂ ਨੂੰ ਆਪਣੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਕੋਲ ਰੱਖਣ ਦਾ ਹੱਕ ਨਹੀਂ? ਇਸਤੋਂ ਇਲਾਵਾ ਇਹ ਗੱਲ ਵੀ ਉਭਾਰੀ ਗਈ ਹੈ ਕਿ ਸਿੱਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚੋਂ ਮੂਰਤੀਆਂ ਹਟਾਉਣਾ ਹਿੰਦੂ-ਸਿੱਖਾਂ ’ਚ ਪਾੜੇ ਦੀ ਵਜ੍ਹਾ ਬਣਿਆ ਤੇ ਇਸੇ ਕਰਕੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ। ਸੁਆਲ ਇਹ ਹੈ ਕਿ ਜੇਕਰ ਲੇਖ ਮੁਤਾਬਿਕ ਪੰਜਾਬੀ ਹਿੰਦੂ ਆਪਣੀ ਬੋਲੀ ਤੋਂ ਮੁਨਕਰ ਹੋ ਗਏ ਤਾਂ ਇਸ ਵਿੱਚ ਸਿੱਖ ਜਾਂ ਅਕਾਲੀ ਕਸੂਰਵਾਰ ਕਿਵੇਂ ਹਨ?
ਪੰਜਾਬ ਦੀ ਵੰਡ ਵੇਲੇ ਹੋਏ ਕਤਲੇਆਮ ਦੀ ਜ਼ਿੰਮੇਵਾਰੀ ਵੀ ਸਿੱਖਾਂ ਤੇ ਅਕਾਲੀਆਂ ਸਿਰ ਪਾਈ ਗਈ ਹੈ ਕਿ ‘‘ਇਨ੍ਹਾਂ ਕਾਰਵਾਈਆਂ ਪਿੱਛੇ ਰਿਆਸਤਾਂ ਦੇ ਰਜਵਾੜਿਆਂ, ਅਕਾਲੀ ਜਥੇਦਾਰਾਂ ਦੀ ਪ੍ਰਤੱਖ ਅਪ੍ਰਤੱਖ ਸ਼ਹਿ ਦੇ ਚਰਚੇ ਮਗਰੋਂ ਭਾਰਤ ਅਤੇ ਪਾਕਿਸਤਾਨ ’ਚ ਲਿਖੀਆਂ ਇਤਿਹਾਸ ਦੀਆਂ ਕਈ ਕਿਤਾਬਾਂ ’ਚ ਮਿਲਦੇ ਹਨ। ਸਿੱਖਾਂ ਦੇ ਮਨ ’ਚ ਆਪਣਾ ਸਿੱਖ ਰਾਜ ਨਾ ਮਿਲਣ ਦਾ ਮਲਾਲ ਸੀ। ਪੰਜਾਬ ਵਿੱਚ ਸਿੱਖਾਂ ਦਾ ਦਬਦਬਾ ਤਾਂ ਹੀ ਕਾਇਮ ਹੋ ਸਕਦਾ ਸੀ ਜੇ ਸਾਰੇ ਮੁਸਲਮਾਨ ਪਾਕਿਸਤਾਨ ’ਚ ਜ਼ਬਰਦਸਤੀ ਧੱਕ ਦਿੱਤੇ ਜਾਂਦੇ। ਇਸ ਖ਼ਾਤਰ ਡਰ ਅਤੇ ਭੈਅ ਪੈਦਾ ਕਰਨ ਲਈ ਵਢਾਂਗਾ ਅਤੇ ਨਸਲੀ ਸਫ਼ਾਇਆ ਜ਼ਰੂਰੀ ਸੀ। ਇਸ ਦੇ ਨਤੀਜੇ ਵਜੋਂ ਪੰਜ ਛੇ ਕੁ ਲੱਖ ਦੇ ਕਰੀਬ ਗਰੀਬ-ਗੁਰਬਾ ਮੁਸਲਮਾਨ ਜਿਸ ’ਚ ਤੇਲੀ, ਨਾਈ, ਘੁਮਿਆਰ, ਅਰਾਈਂ, ਦਰਜ਼ੀ ਆਦਿ ਸ਼ਾਮਲ ਸਨ, ਮਾਰ ਦਿੱਤੇ ਗਏ।’’ ਇਸ ਤਰ੍ਹਾਂ ਸਿੱਖਾਂ ਤੇ ਅਕਾਲੀਆਂ ਨੂੰ ਜਿਵੇਂ ਜ਼ਿੰਮੇਵਾਰ ਠਹਿਰਾਇਆ ਹੈ, ਉਸ ਤੋਂ ਬਹੁਤ ਹੈਰਾਨੀ ਹੁੰਦੀ ਹੈ। ਲੇਖਕ ਮੁਸਲਿਮ ਲੀਗ ਵੱਲੋਂ ਦਿੱਤੇ ਗਏ ਡਾਇਰੈਕਟ ਐਕਸ਼ਨ ਡੇਅ ਦੇ ਸੱਦੇ, ਰਾਵਲਪਿੰਡੀ ਦੇ ਇਲਾਕੇ ’ਚ ਮਾਰਚ ਵਿੱਚ ਹੋਏ ਹਿੰਦੂ-ਸਿੱਖਾਂ ਦੇ ਵਹਿਸ਼ੀ ਕਤਲੇਆਮ ਜਿਸ ਨਾਲ ਪੰਜਾਬ ਅੰਦਰ ਕਤਲੇਆਮ ਦੀ ਸ਼ੁਰੂਆਤ ਹੋਈ, ਤੇ ਲਹਿੰਦੇ ਪੰਜਾਬ ਵਿੱਚ ਹੋਏ ਹਿੰਦੂ ਸਿੱਖਾਂ ਦੇ ਕਤਲੇਆਮ ਨੂੰ ਕਿਉਂ ਭੁੱਲ ਗਿਆ। ਕੀ ਬੰਗਾਲ ਤੇ ਬਿਹਾਰ ’ਚ ਹੋਏ ਫਸਾਦਾਂ ਦੇ ਕਤਲੇਆਮ ਲਈ ਵੀ ਸਿੱਖ ਤੇ ਅਕਾਲੀ ਜ਼ਿੰਮੇਵਾਰ ਸਨ?
ਅੱਜ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਅਹਿਮ ਇਤਿਹਾਸਕ ਪੱਖਾਂ ਨੂੰ ਦਰਕਿਨਾਰ ਕਰ ਕੇ ਕੁਝ ਵੀ ਲਿਖਿਆ ਜਾ ਸਕਦਾ ਹੈ। ਪੰਜਾਬੀ ਸੂਬਾ ਲੱਖਾਂ ਪੰਜਾਬੀਆਂ ਦੀ ਚਾਹਤ ਸੀ ਤੇ ਭਾਰਤੀ ਸੰਵਿਧਾਨ ਅਨੁਸਾਰ ਉਨ੍ਹਾਂ ਦਾ ਹੱਕ ਵੀ ਸੀ। ਬਹਿਸ ਇਸ ਗੱਲ ਲਈ ਹੋਣੀ ਚਾਹੀਦੀ ਹੈ ਕਿ ਪੰਜਾਬੀਆਂ ਨੂੰ ਆਪਣੀ ਬੋਲੀ ਦੇ ਆਧਾਰ ’ਤੇ ਸੂਬਾ ਲੈਣ ਲਈ ਸੰਘਰਸ਼ ਕਿਉਂ ਕਰਨਾ ਪਿਆ? ਅੱਜ ਜਦੋਂ ਅਨੇਕਾਂ ਹੀ ਬੁੱਧੀਜੀਵੀ ਅਕਾਲੀ ਦਲ ’ਤੇ ਪੰਜਾਬ ਨੂੰ ਛੋਟਾ ਕਰਨ ਦਾ ਸੁਆਲ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਇਤਿਹਾਸਕ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਪੰਜਾਬ ਦੀ ਵੰਡ ਅਕਾਲੀਆਂ ਨੇ ਨਹੀਂ ਕੀਤੀ, ਇਹ ਕੇਂਦਰ ਸਰਕਾਰ ਨੇ ਕੀਤੀ ਹੈ ਤੇ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਹਾਈਕੋਰਟ, ਹੈੱਡ-ਵਰਕਸ ਆਦਿ ਪੰਜਾਬ ਤੋਂ ਬਾਹਰ ਰੱਖਣਾ ਕੇਂਦਰ ਦੀ ਸਾਜ਼ਿਸ਼ ਸੀ। ਇਨ੍ਹਾਂ ਸਾਰੇ ਮਸਲਿਆਂ ਲਈ ਅਕਾਲੀ ਦਲ ਅੱਜ ਵੀ ਸੰਘਰਸ਼ ਕਰ ਰਿਹਾ ਹੈ। ਜੇਕਰ ਪੰਜਾਬੀ ਬੋਲਣ ਵਾਲੀ ਸਮੁੱਚੀ ਆਬਾਦੀ ਇਮਾਨਦਾਰੀ ਨਾਲ ਆਪਣੀ ਅਸਲੀ ਮਾਂ ਬੋਲੀ ਲਿਖਵਾਉਂਦੀ ਤਾਂ ਪੰਜਾਬੀ ਸੂਬਾ ਏਨਾ ਛੋਟਾ ਨਹੀਂ ਸੀ। ਇਸ ਕਰ ਕੇ ਪੰਜਾਬ ਨੂੰ ਛੋਟਾ ਕਰਨ ਦਾ ਦੋਸ਼ ਆਮ ਕਰਕੇ ਸਿੱਖਾਂ ਤੇ ਖ਼ਾਸ ਕਰਕੇ ਅਕਾਲੀਆਂ ਸਿਰ ਮੜ੍ਹਨਾ ਦਹਾਕਿਆਂ ਤੋਂ ਚੱਲੇ ਆਉਂਦੇ ਪੰਜਾਬ (ਸਿੱਖ?) ਵਿਰੋਧੀ ਬਿਰਤਾਂਤ ਦੇ ਵਹਾਅ ਵਿੱਚ ਵਹਿਣ ਵਾਲੀ ਗੱਲ ਹੈ।
* ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ।
ਸੰਪਰਕ: 98106-40061